For the best experience, open
https://m.punjabitribuneonline.com
on your mobile browser.
Advertisement

ਸਾਂਝਾ ਸਿਵਲ ਕੋਡ ਲਾਗੂ ਕਰਨਾ ਭਾਜਪਾ ਦਾ ਏਜੰਡਾ: ਕਾਨੂੰਨ ਮੰਤਰੀ

06:38 AM Jun 12, 2024 IST
ਸਾਂਝਾ ਸਿਵਲ ਕੋਡ ਲਾਗੂ ਕਰਨਾ ਭਾਜਪਾ ਦਾ ਏਜੰਡਾ  ਕਾਨੂੰਨ ਮੰਤਰੀ
ਅਹੁਦਾ ਸੰਭਾਲਣ ਤੋਂ ਬਾਅਦ ਕੰਮ ’ਚ ਰੁੱਝੇ ਹੋਏ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋਆਂ: ਪੀਟੀਆਈ
Advertisement

* ਰਾਜ ਮੰਤਰੀ ਵਜੋਂ ਕਾਨੂੰਨ ਮੰਤਰਾਲੇ ਦਾ ਆਜ਼ਾਦ ਚਾਰਜ ਸੰਭਾਲਿਆ

Advertisement

ਨਵੀਂ ਦਿੱਲੀ, 11 ਜੂਨ
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕਰਨਾ ਸਰਕਾਰ ਦੇ ਏਜੰਡੇ ਵਿਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮੈਮੋਰੰਡਮ ਆਫ਼ ਪ੍ਰੋਸੀਜ਼ਰ- ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ, ਤਰੱਕੀ ਤੇ ਤਬਾਦਲੇ ਨਾਲ ਸਬੰਧਤ ਦਸਤਾਵੇਜ਼ਾਂ- ਨਾਲ ਜੁੜੇ ਮੁੱਦੇ ਦਾ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿਚ ਕਿਸੇ ਤਰ੍ਹਾਂ ਦਾ ਟਕਰਾਅ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
ਮੇਘਵਾਲ ਨੇ ਅੱਜ ਰਾਜ ਮੰਤਰੀ ਵਜੋਂ ਕਾਨੂੰਨ ਤੇ ਨਿਆਂ ਮੰਤਰਾਲੇ ਦਾ ਸੁਤੰਤਰ ਚਾਰਜ ਲੈਣ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ, ਹਾਈ ਕੋਰਟ ਜਾਂ ਸਾਡੇ ਮੰਤਰਾਲੇ ਜਾਂ ਫਿਰ ਅਧੀਨ ਕੋਰਟਾਂ ਵਿਚ... ਜਿੱਥੇ ਕਿਤੇ ਵੀ ਅਸਾਮੀਆਂ ਖਾਲੀ ਹੋਣਗੀਆਂ, ਅਸੀਂ ਉਸ ਨੂੰ ਛੇਤੀ ਤੋਂ ਛੇਤੀ ਭਰਨ ਦੀ ਕੋਸ਼ਿਸ਼ ਕਰਾਂਗੇ। ਇਕੋ ਵੇਲੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਕਰਵਾਉਣ ਦੇ ਮੁੱਦੇ ’ਤੇ ਮੇਘਵਾਲ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਆਪਣੀ ਰਿਪੋਰਟ ਸੌਂਪ ਚੁੱਕੀ ਹੈ ਤੇ ਅਸੀਂ ਇਸ ਰਿਪੋਰਟ ਬਾਰੇ ਬਾਅਦ ਵਿਚ ਦੱਸਾਂਗੇ। ਉਨ੍ਹਾਂ ਕਿਹਾ ਕਿ ਕਾਨੂੰਨ ਕਮਿਸ਼ਨ ਵੀ ਇਸ ਵਿਸ਼ੇ ’ਤੇ ਕੰਮ ਕਰ ਰਿਹਾ ਹੈ। ਇਕਸਾਰ ਸਿਵਲ ਕੋਡ ਦੀ ਗੱਲ ਕਰਦਿਆਂ ਮੇਘਵਾਲ ਨੇ ਕਿਹਾ ਕਿ ਇਹ ਸਰਕਾਰ ਦੇ ਏਜੰਡੇ ਦਾ ਹਿੱਸਾ ਸੀ। ਮੈਮੋਰੰਡਮ ਆਫ਼ ਪ੍ਰੋਸੀਜ਼ਰ ਬਾਰੇ ਸਵਾਲ ਦੇ ਜਵਾਬ ਵਿਚ ਮੇਘਵਾਲ ਨੇ ਕਿਹਾ ਕਿ ਇਹ ਮਸਲਾ ਬਕਾਇਆ ਹੈ ਤੇ ਸਰਕਾਰ ਨੇ ਇਸ ਬਾਰੇ ਸੁਪਰੀਮ ਕੋਰਟ ਕੌਲਿਜੀਅਮ ਨੂੰ ਲਿਖਿਆ ਹੈ। ਉਨ੍ਹਾਂ ਕਿਹਾ, ‘‘ਸਾਨੂੰ ਵਿਸ਼ਵਾਸ ਹੈ ਕਿ ਅਸੀਂ ਯਕੀਨੀ ਤੌਰ ’ਤੇ ਇਸ ਦਾ ਹੱਲ ਲੱਭ ਲਵਾਂਗੇ।’’ -ਪੀਟੀਆਈ

Advertisement

ਕਾਨੂੰਨ ਮੰਤਰਾਲੇ ਵੱਲੋਂ ਕੌਮੀ ਲਿਟੀਗੇਸ਼ਨ ਪਾਲਿਸੀ ਦਸਤਾਵੇਜ਼ ਨੂੰ ਪ੍ਰਵਾਨਗੀ

ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰਾਲੇ ਨੇ ਕੌਮੀ ਲਿਟੀਗੇਸ਼ਨ ਪਾਲਿਸੀ (ਕਾਨੂੰਨੀ ਕਾਰਵਾਈ ਨਾਲ ਜੁੜੀ ਕੌਮੀ ਨੀਤੀ) ਬਾਰੇ ਦਸਤਾਵੇਜ਼ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਨੀਤੀ ਦਾ ਮੁੱਖ ਮਕਸਦ ਬਕਾਇਆ ਕੇਸਾਂ ਦੇ ਨਿਬੇੜੇ ਵਿਚ ਤੇਜ਼ੀ ਲਿਆਉਣਾ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅਹੁਦੇ ਦਾ ਚਾਰਜ ਲੈਣ ਤੋਂ ਫੌਰੀ ਮਗਰੋਂ ਕੌਮੀ ਲਿਟੀਗੇਸ਼ਨ ਨੀਤੀ ‘ਦਸਤਾਵੇਜ਼’ ਉੱਤੇ ਸਹੀ ਪਾਈ। ਇਹ ਨੀਤੀ ਦਸਤਾਵੇਜ਼ ਹੁਣ ਅਗਲੇ ਦਿਨਾਂ ਵਿਚ ਪ੍ਰਵਾਨਗੀ ਲਈ ਕੇਂਦਰੀ ਕੈਬਨਿਟ ਵਿਚ ਰੱਖਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਇਹ ਪਾਲਿਸੀ ਮੋਦੀ ਸਰਕਾਰ 3.0 ਦੇ 100 ਦਿਨਾਂ ਦੇ ਏਜੰਡੇ ਵਿਚ ਸ਼ਾਮਲ ਹੈ।

ਅਤਿਵਾਦ, ਵਿਦਰੋਹ ਤੇ ਨਕਸਲਵਾਦ ਦੀ ਘੇਰਾਬੰਦੀ ਕਰਾਂਗੇ: ਸ਼ਾਹ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਵੀਂ ਸਰਕਾਰ ਭਾਰਤ ਦੀ ਸੁਰੱਖਿਆ ਲਈ ਆਪਣੇ ਯਤਨਾਂ ਨੂੰ ਅਗਲੇ ਪੱਧਰ ’ਤੇ ਲਿਜਾਵੇਗੀ ਅਤੇ ਅਤਿਵਾਦ, ਵਿਦਰੋਹ ਤੇ ਨਕਸਲਵਾਦ ਖਿਲਾਫ਼ ਭਾਰਤ ਸਖ਼ਤ ਘੇਰਾਬੰਦੀ ਕਰੇਗਾ। ਲਗਾਤਾਰ ਦੂਜੀ ਵਾਰ ਦੇਸ਼ ਦੇ ਗ੍ਰਹਿ ਮੰਤਰੀ ਵਜੋਂ ਚਾਰਜ ਲੈਣ ਵਾਲੇ ਸ਼ਾਹ (59) ਨੇ ਕਿਹਾ ਕਿ ਉਨ੍ਹਾਂ ਦੇ ਅਧੀਨ ਇਹ ਮੰਤਰਾਲਾ ਦੇਸ਼ ਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗਾ। ਸ਼ਾਹ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਮੈਂ ਅੱਜ ਮੁੜ ਗ੍ਰਹਿ ਮੰਤਰਾਲੇ ਦਾ ਚਾਰਜ ਲਿਆ ਹੈ। ਐੱਮਐੱਚਏ ਦੇਸ਼ ਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਮੋਦੀ 3.0 ਭਾਰਤ ਦੀ ਸੁਰੱਖਿਆ ਨੂੰ ਲੈ ਕੇ ਆਪਣੇ ਯਤਨਾਂ ਨੂੰ ਅਗਲੇ ਪੱਧਰ ’ਤੇ ਲੈ ਕੇ ਜਾਵੇਗੀ ਅਤੇ ਅਤਿਵਾਦ, ਵਿਦਰੋਹ ਤੇ ਨਕਸਲਵਾਦ ਖਿਲਾਫ਼ ਭਾਰਤ ਨੂੰ ਕਿਲੇ ਦੀ ਫ਼ਸੀਲ ਬਣਾਏਗੀ।’’ ਮੰਤਰਾਲੇ ਦਾ ਚਾਰਜ ਲੈਣ ਤੋਂ ਪਹਿਲਾਂ ਸ਼ਾਹ ਸ਼ਹਿਰ ਦੇ ਪੰਚਾਰੀਪੁਰੀ ਇਲਾਕੇ ਵਿਚ ਕੌਮੀ ਪੁਲੀਸ ਮੈਮੋਰੀਅਲ ’ਤੇ ਗਏ ਤੇ ਦੇਸ਼ ਦੀ ਸੇਵਾ ਕਰਦਿਆਂ ਜਾਨਾਂ ਵਾਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ ਲੋਕ ਸਭਾ ਹਲਕੇ ਤੋਂ ਆਪਣੇ ਨੇੜਲੇ ਵਿਰੋਧੀ ਨੂੰ 7.44 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਸ਼ਾਹ ਕੋਲ ਗ੍ਰਹਿ ਮੰਤਰਾਲੇ ਤੋਂ ਇਲਾਵਾ ਸਹਿਕਾਰਤਾ ਮੰਤਰਾਲੇ ਦਾ ਵੀ ਚਾਰਜ ਹੈ। -ਪੀਟੀਆਈ

Advertisement
Author Image

joginder kumar

View all posts

Advertisement