ਮਨੀਪੁਰ ’ਚ ਭੀੜ ਨੇ ਥਾਣੇ ’ਤੇ ਹਮਲਾ ਕਰਕੇ ਹਥਿਆਰ ਲੁੱਟੇ
ਇੰਫਾਲ, 3 ਅਕਤੂਬਰ
ਮਨੀਪੁਰ ਦੇ ਉਖਰੁਲ ਕਸਬੇ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਦੌਰਾਨ ਭੀੜ ਨੇ ਥਾਣੇ ’ਤੇ ਹਮਲਾ ਕਰ ਕੇ ਹਥਿਆਰ ਲੁੱਟ ਲਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕਸਬੇ ਵਿੱਚ ‘ਸਵੱਛਤਾ ਅਭਿਆਨ’ ਦੇ ਹਿੱਸੇ ਵਜੋਂ ਵਿਵਾਦਤ ਜ਼ਮੀਨ ਦੀ ਸਫ਼ਾਈ ਨੂੰ ਲੈ ਕੇ ਬੀਤੇ ਦਿਨ ਦੋ ਧਿਰਾਂ ਵਿਚਾਲੇ ਹੋਈ ਝੜਪ ਦੌਰਾਨ ਚੱਲੀਆਂ ਗੋਲੀਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਿੰਸਾ ਦੌਰਾਨ ਹੀ ਥਾਣੇ ’ਤੇ ਹਮਲਾ ਕੀਤਾ ਗਿਆ। ਨਾਗਾ ਭਾਈਚਾਰੇ ਦੇ ਦੋ ਧਿਰਾਂ ਦਰਮਿਆਨ ਝੜਪ ਤੋਂ ਬਾਅਦ ਸ਼ਹਿਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀ ਨੇ ਕਿਹਾ, ‘ਉਖਰੁਲ ਵਿੱਚ ਹਿੰਸਾ ਭੜਕਣ ਤੋਂ ਬਾਅਦ ਭੀੜ ਨੇ ਵੀਨੋ ਬਾਜ਼ਾਰ ਥਾਣੇ ’ਤੇ ਹਮਲਾ ਕੀਤਾ ਤੇ ਹਥਿਆਰ ਲੁੱਟ ਕੇ ਭੱਜ ਗਏ।’ -ਪੀਟੀਆਈ
ਪੁਲੀਸ ਹਾਈ ਅਲਰਟ ’ਤੇ
ਏਡੀਜੀਪੀ ਐੱਲ ਕੈਲੁਨ ਨੇ ਬੀਤੇ ਦਿਨ ਸਾਰੇ ਜ਼ਿਲ੍ਹਾ ਪੁਲੀਸ ਸੁਪਰਡੈਂਟਾਂ ਅਤੇ ਹੋਰ ਅਧਿਕਾਰੀਆਂ ਨੂੰ ‘ਹਾਈ ਅਲਰਟ’ ’ਤੇ ਰਹਿਣ ਅਤੇ ਹਥਿਆਰਾਂ ਅਤੇ ਅਸਲੇ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਹੁਕਮ ਹਥਿਆਰ ਲੁੱਟੇ ਜਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਦਿੱਤੇ ਗਏ ਸਨ।