ਜੇਲ੍ਹਾਂ ’ਚ ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਸਜਾਈ ਰੱਖੜੀ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਗਸਤ
ਰੱਖੜੀ ਦਾ ਤਿਉਹਾਰ ਭਾਵੇਂ ਹਰ ਪਾਸੇ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ ਪਰ ਇਸ ਤਿਉਹਾਰ ਨੂੰ ਲੈਕੇ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਉਸ ਵੇਲੇ ਮਾਹੌਲ ਭਾਵੁਕ ਹੋ ਗਿਆ, ਜਦੋਂ ਕਈ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਆਈਆਂ। ਇਸੇ ਦੌਰਾਨ ਕਈ ਭਰਾ ਉਸ ਵੇਲੇ ਭੁੱਬਾਂ ਮਾਰ ਕੇ ਰੋ ਪਏ, ਜਦੋਂ ਉਹ ਜੇਲ੍ਹ ਵਿੱਚ ਬੰਦ ਆਪਣੀਆਂ ਭੈਣਾਂ ਤੋਂ ਗੁੱਟ ’ਤੇ ਰੱਖੜੀ ਸਜਾਉਣ ਲਈ ਬਕਾਇਦਾ ਜੇਲ੍ਹ ਵਿੱਚ ਮਿਲਣ ਲਈ ਆਏ।ਜੇਲ੍ਹ ਸੁਪਰਡੈਂਟ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਵੇਂ ਇਸ ਭਾਵੁਕ ਮਾਹੌਲ ਵਿੱਚ ਭੈਣ-ਭਰਾ ਰੱਖੜੀ ਬਣਾਉਣ ਵੇਲੇ ਰੋ ਪੈਂਦੇ ਸਨ ਪਰ ਉਨ੍ਹਾਂ ਨੂੰ ਹੌਸਲਾ ਦੇਣ ਲਈ ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੇਹੱਦ ਨੇੜਲੇ ਵਾਲੇ ਰਿਸ਼ਤੇ ਵਜੋਂ ਭੂਮਿਕਾ ਨਿਭਾਈ ਹੈ।
ਜੇਲ੍ਹ ਪ੍ਰਬੰਧਕਾਂ ਵੱਲੋਂ ਇਸ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਬਕਾਇਦਾ ਚਾਹ-ਪਾਣੀ ਸਣੇ ਮਠਿਆਈ ਦਾ ਬੰਦੋਬਸਤ ਕੀਤਾ।
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਆਪਣੇ ਕੈਦੀ ਭਰਾਵਾਂ ਨੂੰ ਅੱਜ ਭੈਣਾਂ ਨੇ ਰੱਖੜੀ ਬੰਨ੍ਹੀ ਤਾਂ ਭੈਣਾਂ ਦੇ ਹੰਝੂਆਂ ਦਾ ਦਰਿਆ ਵਗ ਤੁਰਿਆ। ਅੱਜ ਭੈਣਾਂ ਨੇ ਆਪਣੇ ਭਰਾਵਾਂ ਤੋਂ ਬੁਰੇ ਕੰਮ ਛੱਡਣ ਦਾ ਵਚਨ ਲਿਆ ਤੇ ਮੁੜ ਘਰਾਂ ਨੂੰ ਪਰਤਣ ਅਤੇ ਬੁੱਢੇ ਮਾਂ ਬਾਪ ਦਾ ਸਹਾਰਾ ਬਣਨ ਲਈ ਕਿਹਾ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਕਰੀਬ 300 ਭੈਣਾਂ ਨੇ ਆਪਣੇ ਵੀਰਾਂ ਦੇ ਰੱਖੜੀ ਬੰਨ੍ਹੀ ਹੈ। ਉਥੇ ਹੀ ਅੱਜ ਬਠਿੰਡਾ ਜੇਲ੍ਹ ਵਿਚ ਆਮ ਮੁਲਾਕਾਤ ਕਰਨ ਵਾਲਿਆਂ ਨੂੰ ਨਹੀਂ ਮਿਲਣ ਦਿੱਤਾ ਗਿਆ।
ਸੈਂਕੜੇ ਲੜਕੀਆਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਬੰਨ੍ਹੀ ਰੱਖੜੀ
ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖੜੀ ਸਜਾਈ। ਬੁੱਤ ਦੇ ਗੁੱਟ ’ਤੇ ਰੱਖੜੀ ਸਜਾਉਣ ਵਾਲੀਆਂ ਲੜਕੀਆਂ ਵਿੱਚ ਮੂਸਾ ਅਤੇ ਦੂਰ-ਦੁਰਾਡੇ ਸ਼ਹਿਰਾਂ ਤੋਂ ਆਈਆਂ ਸੈਂਕੜੇ ਲੜਕੀਆਂ ਸ਼ਾਮਲ ਸਨ। ਮੂਸੇਵਾਲਾ ਦੇ ਗੁੱਟ ’ਤੇ ਰੱਖੜੀਆਂ ਸਜਾਉਣ ਵਾਲੀਆਂ ਲੜਕੀਆਂ ਦਾ ਕਹਿਣਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਉਨ੍ਹਾਂ ਵਿਚਕਾਰ ਨਹੀਂ ਰਿਹਾ ਪਰ ਉਹ ਸਦਾ ਦੇ ਲਈ ਦੁਨੀਆਂ ’ਤੇ ਅਮਰ ਹੋ ਗਿਆ। ਉਨ੍ਹਾਂ ਅੱਜ ਰੱਖੜੀ ਦੇ ਦਿਨ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਮਾਤਾ-ਪਿਤਾ ਨੂੰ ਇਨਸਾਫ ਦਿੱਤਾ ਜਾਵੇ।