For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ, ਫ਼ਲਸਤੀਨ ’ਤੇ ਹਮਲੇ ਹੋਰ ਤਿੱਖੇ ਕਰਨ ਦੀ ਤਾਕ ਵਿੱਚ

08:50 AM Mar 02, 2024 IST
ਇਜ਼ਰਾਈਲ  ਫ਼ਲਸਤੀਨ ’ਤੇ ਹਮਲੇ ਹੋਰ ਤਿੱਖੇ ਕਰਨ ਦੀ ਤਾਕ ਵਿੱਚ
Advertisement

ਗੁਰਪ੍ਰੀਤ ਅੰਮ੍ਰਿਤਸਰ

Advertisement

ਪਿਛਲੇ 75 ਸਾਲਾਂ ਤੋਂ ਫ਼ਲਸਤੀਨੀ ਆਪਣੇ ਆਜ਼ਾਦ ਕੌਮੀ ਰਾਜ ਦੀ ਸਥਾਪਤੀ ਲਈ ਇਜ਼ਰਾਇਲੀ ਹਾਕਮਾਂ ਵਿਰੁੱਧ ਸੰਘਰਸ਼ ਕਰ ਰਹੇ ਹਨ। ਬੇਤਹਾਸ਼ਾ ਜ਼ੁਲਮ ਦੇ ਬਾਵਜੂਦ ਇਜ਼ਰਾਇਲੀ ਜ਼ਾਇਨਵਾਦੀ, ਫ਼ਲਸਤੀਨੀਆਂ ਦਾ ਸਿਰੜ ਤੋੜਨ ਵਿੱਚ ਕਾਮਯਾਬ ਨਹੀਂ ਹੋਏ ਹਨ। ਸਮੇਂ ਸਮੇਂ ਫ਼ਲਸਤੀਨੀ ਲੜਾਕੇ ਇਜ਼ਰਾਇਲੀ ਹਾਕਮਾਂ ਦਾ ਗਰੂਰ ਭੰਨਦੇ ਰਹੇ ਹਨ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ਉੱਪਰ ਹਮਲੇ ਤੋਂ ਬਾਅਦ ਬੁਖਲਾਏ ਇਜ਼ਰਾਈਲ ਨੇ ਗਾਜ਼ਾ ਉੱਪਰ ਭਿਆਨਕ ਫੌਜੀ ਜਬਰ ਕੀਤਾ ਹੈ। ਗਾਜ਼ਾ ਦੇ 85% ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਇਜ਼ਰਾਇਲੀ ਫੌਜ ਗਿਣ-ਮਿੱਥ ਕੇ ਸਕੂਲਾਂ, ਹਸਪਤਾਲਾਂ ਅਤੇ ਸ਼ਰਨਾਰਥੀ ਕੈਂਪਾਂ ਉੱਪਰ ਹਮਲੇ ਕਰ ਰਹੀ ਹੈ। ਇਜ਼ਰਾਈਲ ਦਾ ਇਰਾਦਾ ਗਾਜ਼ਾ ਵਿੱਚੋਂ ਹਮਾਸ ਦਾ ਵਜੂਦ ਪੂਰੀ ਤਰ੍ਹਾਂ ਨਾਲ਼ ਖਤਮ ਕਰਨਾ ਅਤੇ ਫ਼ਲਸਤੀਨੀਆਂ ਨੂੰ ਉਜਾੜ ਕੇ ਗਾਜ਼ਾ ਛੱਡਣ ਲਈ ਮਜਬੂਰ ਕਰਨਾ ਹੈ। ਜ਼ਬਰਦਸਤ ਹਵਾਈ ਅਤੇ ਜ਼ਮੀਨੀ ਹਮਲੇ, ਅਮਰੀਕਾ ਤੇ ਇਸ ਦੇ ਹੋਰ ਸਾਮਰਾਜੀ ਭਾਈਵਾਲਾਂ ਦੀ ਹਮਾਇਤ ਦੇ ਬਾਵਜੂਦ ਇਜ਼ਰਾਈਲ ਆਪਣੇ ਇਰਾਦਿਆਂ ਵਿੱਚ ਸਫਲ ਨਹੀਂ ਹੋਇਆ ਹੈ ਅਤੇ ਇਸ ਜੰਗ ਵਿੱਚ ਇਸ ਦੀ ਫੌਜ ਨੂੰ ਹਮਾਸ ਹੱਥੋਂ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਪੱਟੀ ਦੇ ਦੱਖਣ ਵਿੱਚ ਸਥਿਤ ਰਾਫ਼ਾਹ ਸ਼ਹਿਰ ਉੱਪਰ ਜ਼ਮੀਨੀ ਅਤੇ ਹਵਾਈ ਹਮਲਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਛੋਟੇ ਜਿਹੇ ਸ਼ਹਿਰ ਵਿੱਚ ਜੰਗ ਕਾਰਨ ਉੱਜੜੀ ਗਾਜ਼ਾ ਦੀ ਅੱਧੀ ਆਬਾਦੀ, ਲੱਗਭੱਗ 13 ਲੱਖ ਤੋਂ ਵੱਧ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਬਿਨਾਂ ਸਾਫ ਪਾਣੀ, ਭੋਜਨ ਅਤੇ ਦਵਾਈਆਂ ਦੀ ਘਾਟ ਵਿੱਚ ਰਹਿਣ ਲਈ ਮਜਬੂਰ ਹਨ। ਇਸ ਸ਼ਹਿਰ ਉੱਪਰ ਜ਼ਮੀਨੀ ਹਮਲੇ ਨਾਲ ਆਮ ਲੋਕਾਂ ਦਾ ਵੱਡੇ ਪੱਧਰ ’ਤੇ ਘਾਣ ਹੋਵੇਗਾ। ਰਾਫ਼ਾਹ ਵਿੱਚ ਫਸੇ ਫ਼ਲਸਤੀਨੀਆਂ ਕੋਲ ਜਾਣ ਲਈ ਕੋਈ ਵੀ ਸੁਰੱਖਿਅਤ ਥਾਂ ਨਹੀਂ ਬਚੀ ਹੈ; ਇਜ਼ਰਾਈਲ ਨੇ ਪਹਿਲਾਂ ਗਾਜ਼ਾ ਪੱਟੀ ਦੇ ਹੋਰ ਸ਼ਹਿਰ ਅਤੇ ਇਲਾਕੇ ਤਬਾਹ ਕਰ ਦਿੱਤੇ ਹਨ। ਇਹ ਸ਼ਹਿਰ ਗਾਜ਼ਾ ਅਤੇ ਮਿਸਰ ਦੀ ਸਰਹੱਦ ਉੱਪਰ ਸਥਿਤ ਹੋਣ ਕਾਰਨ ਮਿਸਰ ਵੀ ਇਜ਼ਰਾਇਲੀ ਹਮਲੇ ਦੀ ਖ਼ਬਰ ਤੋਂ ਕਾਫੀ ਨਾਰਾਜ਼ ਹੈ ਅਤੇ ਉਸ ਨੇ ਹਮਲੇ ਦੀ ਹਾਲਤ ਵਿੱਚ ਇਜ਼ਰਾਈਲ ਨਾਲ਼ 40 ਸਾਲ ਪਹਿਲਾਂ ਹੋਏ ਸ਼ਾਂਤੀ ਸਮਝੌਤੇ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਇਸ ਤੋਂ ਬਿਨਾਂ ਇਜ਼ਰਾਈਲ ਦੇ ਹਮਾਇਤੀ ਅਮਰੀਕਾ ਨੇ ਇਜ਼ਰਾਈਲ ਨੂੰ ‘ਬਿਨਾਂ ਤਿਆਰੀ’ ਰਾਫ਼ਾਹ ਵਿੱਚ ਜ਼ਮੀਨੀ ਹਮਲਾ ਕਰਨ ਤੋਂ ਰੁਕਣ ਲਈ ਕਿਹਾ ਹੈ; ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਗਾਜ਼ਾ ਉੱਪਰ ਇਜ਼ਰਾਇਲੀ ਹਮਲਿਆਂ ਨੂੰ ‘ਲੋੜ ਤੋਂ ਵੱਧ’ ਕਰਾਰ ਦਿੱਤਾ ਹੈ। ਯੂਰੋਪੀਅਨ ਯੂਨੀਅਨ ਨੇ ਵੀ ਇਜ਼ਰਾਈਲ ਨੂੰ ਇਹ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਨ੍ਹਾਂ ਸਾਮਰਾਜੀਆਂ ਨੂੰ ਫ਼ਲਸਤੀਨੀਆਂ ਦੀ ਫਿ਼ਕਰ ਨਹੀਂ ਸਗੋਂ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲ ਮੱਧ-ਪੂਰਬ ਵਿੱਚ ਹੋਰ ਵੱਡੇ ਪੁਆੜੇ ਵਿੱਚ ਫਸਣ ਤੋਂ ਬਚਣਾ ਚਾਹੁੰਦੇ ਹਨ। ਇਨ੍ਹਾਂ ਨੂੰ ਫ਼ਲਸਤੀਨੀਆਂ ਦੀ ਕਿੰਨੀ ਕੁ ਫਿ਼ਕਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਿਆਨਕ ਭੁੱਖਮਰੀ ਅਤੇ ਦਵਾਈਆਂ ਦੀ ਘਾਟ ਨਾਲ ਜੂਝ ਰਹੇ ਫ਼ਲਸਤੀਨੀਆਂ ਦੀ ਸਹਾਇਤਾ ਲਈ ਬਣੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਮਿਲਣ ਵਾਲੇ ਪੈਸੇ ਵੀ ਅਮਰੀਕਾ ਤੇ ਇਸ ਦੇ ਹੋਰ ਭਾਈਵਾਲਾਂ ਨੇ ਬੰਦ ਕਰ ਦਿੱਤੇ ਹਨ। ਅਜਿਹੇ ਸਮੇਂ ਵਿੱਚ ਵੀ ਫ਼ਲਸਤੀਨੀ ਸਿਰਫ ਆਪਣੇ ਸਿਰੜ ਦੇ ਦਮ ’ਤੇ ਇਸ ਭਿਆਨਕ ਜਬਰ ਵਿਰੁੱਧ ਡਟੇ ਹੋਏ ਹਨ।
ਗਾਜ਼ਾ ਉੱਪਰ ਹਮਲੇ ਕਰਨ ਵਿੱਚ ਇਜ਼ਰਾਈਲ ਖ਼ਾਸ ਨੀਤੀ ਵਰਤ ਰਿਹਾ ਹੈ। ਇਸ ਨੀਤੀ ਤਹਿਤ ਇਜ਼ਰਾਇਲੀ ਫੌਜ ਸ਼ਹਿਰਾਂ ਉੱਪਰ ਭਿਆਨਕ ਬੰਬਾਰੀ ਅਤੇ ਜ਼ਮੀਨੀ ਹਮਲੇ ਕਰ ਕੇ ਲੋਕਾਂ ਨੂੰ ਸ਼ਹਿਰ ਛੱਡ ਕੇ ‘ਸੁਰੱਖਿਅਤ ਥਾਂ’ ’ਤੇ ਜਾਣ ਲਈ ਮਜਬੂਰ ਕਰਦੀ ਹੈ ਅਤੇ ਬਾਅਦ ਵਿੱਚ ਉਸ ਸੁਰੱਖਿਅਤ ਥਾਂ ਉੱਪਰ ਹਮਲੇ ਕਰ ਕੇ ਹੌਲੀ ਹੌਲੀ ਲੋਕਾਂ ਨੂੰ ਹੋਰ ਦੂਰ-ਦੁਰੇਡੇ ਖਦੇੜ ਰਹੀ ਹੈ। ਅਕਤੂਬਰ ਵਿੱਚ ਇਜ਼ਰਾਈਲ ਨੇ ਪਹਿਲਾਂ ਗਾਜ਼ਾ ਦੇ ਉੱਤਰੀ ਹਿੱਸੇ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਦੱਖਣ ਵੱਲ ਸਥਿਤ ਖਾਨ ਯੂਨਸ ਸ਼ਹਿਰ ਵੱਲ ਜਾਣ ਲਈ ਮਜਬੂਰ ਕੀਤਾ। ਨਵੰਬਰ ਵਿੱਚ ਖਾਨ ਯੂਨਸ ਸ਼ਹਿਰ ਉੱਪਰ ਵੀ ਬੰਬਾਰੀ ਸ਼ੁਰੂ ਕਰ ਦਿੱਤੀ ਅਤੇ ਜ਼ਮੀਨੀ ਫੌਜਾਂ ਭੇਜ ਕੇ ਲੋਕਾਂ ਨੂੰ ਇੱਥੋਂ ਨਿਕਲ ਕੇ ਰਾਫ਼ਾਹ ਵੱਲ ਧੱਕ ਦਿੱਤਾ। ਹੁਣ ਇਜ਼ਰਾਈਲ ਇਸ ਸ਼ਹਿਰ ਉੱਪਰ ਵੀ ਜ਼ਮੀਨੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਜਿਸ ਕਾਰਨ ਇਨ੍ਹਾਂ ਲੋਕਾਂ ਕੋਲ ਨਾਲ ਲੱਗਦੇ ਮਿਸਰ ਦੇ ਸਿਨਾਈ ਰੇਗਿਸਤਾਨ ਵੱਲ ਜਾਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਜ਼ਰਾਇਲੀ ਫੌਜ ਗਿਣ-ਮਿੱਥ ਕੇ ਸ਼ਹਿਰਾਂ ਵਿੱਚ ਸਕੂਲਾਂ, ਹਸਪਤਾਲਾਂ, ਇੱਥੋਂ ਤੱਕ ਕੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ ਤਾਂ ਜੋ ਲੋਕ ਸ਼ਹਿਰ ਛੱਡ ਜਾਣ। ਕੁਝ ਦਿਨ ਪਹਿਲਾਂ ਹੀ ਇਜ਼ਰਾਇਲੀ ਫੌਜੀਆਂ ਨੇ ਖਾਨ ਯੂਨਸ ਸ਼ਹਿਰ ਦੇ ਨਸੀਰ ਹਸਪਤਾਲ ਵਿੱਚ ਜਾ ਰਹੇ ਜ਼ਖ਼ਮੀ ਅਤੇ ਬਿਮਾਰ ਲੋਕਾਂ ਉੱਪਰ ਨਿਸ਼ਾਨੇ ਬੰਨ੍ਹ ਕੇ 21 ਲੋਕਾਂ ਨੂੰ ਮਾਰ ਦਿੱਤਾ। ਇਜ਼ਰਾਇਲੀ ਫੌਜੀ ਹਸਪਤਾਲ ਦੇ ਨੇੜੇ-ਤੇੜੇ ਲੋਕਾਂ ਨੂੰ ਡਰੋਨ ਰਾਹੀਂ ਵੀ ਨਿਸ਼ਾਨਾ ਬਣਾ ਰਹੇ ਹਨ। ਅਜਿਹੇ ਔਖੇ ਸਮੇਂ ਵਿੱਚ ਫ਼ਲਸਤੀਨੀਆਂ ਦੀ ਸਹਾਇਤਾ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਵਿੱਤੀ ਮਦਦ ਵੀ ਰੋਕ ਦਿੱਤੀ ਗਈ। ਕੁਝ ਸਮਾਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਏਜੰਸੀ ਦੇ ਉੱਪਰ ਹਮਾਸ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਫੌਰਨ ਬਾਅਦ ਅਮਰੀਕਾ ਸਮੇਤ ਆਸਟਰੇਲੀਆ, ਫਿਨਲੈਂਡ, ਜਰਮਨੀ, ਬਰਤਾਨੀਆ, ਕੈਨੇਡਾ, ਇਟਲੀ ਅਤੇ ਹੋਰ ਦੇਸ਼ਾਂ ਨੇ ਇਸ ਸੰਸਥਾ ਨੂੰ ਵਿੱਤੀ ਮਦਦ ਬੰਦ ਕਰ ਦਿੱਤੀ। ਇਹ ਸੰਸਥਾ ਲੋਕਾਂ ਨੂੰ ਗਾਜ਼ਾ ਵਿੱਚ ਸਕੂਲ, ਹਸਪਤਾਲ, ਸ਼ਰਨਾਰਥੀ ਕੈਂਪ ਅਤੇ ਹੋਰ ਰਾਹਤ ਸਹੂਲਤਾਂ ਦਿੰਦੀ ਹੈ। ਵਿੱਤੀ ਮਦਦ ਬੰਦ ਹੋਣ ਤੋਂ ਬਾਅਦ ਫ਼ਲਸਤੀਨੀਆਂ ਲਈ ਦਵਾਈਆਂ, ਪਾਣੀ, ਭੋਜਨ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਭਾਰੀ ਘਾਟ ਹੋ ਗਈ। ਸੰਸਥਾ ਦਾ ਕਹਿਣਾ ਹੈ ਕਿ ਉਹਦੇ ਕੋਲ ਸਿਰਫ ਕੁਝ ਹਫਤਿਆਂ ਜੋਗੇ ਪੈਸੇ ਬਚੇ ਹਨ ਜੋ ਖਤਮ ਹੋਣ ਤੋਂ ਬਾਅਦ ਫ਼ਲਸਤੀਨ ਵਿੱਚ ਹਾਲਾਤ ਹੋਰ ਭਿਆਨਕ ਬਣ ਜਾਣਗੇ। ਨਸੀਰ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਰੂਰੀ ਦਵਾਈਆਂ ਦੀ ਭਾਰੀ ਘਾਟ ਹੋਣ ਕਾਰਨ ਹਸਪਤਾਲ ਬਹੁਤੇ ਦਿਨ ਨਹੀਂ ਚੱਲ ਸਕਦਾ। ਕੁਝ ਥਾਵਾਂ ’ਤੇ ਹਸਪਤਾਲਾਂ ਦਾ ਇਹ ਹਾਲ ਹੈ ਕਿ ਡਾਕਟਰ ਕੁਝ ਚੋਣਵੇਂ ਮਰੀਜ਼ਾਂ ਦਾ ਹੀ ਇਲਾਜ ਕਰ ਸਕਦੇ ਹਨ।
ਰਾਫ਼ਾਹ ਵਿੱਚ ਹਮਲੇ ਦੀ ਯੋਜਨਾ ਤੋਂ ਗੁਆਂਢੀ ਦੇਸ਼ ਮਿਸਰ ਖਾਸਾ ਨਾਰਾਜ਼ ਹੈ। ਕਾਰਨ ਇਹ ਹੈ ਕਿ ਇਹ ਸ਼ਹਿਰ ਮਿਸਰ ਅਤੇ ਗਾਜ਼ਾ ਦੇ ਬਾਰਡਰ ਉੱਪਰ ਹੈ ਸਗੋਂ ਸ਼ਹਿਰ ਦਾ ਕੁਝ ਹਿੱਸਾ ਬਾਰਡਰ ਦੇ ਦੂਜੇ ਪਾਸੇ ਮਿਸਰ ਵਿੱਚ ਹੈ। ਜੇ ਇਜ਼ਰਾਈਲ ਰਾਫ਼ਾਹ ਉੱਤੇ ਜ਼ਮੀਨੀ ਹਮਲਾ ਕਰਦਾ ਹੈ ਤਾਂ ਫ਼ਲਸਤੀਨੀ ਰਿਫਊਜੀ ਮਿਸਰ ਦੇ ਸਿਨਾਈ ਇਲਾਕੇ ਵਿੱਚ ਜਾਣ ਲਈ ਮਜਬੂਰ ਹੋਣਗੇ। ਮਿਸਰ ਦੇ ਹਾਕਮਾਂ ਨੂੰ ਇਸ ਗੱਲ ਦਾ ਡਰ ਹੈ ਕਿ ਫ਼ਲਸਤੀਨੀ ਸ਼ਰਨਾਰਥੀ ਸਦਾ ਲਈ ਮਿਸਰ ਵਿੱਚ ਰਹਿ ਜਾਣਗੇ। ਇਸੇ ਕਾਰਨ ਮਿਸਰ ਇਜ਼ਰਾਈਲ ਉੱਪਰ ਹਮਲਾ ਨਾ ਕਰਨ ਲਈ ਦਬਾਅ ਬਣਾ ਰਿਹਾ ਹੈ। ਇਨ੍ਹਾਂ ਹਾਲਾਤ ਕਾਰਨ ਅਮਰੀਕਾ ਵੀ ਇਜ਼ਰਾਈਲ ਨੂੰ ਇਹ ਹਮਲਾ ਨਾ ਕਰਨ ਲਈ ਮਨਾ ਰਿਹਾ ਹੈ। ਸਾਊਦੀ ਅਰਬ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵੀ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ ਦੇ ਰਹੇ ਹਨ।
ਅਮਰੀਕਾ ਅਤੇ ਇਸ ਦੇ ਭਾਈਵਾਲਾਂ ਨੇ ਹੁਣ ਤੱਕ ਇਜ਼ਰਾਈਲ ਦੇ ਹਰ ਕਾਲੇ ਕਾਰਨਾਮੇ ਵਿੱਚ ਇਸ ਦੀ ਪੂਰੀ ਹਮਾਇਤ ਕੀਤੀ ਹੈ। ਅਰਬ ਦੇਸ਼ ਵੀ ਜ਼ਬਾਨੀ-ਕਲਾਮੀ ਬਿਆਨ ਦੇਣ ਤੋਂ ਬਿਨਾਂ ਹੋਰ ਕੁਝ ਵੀ ਖਾਸ ਨਹੀਂ ਕਰ ਰਹੇ। ਅਸਲ ਵਿੱਚ ਇਜ਼ਰਾਈਲ ਫ਼ਲਸਤੀਨੀਆਂ ਨੂੰ ਗਾਜ਼ਾ ਪੱਟੀ ਤੋਂ ਉਜਾੜਨਾ ਚਾਹੁੰਦਾ ਹੈ ਪਰ ਇਸ ਤਰ੍ਹਾਂ ਮੱਧ-ਪੂਰਬ ਦਾ ਖਿੱਤਾ ਹੋਰ ਵਧੇਰੇ ਅਸਥਿਰ ਹੋ ਜਾਵੇਗਾ, ਇਸੇ ਲਈ ਮਿਸਰ, ਅਰਬ ਦੇਸ਼, ਅਮਰੀਕਾ ਆਦਿ ਨੇ ਇਹ ਬਿਆਨ ਦਿੱਤੇ ਹਨ।
ਦੂਜੇ ਪਾਸੇ, ਹਮਾਸ ਨੇ ਕਿਹਾ ਹੈ ਕਿ ਜੇ ਇਜ਼ਰਾਈਲ ਰਾਫ਼ਾਹ ’ਤੇ ਹਮਲਾ ਕਰਦਾ ਹੈ ਤਾਂ ਹਰ ਤਰ੍ਹਾਂ ਦੀ ਗੱਲਬਾਤ ਰੱਦ ਕਰ ਦਿੱਤੀ ਜਾਵੇਗੀ। ਫ਼ਲਸਤੀਨੀਆਂ ਉੱਪਰ ਭਿਆਨਕ ਜਬਰ ਦੇ ਬਾਵਜੂਦ ਇਜ਼ਰਾਈਲ ਨਾ ਤਾਂ ਹਮਾਸ ਨੂੰ ਖਤਮ ਕਰ ਸਕਿਆ ਹੈ ਅਤੇ ਨਾ ਹੀ ਫ਼ਲਸਤੀਨੀਆਂ ਦੀ ਆਜ਼ਾਦੀ ਦੀ ਤਾਂਘ ਕੁਚਲ ਸਕਿਆ ਹੈ। ਅਮਰੀਕੀ ਖੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਇਜ਼ਰਾਈਲ ਹਮਾਸ ਦੇ ਇੱਕ ਤਿਹਾਈ ਤੋਂ ਘੱਟ ਲੜਾਕਿਆਂ ਨੂੰ ਹੀ ਖ਼ਤਮ ਕਰ ਸਕਿਆ ਹੈ; ਇਸ ਨੂੰ ਖ਼ੁਦ ਭਾਰੀ ਫੌਜੀ ਨੁਕਸਾਨ ਝੱਲਣਾ ਪਿਆ ਹੈ। ਇਜ਼ਰਾਇਲੀ ਹਾਕਮ ਵੀ ਆਪਣੀਆਂ ਸ਼ਰਤਾਂ ਉੱਪਰ ਸੀਮਤ ਸਮੇ ਲਈ ਜੰਗਬੰਦੀ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜੰਗ ਵਿੱਚ ਹੋਏ ਭਾਰੀ ਨੁਕਸਾਨ ਕਾਰਨ ਇਜ਼ਰਾਈਲ ਦੇ ਅੰਦਰੋਂ ਵੀ ਜੰਗ ਖਤਮ ਕਰਨ ਦੀਆਂ ਆਵਾਜ਼ਾਂ ਉਠ ਰਹੀਆਂ ਹਨ। ਜੰਗ ਵਿੱਚ ਫ਼ਲਸਤੀਨੀਆਂ ਦੇ ਜੁਝਾਰੂ ਸੰਘਰਸ਼ ਕਾਰਨ ਹੀ ਬੁਖਲਾਏ ਹੋਏ ਇਜ਼ਰਾਇਲੀ ਹਾਕਮ ਜਬਰ ਦਾ ਕੁਹਾੜਾ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਜਬਰ ਦੇ ਬਾਵਜੂਦ ਫ਼ਲਸਤੀਨੀ ਆਪਣੇ ਆਜਾਦ ਕੌਮੀ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ।
ਸੰਪਰਕ: 88476-32954

Advertisement
Author Image

joginder kumar

View all posts

Advertisement
Advertisement
×