ਗੋਆ ਵਿੱਚ ‘ਆਪ’ ਨੇ ‘ਰਿਸ਼ਵਤ’ ਦੀ ਰਕਮ ਨਾਲ ਕੀਤਾ ਸੀ ਚੋਣ ਪ੍ਰਚਾਰ
ਨਵੀਂ ਦਿੱਲੀ, 31 ਮਾਰਚ
ਸੀਬੀਆਈ ਅਤੇ ਆਮਦਨ ਕਰ ਵਿਭਾਗ ਨੇ ਵੱਖ-ਵੱਖ ਜਾਂਚਾਂ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ 45 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੀ ਵਰਤੋਂ ‘ਆਪ’ ਨੇ 2022 ਦੇ ਗੋਆ ਚੋਣ ਪ੍ਰਚਾਰ ਲਈ ਕੀਤੀ ਸੀ। ਇਹ ਜਾਣਕਾਰੀ ਅਦਾਲਤ ’ਚ ਦਾਇਰ ਦਸਤਾਵੇਜ਼ਾਂ ਤੋਂ ਮਿਲੀ ਹੈ। ਇਸ ਮਾਮਲੇ ’ਚ ਈਡੀ ਹਵਾਲਾ ਅਪਰੇਟਰਾਂ ਅਤੇ ‘ਅੰਗੜੀਆ’ ਦੇ ਵਿਆਪਕ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ। ਈਡੀ ਨੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਈਡੀ ਨੇ 45 ਕਰੋੜ ਰੁਪਏ ਦੇ ਕਥਿਤ ਰਿਸ਼ਵਤ ਦੇ ਲੈਣ-ਦੇਣ ਨੂੰ ਸਥਾਪਤ ਕਰਨ ਲਈ ਪੰਜ ਅੰਗੜੀਆ ਫਰਮ ਸੰਚਾਲਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ‘ਅੰਗੜੀਆ’ ਹਵਾਲਾ ਵਰਗੀਆਂ ਗੈਰ-ਰਸਮੀ ਕੋਰੀਅਰ ਅਤੇ ਬੈਂਕ ਸੇਵਾਵਾਂ ਹਨ ਜੋ ਵਿਸ਼ੇਸ਼ ਰੂਪ ਵਿੱਚ ਹੀਰੇ ਅਤੇ ਗਹਿਣਿਆਂ ਦੇ ਖੇਤਰ ਦੇ ਕਾਰੋਬਾਰਾਂ ਵੱਲੋਂ ਸਰਕਾਰੀ ਟੈਕਸਾਂ ਅਤੇ ਦੇਣਦਾਰੀ ਤੋਂ ਬਚਣ ਲਈ ਕੇਵਾਈਸੀ-ਆਧਾਰਿਤ ਰਸਮੀ ਬੈਂਕਿੰਗ ਰੂਟ ਤੋਂ ਬਚਦੇ ਹੋਏ ਨਕਦੀ ਅਤੇ ਹੋਰ ਕੀਮਤੀ ਚੀਜ਼ਾਂ ਨੂੰ ਟ੍ਰਾਂਸਫਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਈਡੀ ਨੇ ਦਾਅਵਾ ਕੀਤਾ ਹੈ ਕਿ 45 ਕਰੋੜ ਰੁਪਏ ਦੀ ਰਕਮ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ‘ਅਪਰਾਧ ਦੀ ਕਮਾਈ’ ਹੈ। ਈਡੀ ਦਾ ਦਾਅਵਾ ਹੈ ਕਿ ਇਹ ਸਿਆਸਤਦਾਨਾਂ ਅਤੇ ਸ਼ਰਾਬ ਕਾਰੋਬਾਰੀਆਂ ਦੇ ‘ਸਾਊਥ ਗਰੁੱਪ ਵੱਲੋਂ ‘ਆਪ’ ਨੂੰ ਦਿੱਤੀ ਗਈ ਕੁੱਲ 100 ਕਰੋੜ ਰੁਪਏ ਦੀ ਰਿਸ਼ਵਤ ਦੀ ਰਕਮ ਦਾ ਹਿੱਸਾ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਹ ਰਕਮ ਦਿੱਲੀ ਦੀ ਸ਼ਰਾਬ ਮਾਰਕੀਟ ਵਿੱਚ ਦਬਦਬਾ ਹਾਸਲ ਕਰਨ ਲਈ ਦਿੱਤੀ ਗਈ ਸੀ। ਈਡੀ ਅਨੁਸਾਰ ‘ਆਪ’ ਨੇ ਗੋਆ ਚੋਣ ਪ੍ਰਚਾਰ ਲਈ 45 ਕਰੋੜ ਰੁਪਏ ਖਰਚੇ ਸਨ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਵਿਸ਼ੇਸ਼ ਅਦਾਲਤ ਅੱਗੇ ਈਡੀ ਵੱਲੋਂ ਸਾਂਝੀ ਕੀਤੀ ਗਈ ਜਾਂਚ ਦੇ ਵੇਰਵਿਆਂ ਅਨੁਸਾਰ ‘ਆਪ’ ਨੇ 2021-22 ਦੌਰਾਨ ਗੋਆ ਵਿੱਚ ਆਪਣੀ ਚੋਣ ਮੁਹਿੰਮ ਚਲਾਉਣ ਲਈ ਚੈਰੀਅਟ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਦੀ ਸੇਵਾ ਲਈ ਸੀ। ਏਜੰਸੀ ਨੇ ਅਦਾਲਤ ਅੱਗੇ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ, ‘‘ਪ੍ਰਚਾਰ ਮੁਹਿੰਮਾਂ ਵਿੱਚ ਸ਼ਾਮਲ ਚੈਰੀਅਟ ਪ੍ਰੋਡਕਸ਼ਨਜ਼ ਦੇ ਵੇਰਵਿਆਂ ਦੀ ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਕਈ ਵਿਕਰੇਤਾਵਾਂ ਨੂੰ ‘ਅੰਸ਼ਕ ਨਕਦੀ ਤੇ ਅੰਸ਼ਕ ਬਿੱਲ’ ਅਦਾਇਗੀਆਂ ਕੀਤੀਆਂ ਗਈਆਂ ਸਨ।’’ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਜਿਹੀ ਹੀ ਇੱਕ ਕੰਪਨੀ ਦੇ ਮੁਲਾਜ਼ਮ ਨੇ ਈਡੀ ਨੂੰ ਆਪਣਾ ਬਿਆਨ ਦਰਜ ਕਰਵਾਇਆ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਮੁੰਬਈ ਵਿੱਚ ਇੱਕ ਅੰਗੜੀਆ ਅਪਰੇਟਰ ਤੋਂ ਹਵਾਲਾ ਰਾਹੀਂ 6.29 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਏਜੰਸੀ ਨੇ ਉਸ ਅੰਗੜੀਆ ਅਪਰੇਟਰ ਆਰ ਕਾਂਤੀਲਾਲ ਦੇ ਮੁਲਾਜ਼ਮ ਦਾ ਬਿਆਨ ਦਰਜ ਕੀਤਾ, ਜਿਸ ਵਿੱਚ ਪਤਾ ਲੱਗਾ ਕਿ ਆਮਦਨ ਕਰ ਵਿਭਾਗ ਨੇ ਜਨਵਰੀ 2022 ਵਿੱਚ ਉਸ ਦੇ ਗੋਆ ਦਫ਼ਤਰ ਵਿੱਚ ਛਾਪਾ ਮਾਰਿਆ ਸੀ ਅਤੇ ਤਲਾਸ਼ੀ ਦੌਰਾਨ ਉਸ ਦੇ ਸਾਰੇ ਦਸਤਾਵੇਜ਼, ਨੋਟ, ਚਿੱਟ ਅਤੇ ਪਰਚੀਆਂ ਜ਼ਬਤ ਕਰ ਲਈਆਂ ਗਈਆਂ ਸਨ। ਈਡੀ ਨੇ ਆਮਦਨ ਕਰ ਵਿਭਾਗ ਨਾਲ ਸੰਪਰਕ ਕੀਤਾ ਅਤੇ ਇਸ ਅੰਗੜੀਆ ਫਰਮ ਦਾ ਡੇਟਾ ਇਕੱਠਾ ਕੀਤਾ। ਈਡੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਹਵਾਲਾ ਰਾਹੀਂ ਕਰੀਬ 45 ਕਰੋੜ ਰੁਪਏ ਗੋਆ ਟਰਾਂਸਫਰ ਕੀਤੇ ਗਏ ਸਨ। ਈਡੀ ਨੇ ਕਿਹਾ, ‘‘ਲਗਪਗ 45 ਕਰੋੜ ਰੁਪਏ ਦੇ ਇਸ ਹਵਾਲਾ ਸੌਦੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ ਅਤੇ ਇਸ ਦੀ ਪੁਸ਼ਟੀ ਕੀਤੀ ਗਈ। 8 ਜੁਲਾਈ 2023 ਨੂੰ ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਖਲ ਆਪਣੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸੀਬੀਆਈ ਨੇ ਇਸ ਦਾ ਜ਼ਿਕਰ ਕੀਤਾ ਹੈ।’’ -ਪੀਟੀਆਈ
ਆਮ ਆਦਮੀ ਪਾਰਟੀ ਖ਼ਿਲਾਫ਼ ਵੀ ਹੋ ਸਕਦੀ ਹੈ ਕਾਰਵਾਈ
ਈਡੀ ਨੇ ਦਾਅਵਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਦੇ ਹੋ ਰਹੇ ਖੁਲਾਸਿਆਂ ਨਾਲ ਅਰਵਿੰਦ ਕੇਜਰੀਵਾਲ ਤੇ ‘ਆਪ’ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਜਾਂਚ ਏਜੰਸੀ ਨੇ ਕਿਹਾ, ‘‘ਅਪਰਾਧ ਵੇਲੇ ਅਰਵਿੰਦ ਕੇਜਰੀਵਾਲ ‘ਆਪ’ ਦੇ ‘ਇੰਚਾਰਜ’ ਸਨ ਇਸ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਸਬੰਧਤ ਅਪਰਾਧਾਂ ਲਈ ‘ਦੋਸ਼ੀ ਮੰਨਿਆ ਜਾਵੇਗਾ’ ਅਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।’’ ਈਡੀ ਨੇ ਕਿਹਾ ਕਿ ‘ਆਪ’ ਇੱਕ ਸਿਆਸੀ ਪਾਰਟੀ ਹੈ ਜਿਸ ਨੂੰ ਲੋਕ ਪ੍ਰਤੀਨਿਧਤਾ ਐਕਟ ਤਹਿਤ ਭਾਰਤ ਦੇ ਨਾਗਰਿਕਾਂ ਦੀ ਐਸੋਸੀਏਸ਼ਨ ਜਾਂ ਸੰਸਥਾ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਪਰ ਇਸ ਨੂੰ ਪੀਐੱਮਐਲਏ ਦੀ ਧਾਰਾ 70 ਤਹਿਤ ‘ਕੰਪਨੀ’ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। -ਪੀਟੀਆਈ