ਮੁੱਖ ਮੰਤਰੀ ਤੋਂ ਸਨਮਾਨ ਪ੍ਰਾਪਤ ਕਰਨ ’ਚ ਮਾਨਸਾ ਦੇ ਪਾੜ੍ਹੇ ਅੱਗੇ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ 5100 ਰੁਪਏ ਦੀ ਸਨਮਾਨ ਰਾਸ਼ੀ ਵਿੱਚ ਸਭ ਤੋਂ ਵੱਧ ਗਿਣਤੀ ਮਾਨਸਾ ਦੇ 19 ਵਿਦਿਆਰਥੀਆਂ ਦੀ ਹੈ। ਇਹ ਰਾਸ਼ੀ ਰਾਜ ਦੇ 335 ਵਿਦਿਆਰਥੀਆਂ ਨੂੰ ਦਿੱਤੀ ਜਾਣੀ ਹੈ, ਜਨਿ੍ਹਾਂ ਵਿਚ ਸਭ ਤੋਂ ਵੱਧ 155 ਵਿਦਿਆਰਥੀਆਂ ਦੀ ਗਿਣਤੀ ਸੂਬੇ ਦੇ ਸਰਕਾਰੀ ਸਕੂਲਾਂ ਦੀ ਹੈ, ਬਾਕੀ ਦੇ ਸਕੂਲਾਂ ਵਿੱਚ ਏਡਿਡ, ਐਫੀਲੀਏਟਿਡ, ਮੈਰੀਟੋਰੀਅਸ ਅਤੇ ਹੋਰਨਾਂ ਕੈਟਾਗਿਰੀ ਸਕੂਲਾਂ ਦੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਨੇ ਇਸ ਵੱਡੀ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਅੱਜ ਸਭ ਤੋਂ ਵੱਧ ਨੰਬਰ 449/450 ਹਾਸਲ ਕਰਨ ਵਾਲੀ ਸਿਮਰਜੀਤ ਕੌਰ ਬੁਢਲਾਡਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜੇਕਰ ਸਰਕਾਰੀ ਸਕੂਲਾਂ ਦੀ ਜ਼ਿਲ੍ਹਾ ਵਾਰ ਸੂਚੀ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ ਸਭ ਤੋਂ ਵੱਧ ਗਿਣਤੀ ਮਾਨਸਾ ਜ਼ਿਲ੍ਹੇ ਦੇ 19 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਹੈ, ਦੂਜਾ ਸਥਾਨ ਜ਼ਿਲ੍ਹਾ ਫਾਜ਼ਿਲਕਾ ਦਾ ਹੈ,ਜਨਿ੍ਹਾਂ ਦੇ 18 ਵਿਦਿਆਰਥੀ ਹਨ ਅਤੇ ਤੀਸਰੇ ਸਥਾਨ ਤੇ ਬਠਿੰਡਾ, ਸੰਗਰੂਰ ਹਨ ਜਨਿ੍ਹਾਂ ਦੇ 12-12 ਵਿਦਿਆਰਥੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 19 ਵਿਦਿਆਰਥੀਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਢਲਾਡਾ ਦੇ 4 ਵਿਦਿਆਰਥੀ ਸਿਮਰਜੀਤ ਕੌਰ, ਕਵਿਤਾ ਰਾਣੀ, ਸਿਮਰਨਜੀਤ ਕੌਰ, ਵੰਸ਼ਿਤਾ ਸ਼ਾਮਲ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਮੰਦਰਾਂ ਦੇ ਵੀ 4 ਵਿਦਿਆਰਥੀ ਰਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਜਸਕਰਨ ਸਿੰਘ, ਬਾਜੇਵਾਲਾ ਸਕੂਲ ਦੇ ਤਿੰਨ ਵਿਦਿਆਰਥੀ ਜਸਪ੍ਰੀਤ ਕੌਰ, ਹਰਦੀਪ ਕੌਰ, ਅਮਨਦੀਪ ਕੌਰ, ਰਿਉਂਦ ਕਲਾਂ ਦੀ ਗੁਰਪ੍ਰੀਤ ਕੌਰ, ਭੈਣੀਬਾਘਾ ਸਕੂਲ ਦੀ ਕਮਲਜੀਤ ਕੌਰ, ਰਮਨਦੀਪ ਕੌਰ, ਜੋਗਾ ਸਕੂਲ ਦੀ ਤਰਨਪ੍ਰੀਤ ਕੌਰ, ਕਰੰਡੀ ਸਕੂਲ ਦੀ ਪਰਮਿਲਾ ਦੇਵੀ, ਝੰਡਾ ਖੁਰਦ ਦੀ ਅਸ਼ਹੀਨਾ, ਖੈਰਾ ਖੁਰਦ ਦੀ ਮੋਨਿਕਾ ਦੇਵੀ, ਮੀਨੂੰ ਸ਼ਾਮਲ ਹੈ।
ਮਾਨਸਾ ਦੇ ਡੀਈਓ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਨੋਡਲ ਅਫਸਰ ਰੇਨੂੰ ਗੁਪਤਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਕੇ ਸਰਕਾਰੀ ਸਕੂਲਾਂ ਦੇ ਕਾਰਗੁਜ਼ਾਰੀ ਨੂੰ ਚਮਕਾਇਆ ਹੈ।