ਇਮਰਾਨ ਦੀ ਪਾਰਟੀ ਨੇ ਇਸਲਾਮਾਬਾਦ ’ਚ ਪ੍ਰਦਰਸ਼ਨ ਰੋਕਿਆ
ਇਸਲਾਮਾਬਾਦ, 27 ਨਵੰਬਰ
ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੇ ਬੀਤੀ ਰਾਤ ਹਕੂਮਤੀ ਜਬਰ ਤੋਂ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ ਰੋਕ ਦਿੱਤਾ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਲਗਪਗ 450 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਕਿਹਾ ਕਿ ਇਹ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕੀਤਾ ਗਿਆ ਹਿੰਸਕ ਹਮਲਾ ਸੀ। ਇਸ ਦੌਰਾਨ ਲੋਕਾਂ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਪੀਟੀਆਈ ਸਮਰਥਕਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ ਸੀ ਅਤੇ ਧਰਨੇ ਲਈ ਡੀ ਚੌਕ ਤੱਕ ਪਹੁੰਚਣ ਵਿੱਚ ਸਫਲ ਹੋ ਗਏ ਸਨ। ਇਸ ਝੜਪ ਵਿੱਚ ਛੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਅੱਧੀ ਰਾਤ ਦੇ ਕਰੀਬ ਪੁਲੀਸ ਅਤੇ ਰੇਂਜਰਾਂ ਨੇ ਬਲੂ ਏਰੀਆ ਕਾਰੋਬਾਰੀ ਖੇਤਰ ਨੂੰ ਖਾਲੀ ਕਰਨ ਲਈ ਮੁਹਿੰਮ ਚਲਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨਾਲ ਕਿਤੇ ਹੋਰ ਜਾਣ ਲਈ ਮਜਬੂਰ ਕੀਤਾ ਗਿਆ।
ਪੀਟੀਆਈ ਦੇ ਸੂਚਨਾ ਸਕੱਤਰ ਸ਼ੇਖ ਵਕਾਸ ਅਕਰਮ ਨੇ ਐਕਸ ’ਤੇ ਦੱਸਿਆ ਕਿ ਗੰਡਾਪੁਰ ਅਤੇ ਬੀਬੀ ਸੁਰੱਖਿਅਤ ਹਨ। ‘ਜੀਓ ਨਿਊਜ਼’ ਨੇ ਦੱਸਿਆ ਕਿ ਬੀਬੀ ਅਤੇ ਗੰਡਾਪੁਰ ਪਿਸ਼ਾਵਰ ਪਹੁੰਚ ਗਏ ਹਨ, ਜਦਕਿ ਪਾਰਟੀ ਨੇ ਆਪਣਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ। ਸੂਚਨਾ ਮੰਤਰੀ ਅੱਤਾ ਤਰਾਰ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਗੰਡਾਪੁਰ ਅਤੇ ਬੀਬੀ ਭੱਜ ਗਏ ਹਨ। -ਪੀਟੀਆਈ
ਗ੍ਰਹਿ ਮੰਤਰੀ ਵੱਲੋਂ ਸਕੂਲ ਮੁੜ ਖੋਲ੍ਹਣ ਦਾ ਐਲਾਨ
ਡੀ-ਚੌਕ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਗੰਡਾਪੁਰ ਅਤੇ ਬੁਸ਼ਰਾ ਬੀਬੀ ਭੱਜ ਗਏ ਸਨ। ਉਨ੍ਹਾਂ ਕਿਹਾ, ‘ਉਹ ਤੁਹਾਡੇ ਸਾਹਮਣੇ ਭੱਜੇ। ਇੱਕ ਜਾਂ ਦੋ ਜਾਂ ਤਿੰਨ ਨਹੀਂ ਬਲਕਿ ਹਜ਼ਾਰਾਂ ਲੋਕ ਭੱਜ ਗਏ।’ ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਆਵਾਜਾਈ ਲਈ ਬੰਦ ਕੀਤੀਆਂ ਗਈਆਂ ਸੜਕਾਂ ’ਤੇ ਆਵਾਜਾਈ ਮੁੜ ਬਹਾਲ ਕਰਨੀ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਵੀਰਵਾਰ ਨੂੰ ਸਕੂਲ ਮੁੜ ਖੋਲ੍ਹਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ, ‘ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਸਵੇਰ ਤੱਕ ਬਹਾਲ ਕਰ ਦਿੱਤੀਆਂ ਜਾਣਗੀਆਂ।