ਸਿਰਫ਼ ‘ਐਮਰਜੈਂਸੀ’ ਉੱਤੇ ਸੈਂਸਰਸ਼ਿਪ ਲਾਉਣਾ ਅਨਿਆਂ: ਕੰਗਨਾ
ਨਵੀਂ ਦਿੱਲੀ, 2 ਸਤੰਬਰ
ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਐਮਰਜੈਂਸੀ’ ਉੱਤੇ ਹੀ ਸਿਰਫ਼ ਸੈਂਸਰਸ਼ਿਪ ਲਾਉਣਾ ‘ਹੌਸਲਾ ਤੋੜਨ ਵਾਲਾ ਤੇ ਅਨਿਆਂ’ ਹੈ। ਕੰਗਨਾ ਨੇ ਕਿਹਾ ਕਿ ਸਿਰਫ਼ ਉਨ੍ਹਾਂ ਦੀ ਫਿਲਮ ’ਤੇ ਸੈਂਸਰਸ਼ਿਪ ਲਾਈ ਜਾ ਰਹੀ ਹੈ, ਜਦੋਂਕਿ ਓਟੀਟੀ ਪਲੈਟਫਾਰਮਾਂ ਨੂੰ ਹਿੰਸਾ ਤੇ ਨੰਗੇਜ਼ਵਾਦ ਦਿਖਾਉਣ ਦੀ ਪੂਰੀ ਖੁੱਲ੍ਹ ਹੈ। ਫ਼ਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀਬੀਐੱਫਸੀ ਵੱਲੋਂ ਅਜੇ ਤੱਕ ਸਰਟੀਫਿਕੇਟ ਨਾ ਦਿੱਤੇ ਜਾਣ ਕਰਕੇ ਰਿਲੀਜ਼ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਪਣੀ ਫ਼ਿਲਮ ‘ਐਮਰਜੈਂਸੀ’ ਤੇ ਨੈੱਟਫਲਿਕਸ ਸੀਰੀਜ਼ ‘ਆਈਸੀ 814: ਦਿ ਕੰਧਾਰ ਹਾਈਜੈਕ’ ਵਿਚਾਲੇ ਤੁਲਨਾ ਕਰਦਿਆਂ ਰਣੌਤ ਨੇ ਕਿਹਾ ਕਿ ਸੈਂਸਰਸ਼ਿਪ ਸਿਰਫ਼ ਉਨ੍ਹਾਂ ਲਈ ਹੈ ਜੋ ਇਤਿਹਾਸਕ ਤੱਥਾਂ ’ਤੇ ਫਿਲਮਾਂ ਬਣਾਉਂਦੇ ਹਨ, ਜਦੋਂਕਿ ਹਿੰਸਾ ਤੇ ਨੰਗੇਜ਼ਤਾ ਸਟਰੀਮਰਜ਼ ’ਤੇ ਦਿਖਾਈ ਜਾ ਸਕਦੀ ਹੈ।
ਕੰਗਨਾ ਨੇ ਮਾਈਕਰੋਬਲੌਗਿੰਗ ਸਾਈਟ ’ਤੇ ਲਿਖਿਆ, ‘ਦੇਸ਼ ਦਾ ਕਾਨੂੰਨ ਹੈ ਕਿ ਤੁਸੀਂ ਕਿਸੇ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਜਾਂ ਸੈਂਸਰਸ਼ਿਪ ਤੋਂ ਬਗੈਰ ਵੀ ਓਟੀਟੀ ਪਲੈਟਫਾਰਮਾਂ ’ਤੇ ਜਿੰਨੀ ਮਰਜ਼ੀ ਹਿੰਸਾ ਤੇ ਨੰਗੇਜ਼ ਦਿਖਾ ਸਕਦੇ ਹੋ, ਸਿਆਸਤ ਤੋਂ ਪ੍ਰੇਰਿਤ ਆਪਣੇ ਸੌੜੇ ਹਿੱਤਾਂ ਮੁਤਾਬਕ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਹੈ।’ ਅਨੁਭਵ ਸਿਨਹਾ ਦਾ ਸ਼ੋਅ ‘ਆਈਸੀ814....’ ਜੋ 1999 ਵਿਚ ਏਅਰ ਇੰਡੀਆ ਦੇ ਕਾਠਮੰਡੂ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਅਗਵਾ ਕੀਤੇ ਜਾਣ ਦੀ ਘਟਨਾ ’ਤੇ ਅਧਾਰਿਤ ਹੈ, ਵਿਚ ਅਗਵਾਕਾਰਾਂ ਨੂੰ ‘ਭੋਲਾ’ ਤੇ ‘ਸ਼ੰਕਰ’ ਜਿਹੇ ਨਾਮ ਦਿੱਤੇ ਜਾਣ ਕਰਕੇ ਵਿਵਾਦਾਂ ਵਿਚ ਘਿਰ ਗਿਆ ਹੈ।
ਉਧਰ ਸੂਤਰਾਂ ਮੁਤਾਬਕ ਫਿਲਮ ‘ਐਮਰਜੈਂਸੀ’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਨਹੀਂ ਹੋ ਰਹੀ ਕਿਉਂਕਿ ਫ਼ਿਲਮ ਦੇ ਨਿਰਮਾਤਾਵਾਂ ਨੂੰ ਅਜੇ ਤੱਕ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਤੋਂ ਸਰਟੀਫਿਕੇਟ ਨਹੀਂ ਮਿਲਿਆ। ਇਸ ਸੂਤਰ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਸੀਬੀਐੱਫਸੀ ਨੇ ਆਪਣੀ ਵੈੱਬਸਾਈਟ ’ਤੇ U/A ਸਰਟੀਫਿਕੇਟ ਪਾਇਆ ਹੈ ਪਰ ਨਿਰਮਾਤਾਵਾਂ ਨੂੰ ਅਜੇ ਤੱਕ ਸਰਟੀਫਿਕੇਟ ਦੀ ਕਾਪੀ ਨਹੀਂ ਮਿਲੀ ਹੈ। ਰੋਜ਼ਾਨਾ ਫਿਲਮ ਵਿਚ ਇਕ ਨਵੇਂ ਕੱਟ ਦੀ ਗੱਲ ਕੀਤੀ ਜਾਂਦੀ ਹੈ, ਜੋ ਸ਼ਾਇਦ ਉਹ ਕਿਸੇ ਦਬਾਅ ਕਰਕੇ ਕਰ ਰਹੇ ਹਨ। ਕੰਗਨਾ ਫ਼ਿਲਮ ਦੇ ਆਦਰ-ਮਾਣ ਲਈ ਲੜ ਰਹੀ ਹੈ।’’ -ਪੀਟੀਆਈ