ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਰਿਫਾਈਨਰੀ ’ਚ ‘ਗੁੰਡਾ ਟੈਕਸ’ ਮਸਲਾ ਮੁੜ ਭਖਿਆ

07:55 AM Jul 10, 2024 IST
ਬਠਿੰਡਾ ਰਿਫਾਈਨਰੀ ਦੀ ਬਾਹਰੀ ਝਲਕ।

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੁਲਾਈ
ਬਠਿੰਡਾ ਰਿਫਾਈਨਰੀ ’ਚ ‘ਗੁੰਡਾ ਟੈਕਸ’ ਮਸਲਾ ਮੁੜ ਭਖ ਗਿਆ ਹੈ। ਕੁਝ ਦਿਨਾਂ ਤੋਂ ਰਿਫਾਈਨਰੀ ਦੇ ਉਤਪਾਦਾਂ ਦੀ ਸਪਲਾਈ ਦਾ ਕੰਮ ਪ੍ਰਭਾਵਤ ਹੋਣ ਲੱਗਾ ਹੈ ਜਿਸ ਦਾ ਅਸਰ ਆਉਂਦੇ ਦਿਨਾਂ ’ਚ ਰਿਫਾਈਨਰੀ ਦੇ ਉਤਪਾਦਨ ’ਤੇ ਵੀ ਪੈ ਸਕਦਾ ਹੈ। ਰਿਫਾਈਨਰੀ ਮੈਨੇਜਮੈਂਟ ਇਸ ਸੰਕਟ ਦੇ ਹੱਲ ਲਈ ਨਵੇਂ ਰਾਹ ਲੱਭ ਰਹੀ ਹੈ। ਅੱਕੇ ਹੋਏ ਟਰਾਂਸਪੋਰਟਰਾਂ ਨੇ ਅੱਜ ਰਿਫਾਈਨਰੀ ਦੇ ਨੋਇਡਾ ਸਥਿਤ ਮੁੱਖ ਦਫ਼ਤਰ ’ਚ ਮੈਨੇਜਮੈਂਟ ਕੋਲ ਆਪਣਾ ਦੁਖੜਾ ਰੋਇਆ ਤੇ ਕਿਹਾ ਕਿ ਇਨ੍ਹਾਂ ਹਾਲਤਾਂ ’ਚ ਰਿਫਾਈਨਰੀ ਦੀ ਸਪਲਾਈ ਨੂੰ ਸੁਖਾਵਾਂ ਬਣਾਉਣ ਔਖਾ ਹੈ। ਮੈਨੇਜਮੈਂਟ ਨਾਲ ਮੀਟਿੰਗ ਮਗਰੋਂ ਇੱਕ ਟਰਾਂਸਪੋਰਟਰ ਨੇ ਦੱਸਿਆ ਕਿ ਉਹ ਭਲਕੇ ਇਕੱਠੇ ਹੋ ਕੇ ਐੱਸਐੱਸਪੀ ਬਠਿੰਡਾ ਨੂੰ ਇੱਕ ਲਿਖਤੀ ਦਰਖਾਸਤ ਦੇਣਗੇ ਤਾਂ ਜੋ ਰਿਫਾਈਨਰੀ ਲਾਗੇ ਬਣੀ ਦਹਿਸ਼ਤ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਸਪਲਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ।
ਦੱਸਣਯੋਗ ਹੈ ਕਿ ਜਦੋਂ ਕਾਂਗਰਸੀ ਹਕੂਮਤ ਸੀ ਤਾਂ ਉਦੋਂ ਵੀ ‘ਗੁੰਡਾ ਟੈਕਸ’ ਤੋਂ ਔਖੇ ਟਰਾਂਸਪੋਰਟਰਾਂ ਨੇ 25 ਜਨਵਰੀ 2018 ਨੂੰ ਕੰਮ ਬੰਦ ਕਰ ਦਿੱਤਾ ਸੀ। ਤਤਕਾਲੀ ਹਕੂਮਤ ਦੇ ਕਈ ਨੇਤਾਵਾਂ ਦਾ ਨਾਮ ਵੀ ਉਦੋਂ ‘ਗੁੰਡਾ ਟੈਕਸ’ ਦੇ ਕਾਰੋਬਾਰ ’ਚ ਬੋਲਦਾ ਸੀ।
ਰਿਫਾਈਨਰੀ ’ਚ ਰੇਤਾ-ਬਜਰੀ ਦੀ ਸਪਲਾਈ ਦੇਣ ਵਾਲੀ ਮੈੱਸਰਜ਼ ਪ੍ਰੇਮ ਕੁਮਾਰ ਬਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਨੇ ਪਹਿਲੀ ਜੁਲਾਈ ਨੂੰ ਰਿਫਾਈਨਰੀ ਦੀ ਪੁਲੀਸ ਚੌਕੀ ਰਾਮਸਰਾ ਨੂੰ ਲਿਖਤੀ ਦਰਖਾਸਤ ਦਿੱਤੀ ਹੈ। ਇਸ ਫਰਮ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਰੇਤੇ ਦੀਆਂ ਭਰੀਆਂ ਦੋ ਗੱਡੀਆਂ ਜਿਨ੍ਹਾਂ ਰਿਫਾਈਨਰੀ ਅੰਦਰ ਜਾਣਾ ਸੀ, ਨੂੰ ਅਣਪਛਾਤੇ ਵਿਅਕਤੀਆਂ ਨੇ ਰੋਕ ਲਿਆ ਹੈ। ਸਕਾਰਪੀਓ ਸਵਾਰ ਲੋਕਾਂ ਨੇ ਧਮਕੀ ਵੀ ਦਿੱਤੀ ਕਿ ਜੇ ਗੱਡੀਆਂ ਰਿਫਾਈਨਰੀ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਹੋਣ ਵਾਲੇ ਨੁਕਸਾਨ ਦੇ ਖ਼ੁਦ ਜ਼ਿੰਮੇਵਾਰ ਹੋਵੋਗੇ। ਰਿਫਾਈਨਰੀ ਸਾਈਟ ’ਤੇ ਪਹਿਲਾਂ ਵੀ ‘ਗੁੰਡਾ ਟੈਕਸ’ ਦੀ ਵਸੂਲੀ ਦਾ ਮਾਮਲਾ ਉੱਠਿਆ ਸੀ ਜਦੋਂ ਅਸ਼ੋਕ ਕੁਮਾਰ ਬਾਂਸਲ ਨੇ 16 ਨਵੰਬਰ 2023 ਨੂੰ ਪੁਲੀਸ ਕੋਲ ਦਰਖਾਸਤ ਦੇ ਕੇ ਦੱਸਿਆ ਸੀ ਕਿ ਪੁਲੀਸ ਮੁਲਾਜ਼ਮ ਵੀ ਇਸ ਗ਼ੈਰ-ਕਾਨੂੰਨੀ ਕੰਮ ਨੂੰ ਕਥਿਤ ਸ਼ਹਿ ਦੇ ਰਹੇ ਹਨ। ਜਾਣਕਾਰੀ ਅਨੁਸਾਰ ਰਿਫਾਈਨਰੀ ਦੇ ਪੈਟਰੋ ਕੈਮੀਕਲ ਯੂਨਿਟ ’ਚੋਂ ਰੋਜ਼ਾਨਾ 250 ਗੱਡੀਆਂ (ਆਉਣ-ਜਾਣ) ’ਚ ਪਲਾਸਟਿਕ ਦਾਣਾ ਜਾਂਦਾ ਹੈ ਜਦਕਿ 100 ਗੱਡੀਆਂ (ਆਉਣ-ਜਾਣ) ਰੋਜ਼ਾਨਾ ਪੈਟ ਕੋਕ ਅਤੇ ਸਲਫਰ ਦੀਆਂ ਸਪਲਾਈ ਹੁੰਦੀਆਂ ਹਨ। ਸੂਤਰ ਦੱਸਦੇ ਹਨ ਕਿ ਹੁਣ ‘ਗੁੰਡਾ ਟੈਕਸ’ ਦਾ ਰੌਲਾ ਪੈਣ ਮਗਰੋਂ ਰੋਜ਼ਾਨਾ ਦੀ ਸਪਲਾਈ ਪ੍ਰਭਾਵਤ ਹੋ ਗਈ ਹੈ। ਸੂਤਰਾਂ ਅਨੁਸਾਰ ਰਿਫਾਈਨਰੀ ਨੇੜਲੀਆਂ ਸੜਕਾਂ ’ਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਜਿਸ ਕਰਕੇ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਰਿਫਾਈਨਰੀ ਦੇ ਅਧਿਕਾਰੀ ਆਖਦੇ ਹਨ ਕਿ ਟਰਾਂਸਪੋਰਟ ਦੇ ਟੈਂਡਰ ਕੀਤੇ ਜਾਂਦੇ ਹਨ ਅਤੇ ਜਿਹੜੇ ਟਰਾਂਸਪੋਰਟਰ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਨੂੰ ਟੈਂਡਰ ਦਿੱਤੇ ਜਾਂਦੇ ਹਨ। ਇਹ ਵੀ ਕਿਹਾ ਹੈ ਕਿ ਸਥਾਨਕ ਟਰਾਂਸਪੋਰਟਰਾਂ ਨੂੰ ਵੀ ਕੰਮ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਰਿਫਾਈਨਰੀ ਸਾਈਟ ਲਾਗੇ ‘ਲੋਕਲ ਟਰੱਕ ਅਪਰੇਟਰ’ ਦਾ ਖੁੱਲ੍ਹਿਆ ਦਫ਼ਤਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਥਾਨਕ ਟਰਾਂਸਪੋਰਟਰਾਂ ਨੂੰ ਕੰਮ ਦਿੱਤੇ ਜਾਣ ਦੀ ਹਮਾਇਤ ਕੀਤੀ ਹੈ ਅਤੇ ਪਹਿਲੀ ਜੁਲਾਈ ਨੂੰ ਲੋਕਲ ਟਰਾਂਸਪੋਰਟਰਾਂ ਨੇ ਵਿਧਾਇਕਾ ਨੂੰ ਹਾਰ ਪਾ ਕੇ ਸਨਮਾਨਤ ਵੀ ਕੀਤਾ ਸੀ। ਵਿਧਾਇਕਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ ਕਿ ਉਨ੍ਹਾਂ ਸਥਾਨਕ ਟਰਾਂਸਪੋਰਟਰਾਂ ਨੂੰ ਹੱਕ ਦਿਵਾਇਆ ਹੈ ਜੋ ਪਿਛਲੀਆਂ ਸਰਕਾਰਾਂ ਨਹੀਂ ਦਿਵਾ ਸਕੀਆਂ। ਸਥਾਨਕ ਟਰਾਂਸਪੋਰਟਰ ਗੁਰਵਿੰਦਰ ਸਿੰਘ ਸੋਨੂੰ ਦਾ ਕਹਿਣਾ ਸੀ ਕਿ ਅਸਲ ਵਿਚ ਬਾਹਰਲੇ ਵੱਡੇ ਟਰਾਂਸਪੋਰਟਰਾਂ ਅਤੇ ਰਿਫਾਈਨਰੀ ਅਧਿਕਾਰੀਆਂ ਦਾ ਗੱਠਜੋੜ ਹੈ ਜਿਨ੍ਹਾਂ ਦੀ ਮਨ-ਮਰਜ਼ੀ ਵਿੱਚ ਸਥਾਨਕ ਟਰਾਂਸਪੋਰਟਰ ਪਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਿੰਡੀਕੇਟ ਨੂੰ ਤੋੜਨਾ ਚਾਹੁੰਦੇ ਹਨ ਅਤੇ ਪਿਛਲੇ ਸਮੇਂ ’ਚ ਉਨ੍ਹਾਂ ਸ਼ਿਕਾਇਤਾਂ ਵੀ ਕੀਤੀਆਂ ਸਨ। ਇਸ ਪੱਤਰਕਾਰ ਨੇ ਡੀਜੀਪੀ ਗੌਰਵ ਯਾਦਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਅਣਜਾਣਤਾ ਜ਼ਾਹਰ ਕੀਤੀ।

Advertisement

ਕੋਈ ਵਸੂਲੀ ਨਹੀਂ ਹੋ ਰਹੀ: ਗੁਰਲਾਭ ਸਿੰਘ

ਟਰੱਕ ਯੂਨੀਅਨ ਰਾਮਾਂ ਦੇ ਸਾਬਕਾ ਪ੍ਰਧਾਨ ਗੁਰਲਾਭ ਸਿੰਘ ਆਖਦੇ ਹਨ ਕਿ ਕਿਸੇ ਵੱਲੋਂ ਵੀ ਕੋਈ ਗੱਡੀ ਨਹੀਂ ਰੋਕੀ ਗਈ ਹੈ, ਨਾ ਹੀ ਕਿਸੇ ਤੋਂ ਕਿਸੇ ਕਿਸਮ ਦੀ ਕੋਈ ਵਸੂਲੀ ਕੀਤੀ ਗਈ ਹੈ ਅਤੇ ਇਹ ਸਭ ਗੱਲਾਂ ਝੂਠ ਹਨ। ਉਨ੍ਹਾਂ ਤਾਂ ਆਪਣਾ ਦਫ਼ਤਰ ਖੋਲ੍ਹ ਕੇ ਸਿਰਫ਼ ਸਥਾਨਕ ਟਰਾਂਸਪੋਰਟਰਾਂ ਲਈ ਕੰਮ ਮੰਗਿਆ ਹੈ। ਉਨ੍ਹਾਂ ਕਿਹਾ ਕਿ ਵੱਡੇ ਟਰਾਂਸਪੋਰਟਰਾਂ ਨੇ ਆਪਣੇ ਬਰੋਕਰ ਬਿਠਾਏ ਹੋਏ ਹਨ ਜੋ ਸਥਾਨਕ ਟਰਾਂਸਪੋਰਟਰਾਂ ਤੋਂ ਘੱਟ ਭਾੜੇ ’ਚ ਕੰਮ ਲੈਂਦੇ ਹਨ।

Advertisement
Advertisement