For the best experience, open
https://m.punjabitribuneonline.com
on your mobile browser.
Advertisement

ਛਾਪ

09:13 AM Jan 14, 2024 IST
ਛਾਪ
Advertisement

ਡਾ. ਜਸਵਿੰਦਰ ਸਿੰਘ ਬਰਾੜ

ਕਥਾ ਪ੍ਰਵਾਹ

ਹਾਲੇ ਸ਼ਾਮ ਦੇ ਛੇ ਹੀ ਵੱਜੇ ਸਨ, ਪਰ ਸਿਆਲੂ ਰੁੱਤ ਹੋਣ ਕਰਕੇ ਹਨੇਰਾ ਕਾਫ਼ੀ ਹੋ ਚੁੱਕਿਆ ਸੀ। ਕਿਤੇ ਕਿਤੇ ਆਉਂਦਾ ਹਵਾ ਦਾ ਬੁੱਲ੍ਹਾ ਧੁਰਤੜੀ ਜਿਹੀ ਛੇੜ ਦਿੰਦਾ, ਪਰ ਜੋਗਿੰਦਰ ਸਿਹੁੰ ਦੇ ਪਾਲ਼ਾ ਅੱਜ ਨੇੜੇ-ਤੇੜੇ ਵੀ ਨਹੀਂ ਸੀ ਢੁੱਕਦਾ। ਢੁੱਕਦਾ ਵੀ ਕਿਵੇਂ, ਜੋਗਿੰਦਰ ਸਿਹੁੰ ਲਾੜੇ ਦਾ ਪਿਓ ਜੋ ਸੀ। ਉਹ ਮਹਿਮਾਨਾਂ ਦਾ ਗਰਮਜੋਸ਼ੀ ਨਾਲਾ ਸੁਆਗਤ ਕਰਦਾ। ਉਸ ਗਰਮਜੋਸ਼ੀ ਨਾਲ ਕੀਤਾ ਸੁਆਗਤ ਠਰੂੰ-ਠਰੂੰ ਕਰਦੇ ਮਹਿਮਾਨਾਂ ਦਾ ਪਾਲ਼ਾ ਪਲਾਂ ਵਿੱਚ ਲਾਹ ਦਿੰਦਾ। ਜੋਗਿੰਦਰ ਸਿਹੁੰ ਕਾਹਲੀ ਨਾਲ ਹਲਵਾਈ ਵੱਲ ਆਉਂਦਾ ਦੂਰੋਂ ਹੀ ਬੋਲਿਆ, “ਮੱਘਰ ਸਿਆਂ ਕਿਸੇ ਚੀਜ਼ ਵਿੱਚ ਕੋਈ ਕਮੀ ਨਾ ਰਹਿਣ ਦੇਵੀਂ, ਆਪ ਖ਼ਿਆਲ ਰੱਖੀਂ ਆਹ ਜਵਾਕਾਂ ’ਤੇ ਨਾ ਰਹਿ ਜਾਵੀਂ।” ਮੱਘਰ ਸਿੰਘ ਨੇ ਹੱਥ ਵਿੱਚ ਫੜ੍ਹਿਆ ਝਾਰਨਾ ਪਕੌੜਿਆਂ ਵਾਲੀ ਕੜਾਹੀ ਵਿੱਚ ਘਮਾਉਂਦਿਆਂ ਮਜ਼ਾਹੀਆ ਲਹਿਜੇ ਵਿੱਚ ਉੱਤਰ ਦਿੱਤਾ, “ਤੂੰ ਫ਼ਿਕਰ ਨਾ ਕਰ ਸਰਦਾਰਾ, ਜੇ ਤੇਰਾ ਮੇਲ ਉਂਗਲਾਂ ਚੱਟਦਾ ਨਾ ਰਹਿ ਗਿਆ ਤਾਂ ਮੈਨੂੰ ਵੀ ਮੱਘਰ ਹਲਵਾਈ ਕੀਹਨੇ ਕਹਿਣੈ!” “ਉਹ ਤਾਂ ਮੈਨੂੰ ਪਤਾ ਤੇਰਾ ਮੱਘਰ ਸਿਆਂ, ਤਾਂ ਹੀ ਤੈਨੂੰ ਸੱਦਿਐ, ਨਹੀਂ ਹਲਵਾਈ ਤਾਂ ਹੋਰ ਵੀ ਬਥੇਰੇ ਐ।” ਜੋਗਿੰਦਰ ਸਿੰਘ ਨੇ ਮੱਗਰ ਹਲਵਾਈ ’ਤੇ ਆਪਣਾ ਭਰੋਸਾ ਜਤਾ ਕੇ ਉਸ ਨੂੰ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਤਾਕੀਦ ਕਰ ਦਿੱਤੀ। ਜੋਗਿੰਦਰ ਸਿਹੁੰ ਨੇ ਪਸ਼ੂਆਂ ਵਾਲੇ ਪਾਸੇ ਟੋਕਰਾ ਚੁੱਕ ਕੇ ਤੂੜੀ ਪਾਉਂਦੇ ਫਿਰਦੇ ਆਪਣੇ ਸੀਰੀ ਠੋਲੇ ਨੂੰ ਉੱਚੀ ਦੇਣੇ ਹਾਕ ਮਾਰੀ, ‘‘ਓ ਠੋਲਿਆ, ਕੁਰਸੀ ਲਿਆਈਂ ਐਥੋਂ ਚੱਕ ਕੇ, ਮੈਂ ਵੀ ਏਥੇ ਬਾਹਰ ਹੀ ਬਹਿ ਜਾਨੈ।” ਠੋਲੇ ਨੇ ਟੋਕਰਾ ਥਾਏਂ ਰੱਖ ਦਿੱਤਾ ਜਿਵੇਂ ਸਰਦਾਰ ਦੇ ਬੋਲ ਦੀ ਹੀ ਉਡੀਕ ਕਰ ਰਿਹਾ ਹੋਵੇ ਤੇ ‘ਲਿਆਉਂਨਾ ਚਾਚਾ’ ਕਹਿ ਕੇ ਅੰਦਰ ਨੂੰ ਕੁਰਸੀ ਲੈਣ ਤੁਰ ਪਿਆ।
ਵੱਡੇ ਦਰਵਾਜ਼ੇ ਵੱਲੋਂ ਭੱਜੀ ਆਉਂਦੀ ਲਾਗਣ ਕਾਹਲੀ ਨਾਲ ਜੋਗਿੰਦਰ ਸਿੰਘ ਨੂੰ ਇਹ ਕਹਿੰਦਿਆਂ ‘ਸਰਦਾਰ ਜੀ ਨਾਨਕਾ ਮੇਲ ਆ ਗਿਆ’ ਪਹਿਲਾਂ ਤੋਂ ਹੀ ਸਰ੍ਹੋਂ ਦੇ ਤੇਲ ਨਾਲ ਭਰ ਕੇ ਰੱਖੀ ਸ਼ੀਸ਼ੀ ਚੁੱਕਣ ਲਈ ਅੰਦਰ ਚਲੀ ਗਈ। ਵਿਆਹ ਵਿੱਚ ਲਾਗੀ ਹੋਰ ਕਿਸੇ ਕੰਮ ਨੂੰ ਐਨੀ ਜ਼ਿੰਮੇਵਾਰੀ ਨਾਲ ਨਹੀਂ ਨਿਭਾਉਂਦੇ ਜਿੰਨਾ ਮਹਿਮਾਨਾਂ ਨੂੰ ਤੇਲ ਚੋਣ ਦੇ ਕੰਮ ਨੂੰ ਨਿਭਾਉਂਦੇ ਹਨ। ਜੋਗਿੰਦਰ ਸਿਹੁੰ ਨੇ ਲਾਗਣ ਦੀ ਗੱਲ ਸੁਣ ਕੇ ਵੀ ਅਣਸੁਣੀ ਕਰ ਦਿੱਤੀ। ਤੇਲ ਦੀ ਸ਼ੀਸ਼ੀ ਚੁੱਕ ਕੇ ਬਾਹਰ ਆਉਂਦੀ ਲਾਗਣ ਨੇ ਫਿਰ ਜੋਗਿੰਦਰ ਸਿਹੁੰ ਨੂੰ ਆਖਿਆ, ‘‘ਮੈਂ ਕਿਹਾ ਸਰਦਾਰ ਜੀ ਨਾਨਕਾ ਮੇਲ ਆ ਗਿਆ, ਸਰਦਾਰਨੀ ਕਹਿੰਦੀ ਸੀ ਬਈ ਸਰਦਾਰ ਸਾਹਬ ਨੂੰ ਕਹਿ ਦਿਓ ਉਹ ਵੀ ਬਾਰ ’ਚ ਆ ਜਾਣਗੇ ਨਾਨਕਿਆਂ ਦੇ ਸੁਆਗਤ ਲਈ।” “ਹੂੰ! ਮੈਂ ਆਉਨਾਂ” ਕਹਿ ਕੇ ਜੋਗਿੰਦਰ ਸਿੰਘ ਨੇ ਸੱਜੇ ਹੱਥ ਨੂੰ ਬਾਰ ਵੱਲ ਕਰ ਕੇ ਉਸ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਜੋਗਿੰਦਰ ਸਿਹੁੰ ਦੀ ‘ਹੂੰ’ ਐਨੀ ਹਾਂ-ਵਾਚਕ ਨਹੀਂ ਸੀ ਲੱਗਦੀ ਜਿੰਨਾ ਉਸ ਵਿੱਚ ਵਿਅੰਗ ਲੱਗਦਾ ਸੀ। ‘‘ਚਾਚਾ, ਐਥੇ ਡਾਹ ਦਿਆਂ ਕੁਰਸੀ?’’ ਕੁਰਸੀ ਚੁੱਕੀ ਖੜ੍ਹੇ ਠੋਲੇ ਨੇ ਸਰਦਾਰ ਦੀ ਸਹਿਮਤੀ ਲੈਣ ਲਈ ਸਰਸਰੀ ਪੁੱਛਿਆ ਸੀ। “ਰਹਿਣ ਦੇ ਬੱਸ ਮੈਂ ਅੰਦਰ ਈ ਜਾਨੈ ਠੋਲਿਆ, ਕੁਰਸੀ ਓਧਰ ਹਲਵਾਈ ਕੰਨੀ ਰੱਖਦੇ, ਕੋਈ ਹੋਰ ਬੈਠ ਜੂ” ਕਹਿ ਕੇ ਉਹ ਕਾਹਲੇ ਪੈਰੀਂ ਅੰਦਰ ਵੱਲ ਹੋ ਤੁਰਿਆ। ਓਧਰ ਜੀਤੀ ਨੇ ਕੋਲੇ ਆਈ ਲਾਗਣ ਨੂੰ ਹੌਲੀ ਦੇਣੇ ਕੰਨ ਵਿੱਚ ਪੁੱਛਿਆ, ‘‘ਮੈਂ ਕਿਹਾ ਸਰਦਾਰ ਨੂੰ ਦੱਸਤਾ ਸੀ ਤੂੰ?” ਹਾਲੇ ਜੀਤੀ ਦੀ ਗੱਲ ਵਿਚਾਲੇ ਹੀ ਸੀ ਕਿ ਲਾਗਣ ਨੇ ਤੇਲ ਚੋਅਣ ਦੀ ਕਾਹਲੀ ਨਾਲ ਪਹਿਲਾਂ ਹੀ ਕਹਿ ਦਿੱਤਾ, ‘‘ਹਾਂ ਕਹਿ ਦਿੱਤਾ ਸੀ ਬਈ ਨਾਨਕੇ ਆ ਗਏ, ਤੇ ਉਹ ਕਹਿੰਦੇ ਸੀ ਮੈਂ ਆਉਂਨਾ।” ਜੀਤੀ ਨੇ ਨਾਲ ਖੜ੍ਹੀਆਂ ਬੁੜੀਆਂ ਤੋਂ ਅੱਖ ਬਚਾ ਕੇ ਥੋੜ੍ਹਾ ਅੱਡੀਆਂ ਨੂੰ ਉਤਾਂਹ ਚੁੱਕਿਆ ਤੇ ਵਿਹੜੇ ਵਾਲੇ ਪਾਸੇ ਨੂੰ ਇੰਝ ਨਿਗ੍ਹਾ ਘੁਮਾਈ ਜਿਵੇਂ ਮੋਰਚੇ ’ਚ ਖੜ੍ਹਾ ਫ਼ੌਜੀ ਸ਼ੱਕ ਹੋਣ ’ਤੇ ਗਹਿਰੀ ਨਿਗ੍ਹਾ ਨਾਲ ਦੇਖਦਾ ਹੈ। ਉਂਝ ਭਾਵੇਂ ਵਿਹੜੇ ਵਿੱਚ ਖ਼ੂਬ ਰੌਣਕਾਂ ਸਨ, ਪਰ ਸਰਦਾਰ ਦੀ ਗ਼ੈਰ-ਮੌਜੂਦਗੀ ਨਾਲ ਜੀਤੀ ਨੂੰ ਵਿਹੜਾ ਭਾਂਅ-ਭਾਂਅ ਕਰਦਾ ਲੱਗਿਆ। ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਚੜ੍ਹ ਉੱਤਰ ਰਹੇ ਸਨ। ਦਾਦਕਿਆਂ ਵਾਲੇ ਪਾਸੇ ਖੜ੍ਹੀ ਇੱਕ ਬਜ਼ੁਰਗ ਔਰਤ ਨੇ ਆਪਣੀ ਸਿਆਣਪ ਦਿਖਾਉਂਦਿਆਂ ਆਸੇ-ਪਾਸੇ ਝੁਰਮਟ ਬਣਾਈ ਖੜ੍ਹੀਆਂ ਆਪਣੇ ਤੋਂ ਛੋਟੀ ਉਮਰ ਦੀਆਂ ਔਰਤਾਂ ਨੂੰ ਆਖਿਆ, “ਗਾਓ ਨੀ ਗੀਤ ਕਿਵੇਂ ਡੁੰਨ ਬਣੀਆਂ ਖੜ੍ਹੀਆਂ ਓ, ਨਾਲੇ ਭਾਈ ਜੀਤੀ ਜਿਹੜਾ ਵਿਹਾਰ ਕਰਨਾ ਕਰ ਭਾਈ, ਫਿਰ ਪੁਣਾਈ ਸ਼ੁਰੂ ਹੋ ਜਾਣੀ ਐ।” ਜੀਤੀ ਚਾਹੁੰਦੀ ਸੀ ਕਿ ਸਰਦਾਰ ਆ ਕੇ ਉਸ ਦੇ ਪੇਕਿਆਂ ਨੂੰ ਜੀਅ ਆਇਆ ਆਖੇ, ਨਹੀਂ ਤਾਂ ਉਹਦਾ ਭਰਾ-ਭਰਜਾਈ ਤੇ ਬਾਕੀ ਮੇਲ ਵਾਲੇ ਕੀ ਸੋਚਣਗੇ। ਜੀਤੀ ਮਨ ਹੀ ਮਨ ਸੋਚ ਰਹੀ ਸੀ ‘ਮੇਰੇ ਪੇਕਿਆਂ ਨੇ ਥੱਬਾ ਰੁਪਇਆਂ ਦਾ ਨਾਨਕ ਛੱਕ ’ਤੇ ਲਾ ਕੇ ਜਾਣੈ, ਤੇ ਇਹ ਬੰਦੇ ਤੋਂ ਆ ਕੇ ਐਨਾ ਨੀ ਸਰਦਾ ਬਈ ਆ ਕੇ ਆਖੇ ‘ਆਜੋ ਜੀਅ ਆਇਆਂ ਨੂੰ’।’ ਜੀਤੋ ਆਪਣੇ ਖ਼ਿਆਲਾਂ ਵਿੱਚ ਗੁਆਚੀ ਹੋਈ ਸੀ ਕਿ ਨਾਨਕੇ ਮੇਲ ਵਿੱਚੋਂ ਹੀ ਕਿਸੇ ਮੇਲਣ ਨੇ ਟਿੱਚਰ ਨਾਲ ਕਿਹਾ ਦਿੱਤਾ, ‘‘ਜੀਤੋ, ਅੰਦਰ ਆਉਣ ਲਈ ਆਖੇਂਗੀ ਕਿ ਬੂਹੇ ’ਤੇ ਹੀ ਖੜ੍ਹਾਈ ਰੱਖੇਂਗੀ!” ਇੱਕ ਭਾਰੀ ਜਿਹੀ ਹੋਰ ਆਵਾਜ਼ ਨਾਨਕੇ ਮੇਲ ਵਿੱਚੋਂ ਆਈ, “ਕਿ ਸਾਡੇ ਜੀਜੇ ਨੇ ਆਖਿਆ ਬਈ ਅੰਦਰ ਨਹੀਂ ਆਉਣ ਦੇਣਾ।” ਜੀਤੋ ਨੂੰ ਪਿਛਲੀ ਗੱਲ ਨੇ ਜ਼ਿਆਦਾ ਹਲੂਣਿਆ। ਜੀਤੋ ਨੇ ਐਵੇਂ ਝੂਠੀ ਜਿਹੀ ਹਾਸੀ ਹੱਸ ਕੇ ਆਖਿਆ, “ਲੈ ਦੱਸ ਜੀਜਾ ਤਾਂ ਸੋਡਾ ਭਾਈ ਏਸ ਗੱਲ ’ਤੇ ਗੁੱਸੇ ਆ ਬਈ ਤੁਸੀਂ ਲੇਟ ਕਿਉਂ ਆਏ ਓ। ਉਹ ਤਾਂ ਤੜਕੇ ਦਾ ਵਿਹੜੇ ’ਚ ਬੈਠਾ ਉਡੀਕੀ ਗਿਆ ਬਈ ਮੇਰੇ ਸਹੁਰਿਆਂ ਨੇ ਆਉਣੈ। ਚੱਲ ਨੀ ਮੇਲੋ, ਤੇਲ ਚੋਅ ਨਾਨਕਿਆਂ ਨੂੰ ਅੰਦਰ ਲੰਘਾ ਭਾਈ।” ਉਸ ਨੇ ਬੜੀ ਸਿਆਣਪ ਨਾਲ ਜਵਾਬ ਦੇ ਕੇ ਮੌਕਾ ਸਾਂਭ ਲਿਆ ਸੀ, ਪਰ ਉਹ ਅੰਦਰ ਹੀ ਅੰਦਰ ਹੈਰਾਨ ਜ਼ਰੂਰ ਸੀ ਕਿ ਜੋਗਿੰਦਰ ਸਿਹੁੰ ਤੜਕੇ ਦਾ ਪੁੱਛ ਰਿਹਾ ਸੀ ਨਾਨਕੇ ਕਦੋਂ ਆਉਣਗੇ, ਨਾਨਕੇ ਕਦੋਂ ਆਣਗੇ ਤੇ ਹੁਣ ‘ਜੀਓ ਆਇਆਂ ਨੂੰ’ ਆਖਣ ਦਰਵਾਜ਼ੇ ਤੱਕ ਵੀ ਨਹੀਂ ਸੀ ਆਇਆ। ਨਾਨਕਾ ਮੇਲ ਹੱਸਦਾ-ਖੇਡਦਾ ਵਿਹੜੇ ਵਿੱਚ ਪਹੁੰਚ ਗਿਆ। ਪ੍ਰੀਹਿਆਂ ਨੇ ਖਾਣ-ਪੀਣ ਦਾ ਸਭ ਸਾਮਾਨ ਪਹਿਲਾਂ ਹੀ ਨਾਨਕਾ ਮੇਲ ਲਈ ਟੈਂਟ ਵਿੱਚ ਸਜਾ ਦਿੱਤਾ। ਇੱਕ ਜ਼ਿੰਮੇਵਾਰ ਪ੍ਰੀਹੇ ਨੇ ਬਾਕੀਆਂ ਨੂੰ ਸੁਚੇਤ ਹੋ ਜਾਣ ਲਈ ਇਸ਼ਾਰਾ ਕਰ ਦਿੱਤਾ ਤੇ ਸਾਰੇ ਪ੍ਰੀਹੇ ਫ਼ੌਜੀਆਂ ਦੀ ਪਲਟਨ ਵਾਂਗੂੰ ਆਪਣੇ ਕਮਾਂਡਰ ਦੇ ਇਸ਼ਾਰੇ ਨਾਲ ਆਪਣੀਆਂ ਆਪਣੀਆਂ ਡਿਊਟੀਆਂ ’ਤੇ ਤਾਇਨਾਤ ਹੋ ਗਏ। ਦਾਦਕਿਆਂ ਵਾਲੇ ਪਾਸੇ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਨਾਨਕਿਆਂ ਦੀ ਆਉ ਭਗਤ ਵਿੱਚ ਕੋਈ ਕਮੀ ਨਾ ਰਹਿ ਜਾਵੇ। ਬੇਸ਼ੱਕ ਨਾਨਕੇ ਮੇਲ ਦੀ ਖਿਦਮਤ ਵਿੱਚ ਕੋਈ ਕਮੀ ਨਹੀਂ ਸੀ ਛੱਡੀ ਗਈ, ਪਰ ਇੱਕ ਵੱਡੀ ਕਮੀ ਇਹ ਸੀ ਕਿ ਹਾਲੇ ਤੱਕ ਜੋਗਿੰਦਰ ਸਿਹੁੰ ਨੇ ਆ ਕੇ ਕਿਸੇ ਨੂੰ ਫਤਿਹ ਤੱਕ ਨਹੀਂ ਸੀ ਬੁਲਾਈ। ਹੁਣ ਤਾਂ ਇਸ ਗੱਲ ਨੂੰ ਲੈ ਕੇ ਨਾਨਕੇ ਮੇਲ ਦੀਆਂ ਕਈ ਔਰਤਾਂ ਵੀ ਹੌਲੀ-ਹੌਲੀ ਇੱਕ ਦੂਜੀ ਨਾਲ ਘੁਸਰ-ਮੁਸਰ ਕਰਨ ਲੱਗੀਆਂ ਸਨ। ਦੋ-ਤਿੰਨਾਂ ਨੇ ਤਾਂ ਚਾਹ-ਪਾਣੀ ਪੀਂਦਿਆਂ ਪੀਂਦਿਆਂ ਸਿੱਧਾ ਜੀਤੀ ਨੂੰ ਹੀ ਪੁੱਛ ਲਿਆ ਸੀ, “ਕੁੜੇ, ਸਰਦਾਰ ਨੀ ਦੀਂਹਦਾ ਕਿਹੜੀ ਖੁੱਡ ਚ ਲੁਕਾ ਤਾ।” “ਕਿਤੇ ਅੱਜ ਮੁੰਡੇ ਦੇ ਵਿਆਹ ਦੇ ਚਾਅ ’ਚ ਪੈੱਗ ਲਾ ਕੇ ਤਾਂ ਨੀ ਡਿੱਗਿਆ ਪਿਆ ਸੰਦੂਕਾਂ ਪਿੱਛੇ?” ਜੋਗਿੰਦਰ ਦੀ ਸਾਲੀ ਨੇ ਆਪਣਾ ਹੱਕ ਸਮਝ ਕੇ ਟਿੱਚਰ ਕਰਦਿਆਂ ਕਿਹਾ। ਹਾਲਾਂਕਿ ਸਾਰਿਆਂ ਨੂੰ ਪਤਾ ਸੀ ਕਿ ਜੋਗਿੰਦਰ ਸਿਹੁੰ ਸ਼ਰਾਬ ਨਹੀਂ ਪੀਦਾ। ਪਰ ਅੱਜ ਖ਼ੁਸ਼ੀ ਮੌਕੇ ਘਰ ਆਏ ਨਾਨਕਿਆਂ ਕੋਲ ਜੋਗਿੰਦਰ ਦਾ ਨਾ ਆਉਣਾ ਸਾਰਿਆਂ ਨੂੰ ਰੜਕ ਰਿਹਾ ਸੀ। ਜੋਗਿੰਦਰ ਸਿੰਘ ਵਰਗਾ ਮਿਲਾਪੜਾ ਬੰਦਾ ਅੱਜ ਘਰ ਆਏ ਮਹਿਮਾਨਾਂ ਨਾਲ ਅਜਿਹਾ ਸਲੂਕ ਕਿਵੇਂ ਕਰ ਸਕਦਾ ਸੀ। ਇਹ ਹੈਰਾਨੀ ’ਕੱਲ੍ਹੀ ਜੀਤੀ ਨੂੰ ਨਹੀਂ ਪੂਰੇ ਦਾਦਕੇ ਤੇ ਨਾਨਕੇ ਮੇਲ ਨੂੰ ਵੀ ਸੀ। ਸਹੁਰਿਆਂ ਵਿੱਚ ਜੋਗਿੰਦਰ ਸਿਹੁੰ ਦੀ ਸ਼ਰਾਫਤ ਦੀਆਂ ਗੱਲਾਂ ਹੁੰਦੀਆਂ ਸਨ ਕਿਉਂਕਿ ਉਹ ਜਦੋਂ ਵੀ ਸਹੁਰੀਂ ਜਾਂਦਾ ਸਭ ਕਿਸੇ ਨੂੰ ਹੱਸ ਕੇ ਮਿਲਦਾ ਅਤੇ ਹਰ ਕਿਸੇ ਦੀ ਖ਼ੁਸ਼ੀ-ਗਮੀ ਵਿੱਚ ਸ਼ਰੀਕ ਹੁੰਦਾ। ਸਹੁਰਿਆਂ ਵਿੱਚ ਗੱਲਾਂ ਤਾਂ ਅੱਜ ਵੀ ਹੋ ਰਹੀਆਂ ਸਨ, ਪਰ ਸ਼ਰਾਫਤ ਦੀ ਬਜਾਏ ਉਸ ਦੇ ਵਤੀਰੇ ਦੀਆਂ ਹੋ ਰਹੀਆਂ ਸਨ। ਨਾਨਕਿਆਂ ਨੇ ਚਾਹ ਪਾਣੀ ਵੀ ਪੀ ਲਿਆ ਸੀ, ਪਰ ਜੋਗਿੰਦਰ ਸਿਹੁੰ ਕਿਧਰੇ ਦਿਖਾਈ ਨਹੀਂ ਦੇ ਰਿਹਾ ਸੀ। ਨਾਇਣ ਨੇ ਆ ਕੇ ਜੀਤੀ ਨੂੰ ਨਹਾਈ-ਧੋਈ ਦੀ ਤਿਆਰੀ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਜਲਦੀ ਨਾਲ ਤਿਆਰੀ ਕਰਨ ਲਈ ਆਖਿਆ ਤਾਂ ਜੋ ਸਵਾਈ ਦੇ ਵਿੱਚ-ਵਿੱਚ ਰਸਮਾਂ ਨਿਭਾਈਆਂ ਜਾ ਸਕਣ। ਭਾਵੇਂ ਪਹਿਲਾਂ ਪੰਜਾਬ ਵਿੱਚ ਨਹਾਈ-ਧੋਈ ਦੀ ਰਸਮ ਬਰਾਤ ਵਾਲੇ ਦਿਨ ਤੜਕਸਾਰ ਕੀਤੀ ਜਾਂਦੀ ਸੀ, ਪਰ ਹੁਣ ਲੋਕਾਂ ਨੇ ਰਿਵਾਜ ਹੀ ਬਣਾ ਲਿਆ ਕਿ ਨਹਾਈ-ਧੋਈ ਬਰਾਤ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਰ ਕੇ ਕੰਮ ਨਬਿੇੜ ਦਿੱਤਾ ਜਾਂਦਾ ਹੈ। ਇਸ ਦਾ ਫਾਇਦਾ ਵੀ ਹੈ ਕਿ ਚਲੋ ਬਰਾਤ ਵਾਲੇ ਦਿਨ ਸਾਰੇ ਆਪੋ-ਆਪਣੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ। ਨਹਾਈ-ਧੋਈ ਸ਼ੁਰੂ ਹੋ ਚੁੱਕੀ ਸੀ। ਨਾਨਕੀਆਂ ਤੇ ਦਾਦਕੀਆਂ ਰਲ ਕੇ ਵਟਣਾ ਮਲਣ ਸਮੇਂ ਗਾਏ ਜਾਣ ਵਾਲੇ ਗੀਤ ਉੱਚੀ ਹੇਕ ਵਿੱਚ ਗਾ ਰਹੀਆਂ ਸਨ। ਪਹਿਲਾ ਵੰਨਾ ਲਾੜੇ ਦੀ ਮਾਂ ਤੇ ਪਿਓ ਨੇ ਲਾਉਣਾ ਸੀ। ਮਾਂ ਤਾਂ ਫੁਲਕਾਰੀ ਲਈ ਸਜੀ ਖੜ੍ਹੀ ਸੀ, ਪਰ ਪਿਓ ਹਾਲੇ ਵੀ ਗ਼ੈਰਹਾਜ਼ਰ ਸੀ। ਜੀਤੀ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਸੀ। ਜੋਗਿੰਦਰ ਸਿਹੁੰ ਦੀ ਗ਼ੈਰ-ਮੌਜੂਦਗੀ ਉਸ ਨੂੰ ਬੇਹੱਦ ਪ੍ਰੇਸ਼ਾਨ ਕਰ ਰਹੀ ਸੀ। ‘‘ਜਾ ਸੱਦ ਉਹਨੂੰ ਜਾ ਕੇ, ਪਤਾ ਨੀ ਕਿਹੜੀ ਖੱਲ ’ਚ ਵੜਿਆ ਬੈਠਾ,’’ ਜੀਤੀ ਨੇ ਕੋਲ ਖੜ੍ਹੀ ਲਾਗਣ ਦੇ ਕੰਨ ਵਿੱਚ ਹੌਲੀ ਦੇਣੇ ਘੁਸਰ-ਮੁਸਰ ਕਰਦਿਆਂ ਆਖਿਆ। ਲਾਗਣ ਹਾਲੇ ਤੁਰਨ ਹੀ ਲੱਗੀ ਸੀ ਕਿ ਸਾਹਮਣੇ ਕਮਰੇ ਦੇ ਦਰਵਾਜ਼ੇ ਵਿੱਚੋਂ ਮੁੱਛਾਂ ਨੂੰ ਤਾਅ ਦਿੰਦਾ ਸ. ਜੋਗਿੰਦਰ ਸਿੰਘ ਇੰਝ ਬਾਹਰ ਨਿਕਲਿਆ ਜਿਵੇਂ ਸ਼ੇਰ ਆਪਣੀ ਗੁਫ਼ਾ ਵਿੱਚੋਂ ਬਾਹਰ ਨਿਕਲਦਾ ਹੈ। ਉਸ ਦੇ ਚਿਹਰੇ ਦਾ ਜਲੌਅ ਦੇਖਣ ਵਾਲਾ ਸੀ। ਉਸ ਨੇ ਮੁੱਛਾਂ ’ਤੇ ਹੱਥ ਮਾਰਦਿਆਂ ਮੁਸਕਰਾਂਉਂਦਿਆਂ ਆਪਣੇ ਆਪ ਵਿੱਚ ਹੀ ਆਖਿਆ, “ਅੱਜ 25 ਸਾਲਾਂ ਬਾਅਦ ਸਮਾਂ ਆ ਹੀ ਗਿਆ। ਅੱਜ ਦੱਸਾਂਗਾ ਜੋਗਿੰਦਰ ਸਿਹੁੰ ਕਿਸ ਸ਼ੈਅ ਦਾ ਨਾਂ ਐ।” ਉਸ ਨੇ ਦੂਰੋਂ ਤੁਰਿਆਂ ਆਉਂਦਿਆਂ ਹੀ ਪਹਿਲਾਂ ਲੋਈ ਦਾ ਇੱਕ ਲੜ ਖੱਬੇ ਮੋਢੇ ਉੱਤੋਂ ਰੱਖ ਕੇ, ਦੂਜਾ ਲੜ ਸੱਜੀ ਕੱਛ ਹੇਠ ਦੀ ਕੱਢ ਲਿਆ ਅਤੇ ਫਿਰ ਸੱਜੇ ਹੱਥ ਨਾਲ ਲੜ ਨੂੰ ਝਟਕਾ ਦਿੰਦਿਆਂ ਛਾਤੀ ਉੱਤੋਂ ਦੀ ਕਰਕੇ ਖੱਬੇ ਮੋਢੇ ਉੱਤੇ ਸੁੱਟ ਲਿਆ। ਜੋਗਿੰਦਰ ਸਿੰਘ ਜ਼ਰਕ-ਜ਼ਰਕ ਕਰਦਾ ਵਗਿਆ ਆ ਰਿਹਾ ਸੀ। ਦੂਰੋਂ ਹੀ ਉਸ ਨੇ ਦੋਵੇਂ ਹੱਥ ਸਿਰ ਦੇ ਉੱਤੇ ਲਿਜਾ ਕੇ ਜੋੜਦਿਆਂ ਰਸਮੀ ਜਿਹੇ ਤੌਰ ’ਤੇ ‘‘ਫਤਹਿ ਐ ਬਈ ਸਾਰਿਆਂ ਨੂੰ” ਕਹਿ ਦਿੱਤਾ। ਇਸ ਫਤਿਹ ਵਿੱਚ ਅਪਣੱਤ ਘੱਟ ਅਤੇ ਮਜਬੂਰੀ ਵਧੇਰੇ ਝਲਕਦੀ ਸੀ। ਉਹ ਬਿਨਾਂ ਕਿਸੇ ਨੂੰ ਮਿਲੇ-ਗਿਲ਼ੇ ਸਿੱਧਾ ਨਹਾਈ ਧੋਈ ਲਈ ਪਟੜੇ ’ਤੇ ਬੈਠੇ ਆਪਣੇ ਪੁੱਤਰ ਅਰਜਨ ਸਿੰਘ ਵੱਲ ਹੋ ਤੁਰਿਆ। ਜੋਗਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਆਪਣੇ ਸਹੁਰਿਆਂ ਤੋਂ ਆਏ ਕਿਸੇ ਵੀ ਰਿਸ਼ਤੇਦਾਰ ਨੂੰ ਨਾ ਬੁਲਾਇਆ। ਜੀਤੀ ਦਾ ਗੁੱਸਾ ਹੁਣ ਹੋਰ ਵੀ ਵਧ ਗਿਆ ਸੀ ਤੇ ਉਸ ਨੂੰ ਆਪਣੇ ਪੇਕਿਆਂ ਪ੍ਰਤੀ ਇਹ ਵਤੀਰਾ ਬੇਹੱਦ ਰੜਕ ਰਿਹਾ ਸੀ। “ਆਹ ਲੈ ਸਰਦਾਰਾ, ਪਹਿਲਾਂ ਸ਼ਗਨ ਤੂੰ ਕਰ, ਤੂੰ ਘਰ ਦਾ ਮੋਢੀ ਐਂ। ਸੁੱਖ ਨਾਲ ਮਸਾਂ ਸੁੱਖਾਂ ਸੁਖਦਿਆਂ ਨੂੰ ਆ ਦਿਨ ਆਇਐ।” ਨਾਇਣ ਨੇ ਜੋਗਿੰਦਰ ਸਿਹੁੰ ਦੇ ਮੂਹਰੇ ਵਟਣੇ ਵਾਲਾ ਕਟੋਰਾ ਕਰਦਿਆਂ ਕਿਹਾ। ਉਸ ਨੇ ਸੱਜੇ ਹੱਥ ਦੀਆਂ ਚਾਰੇ ਉਂਗਲਾਂ ਕਟੋਰੇ ਵਿੱਚ ਪਾਈਆਂ ਅਤੇ ਹਲਕੀ ਜਹੀ ਦਾਬ ਨਾਲ ਕਟੋਰੇ ਵਿੱਚ ਪਏ ਵਟਣੇ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ’ਤੇ ਲਾ ਲਿਆ। ਫਿਰ ਆਪਣੇ ਪੁੱਤਰ ਅਰਜਨ ਦੇ ਪਿਛਲੇ ਪਾਸੇ ਹੋ ਕੇ ਥੋੜ੍ਹਾ ਜਿਹਾ ਝੁਕਿਆ ਤੇ ਖੱਬਾ ਹੱਥ ਪਿਆਰ ਨਾਲ ਪਹਿਲਾਂ ਅਰਜਨ ਦੇ ਸਿਰ ’ਤੇ ਫੇਰਿਆ ਤੇ ਫਿਰ ਖੱਬੇ ਮੋਢੇ ’ਤੇ ਰੱਖ ਦਿੱਤਾ ਅਤੇ ਸੱਜੇ ਹੱਥ ਦੀਆਂ ਉਂਗਲਾਂ ’ਤੇ ਲੱਗਿਆ ਵਟਣਾ ਉਸ ਦੇ ਮੱਥੇ ’ਤੇ ਲਗਾ ਦਿੱਤਾ। “ਅੰਕਲ ਤੁਸੀਂ ਸੱਜੇ ਪਾਸੇ ਨੂੰ ਹੋ ਜਾਓ ਥੋੜ੍ਹਾ ਜਿਹਾ, ਇੱਕ ਹੱਥ ਅਰਜਨ ਬਾਈ ਦੇ ਸਿਰ ’ਤੇ ਹੀ ਰੱਖੋ। ਆਂਟੀ ਤੁਸੀਂ ਵੀ ਵਟਣਾ ਲਗਾ ਦਿਓ ਤੇ ਫਿਰ ਖੱਬੇ ਪਾਸੇ ਖੜ੍ਹ ਕੇ ਸੱਜਾ ਹੱਥ ਅਰਜਨ ਬਾਈ ਦੇ ਸਿਰ ’ਤੇ ਰੱਖਿਓ।” ਫੋਟੋਗ੍ਰਾਫਰ ਨੇ ਜੋਗਿੰਦਰ ਅਤੇ ਜੀਤੀ ਦੋਵਾਂ ਨੂੰ ਨਿਰਦੇਸ਼ਨਾ ਦਿੰਦਿਆਂ ਇੱਕ ਇਕੱਠੀ ਫੋਟੋ ਕਰਵਾਉਣ ਲਈ ਕਿਹਾ। ਜੀਤੀ ਨੇ ਅੱਜ ਲੋਕ ਲੱਜੋਂ ਹੀ ਜੋਗਿੰਦਰ ਸਿਹੁੰ ਨਾਲ ਖੜ੍ਹ ਕੇ ਫੋਟੋ ਕਰਵਾਈ। ਉਂਝ ਉਸ ਦਾ ਜੀਅ ਤਾਂ ਕਰਦਾ ਸੀ ਕਿ ਸਿੱਧਾ ਜਵਾਬ ਦੇ ਦੇਵੇ ਬਈ ‘ਮੈਂ ਨਹੀਂ ਕਰਵਾਉਣੀ ਫੋਟੋ ਇਹਦੇ ਨਾਲ’। ਅੰਦਰੋਂ-ਅੰਦਰੀ ਉਹ ਭਰੀ ਪੀਤੀ ਪਈ ਸੀ ਕਿਉਂਕਿ ਪਹਿਲਾਂ ਤਾਂ ਜੋਗਿੰਦਰ ਸਿਹੁੰ ਚੁੱਪ-ਚਾਪ ਅੰਦਰ ਬੈਠਾ ਰਿਹਾ ਸੀ ਤੇ ਬਾਹਰ ਆ ਕੇ ਉਸ ਨੇ ਨਾਨਕਾ ਮੇਲ ਨੂੰ ਕੋਈ ‘ਜੀ ਆਇਆ’ ਤੱਕ ਨਹੀਂ ਸੀ ਆਖਿਆ ਤੇ ਹੁਣ ਅੰਦਰੋਂ ਬਾਹਰ ਆ ਵੀ ਗਿਆ ਸੀ ਤਾਂ ਆ ਕੇ ਕਿਸੇ ਨੂੰ ਚੱਜ ਨਾਲ ਬੁਲਾਇਆ ਤੱਕ ਨਹੀਂ ਸੀ। ਜੋਗਿੰਦਰ ਸਿਹੁੰ ਨੇ ਫੋਟੋ ਕਰਵਾਉਣ ਤੋਂ ਬਾਅਦ ਕੁੜਤੇ ਦੀ ਉਤਲੀ ਜੇਬ੍ਹ ਵਿੱਚੋਂ ਸੱਜੇ ਹੱਥ ਨਾਲ ਪੰਜ ਸੌ ਦਾ ਨੋਟ ਕੱਢ ਕੇ ਲਾਗੀ ਦੀ ਥਾਲੀ ਵਿੱਚ ਰੱਖ ਦਿੱਤਾ ਅਤੇ ਫਿਰ ਪਿਛਲ ਪੈਰੀਂ ਅੰਦਰ ਵੱਲ ਨੂੰ ਹੋ ਤੁਰਿਆ। ਹੁਣ ਤਾਂ ਜੀਤੀ ਦਾ ਸਬਰ ਬਿਲਕੁਲ ਹੀ ਜਵਾਬ ਦੇ ਚੁੱਕਿਆ ਸੀ। ਉਹ ਉਸ ਦੇ ਪਿੱਛੇ ਹੀ ਅੰਦਰ ਆ ਗਈ। ਜੋਗਿੰਦਰ ਸਿਹੁੰ ਹਾਲੇ ਬੈੱਡਾਂ ’ਤੇ ਬੈਠ ਕੇ ਜੋੜੇ ਹੀ ਲਾਹ ਰਿਹਾ ਸੀ ਕਿ ਜੀਤੀ ਨੇ ਠਾਹ ਦੇਣੇ ਆ ਕੇ ਦਰਵਾਜ਼ੇ ਨੂੰ ਧੱਕਾ ਮਾਰਿਆ ਤੇ ਦਰਵਾਜ਼ਾ ਟੱਕ ਦੀ ਆਵਾਜ਼ ਨਾਲ ਕੰਧ ਵਿੱਚ ਲੱਗੇ ਸਟੌਪਰ ਨਾਲ ਜਾ ਵੱਜਿਆ ਅਤੇ ਚਿਪਕ ਕੇ ਥਾਏਂ ਹੀ ਖੜ੍ਹ ਗਿਆ। “ਨਾ ਆਹ ਕੀ ਗੱਲ ਹੋਈ?” ਉਸ ਨੇ ਕੜਕਵੀਂ ਆਵਾਜ਼ ਵਿੱਚ ਜੋਗਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਆਖਿਆ।
ਜੋਗਿੰਦਰ ਸਿਹੁੰ ਨੂੰ ਜੀਤੀ ਦੇ ਵਤੀਰੇ ਤੋਂ ਕੋਈ ਹੈਰਾਨੀ ਨਹੀਂ ਸੀ ਕਿਉਂਕਿ ਉਹ ਇਹ ਗੱਲ ਭਲੀਭਾਂਤ ਜਾਣਦਾ ਸੀ ਕਿ ਇੱਕ ਔਰਤ ਹਰ ਗੱਲ ਨੂੰ ਬਰਦਾਸ਼ਤ ਕਰ ਸਕਦੀ ਹੈ, ਪਰ ਆਪਣੇ ਪੇਕਿਆਂ ਦੀ ਬੇਇੱਜ਼ਤੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਫਿਰ ਜੋਗਿੰਦਰ ਸਿਹੁੰ ਨੇ ਤਾਂ ਇਹ ਜੁਅੱਰਤ ਕੀਤੀ ਵੀ ਅਜਿਹੇ ਮੌਕੇ ਸੀ ਜਦੋਂ ਇੱਕ ਔਰਤ ਦੇ ਪੇਕਿਆਂ ਦਾ ਮਾਣ-ਸਨਮਾਨ ਬਾਕੀ ਸਭ ਰਿਸ਼ਤੇਦਾਰਾਂ ਨਾਲੋਂ ਵਧੇਰਾ ਹੁੰਦਾ ਹੈ। ਉਸ ਨੇ ਤਵੱਕੋਂ ਹੋਣ ਦੇ ਬਾਵਜੂਦ ਜੀਤੀ ਦੇ ਵਿਹਾਰ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਸੇ ਗੱਲ ਦਾ ਨਾ ਪਤਾ ਹੋਣ ਦਾ ਨਾਟਕ ਕਰ ਕੇ ਬੜੀ ਹੀ ਮਾਸੂਮ ਜਿਹੀ ਆਵਾਜ਼ ਵਿੱਚ ਆਖਿਆ, “ਕਿਹੜੀ ਗੱਲ?” “ਆਹੀ ਜਿਹੜੀਆਂ ਤੂੰ ਅੱਜ ਕਰਦਾ ਫਿਰਦੈਂ।” ਜੀਤੀ ਦਾ ਪਾਰਾ ਸੱਤਵੇਂ ਅਸਮਾਨ ਨੂੰ ਛੂਹ ਰਿਹਾ ਸੀ। “ਮੈਂ ਇਹੋ ਜਿਹਾ ਕੀ ਕਰਤਾ, ਕਿਸੇ ਨੂੰ ਚੰਗਾ ਨੀ ਕਿਹਾ ਮਾੜਾ ਨਹੀਂ ਕਿਹਾ।” ਜੋਗਿੰਦਰ ਸਿੰਘ ਨੇ ਫਿਰ ਆਪਣੀ ਮਾਸੂਮੀਅਤ ਦਿਖਾਉਂਦਿਆਂ ਕਿਹਾ। ਉਂਜ ਉਹ ਅੰਦਰੋਂ-ਅੰਦਰੀ ਪੂਰਾ ਖ਼ੁਸ਼ ਸੀ। “ਐਡਾ ਭੋਲਾ ਨਾ ਬਣ, ਤੀਹ ਵਰ੍ਹੇ ਹੋਗੇ ਤੇਰੇ ਨਾਲ ਰਹਿੰਦੀ ਨੂੰ, ਤੇਰੀ ਰਗ-ਰਗ ਨੂੰ ਜਾਣਦੀ ਆਂ ਮੈਂ। ਨਾ ਕੀ ਗੱਲ ਤੂੰ ਮੇਰੇ ਪੇਕਿਆਂ ਨੂੰ ਬੁਲਾਇਆ ਤੱਕ ਨੀ। ਕੀ ਮਾੜਾ ਕਰਤਾ ਉਨ੍ਹਾਂ ਨੇ ਤੇਰਾ? ਦੋ ਲੱਖ ਲਾ ਕੇ ਜਾਣਗੇ ਅਗਲੇ ਨਾਨਕ ਛੱਕ ’ਤੇ। ਤੇ ਤੈਥੋਂ ਸੁੱਕਾ ਆਹੋ ਭਈ ਆ ਗਏ ਨਹੀਂ ਸਰਿਆ? ਐਂ ਤਾਂ ਬੰਦਾ ਘਰ ਆਏ ਦੁਸ਼ਮਣ ਨਾਲ ਨਹੀਂ ਕਰਦਾ ਜਿਵੇਂ ਤੂੰ ਕਰੀ ਜਾਨੈ।” ਉਹ ਅੰਦਰ ਭਰੇ ਗੁਬਾਰ ਨੂੰ ਇੱਕੋ ਵਾਰ ਕੱਢ ਦੇਣਾ ਚਾਹੁੰਦੀ ਸੀ। “ਜੀਤੇ ਨੂੰ ਤਾਂ ਅਰਜਨ ਦੇ ਵਿਆਹ ਦਾ ਬਲਾਂ ਈ ਚਾਅ ਸੀ। ਵੀਰਾ ਤਾਂ ਕਿੱਦੇਂ ਦਾ ਆਂਹਦਾ ਫਿਰਦਾ ਸੀ ਸਾਰਿਆਂ ਨੂੰ ਬਈ ਅਸੀਂ ਭਾਣਜੇ ਦੇ ਵਿਆਹ ’ਤੇ ਕੋਈ ਕਮੀ ਨਹੀਂ ਰਹਿਣ ਦੇਣੀ ਤੇ ਸੁੱਖ ਨਾਲ ਛੱਡੀ ਵੀ ਕੋਈ ਨਹੀਂ। ਅਗਲੇ ਐਨੇ ਚਾਅ ਨਾਲ ਆਏ ਆ। ਬੰਦਾ ਕੁਝ ਤਾਂ ਕਦਰ ਕਰੇ। ਤੂੰ ਤਾਂ ਉੱਕਾ ਈ ਹੱਦ ਕਰ ਛੱਡੀ ਐ। ਸ਼ੁਕਰ ਐ ਹਾਲੇ ਬਾਪੂ ਨੀ ਆਇਆ ਨਾਲ , ਨਹੀਂ ਉਹਦੇ ਮਨ ’ਤੇ ਖਬਰੇ ਕੀ ਬੀਤਦੀ!” ਜੀਤੀ ਇੱਕੋ ਸਾਹ ਵਿੱਚ ਲਗਾਤਾਰ ਬੋਲਦੀ ਜਾ ਰਹੀ ਸੀ। “ਬੱਸ ਆਹੀ ਕਮੀ ਰਹਿ ਗਈ, ਜੇ ਉਹ ਵੀ ਆ ਜਾਂਦਾ ਤਾਂ ਉਹਨੂੰ ਵੀ ਪਤਾ ਲੱਗ ਜਾਂਦਾ, ਘਰ ਆਏ ਪ੍ਰਾਹੁਣੇ ਦਾ ਆਦਰ ਮਾਣ ਕਿਵੇਂ ਕਰੀਦਾ ਹੁੰਦੈ।” ਇਸ ਵਾਰ ਜੋਗਿੰਦਰ ਸਿਹੁੰ ਨੇ ਆਪਣੇ ਮਨ ਵਿੱਚ ਬੱਝੀ ਗੰਢ ਨੂੰ ਥੋੜ੍ਹਾ ਢਿੱਲਾ ਕਰ ਦਿੱਤਾ ਸੀ। “ਕੀ ਬੌੜ ਮਾਰੀ ਜਾਨੈ?” ਜੀਤੀ ਨੇ ਥੋੜ੍ਹਾ ਖਿੱਝ ਕੇ ਜੋਗਿੰਦਰ ਸਿਹੁੰ ਦੇ ਬੋਲਾਂ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ। “ਬੌੜ ਨੀ ਮਾਰਦਾ ਜੀਤੀ ਕੁਰੇ, ਮੈਂ ਤਾਂ ਦਲੀਲ ਦਿੱਤੀ ਐ।” ਉਸ ਨੇ ਆਤਮ-ਵਿਸ਼ਵਾਸ ਨਾਲ ਭਰੀ ਆਵਾਜ਼ ਵਿੱਚ ਮੋੜਵਾਂ ਉੱਤਰ ਦਿੱਤਾ। “ਦਲੀਲ ਦਿੱਤੀ ਐ ਏਨੇ ਵੱਡੇ ਜੇਠ ਮਲਾਨੀ ਨੇ, ਨਾ ਐਂ ਦੱਸ...” ਜੀਤੀ ਨੇ ਖਿੱਝ ਕੇ ਵਿਅੰਗ ਕਰਦਿਆਂ ਆਖਿਆ। ਉਸ ਦੀ ਗੱਲ ਨੂੰ ਵਿੱਚੋਂ ਹੀ ਕੱਟ ਕੇ ਉਹ ਬੋਲਿਆ, “ਜੇਠ ਮਲਾਨੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਦਲੀਲ ਜੋਗਿੰਦਰ ਸਿਹੁੰ ਨੇ ਦਿੱਤੀ ਐ ਜੀਤੀ ਕੁਰੇ, ਜੋਗਿੰਦਰ ਸਿਹੁੰ ਨੇ... ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ ਕੰਨ ਖੋਲ੍ਹ ਕੇ ਤੇ ਕਹਿ ਦੇਵੀਂ ਆਪਣੇ ਪੇਕਿਆਂ ਨੂੰ, ਨਾਨਕ ਛੱਕ ਭਰਨੀ ਜਾਂ ਨਾ ਭਰਨੀ ਉਨ੍ਹਾਂ ਦੀ ਮਰਜ਼ੀ ਐ, ਮੇਰੇ ਕੰਨੀਓਂ ਜਵਾਂ ਨਾ ਭਰਨ, ਪਰ ਮੁੰਡੇ ਦੇ ਸਹੁਰਿਆਂ ਤੋਂ ਕਿਸੇ ਮਾਮੇ ਦੀ ਛਾਪ ਦੀ ਆਸ ਨਾ ਰੱਖਣ। ਮੈਂ ਕਹਿ ਦਿੱਤੈ ਵਿਚੋਲੇ ਨੂੰ ਬਈ ਮਾਮੇ ਨੂੰ ਛਾਪ ਨੀ ਪਾਉਣੀ ਤੇ ਬਾਕੀ ਸਾਰੀਆਂ ਛਾਪਾਂ ਕੜੇ ਜਿਵੇਂ ਤੈਨੂੰ ਦੱਸੇ ਐ ਓਵੇਂ ਪਾਉਣੇ ਐ।” ਇਸ ਵਾਰ ਜੋਗਿੰਦਰ ਸਿੰਘ ਦੀ ਆਵਾਜ਼ ਵਿਚੱ ਜੱਟਾਂ ਵਾਲਾ ਘੁਮੰਡ ਸੀ ਤੇ ਉਸ ਨੇ ਜੀਤੀ ਨੂੰ ਆਪਣਾ ਫ਼ਰਮਾਨ ਸੁਣਾ ਦਿੱਤਾ ਸੀ। ‘‘ਨਾ ਐ ਕਿਵੇਂ ਨੀ ਪਾਉਣੀ ਮਾਮੇ ਨੂੰ ਛਾਪ!” ਜੀਤੀ ਨੇ ਹੈਰਾਨੀ ਅਤੇ ਗੁੱਸੇ ਦੇ ਮਿਲੇ-ਜੁਲੇ ਪ੍ਰਭਾਵ ਪ੍ਰਗਟਾਉਂਦਿਆ ਆਖਿਆ। “ਮੈਂ ਤੈਨੂੰ ਪੁੱਛਿਆ ਨਹੀਂ ਦੱਸਿਐ,” ਜੋਗਿੰਦਰ ਸਿੰਘ ਨੇ ਥੋੜ੍ਹਾ ਹੋਰ ਰੁੱਖਾ ਹੁੰਦਿਆਂ ਕੁਰੱਖ਼ਤ ਆਵਾਜ਼ ਵਿੱਚ ਆਖਿਆ। “ਇ...ਇ...ਇ...ਇਹ ਤਾਂ ਕੋਈ ਗੱਲ ਨਾ ਬਣੀ,” ਜੀਤੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਉਸ ਨੂੰ ਜੋਗਿੰਦਰ ਸਿੰਘ ਤੋਂ ਅਜਿਹੇ ਵਿਹਾਰ ਦੀ ਉੱਕਾ ਹੀ ਤਵੱਕੋ ਨਹੀਂ ਸੀ। “ਗੱਲ ਤਾਂ ਉਦੋਂ ਵੀ ਨਹੀਂ ਸੀ ਬਣੀ ਜਦੋਂ ਪੱਚੀ ਸਾਲ ਪਹਿਲਾਂ ਮੈਂ ਤੇਰੇ ਲਾਡਲੇ ਭਰਾ ਜੀਤ ਦੇ ਵਿਆਹ ’ਤੇ ਗਿਆ ਸੀ ਤੇ ਵਿਆਹ ’ਚ ਕਿਸੇ ਨੇ ਮੈਨੂੰ ਪਾਣੀ ਤੱਕ ਨਹੀਂ ਸੀ ਪੁੱਛਿਆ। ਮੇਰੇ ਨਾਲੋਂ ਤਾਂ ਲਾਗੀਆਂ ਦਾ ਵੀ ਵੱਧ ਫ਼ਿਕਰ ਸੀ ਤੇਰੇ ਪਰਿਵਾਰ ਵਾਲਿਆਂ ਨੂੰ, ਬਈ ਕਿਧਰੇ ਕੋਈ ਲਾਗੀ ਭੁੱਖਾ ਨਾ ਰਹਿ ਜਾਵੇ, ਪਰ ਮੈਨੂੰ... ਖ਼ੈਰ ਛੱਡ ਇਨ੍ਹਾਂ ਗੱਲਾਂ ਨੂੰ। ਜੇ ਖਿੱਦੋ ਨੂੰ ਫਰੋਲਾਂਗੇ ਤਾਂ ਲੀਰਾਂ ਹੀ ਨਿਕਲਣੀਆਂ ਨੇ। ਜੋ ਮੈਂ ਤੈਨੂੰ ਕਿਹਾ ਉਹ ਕਰ ਤੇ ਹੁਣ ਜਾ ਏਥੋਂ।” ਜੋਗਿੰਦਰ ਸਿਹੁੰ ਨੇ ਪੱਚੀ ਵਰ੍ਹਿਆਂ ਦੀ ਮਨ ਵਿੱਚ ਨੱਪ ਕੇ ਰੱਖੀ ਗੰਢ ਅੱਜ ਖੋਲ੍ਹ ਦਿੱਤੀ ਸੀ, ਪਰ ਜੀਤੀ ਹਾਲੇ ਵੀ ਉਸ ਦੀਆਂ ਗੱਲਾਂ ਤੋਂ ਹੈਰਾਨ ਪ੍ਰੇਸ਼ਾਨ ਖੜ੍ਹੀ ਸੀ। “ਇਹ ਤਾਂ ਸਰਾਸਰ ਝੂਠ ਐ, ਕੁਫ਼ਰ ਐ, ਇਲਜ਼ਾਮ ਐ, ਕੀ ਖਾਤਰਦਾਰੀ ਨਹੀਂ ਕੀਤੀ ਤੇਰੀ? ਸਾਰਾ ਟੱਬਰ ਤੇਰੇ ਪੈਰਾਂ ਹੇਠ ਤਲੀਆਂ ਵਿਛਾਉਂਦਾ ਫਿਰਦਾ ਸੀ ਤੇ ਤੂੰ ਕਹਿੰਨੈ ਤੈਨੂੰ ਕਿਸੇ ਨੇ ਪੁੱਛਿਆ ਨਹੀਂ। ਜੇ ਕੋਈ ਐਹੋ ਜਹੀ ਗੱਲ ਹੁੰਦੀ ਤਾਂ ਤੈਨੂੰ ਵਿਆਹ ਹੀ ਕਿਉਂ ਸੱਦਦੇ?” ਜੀਤੀ ਨੇ ਕਮਰੇ ਵਿੱਚੋਂ ਚਲੇ ਜਾਣ ਦੀ ਬਜਾਏ ਆਪਣੇ ਪੇਕਿਆ ਦੇ ਹੱਕ ਵਿੱਚ ਦਲੀਲ ਪੇਸ਼ ਕੀਤੀ। “ਵਿਆਹ ’ਤੇ ਉਨ੍ਹਾਂ ਨੇ ਮੈਨੂੰ ਕਿਸੇ ਸ਼ੌਕ ਕਰਕੇ ਨਹੀਂ ਆਪਣੀ ਮਜਬੂਰੀ ਕਰਕੇ ਸੱਦਿਆ ਸੀ, ਨਹੀਂ ਸ਼ਰੀਕੇ ਵਿੱਚ ਉਨ੍ਹਾਂ ਦਾ ਕੀ ਨੱਕ ਰਹਿ ਜਾਂਦਾ, ਬਈ ਇੱਕ ਪ੍ਰਾਹੁਣਾ ਤੇ ਉਹ ਵੀ ਵਿਆਹ ਨਹੀਂ ਸੱਦਿਆ। ਪਰ ਜੋ ਵਿਆਹ ਵਿੱਚ ਸੱਦ ਕੇ ਮੇਰੇ ਨਾਲ ਉਨ੍ਹਾਂ ਕੀਤੀ... ਉਹ ਮੈਂ ਹੀ ਜਾਣਦਾਂ ਜੀਤੀ ਕੁਰੇ। ਲੋਕਾਂ ਨੂੰ ਇਹ ਤਾਂ ਪਤਾ ਸੀ ਬਈ ਪ੍ਰਾਹੁਣਾ ਵਿਆਹ ਵਿੱਚ ਆਇਆ ਪਰ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਪ੍ਰਾਹੁਣਾ ਹੈ ਕਿਹੜਾ। ਬਰਾਤ ਵਾਲੇ ਦਿਨ ਕੁੜੀ ਵਾਲੇ ਪਾਸਿਓਂ ਇੱਕ ਬੰਦਾ ਆ ਕੇ ਮੈਨੂੰ ਹੀ ਪੁੱਛ ਰਿਹਾ ਸੀ, ‘ਬਾਈ ਜੀ ਤੁਸੀਂ ਮੁੰਡੇ ਆਲੇ ਪਾਸਿਓਂ?’ ਮੈਂ ਕਿਹਾ, ਹਾਂ ਜੀ। ਕਹਿੰਦਾ ‘ਬਾਈ ਜੀ ਇਨ੍ਹਾਂ ਦਾ ਪ੍ਰਾਹੁਣਾ ਕਿਹੜੈ ਦੇਖਿਆ ਹੀ ਨਹੀਂ।’ ਮੈਂ ਵੀ ਹੱਸ ਕੇ ਕਹਿ ਦਿੱਤਾ, ‘ਬਾਈ ਐਥੇ ਕਿਤੇ ਫਿਰਦਾ ਹੋਣੈ ਵਿਚਾਰਾ।’ ਕਹਿੰਦਾ ‘ਬਾਈ ਲੱਗਦੈ ਪ੍ਰਾਹੁਣੇ ਦੀ ਪੁੱਛ-ਪ੍ਰਤੀਤ ਘੱਟ ਈ ਐ। ਚਲੋ ਸ਼ਰੀਫ਼ ਈ ਐ ਵਿਚਾਰਾ, ਜੇ ਕੋਈ ਹੋਰ ਹੁੰਦਾ ਹੁਣ ਨੂੰ ਝੱਜੂ ਪਾਇਆ ਹੁੰਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਕੁੜੀ ਦੇ ਭਰਾ ਨੇ ਮੈਨੂੰ ਮੂਹਰਲੀ ਕਤਾਰ ਵਿੱਚ ਸੋਫੇ ’ਤੇ ਬੈਠੇ ਨੂੰ ਆ ਕੇ ਕਹਿ ਦਿੱਤਾ, ‘ਬਾਈ ਜੀ, ਲਾੜੇ ਦੇ ਮਾਮੇ ਦੇ ਮੁੰਡਿਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਏਥੇ ਬਹਿਣੈ। ਤੁਸੀਂ ਪਿਛਲੀ ਕੁਰਸੀ ’ਤੇ ਹੋ ਜਾਓ’। ਬਰਾਤ ਵਾਲੇ ਦਿਨ ਸਭ ਰਿਸ਼ਤੇਦਾਰਾਂ ਦੀ ਪੂਰੀ ਖਾਤਰਦਾਰੀ ਹੋ ਰਹੀ ਸੀ। ਹਰੇਕ ਮੇਜ਼ ਦੁਆਲੇ ਦੋ-ਦੋ ਵੇਟਰ ਖੜ੍ਹੇ ਸੀ। ਵਿਆਹ ’ਚ ਇਕੱਲਾ ਮੈਂ ਹੀ ਸੀ ਜਿਹੜਾ ਪਾਣੀ ਵੀ ਦੋ ਵਾਰ ਖ਼ੁਦ ਉੱਠ ਕੇ ਪੀ ਕੇ ਆਇਆ ਸੀ। ਪੂਰੇ ਪੱਚੀ ਵਰ੍ਹੇ ਇਸ ਬੇਇੱਜ਼ਤੀ ਨੂੰ ਮੈਂ ਆਪਣੇ ਅੰਦਰ ਦਬਾ ਕੇ ਰੱਖਿਆ ਸਿਰਫ਼ ਇਸ ਦਿਨ ਦੀ ਉਡੀਕ ਵਿੱਚ... ਜੱਟ ਤੇ ਝੋਟਾ ਕਦੇ ਆਪਣਾ ਖੋਰ ਨਹੀਂ ਗਵਾਉਂਦੇ ਜੀਤੀਏ...। ਬੱਸ ਹੁਣ ਤੂੰ ਮੈਨੂੰ ਹੋਰ ਨਾ ਛੇੜ ਤੇ ਜਾ ਏਥੋਂ।” ਜੀਤੀ ਭਰੀ-ਪੀਤੀ ਖੜ੍ਹੀ ਬਿੱਟ-ਬਿੱਟ ਉਸ ਦੇ ਚਿਹਰੇ ਵੱਲ ਦੇਖ ਰਹੀ ਸੀ। ਬਾਹਰੋਂ ਕਿਸੇ ਸਿਆਣੀ ਜਿਹੀ ਉਮਰ ਦੀ ਔਰਤ ਆਵਾਜ਼ ਆਈ, “ਭਾਈ ਮਾਮੇ ਨੂੰ ਸੱਦੋ ਮੁੰਡੇ ਨੂੰ ਚੌਂਕੀਓ ਉਤਾਰੇ।’’ ਜੀਤੀ ਆਪਣੀ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਕਮਰੇ ਤੋਂ ਬਾਹਰ ਨਿਕਲ ਗਈ। ਇਸ ਗੱਲ ਦਾ ਪਤਾ ਜੋਗਿੰਦਰ ਸਿੰਘ ਨੂੰ ਵੀ ਸੀ ਕਿ ਜੀਤੀ ਕਦੇ ਵੀ ਨਾਨਕ ਛੱਕ ਭਰਨ ਤੋਂ ਆਪਣੇ ਭਰਾ ਨੂੰ ਨਹੀਂ ਰੋਕ ਸਕਦੀ ਕਿਉਂਕਿ ਸਹੁਰਿਆਂ ਵਿੱਚ ਜੀਤੀ ਦਾ ਨੱਕ ਤਾਂ ਹੀ ਰਹੇਗਾ ਜੇ ਉਸ ਦੇ ਪੇਕੇ ਨਾਨਕ ਛੱਕ ’ਤੇ ਖੁੱਲ੍ਹੇ ਪੈਸੇ ਲਾ ਕੇ ਜਾਣਗੇ ਤੇ ਪੇਕਿਆਂ ਵਿੱਚ ਨੱਕ ਤਾਂ ਰਹੇਗਾ ਜੇ ਮੁੰਡੇ ਦੇ ਸਹੁਰੇ ਮਾਮੇ ਨੂੰ ਛਾਪ ਪਾਉਣਗੇ। ਜੀਤੀ ਆਪਣੇ ਆਪ ਨੂੰ ਕਿਸੇ ਗਹਿਰੀ ਦਲਦਲ ਵਿੱਚ ਫਸੀ ਮਹਿਸੂਸ ਕਰ ਰਹੀ ਸੀ। ਇਸ ਦਲਦਲ ਵਿੱਚੋਂ ਉਸ ਨੂੰ ਜੇ ਕੋਈ ਕੱਢ ਸਕਦਾ ਸੀ ਤਾਂ ਉਹ ਸੀ ਉਸ ਦਾ ਆਪਣਾ ਪੁੱਤ ਅਰਜਨ। ਨਹਾਈ ਧੋਈ ਦਾ ਸਾਰਾ ਕੰਮ ਮੁੱਕ ਚੁੱਕਿਆ ਸੀ। ਨਾਨਕੇ ਮੇਲ ਵਿੱਚ ਆਈਆਂ ਮੁਟਿਆਰਾਂ ਤੇ ਗੱਭਰੂ ਜਾਗੋ ਕੱਢਣ ਦੀ ਕਾਹਲ ਵਿੱਚ ਸਨ, ਪਰ ਜੀਤੀ ਨੂੰ ਅੰਦਰੋਂ-ਅੰਦਰੀ ਜੋਗਿੰਦਰ ਸਿਹੁੰ ਤੋਂ ਭੈਅ ਆ ਰਿਹਾ ਸੀ ਮਤੇ ਉਹ ਜਾਗੋ ਨੂੰ ਜਲੂਸ ਵਿੱਚ ਨਾ ਬਦਲ ਦੇਵੇ। ਇਸ ਲਈ ਉਸ ਨੇ ਅਰਜਨ ਨੂੰ ਇੱਕ ਪਾਸੇ ਲਿਜਾ ਕੇ ਸਾਰੀ ਗੱਲ ਸਮਝਾ ਦਿੱਤੀ ਤੇ ਨਾਲੇ ਅਰਜਨ ਨੂੰ ਇਸ ਗੱਲ ਲਈ ਪੱਕਾ ਕਰ ਦਿੱਤਾ ਕਿ ਉਹ ਆਪਣੇ ਪਿਓ ਨੂੰ ਕਹੇ ਕਿ ਮਾਮੇ ਨੂੰ ਛਾਪ ਜ਼ਰੂਰ ਪਵਾਉਣੀ ਐ। ਅਰਜਨ ਮਾਂ ਦਾ ਪੱਕਾ ਕੀਤਾ ਸਿੱਧਾ ਜੋਗਿੰਦਰ ਸਿਹੁੰ ਦੇ ਕਮਰੇ ਵਿੱਚ ਚਲਾ ਗਿਆ। ਉਹਦੇ ਮਗਰ-ਮਗਰ ਜੀਤੀ ਵੀ ਕਮਰੇ ਵੱਲ ਨੂੰ ਹੋ ਤੁਰੀ। ਅਰਜਨ ਨੇ ਬਿਨਾਂ ਏਧਰ ਓਧਰ ਦੀ ਗੱਲ ਕੀਤਿਆਂ ਸਿੱਧਾ ਹੀ ਜੋਗਿੰਦਰ ਸਿਹੁੰ ਨੂੰ ਸੰਬੋਧਨ ਕਰਦਿਆਂ ਆਖਿਆ, “ਪਾਪਾ ਜੀ, ਮੈਂ ਆਹ ਕੀ ਸੁਣ ਰਿਹਾਂ? ਮੰਮੀ ਕਹਿੰਦੇ ਤੁਸੀਂ ਕਿਹਾ ਬਈ ਜੀਤੇ ਮਾਮੇ ਨੂੰ ਛਾਪ ਨਹੀਂ ਪਵਾਉਣੀ। ਕੀ ਇਹ ਗੱਲ ਸੱਚ ਐ?” “ਹਾਂ ਪੁੱਤ, ਬਿਲੁਕਲ ਸੱਚ ਐ” ਨੀਵੀਂ ਪਾਈ ਬੈਠੇ ਜੋਗੰਦਰ ਸਿਹੁੰ ਨੇ ਜ਼ਰਾ ਕੁ ਧੌਣ ਨੂੰ ਟੇਢਾ ਕਰਦਿਆਂ ਕੋਇਆਂ ਵਿਚਦੀ ਝਾਕਦਿਆਂ ਅਰਜਨ ਦੇ ਪ੍ਰਸ਼ਨ ਦਾ ਉੱਤਰ ਦਿੱਤਾ। “ਹੱਦ ਹੋ ਗਈ ਪਾਪਾ ਜੀ, ਤੁਹਾਡੇ ਤੋਂ ਮੈਨੂੰ ਇਹ ਉਮੀਦ ਬਿਲਕੁਲ ਵੀ ਨਹੀਂ ਸੀ। ਛਾਪ ਦੀ ਕਿੱਡੀ ਕੁ ਗੱਲ ਐ ਸਾਰੀ 40-50 ਹਜ਼ਾਰ ਦੀ ਚੀਜ਼ ਐ। ਜਦੋਂ ਆਪਾਂ ਵਿਆਹ ’ਤੇ ਐਨਾ ਖਰਚ ਕਰ ਰਹੇ ਆਂ ਤਾਂ ਮਾਮੇ ਦੀ ਛਾਪ ਨਾਲ ਕੀ ਫ਼ਰਕ ਪੈਂਦਾ। ਨਾਲੇ ਮਾਮੇ ਨੇ ਵੀ ਤਾਂ ਨਾਨਕ ਛੱਕ ’ਤੇ ਦੋ ਲੱਖ ਲਾਇਆ ਹੀ ਐ।” ਅਰਜਨ ਨੇ ਥੋੜ੍ਹਾ ਗੁੱਸੇ ਅਤੇ ਹੈਰਾਨੀ ਦੇ ਭਾਵਾਂ ਨੂੰ ਮਿਲ-ਜੁਲੇ ਰੂਪ ਵਿੱਚ ਪੇਸ਼ ਕਰਦਿਆਂ ਕਿਹਾ। “ਜਦੋਂ ਕੁਝ ਉਮੀਦ ਤੋਂ ਬਾਹਰਾ ਹੋਵੇ ਹੈਰਾਨੀ ਵੀ ਹੁੰਦੀ ਹੈ ਤੇ ਗੁੱਸਾ ਵੀ ਆਉਂਦਾ ਏ। ਜਿਹੜੀ ਗੱਲ ਤੂੰ ਅੱਜ ਸੋਚ ਰਿਹੈਂ ਨਾ ਅਰਜਨ ਪੁੱਤਰ, ਮੈਂ 25 ਵਰ੍ਹੇ ਪਹਿਲਾਂ ਸੋਚਦਾ ਸੀ। ਜੇ ਤੂੰ ਚਾਲੀ-ਪੰਜਾਹ ਹਜ਼ਾਰ ਦੀ ਗੱਲ ਕਰਦੈਂ ਤਾਂ ਆ ਫੜ੍ਹ 50 ਹਜ਼ਾਰ ਰੁਪਇਆ ਤੇ ਦੇ ਦੇ ਆਪਣੇ ਮਾਮੇ ਨੂੰ।” ਉਸ ਨੇ ਸੱਜਾ ਹੱਥ ਗੀਜੇ ਵਿੱਚ ਪਾ ਕੇ ਪੰਜ-ਪੰਜ ਸੌ ਦੇ ਨੋਟਾਂ ਦੀ ਗੁੱਟੀ ਕੱਢ ਕੇ ਅਰਜਨ ਮੂਹਰੇ ਕਰਦਿਆਂ ਕਿਹਾ। “ਤੇ ਜੇ ਤੂੰ ਗੱਲ ਕਰਦੈਂ ਛਾਪ ਦੀ ਤਾਂ ਇਹ ਬਹੁਤ ਵੱਡੀ ਗੱਲ ਐ ਪੁੱਤ। ਛਾਪ ਮਾਣ-ਸਨਮਾਨ ਵਜੋਂ ਭਾਈਚਾਰੇ ਦੇ ਸਾਹਮਣੇ ਪਾਈ ਜਾਂਦੀ ਐ। ਇਸ ਦੀ ਕੀਮਤ ਨਹੀਂ ਦੇਖੀ ਜਾਂਦੀ ਪੁੱਤ,” ਜੋਗਿੰਦਰ ਸਿੰਘ ਨੇ ਦਲੀਲ ਦਿੰਦਿਆਂ ਕਿਹਾ। “ਪਾਪਾ, ਜੇ ਤੁਸੀਂ ਇਹ ਸਭ ਜਾਣਦੇ ਹੋ ਤਾਂ ਕੀ ਆਪਾਂ ਨੂੰ ਮਾਮੇ ਨੂੰ ਛਾਪ ਨਹੀਂ ਪਾਉਣੀ ਚਾਹੀਦੀ?” ਅਰਜਨ ਨੇ ਮੋੜਵਾਂ ਪ੍ਰਸ਼ਨ ਕੀਤਾ। “ਅਸੂਲਣ ਤਾਂ ਬਿਲਕੁਲ ਚਾਹੀਦੀ ਐ, ਪਰ...” ਜੋਗਿੰਦਰ ਸਿਹੁੰ ਨੇ ਕੋਲ ਖੜ੍ਹੀ ਜੀਤੀ ਵੱਲ ਇਸ਼ਾਰਾ ਕਰ ਕੇ ਕਿਹਾ, “ਆਹ ਤੇਰੀ ਮਾਂ ਨੂੰ ਪੁੱਛ, ਕੀ ਤੇਰੇ ਨਾਨਕਿਆਂ ਨੇ ਤੇਰੇ ਮਾਮੇ ਦੇ ਵਿਆਹ ’ਤੇ ਮੈਨੂੰ ਛਾਪ ਪਾਈ ਸੀ?” ਅਰਜਨ ਨੇ ਆਪਣੀ ਮਾਂ ਵੱਲ ਮੂੰਹ ਘੁੰਮਾਉਂਦਿਆਂ ਉੱਤਰ ਦੀ ਆਸ ਵਿੱਚ ਦੇਖਣਾ ਸ਼ੁਰੂ ਕੀਤਾ। “ਉਨ੍ਹਾਂ ਨੇ ਜਦੋਂ ਤੇਰੇ ਮਾਮੇ ਦੇ ਵਿਆਹ ’ਚ ਕੁਝ ਲਿਆ ਹੀ ਨਹੀਂ ਸੀ ਕੁੜੀ ਵਾਲਿਆਂ ਤੋਂ, ਫਿਰ ਏਹਨੂੰ ਕਿੱਥੋਂ ਪਾ ਦਿੰਦੇ ਕੈਂਠਾ?” ਜੀਤੀ ਨੇ ਇੱਕ ਸਿਆਣੇ ਵਕੀਲ ਵਾਂਗੂੰ ਕੇਸ ਨੂੰ ਆਪਣੇ ਹੱਕ ਵਿੱਚ ਕਰਵਾਉਣ ਲਈ ਦਲੀਲ ਦਿੱਤੀ। “ਲਿਆ ਤਾਂ ਆਪਾਂ ਵੀ ਕੁਝ ਨਹੀਂ ਅਰਜਨ ਦੇ ਸਹੁਰਿਆਂ ਤੋਂ ਸਿਵਾਏ ਰਿਸ਼ਤੇਦਾਰਾਂ ਦਾ ਇੱਜ਼ਤ ਮਾਣ ਕਰਵਾਉਣ ਦੇ।” ਜੋਗਿੰਦਰ ਸਿੰਘ ਦੀ ਦਲੀਲ ਨੇ ਜੀਤੀ ਦੀ ਦਲੀਲ ਨੂੰ ਕੱਟ ਦਿੱਤਾ ਸੀ। “ਪਰ ਆਪਾਂ ਦੂਜੇ ਰਿਸ਼ਤੇਦਾਰਾਂ ਨੂੰ ਵੀ ਤਾਂ ਸੋਨਾ ਪਵਾ ਹੀ ਰਹੇ ਆਂ, ਭਾਵੇਂ ਉਹ ਕੁੜੀ ਵਾਲਿਆਂ ਦੀ ਮਰਜ਼ੀ ਅਨੁਸਾਰ ਹੀ ਐ। ਫਿਰ ਜੇ ਮਾਮੇ ਨੂੰ ਛਾਪ ਪੈ ਜੂ ਫਿਰ ਕੀ ਐ?” ਜੀਤੀ ਨੇ ਇੱਕ ਵਾਰ ਫਿਰ ਆਪਣਾ ਭਰਾ ਮੋਹ ਦਿਖਾਉਂਦਿਆਂ ਭਰਾ ਦੇ ਹੱਕ ਵਿੱਚ ਖੜ੍ਹਦਿਆਂ ਆਪਣੀ ਗੱਲ ਮਨਵਾਉਣ ਲਈ ਜ਼ੋਰਦਾਰ ਤਰੀਕੇ ਨਾਲ ਦਲੀਲ ਪੇਸ਼ ਕੀਤੀ। “ਇਹ ਸਭ ਝੂਠ, ਮੈਂ ਸਿਰਫ਼ ਉਨ੍ਹਾਂ ਦਾ ਮਾਣ-ਸਨਮਾਨ ਕਰਵਾਵਾਗਾਂ, ਜਿਨ੍ਹਾਂ ਨੇ ਮੇਰਾ ਕਰਵਾਇਐ, ਸੌ ਹੱਥ ਰੱਸਾ ਸਿਰੇ ’ਤੇ ਗੰਢ। ਜੀਤ ਨੂੰ ਛਾਪ ਨਹੀਂ ਪਵਾਉਣੀ ਤਾਂ ਨਹੀਂ ਪਵਾਉਣੀ ਬੱਸ।” ਜੋਗਿੰਦਰ ਸਿੰਘ ਨੇ ਅੰਤਿਮ ਫ਼ੈਸਲਾ ਸੁਣਾਉਂਦਿਆਂ ਕਿਹਾ। ਜੀਤੀ ਨੇ ਭਿੱਜੀਆਂ ਅੱਖਾਂ ਨਾਲ ਅਰਜਨ ਵੱਲ ਤੱਕਿਆ ਤਾਂ ਅਰਜਨ ਤੋਂ ਆਪਣੀ ਉਦਾਸ ਖੜ੍ਹੀ ਮਾਂ ਦੇਖੀ ਨਾ ਗਈ। ਉਹ ਮਾਂ ਦੀ ਮਮਤਾ ਵਿੱਚ ਭਿੱਜ ਗਿਆ ਤੇ ਉਸ ਨੂੰ ਆਪਣਾ ਪਿਓ ਇੱਕ ਤਾਨਾਸ਼ਾਹ ਦਿਸਣ ਲੱਗਿਆ ਜੋ ਆਪਣੀ ਅੜੀ ਪੁਗਾਉਣ ਖਾਤਰ ਦੂਜਿਆਂ ਦੀਆਂ ਭਾਵਨਾਵਾਂ ਨੂੰ ਕੁਚਲ ਰਿਹਾ ਸੀ। ਇਸ ਲਈ ਅਰਜਨ ਨੇ ਮਨ ਕਰੜਾ ਕਰਕੇ ਕਿਹਾ, “ਪਾਪਾ, ਜੇ ਇਹ ਤੁਹਾਡਾ ਅੰਤਿਮ ਫ਼ੈਸਲਾ ਹੈ ਤਾਂ ਫਿਰ ਮੇਰਾ ਵੀ ਫ਼ੈਸਲਾ ਸੁਣ ਲਵੋ, ਮਾਮੇ ਨੂੰ ਛਾਪ ਪਵੇਗੀ ਤਾਂ ਫਿਰ ਪਵੇਗੀ। ਚੱਲ ਮਾਂ ਚੱਲੀਏ।” ਅਰਜਨ ਨੇ ਕੁਰਸੀ ਤੋਂ ਖੜ੍ਹਾ ਹੋ ਕੇ ਰੋ ਰਹੀ ਮਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਆਖਿਆ। ਜੋਗਿੰਦਰ ਸਿੰਘ ਥੋੜ੍ਹਾ ਮੁਸਕਰਾਇਆ ਤੇ ਫਿਰ ਸੱਜੇ ਹੱਥ ਨਾਲ ਮੁੱਛਾਂ ਠੀਕ ਕੀਤੀਆਂ ਤੇ ਹੱਥ ਹੇਠਾਂ ਦਾੜ੍ਹੀ ਤੱਕ ਲਿਆਉਂਦਿਆਂ ਬੜੀ ਹਲੀਮੀ ਅਤੇ ਚੁਣੌਤੀ ਭਰੇ ਅੰਦਾਜ਼ ਵਿੱਚ ਅਰਜਨ ਅਤੇ ਉਸ ਦੀ ਮਾਂ ਨੂੰ ਪਿੱਛੋਂ ਆਵਾਜ਼ ਮਾਰ ਕੇ ਬੋਲਿਆ, “ਜੇ ਇਹ ਗੱਲ ਐ ਨਾ ਅਰਜਨ ਸਿਆਂ ਤਾਂ ਫਿਰ ਇੱਕ ਗੱਲ ਤੂੰ ਵੀ ਸੁਣ ਲੈ ਕੰਨ ਖੋਲ੍ਹ ਕੇ ਹੁਣ ਜੋਗਿੰਦਰ ਸਿਹੁੰ ਤੈਨੂੰ ਪਿਉ ਬਣ ਕੇ ਨਹੀਂ, ਸ਼ਰੀਕ ਬਣ ਕੇ ਟੱਕਰੂਗਾ। ਅੱਜ ਤੱਕ ਤੂੰ ਮੇਰਾ ਪਿਓ ਵਾਲਾ ਰੂਪ ਹੀ ਦੇਖਿਐ, ਸ਼ਰੀਕਾਂ ਵਾਲਾ ਨਹੀਂ। ਰਾਤ ਭਰ ਦੀ ਮੋਹਲਤ ਐ ਸੋਡੇ ਕੋਲ। ਫ਼ੈਸਲਾ ਤੁਸੀਂ ਕਰਨੈ ਮਾਮੇ ਦੀ ਛਾਪ ਰੋਕਣੀ ਐ ਜਾਂ ਮੈਨੂੰ ਕੋਈ ਨਵੀਂ ਛਾਪ ਛੱਡਣ ਲਈ ਮਜਬੂਰ ਕਰਨੈ। ਫ਼ੈਸਲਾ ਸੋਚ ਸਮਝ ਕੇ ਕਰੀਂ ਅਰਜਨ ਸਿਆਂ... ਤੇਰਾ ਭਵਿੱਖ ਤੇਰੇ ਏਸੇ ਫ਼ੈਸਲੇ ਨੇ ਤੈਅ ਕਰਨੈ।” ਅਰਜਨ ਅਤੇ ਜੀਤੀ ਦੋਵੇਂ ਜੋਗਿੰਦਰ ਸਿਹੁੰ ਦਾ ਇਹ ਰੂਪ ਦੇਖ ਕੇ ਹੱਕੇ-ਬੱਕੇ ਰਹਿ ਗਏ ਸਨ। ਉਨ੍ਹਾਂ ਨੂੰ ਬਲਬ ਦੀ ਰੌਸ਼ਨੀ ਵਿੱਚ ਜੋਗਿੰਦਰ ਸਿੰਘ ਦੀ ਥਾਂ ਕੋਈ ਵੱਡਾ ਦਾਨਵ ਬੈਠਾ ਦਿਖਾਈ ਦਿੱਤਾ। ਸੱਚਮੁੱਚ ਹੀ ਅਰਜਨ ਸਿੰਘ ਨੇ ਅੱਜ ਤੱਕ ਆਪਣੇ ਪਿਓ ਦਾ ਇਹ ਰੂਪ ਨਹੀਂ ਸੀ ਦੇਖਿਆ। “ਕ...ਕ...ਕ...ਕੀ ਕਰੇਂਗਾ ਤੂੰ?” ਜੀਤੀ ਨੇ ਆਪਣੀ ਸਾਰੀ ਤਾਕਤ ਇੱਕਠੀ ਕਰ ਕੇ ਜੋਗਿੰਦਰ ਸਿਹੁੰ ਤੋਂ ਪੁੱਛਣ ਦੀ ਹਿੰਮਤ ਕੀਤੀ। ਜੋਗਿੰਦਰ ਸਿਹੁੰ ਇਸ ਵਾਰ ਸੱਚੀਂ ਕਿਸੇ ਦਾਨਵ ਵਾਂਗੂੰ ਉੱਚੀ-ਉੱਚੀ ਹੱਸਿਆ ਤੇ ਬੋਲਿਆ, “ਮੈਂ ਕਿਲਿਆਂ ਦੇ ਮਾਲਕ ਨੂੰ ਪਲਾਂ ਵਿੱਚ ਖਾਕੀ ਨੰਗ ਕਰ ਸਕਦਾਂ... ਮੈਂ ਬਹੁਤ ਕੁਝ ਕਰ ਸਕਦਾਂ ਸਰਦਾਰਨੀ ਜੀਤੀ ਕੁਰੇ... ਬਹੁਤ ਕੁਝ... ਸੋਡੀ ਸੋਚ ਤੋਂ ਵੀ ਪਰ੍ਹੇ।” ਸਰਦਾਰਨੀ ਸ਼ਬਦ ਨੂੰ ਉਸ ਨੇ ਕੁਝ ਇਸ ਤਰ੍ਹਾਂ ਚੱਬ ਕੇ ਬੋਲਿਆ ਸੀ ਕਿ ਜੀਤੀ ਵਿੱਚ ਅੱਗੋਂ ਕੁਝ ਪੁੱਛਣ ਦੀ ਭੋਰਾ-ਭਰ ਵੀ ਹਿੰਮਤ ਨਹੀਂ ਸੀ। ਜੀਤੀ ਤੇ ਅਰਜਨ ਚੁੱਪਚਾਪ ਕਮਰੇ ਤੋਂ ਬਾਹਰ ਚਲੇ ਗਏ। ਜੋਗਿੰਦਰ ਸਿੰਘ ਬੈੱਡ ਤੋਂ ਸੱਜਾ ਪੈਰ ਥੱਲੇ ਲਮਕਾ ਕੇ ਖੱਬਾ ਪੈਰ ਬੈੱਡ ਦੀ ਬਾਹੀ ’ਤੇ ਰੱਖ ਕੇ ਗੋਡਾ ਖੜ੍ਹਾ ਕਰ ਕੇ ਉਸ ਉੱਤੇ ਖੱਬੀ ਬਾਂਹ ਰੱਖ ਹੱਥ ਨੂੰ ਇਸ ਤਰ੍ਹਾਂ ਅੱਗੇ ਲਮਕਾਈ ਬੈਠਾ ਸੀ ਜਿਵੇਂ ਕੋਈ ਬਾਦਸ਼ਾਹ ਤਖ਼ਤ ’ਤੇ ਬੈਠਾ ਹੋਵੇ ਅਤੇ ਕਚਹਿਰੀ ਵਿੱਚ ਮੁਜ਼ਰਮਾਂ ਨੂੰ ਸਜ਼ਾ ਸੁਣਾ ਰਿਹਾ ਹੋਵੇ। ਹਨੇਰਾ ਕਾਫ਼ੀ ਹੋ ਚੁੱਕਿਆ ਸੀ। ਮਾਮੀ ਨੇ ਲਾੜੇ ਦੇ ਪਿਓ ਨੂੰ ਉਡੀਕ-ਉਡੀਕ ਕੇ ਜਾਗੋ ਆਪੇ ਹੀ ਬਿਨਾਂ ਪੈਸਿਆਂ ਦਾ ਸ਼ਗਨ ਕੀਤਿਆਂ ਚੁੱਕ ਲਈ ਸੀ ਤੇ ਨਾਨਕਿਆਂ ਵੱਲੋਂ ਛੱਜ ਤੇ ਕੀਤੇ ਆਖ਼ਰੀ ਵਾਰ ਨਾਲ ਜਾਗੋ ਵੀ ਸਮਾਪਤ ਹੋ ਚੁੱਕੀ ਸੀ। ਏਧਰ ਜੋਗਿੰਦਰ ਸਿਹੁੰ ਤੇ ਜੀਤੀ ਵਿਚਾਲੇ ਚੱਲ ਰਹੀ ਤਕਰਾਰ ਅੰਤਿਮ ਪੜਾਅ ਤੱਕ ਪਹੁੰਚ ਕੇ ਸਮਾਪਤ ਹੋ ਚੁੱਕੀ ਸੀ। ਫ਼ੈਸਲਾ ਕੱਲ੍ਹ ਤੱਕ ਰਾਖਵਾਂ ਸੀ। ਸਵੇਰੇ ਬਰਾਤ ਜਾਣ ਲਈ ਜਲਦੀ ਤਿਆਰ ਹੋਣ ਵਾਸਤੇ ਸਾਰੇ ਬਿਸਤਰਿਆਂ ਵਿੱਚ ਪੈਣ ਲਈ ਕਾਹਲੇ ਪੈ ਚੁੱਕੇ ਸਨ। ਕਈ ਛੋਟੇ ਬੱਚੇ ਚੀਕ ਚਿਹਾੜਾ ਪਾ ਰਹੇ ਸਨ। ਕੋਈ-ਕੋਈ ਰਿਸ਼ਤੇਦਾਰ ਚਾਹ-ਚਾਹ ਕਰਦਾ ਫਿਰਦਾ ਸੀ ਤੇ ਕੋਈ ਮਠਿਆਈ ਵਾਲੇ ਕਮਰੇ ਵਿੱਚ ਵੜ ਮਠਿਆਈ ਖਾਂਦਾ ਫਿਰਦਾ ਸੀ। ਜੀਤੀ ਨੂੰ ਸਾਰੀ ਰਾਤ ਨੀਂਦ ਨਾ ਆਈ। ਬਾਬਾ ਬੋਲ ਪਿਆ ਸੀ। ਸਵੇਰ ਦੇ ਪੰਜ ਵੱਜ ਚੁੱਕੇ ਸਨ। ਜੀਤੀ ਵਾਹਿਗੁਰੂ-ਵਾਹਿਗੁਰੂ ਕਰਦੀ ਮੰਜੇ ਤੋਂ ਉੱਠੀ। ਉੱਠ ਕੇ ਇਸ਼ਨਾਨ ਕੀਤਾ ਤੇ ਫਿਰ ਪਾਠ ਕਰਨ ਬੈਠ ਗਈ। ਅੱਜ ਉਸ ਨੇ ਅੱਧੇ ਘੰਟੇ ਵਿੱਚ ਹੋਣ ਵਾਲੇ ਪਾਠ ’ਤੇ ਪੂਰਾ ਸਵਾ ਘੰਟਾ ਲਗਾ ਦਿੱਤਾ ਸੀ। ਪਾਠ ਕਰਦੀ ਕਰਦੀ ਉਹ ਭੁੱਲ ਜਾਂਦੀ ਤੇ ਪਾਠ ਫਿਰ ਪਿੱਛੇ ਤੋਂ ਸ਼ੁਰੂ ਕਰ ਲੈਂਦੀ। ਅੱਜ ਪਾਠ ਮੁੱਕਣ ਵਿੱਚ ਨਹੀਂ ਸੀ ਆ ਰਿਹਾ। ਸਾਰਾ ਮੇਲ ਉੱਠ ਖੜ੍ਹਿਆ ਸੀ। ਜੋਗਿੰਦਰ ਸਿੰਘ ਨਹਾ ਧੋ ਕੇ ਖੁੰਭ ਵਾਂਗੂੰ ਲਿਸ਼ਕਿਆ ਬੈਠਾ ਸੀ। ਬਰਾਤ ਜਾਣ ਵਾਸਤੇ ਸਵੇਰੇ-ਸਵੇਰੇ ਹੀ ਜੋਗਿੰਦਰ ਸਿਹੁੰ ਦਾ ਸਹੁਰਾ ਵੀ ਪਹੁੰਚ ਗਿਆ ਸੀ। ਜੋਗਿੰਦਰ ਸਿਹੁੰ ਨੂੰ ਵਿਹੜੇ ਵਿੱਚ ਬੈਠਾ ਦੇਖ ਕੇ ਉਹ ਸਿੱਧਾ ਉਸ ਕੋਲ ਜਾ ਕੇ ਬੈਠ ਗਿਆ। ਜੋਗਿੰਦਰ ਸਿਹੁੰ ਨੇ ਕੋਈ ਉਚੇਚੇ ਤੌਰ ’ਤੇ ਆਦਰ ਨਾ ਦਿੱਤਾ, ਬੱਸ ਰਸਮੀ ਤੌਰ ’ਤੇ ਫਤਹਿ ਬੁਲਾ ਕੇ ਬੈਠਾ ਰਿਹਾ। ਜੀਤੀ ਵੀ ਮੌਕਾ ਜਿਹਾ ਦੇਖ ਕੇ ਕੋਲ ਪਹੁੰਚ ਗਈ। ਉਸ ਦੇ ਪਿੱਛੇ ਹੀ ਜੀਤੀ ਦਾ ਭਰਾ ਤੇ ਭਰਜਾਈ ਵੀ ਉੱਥੇ ਪਹੁੰਚ ਗਏ। ਨਾਨੇ ਨੂੰ ਆਇਆ ਬੈਠਾ ਦੇਖ ਕੇ ਅਰਜਨ ਵੀ ਉੱਥੇ ਹੀ ਆ ਗਿਆ। ਜੋਗਿੰਦਰ ਸਿੰਘ ਜੀਤੀ ਤੇ ਅਰਜਨ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਸੀ। “ਮੈਂ ਕਿਹਾ ਚੰਗਾ ਹੋ ਗਿਆ ਬਾਪੂ ਜੀ ਵੀ ਏਥੇ ਬੈਠੇ ਆ ਤੇ ਬਾਈ ਵੀ ਆ ਗਿਆ। ਮੈਂ ਤਾਂ ਇੱਕ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਸਾਰਿਆਂ ਨਾਲ।” ਜੀਤੀ ਨੇ ਜੋਗਿੰਦਰ ਸਿੰਘ ਨੂੰ ਮੁਖਾਤਬਿ ਹੋ ਕੇ ਆਖਿਆ। ਜੋਗਿੰਦਰ ਸਿਹੁੰ ਦੀਆਂ ਅੱਖਾਂ ਚਮਕ ਉੱਠੀਆਂ। ਉਹ ਜੀਤੀ ਦੇ ਬੋਲਣ ਤੋਂ ਹੀ ਸਮਝ ਗਿਆ ਸੀ ਕਿ ਜੀਤੀ ਫ਼ੈਸਲਾ ਉਸ ਦੇ ਹੱਕ ਵਿੱਚ ਕਰਨ ਲੱਗੀ ਹੈ। “ਰਾਤ ਮੈਨੂੰ ਤਾਂ ਬਲਾਂ ਈ ਭੈੜਾ ਸੁਪਨਾ ਆਇਆ... ਸੁਪਨਾ ਕਾਹਦਾ ਸੀ ਮੈਨੂੰ ਤਾਂ ਐਂ ਲੱਗਦੈ ਜਿਵੇਂ ਸਾਰਾ ਕੁਝ ਸਾਲਮ ਮੇਰੇ ਸਾਹਮਣੇ ਪ੍ਰਤੱਖ ਵਾਪਰਿਆ ਹੋਵੇ... ਮੈਨੂੰ ਤਾਂ ਮੁੜ ਸਾਰੀ ਰਾਤ ਨੀਂਦ ਨਹੀਂ ਆਈ।” ਸਾਰੇ ਜੀਤੀ ਦੀ ਗੱਲ ਨੂੰ ਬੜੇ ਗਹੁ ਨਾਲ ਸੁਣਨ ਲੱਗੇ। ਜੀਤੀ ਨੇ ਲੰਮਾ ਸਾਹ ਭਰਦਿਆਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਇੱਕ ਸੰਤ ਆ ਕੇ ਮੇਰੇ ਮੰਜੇ ਕੋਲ ਖੜ੍ਹ ਗਿਆ, ਐਡਾ ਕੱਦ, ਗੋਰਾ ਰੰਗ, ਲੰਮੀਆਂ-ਲੰਮੀਆਂ ਜਟਾਂ, ਗੇਰੂਆ ਕੱਪੜੇ, ਹੱਥ ’ਚ ਚਿਮਟਾ ਤੇ ਮੈਨੂੰ ਕਹਿੰਦਾ ਭਾਈ ਮੇਰੀ ਗੱਲ ਸੁਣ ਧਿਆਨ ਨਾਲ, ਏਹਨੂੰ ਐਵੇਂ ਸੁਪਨਾ ਨਾ ਜਾਣੀ। ਕੱਲ੍ਹ ਤੇਰੇ ਮੁੰਡੇ ਦਾ ਵਿਆਹ ਐ। ਤੇਰੇ ਮੁੰਡੇ ਦਾ ਜਨਮ ਹੋਇਆ ਕ੍ਰਿਸ਼ਨ ਪੱਖ ’ਚ। ਇਸ ਲਈ ਮਾਮੇ ਤੇ ਭਾਣਜੇ ਦੇ ਗ੍ਰਹਿ ਆਪਸ ਵਿੱਚ ਟਕਰਾ ਰਹੇ ਨੇ। ਪਹਿਲੀ ਗੱਲ ਤਾਂ ਮਾਮਾ ਬਰਾਤ ਨਾ ਜਾਵੇ। ਜੇ ਜਾ ਵੀ ਵੜਿਆ ਤਾਂ ਮਾਮੇ ਨੂੰ ਸੋਡੇ ਘਰ ਜਾਂ ਮੁੰਡੇ ਦੇ ਸਹੁਰਿਆਂ ਦੇ ਘਰੋਂ ਕੋਈ ਸੋਨੇ ਦੀ ਚੀਜ਼ ਨਾ ਪਾਈ ਜਾਵੇ। ਨਹੀਂ ਤਾਂ ਇਹ ਮਾਮੇ ਤੇ ਭਾਣਜੇ ਦੋਵਾਂ ਵਾਸਤੇ ਸ਼ੁਭ ਨਹੀਂ ਹੋਣਾ। ਮੈਨੂੰ ਤਾਂ ਜਾਣੀਂਦੀ ਹਾਲੇ ਵੀ ਸੰਤ ਐਂ ਲੱਗਦਾ ਜਿਵੇਂ ਮੇਰੇ ਸਾਹਮਣੇ ਖੜ੍ਹਾ ਹੋਵੇ। ਕੋਈ ਬਾਹਲਾ ਪਹੁੰਚਿਆ ਹੋਇਆ ਸਾਧੂ ਲੱਗਦਾ ਸੀ ਜਵਾਂ ਆਪਣੇ ਡੇਰੇ ਆਲੇ ਰੁੱਖੜ ਸ਼ਾਹ ਬਾਬੇ ਵਰਗਾ।” ਜੀਤੀ ਸੁਪਨੇ ਨੂੰ ਇਉਂ ਸੁਣਾ ਰਹੀ ਸੀ ਜਿਵੇਂ ਸਭ ਕੁਝ ਪ੍ਰਤੱਖ ਦੇਖ ਰਹੀ ਹੋਵੇ। “ਅੱਛਾ! ਫਿਰ ਤਾਂ ਭਾਈ ਸੱਚੀਂ ਗੱਲ ਵਿਚਾਰਨ ਵਾਲੀ ਐ।” ਕੋਲ ਬੈਠੇ ਜੀਤੀ ਦੇ ਪਿਉ ਨੇ ਆਖਿਆ। “ਮੈਂ ਤਾਂ ਬਾਪੂ ਸੋਚ ਲਿਆ ਬਈ ਜਿਹੜੀ ਬਾਈ ਨੂੰ ਛਾਪ ਪਵਾਉਣੀ ਸੀ, ਆਪਾਂ ਨੀ ਪਵਾਉਂਦੇ ਉਹ... ਕੀ 40-50 ਹਜ਼ਾਰ ਦੇ ਗਲ ਲੱਗਣੈ। ਮੈਨੂੰ ਤਾਂ ਸੌ ਸੁੱਖਾਂ ਦਾ ਇੱਕ ਭਰਾ ਤੇ ਇੱਕ ਪੁੱਤ ਐ, ਇਨ੍ਹਾਂ ਦੀ ਸੁੱਖ ਲੋੜੀਂਦੀ ਐ।” ਜੋਗਿੰਦਰ ਸਿਹੁੰ ਨੀਵੀਂ ਪਾ ਕੇ ਮੁਸਕਰਾ ਰਿਹਾ ਸੀ। ਉਸ ਨੂੰ ਜੀਤੀ ਤੋਂ ਇਸ ਗੱਲ ਦੀ ਉੱਕਾ ਹੀ ਤਵੱਕੋ ਨਹੀਂ ਸੀ ਕਿ ਉਹ ਇਸ ਮਸਲੇ ਨੂੰ ਇਸ ਤਰ੍ਹਾਂ ਹੱਲ ਕਰੇਗੀ। ਜੀਤੀ ਦੀ ਇਸ ਸਿਆਣਪ ’ਤੇ ਅਰਜਨ ਵੀ ਹੈਰਾਨ ਸੀ। ਜੀਤੀ ਹਾਰ ਕੇ ਵੀ ਜਿੱਤ ਚੁੱਕੀ ਸੀ। ਤੇ ਹੁਣ ਤੱਕ ਛਾਪ ਤੇ ਸਾਧੂ ਵਾਲੇ ਸੁਪਨੇ ਦੀ ਗੱਲ ਸਾਰੇ ਮੇਲ ਵਿੱਚ ਫੈਲ ਚੁੱਕੀ ਸੀ, ਖ਼ਾਸਕਰ ਨਾਨਕੇ ਮੇਲ ਵਿੱਚ। ਜੀਤੀ ਨੇ ਇਸ ਸਾਰੇ ਮਸਲੇ ’ਤੇ ਆਪਣੀ ਇੱਕ ਵੱਖਰੀ ਛਾਪ ਛੱਡ ਦਿੱਤੀ ਸੀ।

Advertisement

* ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਬਾਬਾ ਫ਼ਰੀਦ ਕਾਲਜ, ਬਠਿੰਡਾ।
ਸੰਪਰਕ: 98776-61770

Advertisement

Advertisement
Author Image

sukhwinder singh

View all posts

Advertisement