‘ਪਲਾਸਟਿਕ ਮੁਕਤ ਆਪਣੀ ਮੰਡੀ’ ਮੁਹਿੰਮ ਤੋਂ ਫੌਰੀ ਬਾਅਦ ਫੜ੍ਹੀ ਵਾਲਿਆਂ ਨੇ ਫਿਰ ਖੋਲ੍ਹੀ ਮੋਮੀ ਲਿਫਾਫਿਆਂ ਦੀ ਪਟਾਰੀ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਜੁਲਾਈ
ਚੰਡੀਗੜ੍ਹ ਨੂੰ ਸਿੰਗਲ ਯੁੂਜ਼ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਨਗਰ ਨਿਗਮ ਵਲੋਂ ਛੇੜੀ ਗਈ ਮੁਹਿੰਮ ਤਹਿਤ ਅੱਜ ਇੱਥੇ ਸੈਕਟਰ 15 ਵਿੱਚ ਲੱਗਣ ਵਾਲੀ ਹਫ਼ਤਾਵਾਰੀ ‘ਆਪਣੀ ਮੰਡੀ’ ਵਿੱਚ ‘ਪਲਾਸਟਿਕ ਮੁਕਤ ਆਪਣੀ ਮੰਡੀ’ ਮੁਹਿੰਮ ਚਲਾਈ ਗਈ। ਇਸ ਮੌਕੇ ਇਲਾਕਾ ਕੌਂਲਸਰ ਸੌਰਭ ਜੋਸ਼ੀ, ਸਵੱਛ ਭਾਰਤ ਮਿਸ਼ਨ ਚੰਡੀਗੜ੍ਹ ਦੇ ਬਰਾਂਡ ਅੰਬੈਸਡਰ ਮਾਸਟਰ ਆਰਿਆਨ ਮਧੂ ਚਿਤਕਾਰਾ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਨੇ ਇਥੇ ਲੱਗਣ ਵਾਲੀ ਆਪਣੀ ਮੰਡੀ ਵਿੱਚ ਇਸ ਮੁਹਿੰਮ ਦੀ ਸ਼ੁਰੁੂਆਤ ਕੀਤੀ। ਇਸ ਮੁਹਿੰਮ ਦੌਰਾਨ ਸੈਕਟਰ 15 ਦੀ ਆਪਣੀ ਮੰਡੀ ਵਿਖੇ ਪਰਵੇਸ਼ ਕਰਨ ਵਾਲਿਆਂ ਥਾਵਾਂ ‘ਤੇ ਕੰਪੋਸਟੇਬਲ ਲਿਫਾਫਿਆਂ ਦੇ ਸਟਾਲ ਵੀ ਸਥਾਪਤ ਕੀਤੇ ਗਏ ਸਨ। ਇਸ ਮੌਕੇ ਨਗਰ ਨਿਗਮ ਦੀ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਫਲ ਤੇ ਸਬਜ਼ੀ ਵਿਕਰੇਤਾਵਾਂ ਅਤੇ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਮੰਡੀ ਵਿੱਚ ਫਲ ‘ਤੇ ਸਬਜ਼ੀ ਵਿਕਰੇਤਾਵਾਂ ਨੂੰ ਕੰਪੋਸਟੇਬਲ ਬੈਗ ਵੀ ਵੰਡੇ ਸਨ ਅਤੇ ਵਿਕਰੇਤਾਵਾਂ ‘ਤੇ ਉੱਥੇ ਆਉਣ ਵਾਲੇ ਨਾਗਰਿਕਾਂ ਨੂੰ ਸਿੰਗਲ ਯੂਜ ਪਲਾਸਟਿਕ ਦੇ ਨੁਕਸਾਨਦਾਇਕ ਪ੍ਰਭਾਵਾਂ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ। ਇਸ ਬਾਰੇ ਵਿੱਚ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਵਿੱਚ ਲੱਗਣ ਵਾਲੀ ਹਰ ਇੱਕ ਆਪਣੀ ਮੰਡੀ ਵਿੱਚ ਕੰਪੋਸਟੇਬਲ ਲਿਫਾਫੇ ਉਪਲੱਬਧ ਕਰਾਉਣ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਦੇ ਖਿਲਾਫ ਸਖਤੀ ਕੀਤੀ ਜਾਵੇਗੀ ਅਤੇ ਨਿਗਮ ਵਲੋਂ ਚਲਾਣ ਕੱਟਣ ਵਿੱਚ ਵੀ ਤੇਜੀ ਲਿਆਉਣ ਦਾ ਫ਼ੈਸਲਾ ਲਿਆ ਹੈ। ਪਰ ਦੇਖਣ ਵਿੱਚ ਆ ਰਿਹਾ ਹੈ ਕਿ ਇਸ ਮੁਹਿੰਮ ਦੇ ਬਾਵਜੂਦ ਸ਼ਹਿਰ ਵਿੱਚ ਫਲ ਅਤੇ ਸੱਬਜੀ ਵੇਚਣ ਵਾਲੇ ਰੇਹੜੀ ਫੜੀ ਵਾਲਿਆਂ ‘ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਉਹ ਬਿਨਾਂ ਕਿਸੇ ਕਾਰਵਾਈ ਦੇ ਡਰ ਤੋਂ ਧੜਲੇ ਨਾਲ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕਰ ਰਹੇ ਹਨ ਮੁਹਿੰਮ ਤੋਂ ਬਾਅਦ ਇਥੇ ਵੀ ਫਲ ‘ਤੇ ਸਬਜ਼ੀ ਵਿਕਰੇਤਾ ਮੁੜ ਤੋਂ ਪਾਬੰਦੀ ਸ਼ੁਦਾ ਲਿਫਾਫੇ ਵਰਤਦੇ ਦੇਖੇ ਗਏ।