ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਵਾਸੀ ਕਾਵਿ

09:01 AM Oct 02, 2024 IST

ਘਰ ਉਦਾਸ ਹੈ

ਹਰਪਾਲ ਸਿੰਘ ਨਾਗਰਾ
Advertisement

ਘਰ ਬਹੁਤ ਉਦਾਸ ਹੈ
ਕੋਈ ਗੱਲ ਤਾਂ ਖਾਸ ਹੈ।
ਘਰ ਨੂੰ ਜਿੰਦਰੇ ਵੱਜੇ ਨੇ
ਚੁੱਪ ਸੰਨਾਟਾ ਖੱਬੇ ਸੱਜੇ ਨੇ।

ਘਰ ਖਾਲੀ-ਖਾਲੀ ਹੈ
ਕੋਈ ਨਹੀਂ ਵਾਲੀ ਹੈ।
ਇਕੱਠਾ ਰਹਿੰਦਾ ਪਰਿਵਾਰ ਸੀ
ਸਭ ਪਾਸੇ ਮੌਜ ਬਹਾਰ ਸੀ।

Advertisement

ਘਰ ’ਚ ਖੁਸ਼ੀਆਂ ਖੇੜੇ ਸੀ
ਰੌਣਕ ਚਾਰ ਚੁਫ਼ੇਰੇ ਸੀ।
ਹਰਿਆਲੀ ਫੁੱਲ ਬਥੇਰੇ ਸੀ
ਫੁੱਲਾਂ ਵਰਗੇ ਚਿਹਰੇ ਸੀ।

ਬਾਲਾਂ ਦੀ ਟੁਣਕਾਰ ਸੀ
ਬਜ਼ੁਰਗਾਂ ਨਾਲ ਸੰਸਾਰ ਸੀ।
ਜੀਆਂ ਨਾਲ ਹੀ ਘਰ ਹੈ
ਖੁੱਲ੍ਹਾ ਰਹਿੰਦਾ ਦਰ ਹੈ।
ਘਰ ਬਣਨਾ ਰਮਣੀਕ ਹੈ
ਜੀਆਂ ਦੀ ਉਡੀਕ ਹੈ।

ਘਰ ਸੱਦੇ ਘਰ ਆਓ
ਰੌਣਕ ਫਿਰ ਲਗਾਓ।
ਹਾਲੇ ਘਰ ਉਦਾਸ ਹੈ
ਕੋਈ ਗੱਲ ਤਾਂ ਖਾਸ ਹੈ।

ਲੋਕ ਮਨਾਂ ਦੀ ਜੇਤੂ

ਹੱਕ ਸੱਚ ਇਨਸਾਫ਼ ਦਬਾਉਂਦੇ
ਜਾਬਰ ਟੋਲੇ ਪਾਏ ਘੇਰੇ ਨੇ।
ਜਬਰ ਜ਼ੁਲਮ ਤੇ ਸਾਜ਼ਿਸ਼ੀ ਚਾਲਾਂ
ਹੋ ਰਹੀਆਂ ਚਾਰ ਚੁਫ਼ੇਰੇ ਨੇ।

ਗ੍ਰਾਮਾਂ ਵਾਲੀ ਖੇਡ, ਖੇਡ ਕੇ
ਖਾਹਿਸ਼ਾਂ ਨੂੰ ਦਫ਼ਨਾਇਆ।
ਦੇਸ਼ ਧ੍ਰੋਹੀ ਬਣ ਬੈਠੇ ਨੇ
ਜਿਨ੍ਹਾਂ ਜਾਲ ਵਿਛਾਇਆ।
ਬੇਈਮਾਨ ਤਾਂ ਬਹੁਤ ਨੇ ਵੇਖੇ
ਐਨਾ ਵੀ ਕੋਈ ਹੋ ਨਹੀਂ ਸਕਦਾ।
ਬਾਹੂ-ਬਲ ’ਤੇ ਜਿੱਤਿਆ ਮੈਡਲ
ਇੱਦਾਂ ਵੀ ਕੋਈ ਖੋਹ ਨਹੀਂ ਸਕਦਾ।
ਤੂੰ ਸੱਤਾ ਦੇ ਸਾਹਵੇਂ ਖੜ੍ਹ ਗਈ
ਤੇ ਡਟ ਕੇ ਲੜੀ ਲੜਾਈ।
ਜਾਬਰ ਨੂੰ ਤੂੰ ਪਾਈ ਭਾਜੜ
ਤੂੰ ਹੈਂ ਇਨਸਾਫ਼ ਦੀ ਜਾਈ।

ਸੰਘਰਸ਼ ਤੇਰਾ ਹੈ ਨਾਇਕਾਂ ਵਾਲਾ
ਤੇਰਾ ਨਾਮ ਲੋਕਾਂ ਨੇ ਦੱਸਦੇ ਰਹਿਣਾ।
ਤੂੰ ਹੈਂ ਲੋਕ ਮਨਾਂ ਦੀ ਜੇਤੂ ਧੀਏ
ਲੋਕ ਮਨਾਂ ਵਿੱਚ ਵੱਸਦੇ ਰਹਿਣਾ।
ਸੰਪਰਕ: 9878725122 (ਵਟਸਐਪ)

ਗ਼ਜ਼ਲ

ਸ਼ੇਰ ਸਿੰਘ ਕੰਵਲ
ਕਦੇ ਕਦੇ ਤਾਂ ਆਇਆ ਕਰ
ਆ ਕੇ ਮਿਲ-ਗਿਲ ਜਾਇਆ ਕਰ।
ਉਦਾਸ ਜਿਹਾ ਹੋ ਜਾਂਦੈ ਦਿਲ
ਇਸ ਨੂੰ ਆ ਵਰਚਾਇਆ ਕਰ।

ਔੜ ਜਿਹੀ ਲੱਗ ਜਾਂਦੀ ਹੈ
ਬੱਦਲੀਏ ਛਹਿਬਰ ਲਾਇਆ ਕਰ।
ਝਾਕੇ ਚੰਨ ਜਿਓਂ ਬੱਦਲਾਂ ’ਚੋਂ
ਏਸ ਤਰ੍ਹਾਂ ਮੁਸਕਰਾਇਆ ਕਰ।
ਸੁੰਨਾ ਜੰਗਲ ਅਰਜ਼ ਕਰੇ
ਨਦੀਏ ਗੀਤ ਸੁਣਾਇਆ ਕਰ।

ਤਨ ਝਾਂਬਾ ਰੂਹ ਨੂੰ ਕਾਂਬਾ
ਵਿੱਛੜ ਕੇ ਨਾ ਲਾਇਆ ਕਰ।
ਰੋਣ-ਧੋਣ ਹੈ ਚਹੁੰ ਪਾਸੀਂ
ਹੱਸਿਆ ਅਤੇ ਹਸਾਇਆ ਕਰ।
ਚੁੱਪ ਦਾ ਜਿੰਦਰਾ ਬਣਿਆ ਹਾਂ
ਤੂੰ ਚਾਬੀ ਬਣ ਜਾਇਆ ਕਰ।
ਦਿਲ ਦੇ ਵਿੱਚ ਰੱਬ ਵਸਦਾ ਹੈ
ਇਹ ਮੰਦਰ ਨਾ ਢਾਇਆ ਕਰ।
ਸੰਪਰਕ: 001-602-482-2276

ਸੁਣ ਮਿੱਟੀਏ

ਹਰਮਨਪ੍ਰੀਤ ਸਿੰਘ ਮਾਨ

ਸੁਣ ਮਿੱਟੀਏ ਦੇਸ਼ ਪੰਜਾਬ ਦੀਏ
ਤੈਨੂੰ ਚੁੰਮ ਮੱਥੇ ਨਾਲ ਲਾਵਾਂ ਮੈਂ
ਰਾਤੋਂ ਦਿਨ ਨਾ ਚੜ੍ਹੇ ਉੱਡ ਵਤਨਾਂ ਨੂੰ ਜਾਵਾਂ ਮੈਂ।
ਵਿੱਚ ਮਜਬੂਰੀਆਂ ਦੇ ਅਸੀਂ ਹੋਏ ਪਰਦੇਸੀ
ਜਦੋਂ ਜਾਵਾਂ, ਭੱਜ ਗਲ਼ ਲਾਵਾਂ ਮੈਂ।

ਲੱਭੇ ਨਾ ਕੋਈ ਪਰਦੇਸ ’ਚ ਆਪਣਾ
ਕਿਹਨੂੰ ਦਿਲ ਦਾ ਦਰਦ ਸੁਣਾਵਾਂ ਮੈਂ।
ਸੁੰਨੀਆਂ ਉਡੀਕਣ ਪਿੰਡ ਦੀਆਂ ਗਲ਼ੀਆਂ
ਜਿੱਥੇ ਖੇਡਿਆ ਸੀ ਨਾਲ ਚਾਵਾਂ ਮੈਂ।
ਜਾਵਾਂਗੇ ਪਿੰਡ ਰਈਏ ਇੱਕ ਦਿਨ ‘ਮਾਨਾ’
ਇਹੀ ਸੋਚ ਕੇ ਵਕਤ ਲੰਘਾਵਾਂ ਮੈਂ।

ਰਿਸ਼ਤਿਆਂ ਦੀ ਤੰਦ

ਜਦ ਪੈਸਾ ਸਿਰ ਚੜ੍ਹ ਬੋਲੇ
ਫਿਰ ਰਿਸ਼ਤਿਆਂ ਦੀ ਤੰਦ ਡੋਲੇ।
ਇੱਥੇ ਕੌਣ ਕਿਸੇ ਨੂੰ ਬੋਲੇ
ਤੇ ਇੱਥੇ ਸੁਣਦਾ ਕੋਈ ਨਾ
ਝੂਠ ਬੋਲ ਕੇ ਜਿੱਤ ਜਾਂਦੇ
ਪਰ ਅੱਗੇ ਮਿਲਦੀ ਢੋਈ ਨਾ।

ਜਿਹਨੂੰ ਸੀਨੇ ਨਾਲ ਸੀ ਲਾਇਆ
ਉਸ ਨੇ ਚੱਕਰ ਈ ਐਸਾ ਚਲਾਇਆ
ਉਹਨੇ ਪਲਟ ਕੇ ਰੱਖਤੀ ਕਾਇਆ
ਜ਼ੋਰ ਚੱਲੇ ਕੋਈ ਨਾ।
ਝੂਠ ਬੋਲ ਕੇ ਜਿੱਤ ਜਾਂਦੇ
ਪਰ ਅੱਗੇ ਮਿਲਦੀ ਢੋਈ ਨਾ।

ਜਦੋਂ ਨਫ਼ਰਤ ਦਾ ਸੱਪ ਡੰਗਦਾ
ਬੰਦਾ ਪਾਣੀ ਵੀ ਨ੍ਹੀਂ ਮੰਗਦਾ।
ਫਿਰ ਬਿਗੁਲ ਜੰਗ ਦਾ ਵੱਜਦਾ
ਕਿਤੇ ਸ਼ਾਂਤੀ ਹੋਈ ਨਾ।
ਝੂਠ ਬੋਲ ਕੇ ਜਿੱਤ ਜਾਂਦੇ
ਪਰ ਅੱਗੇ ਮਿਲਦੀ ਢੋਈ ਨਾ।

‘ਮਾਨਾ’ ਕਾਹਤੋਂ ਝੋਰਾ ਲਾਇਆ
ਆਪੇ ਵੇਖੂ ਜਿਹਨੇ ਬਣਾਇਆ।
ਜਾ ਦੁਖੜਾ ਉਹਨੂੰ ਸੁਣਾਇਆ
ਕਦੇ ਉਦਾਸ ਹੋਈਂ ਨਾ।
ਝੂਠ ਬੋਲ ਕੇ ਜਿੱਤ ਜਾਂਦੇ
ਪਰ ਅੱਗੇ ਮਿਲਦੀ ਢੋਈ ਨਾ।
ਸੰਪਰਕ: 61 425 216 534

ਨਾ ਪੜ੍ਹਿਆ ਕਰ

ਸੁਖਚੈਨ ਸਿੰਘ

ਬਹੁਤੇ ਚਿਹਰੇ ਨਾ ਪੜ੍ਹਿਆ ਕਰ
ਉੱਡਦੇ ਬਾਜ਼ ਨਾ ਫੜਿਆ ਕਰ
ਕੋਈ ਕਿੱਦਾਂ, ਕੋਈ ਕਿੱਦਾਂ ਦਾ
ਐਵੇਂ ਨਾ ਕਲਮ ਨਾਲ ਲੜਿਆ ਕਰ।

ਕੋਈ ਉੱਤੋਂ ਸਾਫ਼ ਅੰਦਰੋਂ ਕਾਲਾ ਏ
ਜ਼ਿੰਦਗੀ ਵਿੱਚ ਘਾਲਾ ਮਾਲਾ ਏ
ਅਲਫਾਜ਼ ਥੋੜ੍ਹੇ ਜਿਹੇ ਘੜਿਆ ਕਰ
ਐਵੇਂ ਨਾ ਕਿਸੇ ਨਾਲ ਲੜਿਆ ਕਰ।

ਕੋਈ ਚਿਹਰਾ ਖਾਸ ਤੇ ਕੋਈ ਆਮ ਏ
ਸੁਖਚੈਨ, ਤੋਂ ਤਾਂ ਪਹਿਲਾਂ ਬਦਨਾਮ ਏ
ਅੰਦਰ ਬਿਨਾਂ ਪੁੱਛੇ ਨਾ ਵੜਿਆ ਕਰ
ਐਵੇਂ ਨਾ ਕਿਸੇ ਨਾਲ ਲੜਿਆ ਕਰ।
ਕੋਈ ਚਿਹਰਾ ਮੁਰਝਾਇਆ ਏ
ਕਿਸੇ ਨੇ ਹਾਸੜ ਪਾਇਆ ਏ
ਚੰਗੀ ਤਰ੍ਹਾਂ ਕਲਮ ਤੂੰ ਫੜਿਆ ਕਰ
ਐਵੇਂ ਨਾ ਕਿਸੇ ਨਾਲ ਲੜਿਆ ਕਰ।

ਮਜ਼ਾ ਹੀ ਕੁਝ ਹੋਰ ਸੀ!

ਪ੍ਰੀਤਪਾਲ ਸਿੰਘ ਮਿਰਜ਼ਾਪੁਰੀ

ਬਚਪਨ ਬਿਤਾਉਣ ਦਾ
ਤੇ ਜਵਾਨੀ ਵਿੱਚ ਪੈਰ ਪਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!
ਦੇਰ ਨਾਲ ਘਰ ਆਉਣ ਦਾ
ਤੇ ਬਹਾਨੇ ਬਣਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!

ਕੀ ਕੁਝ ਹੁੰਦਾ ਸੀ ਪਿੰਡ ਵਿੱਚ
ਕਿ ਪਹਿਲੇ ਹੀ ਮਿੰਟ ਵਿੱਚ ਢਹਿ ਗਿਆ ਮੈਂ
ਫਿਰ ਨਾਂ ਨਹੀਂ ਲਿਆ ਮੈਂ ਛਿੰਝ ਦਾ
ਫਿਰ ਬਾਂਦਰ-ਕੀਲਾ ਹੀ ਖੇਡਿਆ ਮੈਂ
ਤੇ ਮੈਂ ਕੈਪਟਨ ਬਣ ਗਿਆ ਸੀ ਪਿੰਡ ਦਾ
ਭੂਤਾਂ ਦੀਆਂ ਗੱਲਾਂ ਕਰਕੇ
ਤੇ ਨਿਆਣਿਆਂ ਨੂੰ ਡਰਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!

ਰੋਜ਼ ਦੇਰ ਨਾਲ ਉੱਠਣ ਦਾ
ਤੇ ਬਾਪੂ ਤੋਂ ਗਾਲ੍ਹਾਂ ਖਾਣ ਦਾ
ਮਜ਼ਾ ਹੀ ਕੁਝ ਹੋਰ ਸੀ!
ਗਰਮੀਆਂ ’ਚ ਛੱਤ ’ਤੇ ਸੌਣ ਲਈ
ਸ਼ਾਮੀਂ ਮੰਜੇ ਸੀ ਚੜ੍ਹਾਏ
ਅੱਧੀ ਕੁ ਰਾਤੀਂ ਮੀਂਹ ਆ ਗਿਆ
ਅੱਖਾਂ ਮਲਦਿਆਂ ਥੱਲੇ ਲਾਹੇ
ਅਗਲਿਆਂ ਦਾ ਟਰਾਲੀ ਪਿੱਛੇ
‘ਮੂਰਖਾ ਸੰਗਲ ਨਾ ਫੜ’ ਲਿਖਾਉਣ ਦਾ
ਤੇ ਸਾਡਾ ਫਿਰ ਓਸੇ ਹੀ ਸੰਗਲ ਨੂੰ
ਹੱਥ ਪਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!

ਇੱਕ ਬੁੜ੍ਹੇ ਤੋਂ ਖੂੰਡੀ ਖਾਧੀ
ਮਜ਼ਾਕ ਉਹਦਾ ਉਡਾ ਕੇ
ਖਾਧੇ ਬਹੁਤ ਮੈਂ ਪੀਪੇ ਵਾਲੇ ਬਿਸਕੁਟ
ਚਾਹ ਵਿੱਚ ਪਾ-ਪਾ ਕੇ
ਵਿਆਹ ਵਿੱਚ ਹਲਵਾਈ ਨਾਲ
ਲੱਡੂ ਵਟਾਉਣ ਦਾ
ਤੇ ਵਿੱਚੋਂ ਫਿਰ ਚੋਰੀ-ਚੋਰੀ ਖਾਣ ਦਾ
ਮਜ਼ਾ ਹੀ ਕੁਝ ਹੋਰ ਸੀ!

ਕਿਸੇ ਨੇ ਘਰ ਦਾ ਪਤਾ ਜੋ ਪੁੱਛਿਆ
ਆਏ ਅਸੀਂ ਉਹਨੂੰ ਘਰ ਪਹੁੰਚਾ ਕੇ
ਪਰ ਕਈ ਵਾਰੀ ਹੱਸੇ ਬਹੁਤ
ਉਹਨੂੰ ਪੁੱਠੇ ਰਸਤੇ ਪਾ ਕੇ
ਆਪੂੰ ਸ਼ਰਾਰਤ ਕਰਕੇ ਲੁਕ ਜਾਣ ਦਾ
ਤੇ ਦੂਜੇ ਨੂੰ ਪੀ.ਟੀ. ਮਾਸਟਰ ਤੋਂ ਫੈਂਟੀ ਲਗਾਉਣ ਦਾ
ਮਜ਼ਾ ਹੀ ਕੁਝ ਹੋਰ ਸੀ!

ਬਹੁਤ ਕੁਝ ਪਾਇਆ

ਕਈ ਵਾਰੀ ਹੱਸਿਆ ਮੈਂ ਕਈ ਕਈ ਵਾਰੀ ਰੋ ਪਿਆ
ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ
ਬੱਚੇ ਸਾਗ ਤੇ ਮੱਕੀ ਦੀ ਰੋਟੀ ਨਹੀਂ ਖਾਂਦੇ
ਤੇ ਸਾਨੂੰ ਕੋਈ ਫੈਂਸੀ ਚੀਜ਼ ਨਹੀਂ ਭਾਉਂਦੀ
ਬੱਚੇ ਚੰਗੀ ਪੰਜਾਬੀ ਨਹੀਂ ਬੋਲਦੇ
ਤੇ ਸਾਨੂੰ ਚੰਗੀ ਅੰਗਰੇਜ਼ੀ ਨਹੀਂ ਆਉਂਦੀ

ਕਈ ਵਾਰੀਂ ਸੋਚਦੇ ਹਾਂ ਯਾਰੋ ਇਹ ਕੀ ਹੋ ਗਿਆ
ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ
ਇੱਥੇ ਰਿਸ਼ਤੇ ਕਾਫ਼ੀ ਘੱਟ ਹਨ,
ਕੁਝ ਰਿਸ਼ਤੇ ਉੱਥੇ ਰਹਿ ਗਏ
ਕੁਝ ਰਿਸ਼ਤੇ ਇੱਥੇ ਖੋ ਗਏ
ਮਾਮੇ, ਚਾਚੇ, ਮਾਸੜ, ਫੁੱਫੜ
ਸਭ ਇੱਥੇ ਆ ਕੇ ਅੰਕਲ ਹੋ ਗਏ

ਨਾਮ ਤੱਕ ਬਦਲ ਗਏ
ਕ੍ਰਿਸ਼ਨਾਮੂਰਤੀ ਇੱਥੇ ਆ ਕੇ ਕ੍ਰਿਸ ਹੋ ਗਿਆ
ਬਹੁਤ ਕੁਝ ਪਾਇਆ ਅਸੀਂ ਬਹੁਤ ਕੁਝ ਖੋ ਗਿਆ
ਕਈ ਵਾਰ ਲੱਗਦਾ ਕਿ ਥੋੜ੍ਹਾ ਜਿਹਾ ਪਾਇਆ ਅਸੀਂ
ਬਹੁਤ ਕੁਝ ਖੋ ਗਿਆ।
ਸੰਪਰਕ: preetpal44@yahoo.com

Advertisement