ਫ਼ਿਲਮ ‘ਅਮਰ ਸਿੰਘ ਚਮਕੀਲਾ’ ਲਈ ਇਮਤਿਆਜ਼ ਨੂੰ ਕੌਮੀ ਪੁਰਸਕਾਰ ਦੀ ਆਸ
ਮੁੰਬਈ: ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ 15ਵੇਂ ਇੰਡੀਅਨ ਫ਼ਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ’ਚ ‘ਦਿ ਬ੍ਰੇਕਆਊਟ ਫ਼ਿਲਮ ਆਫ ਦਿ ਯੀਅਰ’ ਐਲਾਨਿਆ ਗਿਆ ਹੈ। ਇਮਤਿਆਜ਼ ਨੂੰ ਉਮੀਦ ਹੈ ਕਿ ਇਹ ਫ਼ਿਲਮ ਹੋਰ ਐਵਾਰਡ ਵੀ ਜਿੱਤੇਗੀ ਜਿਨ੍ਹਾਂ ਵਿੱਚ ਕੌਮੀ ਐਵਾਰਡ ਵੀ ਸ਼ਾਮਲ ਹਨ। ਇਸ ਵਾਰ ਡਾਇਰੈਕਟ-ਟੂ-ਡਿਜੀਟਲ ਰਿਲੀਜ਼ ਹੋਈ ਫ਼ਿਲਮ ‘ਗੁਲਮੋਹਰ’ ਨੂੰ ਤਿੰਨ ਸਨਮਾਨ ਹਾਸਲ ਹੋਏ ਹਨ। ਫ਼ਿਲਮ ‘ਅਮਰ ਸਿੰਘ ਚਮਕੀਲਾ’ ਪੰਜਾਬੀ ਗਾਇਕ ਦੇ ਜੀਵਨ ਦੀ ਕਹਾਣੀ ਹੈ ਜੋ ਲੰਘੀ 12 ਅਪਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ। ਇਹ ਫ਼ਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਨੇ ਗੁਰਬਤ ਵਿੱਚੋਂ ਉੱਭਰ ਕੇ 80ਵੇਂ ਦਹਾਕੇ ਵਿੱਚ ਆਪਣੀ ਗਾਇਕੀ ਦੇ ਬਲਬੂਤੇ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਉਸ ਦੇ ਕਈ ਵਿਰੋਧੀ ਵੀ ਬਣ ਗਏ ਸਨ ਜਿਸ ਕਾਰਨ ਉਸ ਦੀ 27 ਸਾਲ ਦੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ। ਭਾਰਤੀ ਫ਼ਿਲਮ ਮੇਲੇ ਵਿੱਚ ‘ਅਮਰ ਸਿੰਘ ਚਮਕੀਲਾ’ ਨੂੰ ‘ਦਿ ਬ੍ਰੇਕਆਊਟ ਫ਼ਿਲਮ ਆਫ ਦਿ ਯੀਅਰ’ ਐਲਾਨਿਆ ਗਿਆ। ਇਮਤਿਆਜ਼ ਅਲੀ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਸ ਬਾਰੇ ਭੰਬਲਭੂਸਾ ਸੀ ਕਿ ਕੀ ਡਾਇਰੈਕਟ-ਟੂ-ਡਿਜੀਟਲ ਫ਼ਿਲਮਾਂ ਨੂੰ ਕੌਮੀ ਪੁਰਸਕਾਰਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਹੁਣ ਇਸ ਬਾਰੇ ਇੱਕ ਫੈਸਲਾ ਆਇਆ ਹੈ ਜੋ ਡਾਇਰੈਕਟ-ਟੂ-ਡਿਜੀਟਲ ਫਿਲਮਾਂ ਦੇ ਹੱਕ ਵਿੱਚ ਹੈ। ਮੈਨੂੰ ਉਮੀਦ ਹੈ ਕੌਮੀ ਐਵਾਰਡ ਵਾਲੇ ‘ਅਮਰ ਸਿੰਘ ਚਮਕੀਲਾ’ ’ਤੇ ਸਵੱਲੀ ਤੇ ਦਿਆਲਤਾ ਭਰੀ ਨਜ਼ਰ ਰੱਖਣਗੇ।’ -ਪੀਟੀਆਈ