ਕੁਰਾਲੀ ’ਚ ਕਾਂਗਰਸ ਦੀ ਚੜ੍ਹਤ ਬਰਕਰਾਰ
ਮਿਹਰ ਸਿੰਘ
ਕੁਰਾਲੀ, 4 ਜੂਨ
ਲੋਕ ਸਭਾ ਚੋਣਾਂ ਦੇ ਨਤੀਜੇ ਵਿੱਚ ਹਲਕਾ ਆਨੰਦਪੁਰ ਸਾਹਿਬ ਤੋਂ ਭਾਵੇਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਜੇਤੂ ਰਹੇ ਹਨ ਪਰ ਸ਼ਹਿਰ ਕੁਰਾਲੀ ਵਿੱਚ ‘ਆਪ’ ਤੀਜੇ ਨੰਬਰ ’ਤੇ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਹੱਕ ਵਿੱਚ ਭੁਗਤਣ ਵਾਲੇ ਸ਼ਹਿਰ ਕੁਰਾਲੀ ਤੋਂ ਇਸ ਵਾਰ ‘ਆਪ’ ਨੂੰ ਕਾਂਗਰਸ ਅਤੇ ਭਾਜਪਾ ਤੋਂ ਪਛੜਨਾ ਪਿਆ ਹੈ। ਸ਼ਹਿਰ ਵਿੱਚ ਅਕਾਲੀ ਦਲ ਦਾ ਗਰਾਫ਼ ਬੁਰੀ ਤਰ੍ਹਾਂ ਡਿੱਗਿਆ ਹੈ। ਪਰ ‘ਆਪ’ ਦੇ ਕੌਂਸਲਰ ਆਪਣੇ ਵਾਰਡਾਂ ਵਿੱਚ ਮਾਲਵਿੰਦਰ ਸਿੰਘ ਕੰਗ ਨੂੰ ਲੀਡ ਦਿਵਾਉਣ ਵਿੱਚ ਸਫ਼ਲ ਰਹੇ ਹਨ। ਸ਼ਹਿਰ ਵਿੱਚ ਪੈਂਦੇ ਦੋ ਪਿੰਡਾਂ ਚਨਾਲੋਂ ਅਤੇ ਪਡਿਆਲਾ ਸਣੇ ਸ਼ਹਿਰ ਵਿੱਚ ਕੁੱਲ 30 ਪੋਲਿੰਗ ਬੂਥ ਜਿਨ੍ਹਾਂ ਵਿੱਚ ਪੋਲ ਹੋਈਆਂ ਵੋਟਾਂ ਵਿੱਚੋਂ ਸਭ ਤੋਂ ਜ਼ਿਆਦਾ ਕਾਂਗਰਸ ਨੂੰ ਸ਼ਹਿਰ ਵਿੱਚੋਂ 4819 ਵੋਟਾਂ ਮਿਲੀਆਂ ਹਨ, ਭਾਜਪਾ 4663 ਵੋਟਾਂ ਲੈ ਕੇ ਦੂਜੇ ਜਦੋਂਕਿ ‘ਆਪ’ 3391 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਹਿੱਸੇ ਕੇਵਲ 1244 ਵੋਟਾਂ ਹੀ ਆਈਆਂ ਹਨ ਜਦੋਂਕਿ ਬਸਪਾ ਨੂੰ ਮਹਿਜ਼ 207 ਵੋਟਾਂ ਹੀ ਮਿਲੀਆਂ ਹਨ। ਸ਼ਹਿਰ ਦੇ ਕੁੱਲ 30 ਪੋਲਿੰਗ ਬੂਥਾਂ ਵਿੱਚੋਂ ‘ਆਪ’ ਤੇ ਕਾਂਗਰਸ ਨੂੰ 11-11 ਬੂਥਾਂ ’ਤੇ ਲੀਡ ਮਿਲੀ ਹੈ ਜਦੋਂਕਿ ਭਾਜਪਾ ਨੇ ਸ਼ਹਿਰ ਦੇ 8 ਪੋਲਿੰਗ ਬੂਥਾਂ ’ਤੇ ਲੀਡ ਦਰਜ ਕੀਤੀ ਹੈ।
ਨਗਰ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਦੇ ਦੋ ਪੋਲਿੰਗ ਬੂਥਾਂ ’ਤੇ ‘ਆਪ’ ਦੇ ਮਲਵਿੰਦਰ ਸਿੰਘ ਕੰਗ 351 ਵੋਟਾਂ ਲੈ ਕੇ ਮੋਹਰੀ ਰਹੇ ਹਨ ਜਦੋਂਕਿ ਕਾਂਗਰਸ ਦੇ ਵਿਜੈਇੰਦਰ ਸਿੰਗਲਾ 246 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ ਹਨ। ਚਨਾਲੋਂ ਤੋਂ ਅਕਾਲੀ ਦਲ ਨੂੰ 221 ਤੇ ਭਾਜਪਾ ਨੂੰ 217 ਵੋਟਾਂ ਮਿਲੀਆਂ ਹਨ। ਸ਼ਹਿਰ ਦੇ ਦੂਜੇ ਪਿੰਡ ਪਡਿਆਲਾ ਵਿੱਚੋਂ ਕਾਂਗਰਸੀ ਉਮੀਦਵਾਰ ਸਿੰਗਲਾ 320 ਵੋਟਾਂ ਲੈ ਅੱਵਲ ਰਹੇ ਹਨ ਜਦੋਂਕਿ ‘ਆਪ’ ਉਮੀਦਵਾਰ ਕੰਗ ਨੂੰ ਇੱਥੋਂ 195 ਵੋਟਾਂ ਮਿਲੀਆਂ ਹਨ। ਸ਼ਹਿਰ ਦੇ ਵਾਰਡ ਨੰਬਰ 9 ਅਤੇ 12 ਦੇ ਖਾਲਸਾ ਸਕੂਲ ਦੇ ਚਾਰ ਬੂਥਾਂ ਵਿਚੋਂ ‘ਆਪ’ ਨੇ ਵੱਡੀ ਲੀਡ ਹਾਸਲ ਕੀਤੀ ਹੈ। ਇੱਥੋਂ ਸ੍ਰੀ ਕੰਗ ਨੂੰ 743 ਵੋਟਾਂ ਮਿਲੀਆਂ ਜਦੋਂਕਿ ਕਾਂਗਰਸ ਨੂੰ ਕੇਵਲ 493 ਵੋਟਾਂ ਹੀ ਮਿਲ ਸਕੀਆਂ।
‘ਆਪ’ ਵਰਕਰਾਂ ਨੇ ਲੱਡੂ ਵੰਡੇ
ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੀ ਜਿੱਤ ’ਤੇ ‘ਆਪ’ ਕਾਰਕੁਨਾਂ ਨੇ ਸਥਾਨਕ ਚੰਡੀਗੜ੍ਹ ਰੋਡ ’ਤੇ ਲੱਡੂ ਵੰਡੇ। ਇਸ ਦੌਰਾਨ ਪਾਰਟੀ ਵੱਲੋਂ ਘੱਲੂਘਾਰੇ ਦੇ ਦਿਨ ਚੱਲਦੇ ਹੋਣ ਕਾਰਨ ਢੋਲ ਵਜਾਉਣ ਤੋਂ ਪ੍ਰਹੇਜ਼ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਭਾਵਨਾ ਸ਼ਰਮਾ, ਡਾ. ਅਸ਼ਵਨੀ ਸ਼ਰਮਾ, ਕੌਂਸਲਰ ਨੰਦੀ ਪਾਲ ਬਾਂਸਲ, ਕੌਂਸਲਰ ਖੁਸ਼ਬੀਰ ਸਿੰਘ ਹੈਪੀ, ਪਰਦੀਪ ਰੂੜਾ, ਅਵਤਾਰ ਕਲਸੀ, ਯਾਦਵਿੰਦਰ ਗੌੜ ਅਤੇ ਹੋਰ ਵੀ ਹਾਜ਼ਰ ਸਨ।