ਵਿੱਤੀ ਸਮਾਵੇਸ਼ ਨੂੰ ਅੱਗੇ ਵਧਾਉਣ ’ਚ ਜਨ ਧਨ ਯੋਜਨਾ ਦੀ ਅਹਿਮ ਭੂਮਿਕਾ: ਮੋਦੀ
ਨਵੀਂ ਦਿੱਲੀ, 28 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਦੇ ਦਸ ਸਾਲ ਪੂਰੇ ਹੋਣ ’ਤੇ ਅੱਜ ਕਿਹਾ ਕਿ ਇਹ ਯੋਜਨਾ ਮਾਣ, ਸ਼ਕਤੀਕਰਨ ਅਤੇ ਦੇਸ਼ ਦੇ ਆਰਥਿਕ ਜੀਵਨ ਵਿੱਚ ਹਿੱਸੇਦਾਰੀ ਪਾਉਣ ਦੇ ਮੌਕੇ ਨੂੰ ਦਰਸਾਉਂਦੀ ਹੈ। ਮੋਦੀ ਨੇ ਜਨ ਧਨ ਯੋਜਨਾ ਨੂੰ ਸਫਲ ਬਣਾਉਣ ਲਈ ਕੰਮ ਕਰਨ ਵਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ। ਪ੍ਰਧਾਨ ਮਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਅੱਜ ਇੱਕ ਇਤਿਹਾਸਕ ਦਿਨ ਹੈ... ਜਨ ਧਨ ਯੋਜਨਾ ਦੇ ਦਸ ਸਾਲ ਪੂਰੇ ਹੋ ਗਏ ਹਨ। ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਅਤੇ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇੱਕ ਕਰਨ ਵਾਲੇ ਸਾਰੇ ਲੋਕਾਂ ਨੂੰ ਵੀ ਬਹੁਤ-ਬਹੁਤ ਵਧਾਈ।’’
ਉਨ੍ਹਾਂ ਕਿਹਾ ਕਿ ਜਨ ਧਨ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਰੋੜਾਂ ਲੋਕਾਂ ਖਾਸ ਕਰ ਕੇ ਮਹਿਲਾਵਾਂ, ਨੌਜਵਾਨਾਂ ਅਤੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨੂੰ ਸਨਮਾਨ ਦੇਣ ਵਿੱਚ ਸਭ ਤੋਂ ਮੋਹਰੀ ਰਹੀ ਹੈ। ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਪੇਸ਼ੇਵਰ ਮੰਚ ‘ਲਿੰਕਡਿਨ’ ’ਤੇ ਲਿਖਿਆ, ‘‘ਅੱਜ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਸ਼ੁਰੂ ਹੋਏ ਇੱਕ ਦਹਾਕਾ ਹੋ ਗਿਆ ਹੈ ਅਤੇ ਇਹ ਪਹਿਲ ਸਿਰਫ਼ ਇੱਕ ਨੀਤੀ ਨਹੀਂ ਹੈ। ਇਹ ਇੱਕ ਅਜਿਹੇ ਭਾਰਤ ਦੀ ਉਸਾਰੀ ਦਾ ਯਤਨ ਹੈ ਜਿੱਥੇ ਹਰ ਨਾਗਰਿਕ ਚਾਹੇ ਉਸ ਦੀ ਆਰਥਿਕ ਪਿੱਠਭੂਮੀ ਕੁੱਝ ਵੀ ਹੋਵੇ, ਉਸ ਦੀ ਰਸਮੀ ਬੈਂਕਿੰਗ ਪ੍ਰਣਾਲੀ ਤੱਕ ਪਹੁੰਚ ਹੋਵੇ।’’
ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਦੀ ਸਫਲਤਾ ਦੇ ਦੋ ਪਹਿਲੂ ਹਨ। ਇੱਕ ਪਹਿਲੂ ਇਹ ਹੈ ਕਿ 53 ਕਰੋੜ ਤੋਂ ਵੱਧ ਲੋਕਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਬੈਂਕਿੰਗ ਪ੍ਰਣਾਲੀ ਨਾਲ ਜੁੜ ਸਕਣਗੇ ਪਰ ਹੁਣ ਉਨ੍ਹਾਂ ਕੋਲ ਬੈਂਕ ਖਾਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਤਿਆਂ ਵਿੱਚ 2.3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਹੈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ 2014 ਵਿੱਚ ਸੱਤਾ ਸੰਭਾਲੀ ਤਾਂ ਸਥਿਤੀ ਬਹੁਤ ਵੱਖਰੀ ਸੀ। ਆਜ਼ਾਦੀ ਦੇ ਕਰੀਬ 65 ਸਾਲ ਹੋ ਚੁੱਕੇ ਸਨ, ਪਰ ਸਾਡੇ ਲਗਪਗ ਅੱਧੇ ਪਰਿਵਾਰਾਂ ਲਈ ਬੈਕਿੰਗ ਪ੍ਰਣਾਲੀ ਤੱਕ ਪਹੁੰਚ ਦੂਰ ਦਾ ਸੁਫ਼ਨਾ ਸੀ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਨੀਆਂ ਅਜਿਹੀ ਸੀ ਜਿੱਥੇ ਬੱਚਤ ਘਰ ਵਿੱਚ ਰੱਖੀ ਜਾਂਦੀ ਸੀ ਜਿਸ ਦੇ ਗੁਆਚ ਜਾਣ ਜਾਂ ਚੋਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 76,500 ਕਰੋੜ ਰੁਪਏ ਦੀ ਸੰਚਿਤ ਲਾਗਤ ਵਾਲੇ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ ਲਈ ‘ਪ੍ਰਗਤੀ’ ਬੈਠਕ ਦੀ ਅਗਵਾਈ ਕੀਤੀ। ਬੈਠਕ ਵਿਚ ਸ੍ਰੀ ਮੋਦੀ ਵੱਲੋਂ ਜਲ ਜੀਵਨ ਮਿਸ਼ਨ ਨਾਲ ਸਬੰਧਤ ਲੋਕ ਸ਼ਿਕਾਇਤਾਂ ਤੇ ਅਮ੍ਰਤ 2.0 ’ਤੇ ਵੀ ਨਜ਼ਰਸਾਨੀ ਕੀਤੀ ਗਈ। ਸ੍ਰੀ ਮੋਦੀ ਨੇ ਬੈਠਕ ਵਿਚ ਵਰਚੁਅਲੀ ਸ਼ਾਮਲ ਹੁੰਦਿਆਂ ਇਸ ਤੱਥ ਬਾਰੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਹਰੇਕ ਅਧਿਕਾਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਜੈਕਟਾਂ ਵਿਚ ਦੇਰੀ ਨਾਲ ਨਾ ਸਿਰਫ਼ ਲਾਗਤ ਖਰਚਾ ਵਧੇਗਾ ਬਲਕਿ ਲੋਕ ਵੀ ਪ੍ਰਾਜੈਕਟ ਤੋਂ ਮਿਲਣ ਵਾਲੇ ਲਾਭ ਤੋਂ ਵਿਰਵੇ ਹੋ ਜਾਣਗੇ। ਇਕ ਬਿਆਨ ਮੁਤਾਬਕ ਪ੍ਰਗਤੀ ਬੈਠਕਾਂ ਦੇ 44ਵੇਂ ਸੰਸਕਰਨ ਤੱਕ 18.12 ਲੱਖ ਕਰੋੜ ਰੁਪਏ ਦੇ 355 ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। -ਪੀਟੀਆਈ
‘ਯੂਪੀਏ’ ਸਰਕਾਰ ਦੀ ਯੋਜਨਾ ਦਾ ਨਾਂ ਬਦਲ ਕੇ ‘ਜਨ ਧਨ’ ਕਰ ਦਿੱਤਾ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਦਸ ਸਾਲ ਪੂਰੇ ਹੋਣ ਮੌਕੇ ਅੱਜ ਦਾਅਵਾ ਕੀਤਾ ਕਿ ਯੂਪੀਏ ਸਰਕਾਰ ਸਮੇਂ ਦੀ ਵਿੱਤੀ ਸਮਾਵੇਸ਼ ਯੋਜਨਾ ਦਾ ਨਾਮ ਬਦਲ ਕੇ ‘ਜਨ ਧਨ’ ਕਰ ਦਿੱਤਾ ਗਿਆ ਅਤੇ ਅੱਜ ਉਸ ਦੀ ਵਰ੍ਹੇਗੰਢ ਹੈ। ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਕੀ ਇਹ ਸੱਚ ਨਹੀਂ ਕਿ ਦਸ ਕਰੋੜ ਤੋਂ ਵੱਧ ਜਨ ਧਨ ਬੈਂਕ ਖਾਤੇ ਬੰਦ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਕਰੀਬ 50 ਫੀਸਦੀ ਬੈਂਕ ਖਾਤੇ ਔਰਤਾਂ ਦੇ ਸਨ? ਇਨ੍ਹਾਂ ਵਿੱਚ ਦਸੰਬਰ 2023 ਤੱਕ 12,779 ਕਰੋੜ ਰੁਪਏ ਜਮ੍ਹਾਂ ਸਨ। ਕੁੱਲ ਜਨ ਧਨ ਖਾਤਿਆਂ ਵਿੱਚੋਂ 20 ਫੀਸਦੀ ਖਾਤੇ ਬੰਦ ਹੋਣ ਦਾ ਜ਼ਿੰਮੇਵਾਰ ਕੌਣ ਹੈ? -ਪੀਟੀਆਈ