ਬਠਿੰਡੇ ਵਿੱਚ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ
ਮਨੋਜ ਸ਼ਰਮਾ
ਬਠਿੰਡਾ, 4 ਸਤੰਬਰ
‘ਇੱਥੋਂ ਨੇੜਲੇ ਪਿੰਡ ਕਣਕਵਾਲ ਵਿੱਚ ਨਰਮੇ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਫ਼ਸਲ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ ਜਿਸ ਕਰਕੇ ਕਿਸਾਨ ਚਿੰਤਤ ਹਨ, ਪਰ ਖੇਤੀਬਾੜੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।’ ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਕਣਕਵਾਲ ਦੇ ਕਿਸਾਨ ਬਲਵਿੰਦਰ ਸਿੰਘ ਦੀ 13 ਏਕੜ ਨਰਮੇ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਇਸੇ ਤਰ੍ਹਾਂ ਲਾਡੀ ਸਿੱਧੂ ਦੇ 7 ਏਕੜ, ਸੁਖਵੀਰ ਸਿੰਘ ਸੁੱਖੂ ਦੇ 12 ਏਕੜ, ਜਸਪਾਲ ਸਿੰਘ ਜੱਸੀ ਦੇ 5 ਏਕੜ, ਭੋਲਾ ਸਿੱਧੂ ਦੇ 9 ਏਕੜ, ਦਰਸ਼ਨ ਸ਼ਰਮਾ 26 ਏਕੜ, ਬਲਦੇਵ ਸਿੰਘ ਲੀਲੂ ਦੇ 7 ਏਕੜ, ਰਣਧੀਰ ਸਿੰਘ ਧੀਰਾ ਦੇ 11 ਏਕੜ, ਕੁਲਦੀਪ ਖਾਲਸਾ ਦੇ 8 ਏਕੜ, ਗੁਰਦੀਪ ਸਿੰਘ ਦੇ 6 ਏਕੜ, ਗੇਲੀ ਸਿੱਧੂ ਦੇ 17 ਏਕੜ, ਦਰਸ਼ਨ ਸਿੰਘ ਚਹਿਲ ਦੇ 6 ਏਕੜ, ਗੁਰਮੇਲ ਚਹਿਲ ਦੇ 3 ਏਕੜ, ਜੀਵਨ ਸਿੱਧੂ ਦੇ 3 ਏਕੜ, ਅੰਮ੍ਰਿਤਾ ਸਿੱਧੂ ਦੀ 9 ਏਕੜ ਅਤੇ ਜੱਗਾ ਸਿੱਧੂ ਦੀ 20 ਏਕੜ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜਿੱਥੇ ਖੇਤੀ ਮਹਿਕਮਾ ਕਿਸਾਨਾਂ ਨੂੰ ਚੰਗੇ ਬੀਜ ਤੇ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਿਹਾ ਹੈ, ਉੱਥੇ ਹੀ ਹੁਣ ਖੇਤੀ ਵਿਭਾਗ ਦੇ ਅਧਿਕਾਰੀ ਆਪਣੀ ਨਾਲਾਇਕੀ ਲੁਕਾਉਣ ਲਈ ਗੁਲਾਬੀ ਸੁੰਡੀ ਦੇ ਹਮਲੇ ਨੂੰ ਕੰਟਰੋਲ ਹੇਠ ਦੱਸ ਕੇ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਹੇ ਹਨ ਜਦੋਂਕਿ ਗੁਲਾਬੀ ਸੁੰਡੀ ਕਾਰਨ 50 ਫੀਸਦੀ ਨਰਮੇ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਘਟੀਆ ਦਵਾਈਆਂ ਅਤੇ ਬੀਜ ਵੇਚਣ ਵਾਲੀਆਂ ਕੰਪਨੀਆਂ ’ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਲਈ ਕਿਸਾਨਾਂ ਨੂੰ ਮੁਫ਼ਤ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਅਤੇ ਖ਼ਰਾਬ ਹੋਏ ਨਰਮੇ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।