ਮੁੱਕੇਬਾਜ਼ੀ ਵਿੱਚ ਭਾਰਤ ਦੀਆਂ ਨਜ਼ਰਾਂ ਨਿਖਤ ਅਤੇ ਲਵਲੀਨਾ ’ਤੇ
* ਓਲੰਪਿਕ ਵਿੱਚ ਭਾਰਤ ਦੇ ਛੇ ਮੁੱਕੇਬਾਜ਼ ਲੈ ਰਹੇ ਹਨ ਹਿੱਸਾ
* ਅਮਿਤ ਪੰਘਾਲ ਤੇ ਨਿਸ਼ਾਂਤ ਨੂੰ ਪਹਿਲੇ ਗੇੜ ’ਚ ਬਾਈ ਮਿਲਿਆ
ਪੈਰਿਸ, 26 ਜੁਲਾਈ
ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ ਨਿਖਤ ਜ਼ਰੀਨ, ਲਵਲੀਨਾ ਬੋਰਗੋਹੇਨ ਅਤੇ ਨਿਸ਼ਾਂਤ ਦੇਵ ਓਲੰਪਿਕ ਖੇਡਾਂ ’ਚ ਸ਼ਨਿਚਰਵਾਰ ਤੋਂ ਸ਼ੁਰੂ ਰਹੇ ਮੁੱਕੇਬਾਜ਼ੀ ਮੁਕਾਬਲਿਆਂ ’ਚ ਭਾਰਤ ਨੂੰ ਤਗ਼ਮਾ ਦਿਵਾਉਣ ਲਈ ਮੁਸ਼ਕਲ ਡਰਾਅ ਵਿੱਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਅਮਿਤ ਪੰਘਾਲ ਤੇ ਨਿਸ਼ਾਂਤ ਨੂੰ ਪਹਿਲੇ ਗੇੜ ਵਿੱਚ ਬਾਈ ਮਿਲਿਆ ਹੈ।
ਭਾਰਤ ਨੇ ਮੁੱਕੇਬਾਜ਼ੀ ਵਿੱਚ ਹੁਣ ਤੱਕ ਤਿੰਨ ਓਲੰਪਿਕ ਤਮਗੇ ਜਿੱਤੇ ਹਨ। ਵਿਜੇਂਦਰ ਸਿੰਘ ਇਨ੍ਹਾਂ ’ਚੋਂ ਇਕਲੌਤਾ ਪੁਰਸ਼ ਮੁੱਕੇਬਾਜ਼ ਹੈ। ਉਸ ਨੇ 2008 ਵਿੱਚ ਪੇਈਚਿੰਗ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਚਾਰ ਸਾਲ ਬਾਅਦ ਐੱਮਸੀ ਮੈਰੀਕੌਮ ਨੇ ਲੰਡਨ ਵਿੱਚ ਕਾਂਸੇ ਦਾ ਜਦਕਿ ਲਵਲੀਨਾ ਨੇ ਵੀ 2021 ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਪੈਰਿਸ ਓਲੰਪਿਕ ਵਿੱਚ ਭਾਰਤ ਦੇ ਛੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ ਜਿਨ੍ਹਾਂ ਨੂੰ ਔਖਾ ਡਰਾਅ ਮਿਲਿਆ ਹੈ। ਇਨ੍ਹਾਂ ’ਚੋਂ ਨਿਖਤ ਨੂੰ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ 28 ਸਾਲਾ ਖਿਡਾਰਨ ਨੂੰ 50 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨ ਦੀ ਵੂ ਯੂ, ਥਾਈਲੈਂਡ ਦੀ ਚੁਥਾਮਤ ਰਾਕਸਤ ਅਤੇ ਉਜ਼ਬੇਕਿਸਤਾਨ ਦੀ ਸਬੀਨਾ ਬੋਬੋਕੁਲੋਵ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਨਿਖਤ ਐਤਵਾਰ ਨੂੰ ਜਰਮਨੀ ਦੀ ਮੈਕਸੀ ਕਲੋਟਜ਼ਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਿਸ ਤੋਂ ਬਾਅਦ ਉਸ ਦਾ ਸਾਹਮਣਾ ਏਸ਼ਿਆਈ ਖੇਡਾਂ ਦੀ ਸਿਖਰਲਾ ਦਰਜਾ ਪ੍ਰਾਪਤ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਵੂ ਨਾਲ ਹੋ ਸਕਦਾ ਹੈ।
ਤਜਰਬੇਕਾਰ ਅਮਿਤ ਪੰਘਾਲ (51 ਕਿਲੋ) ਨੂੰ ਪਹਿਲੇ ਗੇੜ ’ਚ ਬਾਈ ਮਿਲੀ ਹੈ। ਰਾਊਂਡ ਆਫ-16 ’ਚ ਉਸ ਦਾ ਸਾਹਮਣਾ ਅਫਰੀਕੀ ਖੇਡਾਂ ਦੇ ਚੈਂਪੀਅਨ ਪੈਟਰਿਕ ਚਿਨਯੇਂਬਾ ਨਾਲ ਹੋਵੇਗਾ। ਉਸ ਨੂੰ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ’ਚ ਹਰਾਇਆ ਸੀ। ਕੁਆਰਟਰ ਫਾਈਨਲ ਵਿੱਚ ਪੰਘਾਲ ਦਾ ਸਾਹਮਣਾ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਥਾਈਲੈਂਡ ਦੇ ਥਿਤਿਸਾਨ ਪਾਨਮੋਡ ਅਤੇ ਸੈਮੀ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਹਸਨਬੋਏ ਦੁਸਮਾਤੋਵ ਨਾਲ ਹੋ ਸਕਦਾ ਹੈ।
ਭਾਰਤੀ ਖਿਡਾਰੀਆਂ ਵਿੱਚ ਨਿਸ਼ਾਂਤ ਨੂੰ ਸਭ ਤੋਂ ਵਧੀਆ ਡਰਾਅ ਮਿਲਿਆ ਹੈ। ਉਸ ਨੂੰ ਵੀ ਪਹਿਲੇ ਗੇੜ ’ਚ ਬਾਈ ਮਿਲਿਆ ਹੈ। ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਉਸ ਦਾ ਸਾਹਮਣਾ ਰੋਡਰਿਗੇਜ਼ ਟੇਨੋਰੀਓ ਨਾਲ ਹੋਵੇਗਾ। ਜੇ ਨਿਸ਼ਾਂਤ ਟੇਨੋਰੀਓ ਨੂੰ ਹਰਾ ਦਿੰਦਾ ਹੈ ਤਾਂ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਮੈਕਸੀਕੋ ਦੇ ਮਾਰਕੋ ਵਰਡੇ ਨਾਲ ਹੋ ਸਕਦਾ ਹੈ। ਇਸੇ ਤਰ੍ਹਾਂ ਸੈਮੀ ਫਾਈਨਲ ’ਚ ਉਸ ਦਾ ਸਾਹਮਣਾ ਜਪਾਨ ਦੇ ਸਿਖਰਲੇ ਦਰਜਾ ਪ੍ਰਾਪਤ ਸੇਵੋਨ ਓਕਾਜ਼ਾਵਾ ਨਾਲ ਹੋ ਸਕਦਾ ਹੈ। ਲਵਲੀਨਾ ਲਗਾਤਾਰ ਦੂਜੀਆਂ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ। ਪਹਿਲੇ ਗੇੜ ਵਿੱਚ ਉਸ ਦਾ ਸਾਹਮਣਾ ਨਾਰਵੇਅ ਦੀ ਸਨੀਵਾ ਹੋਫਸਤਾਡ ਨਾਲ ਹੋਵੇਗਾ। ਕੁਆਰਟਰ ਫਾਈਨਲ ਵਿੱਚ ਉਸ ਨੂੰ ਚੀਨ ਦੀ ਲੀ ਕਿਆਨ ਦੇ ਰੂਪ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। -ਪੀਟੀਆਈ
ਪ੍ਰੀਤੀ ਪਵਾਰ ਤੇ ਜੈਸਮੀਨ ਲਾਂਬੋਰੀਆ ਵੀ ਚੁਣੌਤੀ ਕਰਨਗੀਆਂ ਪੇਸ਼
ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪ੍ਰੀਤੀ ਪਵਾਰ (54 ਕਿਲੋ) ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਪਹਿਲੇ ਗੇੜ ’ਚ ਉਸ ਦਾ ਸਾਹਮਣਾ ਵੀਅਤਨਾਮ ਦੀ ਵੋ ਥੀ ਕਿਮ ਨਾਲ ਹੋਵੇਗਾ। ਇੱਕ ਹੋਰ ਉਭਰਦੀ ਮੁੱਕੇਬਾਜ਼ ਜੈਸਮੀਨ ਲਾਂਬੋਰੀਆ (57 ਕਿਲੋ) ਨੂੰ ਭਾਰਤੀ ਖਿਡਾਰਨਾਂ ’ਚੋਂ ਸਭ ਤੋਂ ਔਖਾ ਡਰਾਅ ਮਿਲਿਆ ਹੈ। ਉਹ ਆਪਣੇ ਸ਼ੁਰੂਆਤੀ ਮੈਚ ਵਿੱਚ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਅਤੇ ਫਿਲਪੀਨਜ਼ ਦੀ ਸਾਬਕਾ ਵਿਸ਼ਵ ਚੈਂਪੀਅਨ ਨੇਸਟੀ ਪੇਟੀਸੀਓ ਨਾਲ ਭਿੜੇਗੀ।