ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤੀ ਲਈ ਸਹੀ ਵਿਉਂਤਬੰਦੀ, ਮਿਹਨਤ ਅਤੇ ਆਪਣੀ ਮੰਡੀ ਦਾ ਮਹੱਤਵ

07:50 AM Jul 15, 2024 IST

ਮਹਿੰਦਰ ਸਿੰਘ ਦੋਸਾਂਝ

ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਸ਼ੰਭੂ ਬਾਰਡਰ ਖੋਲ੍ਹਣ ਦਾ ਹੁਕਮ ਸੁਣਾਇਆ ਹੈ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਡੱਕਣ ਲਈ ਰੋਕਾਂ ਲਾਈਆਂ ਹੋਈਆਂ ਹਨ। ਇਨ੍ਹਾਂ ਰੁਕਾਵਟਾਂ ਅਤੇ ਕਿਸਾਨਾਂ ਦੇ ਧਰਨੇ ਕਰ ਕੇ ਰੋਜ਼ਾਨਾ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਸੀ ਹਾਲਾਂਕਿ ਧਰਨੇ ਕਰ ਕੇ ਬੰਦ ਹੋਈਆਂ ਮਾਲ ਗੱਡੀਆਂ ਰਾਹੀਂ ਪੰਜਾਬ ਦੇ ਕਿਸਾਨਾਂ ਵਾਸਤੇ ਬਾਹਰੋਂ ਖਾਦਾਂ ਤੇ ਰਸਾਇਣ, ਬਿਜਲੀ ਉਤਪਾਦਨ ਲਈ ਕੋਲਾ, ਮਸ਼ੀਨਰੀ ਤੇ ਖੇਤੀ ਦੀਆਂ ਹੋਰ ਲੋੜਾਂ ਲਈ ਸਮਾਨ ਪਹੁੰਚਣਾ ਸੀ ਤੇ ਕਿਸਾਨਾਂ ਦੀਆਂ ਖੇਤੀ ਜਿਣਸਾਂ ਖਰੀਦ ਕੇ ਬਾਹਰ ਭੇਜਣ ਦਾ ਕੰਮ ਹੋਣਾ ਸੀ। ਧਰਨੇ ਕਰ ਕੇ ਵਪਾਰੀ ਤੇ ਉਦਯੋਗਪਤੀ ਵੀ ਪਰੇਸ਼ਾਨ ਸਨ। ਇੱਕ ਅੰਦਾਜ਼ੇ ਅਨੁਸਾਰ, ਵਪਾਰੀਆਂ ਦਾ ਰੋਜ਼ਾਨਾ ਲਗਭਗ 750 ਕਰੋੜ ਦਾ ਨੁਕਸਾਨ ਹੋ ਰਿਹਾ ਸੀ ਅਤੇ ਲਗਭਗ 40 ਫੀਸਦੀ ਬਰਾਮਦਾਂ ਨੂੰ ਬਰੇਕ ਲੱਗ ਗਈ ਸੀ।
ਆਪਣੀਆਂ ਵੱਖ-ਵੱਖ ਲੋੜਾਂ ਅਤੇ ਮੰਗਾਂ ਲਈ ਸਰਕਾਰਾਂ ਨਾਲ ਟਕਰਾਓ ਦੀਆਂ ਪਰੇਸ਼ਾਨੀਆਂ ਤੇ ਖੱਜਲ-ਖੁਆਰੀ ਤੋਂ ਬਚ ਕੇ ਖੇਤੀਬਾੜੀ ਦੇ ਵਿਕਾਸ ਤੇ ਖੁਸ਼ਹਾਲੀ ਲਈ ਕਈ ਬਦਲ ਤਲਾਸ਼ ਕੀਤੇ ਜਾ ਸਕਦੇ ਹਨ ਤੇ ਸਰਕਾਰਾਂ ਦੀਆਂ ਫਹੁੜੀਆਂ ਛੱਡ ਕੇ ਆਪਣੀਆਂ ਲੱਤਾਂ ਦੇ ਬਲ ਅੱਗੇ ਵਧਿਆ ਜਾ ਸਕਦਾ ਹੈ ਹਾਲਾਂਕਿ ਖਾਦਾਂ ਤੇ ਬੀਜਾਂ ਦਾ ਸਮੇਂ ਸਿਰ ਪ੍ਰਬੰਧ, ਟਿਊਬਵੈਲਾਂ ਲਈ ਬਿਜਲੀ ਦੀ ਦਿਨ ਵੇਲੇ ਲੋੜੀਂਦੀ ਸਪਲਾਈ, ਨਹਿਰਾਂ ਵਿੱਚ ਲੋੜੀਂਦੇ ਪਾਣੀ ਦੀ ਲੋੜ, ਖੰਡ ਮਿੱਲਾਂ ਵੱਲ ਗੰਨੇ ਦੇ ਬਕਾਏ ਤੇ ਅਜਿਹੀਆਂ ਹੋਰ ਲੋੜਾਂ ’ਤੇ ਵਿਚਾਰ ਕਰਨ ਲਈ ਕਿਸਾਨਾਂ ਤੇ ਸਰਕਾਰਾਂ ਨੂੰ ਬੈਠਣਾ ਚਾਹੀਦਾ ਹੈ।
ਸਰਕਾਰਾਂ ਨਾਲ ਲੜਾਈਆਂ ਵਿੱਚੋਂ ਨਿਕਲ ਕੇ ਕਿਸਾਨਾਂ ਨੂੰ ਦੋ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ: ਪਹਿਲੀ, ਖੇਤੀ ਦੀ ਠੀਕ ਵਿਉਂਤਬੰਦੀ; ਦੂਜੀ, ਆਪਣੀਆਂ ਮੰਡੀਆਂ ਵਿਕਸਿਤ ਕਰਨਾ।
ਕੁਝ ਦਿਨ ਪਹਿਲਾਂ ਪੰਜਾਬ ਵਿੱਚ ਜਿਹੜੀਆਂ ਜਿਣਸਾਂ ਕਦੇ ਵੱਧ ਤੋਂ ਵੱਧ 10 ਰੁਪਏ ਕਿਲੋ ਤੇ ਘੱਟ ਤੋਂ ਘੱਟ ਦੋ ਰੁਪਏ ਕਿਲੋ ਵਿਕਦੀਆਂ ਸਨ, ਇਸ ਸਾਲ ਭਰ ਮੌਸਮ ਵਿੱਚ ਵੀ ਖਪਤਕਾਰਾਂ ਨੂੰ ਆਲੂ 20 ਰੁਪਏ, ਪਿਆਜ਼ 25 ਰੁਪਏ, ਟਮਾਟਰ 60 ਰੁਪਏ, ਖੀਰੇ 40 ਤੋਂ 60 ਰੁਪਏ ਕਿਲੋ ਮਿਲਦੇ ਰਹੇ ਹਨ। ਪੁਟਾਈ ਦੇ ਦਿਨਾਂ ਵਿੱਚ ਲਸਣ ਹੁਣ ਵੀ ਇਕ ਕਿਲੋ 200 ਰੁਪਏ ਤੋਂ ਉੱਪਰ ਵਿਕ ਰਿਹਾ ਹੈ। ਇਹੀ ਹਾਲ ਫਲਾਂ ਦਾ ਹੈ। ਉਂਝ, ਜੇ ਇਹ ਬਾਗਵਾਨੀ ਫਸਲਾਂ ਰਵਾਇਤੀ ਮੰਡੀਆਂ ਅਤੇ ਪੁਰਾਣੇ ਢੰਗਾਂ ਤਰੀਕਿਆਂ ਨਾਲ ਹੀ ਉਗਾਉਣੀਆਂ ਤੇ ਵੇਚਣੀਆਂ ਹਨ ਤਾਂ ਕਿਸਾਨਾਂ ਨੂੰ ਇਨ੍ਹਾਂ ਜਿਣਸਾਂ ਦੇ ਵਧੇ ਭਾਅ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਕਣਕ ਝੋਨੇ ਦੀ ਬਿਜਾਈ, ਲਵਾਈ ਤੇ ਕਟਾਈ ਲਈ ਦਰਮਿਆਨੇ ਕਿਸਾਨ ਨੂੰ ਖੇਤਾਂ ਵਿੱਚ ਕੇਵਲ ਇੱਕ ਮਹੀਨਾ ਕੰਮ ਕਰਨਾ ਪੈਂਦਾ ਹੈ ਤੇ ਵਿਹਲ ਵਾਲੇ 11 ਮਹੀਨਿਆਂ ਵਿੱਚ ਬਹੁਤੇ ਕਿਸਾਨ ਨਹੀਂ ਸੋਚਦੇ ਕਿ ਆਪਣੀ ਤੇ ਨੇੜੇ ਦੇ ਲੋਕਾਂ ਦੀ ਲੋੜ ਵਾਸਤੇ ਪੰਜ ਸੱਤ ਬੂਟੇ ਫਲਾਂ ਦੇ ਲਾ ਲਏ ਜਾਣ; ਪੰਜ ਸੱਤ ਮਰਲੇ ਸਬਜ਼ੀ ਬੀਜ ਲਈ ਜਾਵੇ। ਪੰਜ ਚਾਰ ਕਿਸਾਨ ਰਲ ਕੇ ਗੰਨੇ ਤੋਂ ਗੁੜ ਸ਼ੱਕਰ ਬਣਾ ਸਕਦੇ ਹਨ। ਜਿਨ੍ਹਾਂ ਵਿਰਲੇ ਟਾਵੇਂ ਕਿਸਾਨਾਂ ਨੇ ਅਜਿਹੀ ਲੋੜ ਲਈ ਵੇਲਣੇ ਲਾਏ ਹੋਏ ਹਨ, ਉੱਥੇ ਗੁੜ ਸ਼ੱਕਰ ਦੇ ਖਪਤਕਾਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਆਮ ਕਿਸਾਨ ਵੀ 80 ਰੁਪਏ ਕਿਲੋ ਗੁੜ ਤੇ 100 ਰੁਪਏ ਨੂੰ ਕਿਲੋ ਸ਼ੱਕਰ ਖਰੀਦ ਕੇ ਖਾਂਦੇ ਹਨ।
ਆਪਣੀ ਲੋੜ ਲਈ ਆਪਣੇ ਖੇਤਾਂ ਵਿੱਚ ਸੰਤੁਲਤ ਖੁਰਾਕ ਪੈਦਾ ਕਰਨ ਲਈ ਆਮ ਕਿਸਾਨਾਂ ਨੇ ਕਦੇ ਨਹੀਂ ਸੋਚਿਆ, ਮੈਡੀਕਲ ਜਨਰਲ ‘ਦਿ ਲੈਂਸੇਟ’ ਦੀ ਖੋਜ ਤੇ ਰਿਪੋਰਟ ਅਨੁਸਾਰ, ਨਰੋਈ ਸਿਹਤ ਤੇ ਲੰਮੀ ਉਮਰ ਲਈ ਪੰਜਾਂ ਜੀਆਂ ਵਾਲੇ ਪਰਿਵਾਰ ਨੂੰ ਮਹੀਨੇ ਵਿੱਚ ਸਾਢੇ ਤਿੰਨ ਹਜ਼ਾਰ ਰੁਪਏ ਦੀਆਂ ਖੁਰਾਕੀ ਵਸਤਾਂ ਲੋੜੀਂਦੀਆਂ ਹਨ, ਦੂਜੇ ਵਰਗਾਂ ਦੇ ਲੋਕਾਂ ਨੂੰ ਤਾਂ ਇਹ ਵਸਤਾਂ ਮਹਿੰਗੇ ਭਾਅ ਖਰੀਦਣੀਆਂ ਹੀ ਪੈਣਗੀਆਂ ਪਰ ਕਿਸਾਨ ਇਹ ਵਸਤਾਂ ਆਪਣੇ ਖੇਤਾਂ ਵਿੱਚ ਪੈਦਾ ਕਰ ਸਕਦੇ ਹਨ। ਇਨ੍ਹਾਂ ਵਸਤਾਂ ਲਈ ਕੋਈ ਬਹੁਤ ਜ਼ਮੀਨ ਚਾਹੀਦੀ ਹਾਲਾਂਕਿ ਇੱਕ ਏਕੜ ਵਾਲੇ ਕਿਸਾਨ ਵੀ ਆਪਣੀ ਜ਼ਮੀਨ ਵਿੱਚ ਕਣਕ ਝੋਨਾ ਬੀਜ ਰਹੇ ਹਨ।
ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਵਿੱਢੇ ਅੰਦੋਲਨ ਰਾਹੀਂ ਕਿਸਾਨਾਂ ਨੇ ਸਾਰੇ ਦੇਸ਼ ਦੁਨੀਆ ਦਾ ਵਿਸ਼ਵਾਸ ਤੇ ਸਹਿਯੋਗ ਹਾਸਿਲ ਕੀਤਾ ਸੀ। ਹੁਣ ਅੰਦੋਲਨ ਅਤੇ ਲੜਾਈਆਂ ਵਿੱਚੋਂ ਨਿੱਕਲ ਕੇ ਦੇਸ਼ ਦੇ ਖਪਤਕਾਰਾਂ ਦਾ ਵਿਸ਼ਵਾਸ ਪ੍ਰਾਪਤ ਕਰਨ ਦੀ ਲੋੜ ਹੈ। ਕਿਸਾਨ ਸੰਸਥਾਵਾਂ ਨੂੰ ਰਲ ਕੇ ਹਰ ਪਿੰਡ ਵਿੱਚ ਕਿਸਾਨ ਅਤੇ ਖਪਤਕਾਰ ਕੇਂਦਰ ਬਣਾਉਣ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਮੰਡੀ ਵਿੱਚ ਜਿਣਸਾਂ ਵੇਚਣ ਤੇ ਪਰਚੂਨ ਵਿੱਚ ਖਰੀਦਣ ਦੇ ਵਿਚਕਾਰ ਜੋ ਮੁਨਾਫਾ ਹੋਵੇ, ਉਹ ਤਿੰਨ ਹਿੱਸਿਆਂ ਵਿੱਚ ਵੰਡਆਂ ਜਾ ਸਕਦਾ ਹੈ: ਇੱਕ ਹਿੱਸਾ ਕਿਸਾਨ ਦਾ, ਇੱਕ ਖਪਤਕਾਰ ਦਾ ਤੇ ਇੱਕ ਵਿਕਰੀ ਕੇਂਦਰ ਦੇ ਸੰਚਾਲਨ ਲਈ ਰੱਖਿਆ ਜਾਵੇ। ਇਉਂ ਖਪਤਕਾਰਾਂ ਨੂੰ ਸਸਤੀਆਂ ਤੇ ਤਾਜ਼ੀਆਂ ਸਬਜ਼ੀਆਂ ਅਤੇ ਫਲ ਮਿਲ ਸਕਣਗੇ। ਇਸ ਦੇ ਨਾਲ-ਨਾਲ ਬੇਜ਼ਮੀਨੇ ਤੇ ਛੋਟੇ ਕਿਸਾਨਾਂ ਨੂੰ ਵਿਕਰੀ ਕੇਂਦਰਾਂ ਵਿੱਚ ਰੁਜ਼ਗਾਰ ਮਿਲ ਸਕੇਗਾ। ਇਨ੍ਹਾਂ ਵਿਕਰੀ ਕੇਂਦਰਾਂ ਨਾਲ ਜੁੜੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸਰਕਾਰੀ ਵਿਭਾਗਾਂ ਤੋਂ ਸਹੀ ਕੀਮਤਾਂ ’ਤੇ ਬੀਜ ਬੂਟੇ ਤੇ ਇਨ੍ਹਾਂ ਦੀ ਕਾਸ਼ਤ ਲਈ ਮੁਫਤ ਸਿਖਲਾਈ ਮਿਲ ਸਕਦੀ ਹੈ।
ਮੈਂ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਵਣਾਂ ਤੇ ਫਲਾਂ ਨਾਲ ਸਬੰਧਿਤ ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਅਤੇ ਹਿਮਾਚਲ ਦੇ ਪ੍ਰਗਤੀਸ਼ੀਲ ਬਾਗਵਾਨਾਂ ਨਾਲ ਵਿਚਾਰਿਆ ਸੀ ਕਿ ਹਿਮਾਚਲ ’ਚ ਪੰਜਾਬ ਦੀਆਂ ਅਤੇ ਪੰਜਾਬ ’ਚ ਹਿਮਾਚਲ ਦੀਆਂ ਖੇਤੀ ਜਿਣਸਾਂ ਦੇ ਵਿਕਰੀ ਕੇਂਦਰ ਚਾਲੂ ਕੀਤੇ ਜਾਣ। ਅਸੀਂ ਹਿਮਾਚਲ ਦੇ ਖੇਤਾਂ ਅਤੇ ਬਾਗਾਂ ਤੋਂ ਸਿੱਧੇ ਫਲ ਤੇ ਆਫ ਸੀਜ਼ਨ ਵਿੱਚ ਸਬਜ਼ੀਆਂ ਪੰਜਾਬ ਵਿੱਚ ਲਿਆਉਣ ਵਾਲੀਆਂ ਗੱਡੀਆਂ ਵਿੱਚ ਹਿਮਾਚਲ ਦੇ ਵਿਕਰੀ ਕੇਂਦਰਾਂ ਲਈ ਗੁੜ, ਸ਼ੱਕਰ, ਬਾਸਮਤੀ, ਮੈਦਾਨਾਂ ਵਾਲੇ ਫਲ ਤੇ ਬੇਮੌਸਮੀ ਸਬਜ਼ੀਆਂ ਭੇਜੀਏ। ਇਸ ਸਕੀਮ ਨੂੰ ਹਿਮਾਚਲ ਵਾਲਿਆਂ ਨੇ ਪਸੰਦ ਕੀਤਾ ਪਰ ਪੰਜਾਬ ਦੇ ਕਿਸਾਨ ਆਗੂਆਂ ਨੇ ਕੋਈ ਉਤਸ਼ਾਹ ਨਾ ਦਿਖਾਇਆ।
ਕੁਝ ਸਾਲ ਪਹਿਲਾਂ ਜ਼ੋਰ ਅਤੇ ਸਲਾਹ ਦੇਣ ’ਤੇ ਪੰਜਾਬ ਮੰਡੀ ਬੋਰਡ ਨੇ ਲੁਧਿਆਣੇ ਮੰਡੀ ਵਿੱਚ ਫਲ ਅਤੇ ਫੁੱਲ ਲੰਮਾ ਸਮਾਂ ਤਾਜ਼ੇ ਰੱਖਣ ਲਈ ਕਿਸਾਨਾਂ ਵਾਸਤੇ ਕੋਲਡ ਸਟੋਰ ਬਣਾਇਆ ਤਾਂ ਕਿ ਮੰਦੇ ਵਿੱਚ ਕਿਸਾਨ ਇਸ ਸਟੋਰ ਵਿੱਚ ਆਪਣੇ ਫਲ ਫੁੱਲ ਰੱਖ ਕੇ ਮਹਿੰਗਾਈ ਸਮੇਂ ਵੇਚ ਸਕਣ ਪਰ ਕਿਸਾਨਾਂ ਨੇ ਇਸ ਸਹੂਲਤ ਵੱਲ ਵੀ ਕੋਈ ਧਿਆਨ ਨਾ ਦਿੱਤਾ ਹਾਲਾਂਕਿ ਬਿਜਲੀ ਦੇ ਖਰਚੇ ਤੋਂ ਬਿਨਾਂ ਆਪਣਾ ਮਾਲ ਇਸ ਸਟੋਰ ਵਿੱਚ ਰੱਖਣ ਲਈ ਕਿਸਾਨਾਂ ਤੋਂ ਕਿਰਾਇਆ ਨਾ ਲੈਣ ਦੀ ਸਹੂਲਤ ਵੀ ਸੀ। ਅੰਤ ਰੇੜ੍ਹੀਆਂ ਫੜ੍ਹੀਆਂ ਅਤੇ ਦੁਕਾਨਾਂ ਵਾਲਿਆਂ ਨੇ ਹੀ ਮਾਲ ਖਰੀਦ ਕੇ ਇਸ ਸਟੋਰ ਵਿੱਚ ਰੱਖਣ ਦੀ ਸਹੂਲਤ ਤੋਂ ਲਾਭ ਉਠਾਇਆ।
ਉਂਝ, ਹਿੰਮਤੀ ਕਿਸਾਨਾਂ ਨਾਲ ਸਬੰਧਿਤ ਇੱਕ ਘਟਨਾ ਯਾਦ ਆ ਰਹੀ ਹੈ। ਮੇਰੇ ਜਿ਼ਲ੍ਹੇ ਦੇ ਪਿੰਡ ਗੋਸਲਾਂ ਦੇ ਕਿਸਾਨ ਟਰਾਲੀ ਵਿੱਚ ਫੁੱਲ ਗੋਭੀ ਲੱਦ ਕੇ ਬੰਗਾ ਮੰਡੀ ਲੈ ਗਏ। ਉੱਥੇ ਫੁੱਲ ਗੋਭੀ ਦਾ ਵੱਧ ਤੋਂ ਵੱਧ ਭਾਅ ਪੰਜ ਰੁਪਏ ਕਿਲੋ ਸੀ ਪਰ ਮੰਡੀ ਦੇ ਫੜ੍ਹਾਂ ਦੇ ਨਾਲ ਹੀ ਪਰਚੂਨ ਵਿੱਚ ਫੁੱਲ ਗੋਭੀ 20 ਰੁਪਏ ਕਿਲੋ ਵਿਕ ਰਹੀ ਸੀ। ਕਿਸਾਨਾਂ ਨੇ ਟਰਾਲੀ ਮੰਡੀ ਵਿੱਚੋਂ ਕੱਢ ਕੇ ਜਿੱਥੇ ਫਿਲੌਰ ਤੇ ਫਗਵਾੜੇ ਵੱਲ ਜਾਣ ਵਾਲੀਆਂ ਦੋ ਮੁੱਖ ਸੜਕਾਂ ਇਕੱਠੀਆਂ ਹੁੰਦੀਆਂ ਹਨ, ਉੱਥੇ ਲਿਆ ਕੇ ਖੜ੍ਹੀ ਕਰ ਦਿੱਤੀ ਤੇ ਫੁੱਲ ਗੋਭੀ ਦਸ ਰੁਪਏ ਕਿਲੋ ਵੇਚਣ ਦਾ ਐਲਾਨ ਕਰ ਦਿੱਤਾ। ਟਰਾਲੀ ਵਿੱਚ ਲੱਦੀ ਅੱਧੀ ਤੋਂ ਵੱਧ ਫੁੱਲ ਗੋਭੀ ਘੰਟੇ ਵਿੱਚ ਹੀ ਵਿਕ ਗਈ ਸੀ। ਉਨ੍ਹਾਂ ਝੱਟ ਦੂਜੀ ਟਰਾਲੀ ਮੰਗਵਾ ਲਈ। ਕਿਸਾਨਾਂ ਦੀ ਫੁੱਲ ਗੋਭੀ, ਬੰਦ ਗੋਭੀ ਤੇ ਮੂਲੀਆਂ ਧੜਾ-ਧੜ ਵਿਕ ਰਹੀਆਂ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ਸਿਖਲਾਈ ਲੈ ਕੇ ਕਈ ਕਿਸਾਨਾਂ ਨੇ ਆਪਣੀਆਂ ਖੇਤੀ ਜਿਣਸਾਂ ਤੋਂ ਅਚਾਰ, ਚਟਣੀ, ਜੈਮ, ਮੁਰੱਬੇ ਤੇ ਹੋਰ ਪਦਾਰਥ ਬਣਾ ਕੇ ਡੱਬੇ ਬੰਦ ਕਰ ਕੇ ਅਤੇ ਹੋਮ ਸਾਇੰਸ ਨਾਲ ਸਬੰਧਿਤ ਹੋਰ ਵਸਤਾਂ ਤਿਆਰ ਕਰ ਕੇ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ। ਖਪਤਕਾਰਾਂ ਨੇ ਭਾਰੀ ਦਿਲਚਸਪੀ ਦਿਖਾਈ। ਹੁਣ ਹਰ ਛੇ ਮਹੀਨੇ ਬਾਅਦ ਲੱਗਣ ਵਾਲੇ ਇਸ ਮੇਲੇ ਵਿੱਚ ਜਿੰਨਾ ਵੱਡਾ ਬਾਜ਼ਾਰ ਕਿਸਾਨਾਂ ਦਾ ਲੱਗਦਾ ਹੈ, ਇੰਨਾ ਵੱਡਾ ਤੇ ਸਾਫ ਸੁਥਰਾ ਬਾਜ਼ਾਰ ਕਿਤੇ ਨਹੀਂ ਦੇਖਿਆ। ਇਸ ਵਿਸ਼ਾਲ ਮੇਲੇ ਵਿੱਚ ਸਭ ਤੋਂ ਵੱਧ ਭੀੜ ਬੀਜ ਵਿਕਰੀ ਕੇਂਦਰਾਂ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਦੀਆਂ ਤਿਆਰ ਵਸਤਾਂ ਵਾਲੇ ਬਾਜ਼ਾਰ ਵਿੱਚ ਜੁੜਦੀ ਹੈ। ਦੋ ਦਿਨਾਂ ਵਿੱਚ ਆਪਣੀਆਂ ਵਸਤਾਂ ਤੋਂ ਕਿਸਾਨ ਬੀਬੀਆਂ ਤੇ ਕਿਸਾਨ ਲੱਖ ਰੁਪਏ ਕਮਾ ਕੇ ਵਾਪਸ ਮੁੜਦੇ ਹਨ। ਹੁਣ ਪੰਜਾਬ ਵਿੱਚ ਕਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਖੇਤਰੀ ਖੋਜ ਕੇਂਦਰਾਂ ਵਿੱਚ ਲੱਗਣ ਵਾਲੇ ਖੇਤੀ ਮੇਲਿਆਂ ਵਿੱਚ ਵੀ ਕਿਸਾਨ ਆਪਣੀ ਸਮੱਗਰੀ ਵੇਚ ਕੇ ਲਾਭ ਉਠਾ ਰਹੇ ਹਨ। ਆਮ ਕਿਸਾਨਾਂ ਨੂੰ ਇਹ ਮੇਲੇ ਦੇਖਣੇ ਚਾਹੀਦੇ ਹਨ ਅਤੇ ਆਪਣੀਆਂ ਖੇਤੀ ਜਿਣਸਾਂ ਤੇ ਇਨ੍ਹਾਂ ਜਿਣਸਾਂ ਤੋਂ ਤਿਆਰ ਪਦਾਰਥ ਵੇਚਣੇ ਚਾਹੀਦੇ ਹਨ।

Advertisement

*ਲੇਖਕ ਖੇਤੀ ਵਿਚ ਸੰਯੁਕਤ ਰਾਸ਼ਟਰ ਸੰਘ ਤੋਂ ਕੌਮਾਂਤਰੀ ਪੁਰਸਕਾਰ ਪ੍ਰਾਪਤ ਕਿਸਾਨ ਹੈ।
ਸੰਪਰਕ: 94632-33991

Advertisement
Advertisement