ਅਨਪੜ੍ਹ ਪੜ੍ਹਿਆ ਲਿਖਿਆ
ਪ੍ਰਿੰਸੀਪਲ ਵਿਜੈ ਕੁਮਾਰ
ਅਸੀਂ ਸਾਰੇ ਭੈਣ ਭਰਾ ਜਦੋਂ ਇੱਕਠੇ ਹੁੰਦੇ ਹਾਂ, ਹਰੀਏ ਚਾਚੇ ਦੀ ਚਰਚਾ ਜ਼ਰੂਰ ਛਿੜਦੀ ਹੈ। ਉਸ ਦੀ ਸ਼ਖ਼ਸੀਅਤ ਗੁਣਾਂ ਅਤੇ ਔਗੁਣਾਂ ਦਾ ਸੁਮੇਲ ਸੀ। ਪਿੰਡ ਵਿਚ ਉਸ ਦੀ ਦੁਕਾਨ ਸਾਡੀ ਦੁਕਾਨ ਦੇ ਸਾਹਮਣੇ ਸੀ। ਦਿਨ ਵਿਚ ਚਾਰ ਪੰਜ ਵਾਰ ਉਸ ਦੀ ਦੁਕਾਨ ’ਤੇ ਕੁਝ ਨਾ ਕੁਝ ਲੈਣ ਲਈ ਅਸੀਂ ਜਾਂਦੇ ਰਹਿੰਦੇ ਸਾਂ। ਉਹ ਕੋਰਾ ਅਨਪੜ੍ਹ ਸੀ ਪਰ ਉਸ ਦਾ ਹਿਸਾਬ ਕਿਤਾਬ ਪੜ੍ਹਿਆਂ ਲਿਖਿਆਂ ਨੂੰ ਵੀ ਮਾਤ ਪਾਉਂਦਾ ਸੀ। ਸਾਨੂੰ ਬਹੁਤ ਸਮੇਂ ਬਾਅਦ ਪਤਾ ਲੱਗਾ ਕਿ ਉਹ ਤਾਂ ਕਦੇ ਸਕੂਲ ਵੀ ਨਹੀਂ ਗਿਆ ਸੀ। ਜਿ਼ਆਦਾ ਸ਼ਰਾਬ ਪੀਣਾ ਉਸ ਦੀ ਭੈੜੀ ਆਦਤ ਸੀ, ਸ਼ਾਇਦ ਇਸੇ ਲਈ ਉਸ ਦਾ ਵਿਆਹ ਨਹੀਂ ਸੀ ਹੋ ਸਕਿਆ। ਉਂਝ, ਉਹ ਕਦੇ ਕਿਸੇ ਨਾਲ ਲੜਿਆ ਝਗੜਿਆ ਨਹੀਂ ਸੀ। ਉਸ ਦਾ ਇੱਕ ਭਰਾ ਕਰਿਆਨੇ ਦੀ ਕਿਸੇ ਦੁਕਾਨ ’ਤੇ ਕੰਮ ਕਰਦਾ ਸੀ; ਦੂਜਾ ਛੋਟੀ ਜਿਹੀ ਦੁਕਾਨ ਕਰਦਾ ਸੀ। ਕਰਿਆਨੇ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਭਰਾ ਵੀ ਸ਼ਰਾਬ ਪੀਣ ਦਾ ਆਦੀ ਸੀ, ਉਸ ਦੀ ਆਰਥਿਕ ਹਾਲਤ ਗੁਜ਼ਾਰੇ ਜੋਗੀ ਹੀ ਸੀ। ਤਿੰਨੇ ਭਰਾ ਅੱਡ ਅੱਡ ਰਹਿੰਦੇ ਸਨ; ਹਰੀਆ ਚਾਚਾ ਆਪਣੀ ਮਾਂ ਨਾਲ ਰਹਿੰਦਾ ਸੀ। ਭਰਾਵਾਂ ਵਿਚਕਾਰ ਮਿਲਵਰਤਣ ਤਾਂ ਦੂਰ, ਆਪਸੀ ਬੋਲਚਾਲ ਵੀ ਘੱਟ ਵੱਧ ਹੀ ਸੀ।
ਹਰੀਏ ਚਾਚੇ ਦੀ ਦੁਕਾਨ ’ਤੇ ਨੰਦੂ ਨਾਂ ਦਾ ਨੌਕਰ ਸੀ ਜਿਸ ਨੂੰ ਅਸੀਂ ਬਚਪਨ ਤੋਂ ਉਸ ਦੁਕਾਨ ’ਤੇ ਕੰਮ ਕਰਦਿਆਂ ਦੇਖਦੇ ਹੁੰਦੇ ਸਾਂ। ਅਸੀਂ ਉਸ ਨੂੰ ਹਰੀਏ ਚਾਚੇ ਦਾ ਭਰਾ ਹੀ ਸਮਝਦੇ ਰਹੇ। ਸਾਨੂੰ ਉਸ ਦੇ ਨੌਕਰ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਉਹ ਉਸ ਦੀ ਦੁਕਾਨ ਛੱਡ ਕੇ ਘਰ ਬੈਠ ਗਿਆ ਸੀ। ਨੰਦੂ ਜਦੋਂ ਵੀ ਹਰੀਏ ਚਾਚੇ ਨੂੰ ਤਨਖਾਹ ਵਧਾਉਣ ਲਈ ਕਹਿੰਦਾ, ਉਹ ਇੱਕੋ ਗੱਲ ਕਹਿੰਦਾ, “ਭਾਈ ਨੰਦੂ, ਇਸ ਤੋਂ ਵੱਧ ਤਨਖਾਹ ਦੇਣ ਦੀ ਮੇਰੀ ਹਿੰਮਤ ਨਹੀਂ, ਜੇ ਤੈਨੂੰ ਹੋਰ ਕੋਈ ਇਸ ਤੋਂ ਵੱਧ ਤਨਖਾਹ ਦਿੰਦਾ, ਤਾਂ ਉੱਥੇ ਚਲਾ ਜਾ।” ਨੰਦੂ ਇੱਕ ਦੋ ਦਿਨ ਮੂੰਹ ਮੋਟਾ ਰੱਖਦਾ; ਜਿਸ ਦਿਨ ਉਸ ਦਾ ਗੁੱਸਾ ਉਤਰ ਜਾਂਦਾ, ਉਹ ਮੁੜ ਦੁਕਾਨ ’ਤੇ ਆ ਬਹਿੰਦਾ।
ਅਸਲ ਵਿਚ ਹਰੀਏ ਚਾਚੇ ਨੇ ਦੁਕਾਨ ਇੱਕ ਤਰ੍ਹਾਂ ਨਾਲ ਨੰਦੂ ਦੇ ਹਵਾਲੇ ਹੀ ਕੀਤੀ ਹੋਈ ਸੀ; ਆਪ ਤਾਂ ਉਹ ਘੱਟ ਵੱਧ ਹੀ ਦੁਕਾਨ ’ਤੇ ਬਹਿੰਦਾ ਸੀ। ਉਹ ਉੱਨੀ ਕਰੇ ਜਾਂ ਇੱਕੀ, ਚਾਚਾ ਕਦੇ ਨਹੀਂ ਸੀ ਪੁੱਛਦਾ। ਨੰਦੂ ਸਿਰੇ ਦਾ ਇਮਾਨਦਾਰ ਸੀ। ਨਾਲੇ ਚਾਚਾ ਤਨਖਾਹ ਤੋਂ ਇਲਾਵਾ ਵੀ ਉਸ ਨੂੰ ਰਸਦ ਪਾਣੀ ਦੇ ਦਿੰਦਾ ਸੀ। ਇੱਕ ਵਾਰ ਨੰਦੂ ਕਈ ਦਿਨਾਂ ਤੋਂ ਚਾਚੇ ਦੀ ਦੁਕਾਨ ’ਤੇ ਨਾ ਆਇਆ। ਚਾਚੇ ਨੂੰ ਸ਼ੱਕ ਪਿਆ ਕਿ ਉਹ ਕਿਤੇ ਹੋਰ ਨੌਕਰੀ ਲੱਗ ਗਿਆ ਹੈ। ਤੇ ਫਿਰ ਇੱਕ ਦਿਨ ਚਾਚਾ ਨੰਦੂ ਦੇ ਘਰ ਜਾ ਪਹੁੰਚਿਆ। ਉਹਨੇ ਕਿਸੇ ਦੁਕਾਨ ’ਤੇ ਨੌਕਰੀ ਤਾਂ ਨਹੀਂ ਕੀਤੀ ਸੀ ਪਰ ਉਹ ਕੁਝ ਹੋਰ ਕਰਨ ਦੀ ਜ਼ਰੂਰ ਸੋਚ ਰਿਹਾ ਸੀ। ਪੁੱਛਣ ’ਤੇ ਕਹਿੰਦਾ, “ਲਾਲਾ ਜੀ, ਬੱਚੇ ਛੋਟੇ ਸਨ ਤਾਂ ਸਰੀ ਜਾਦਾ ਸੀ। ਹੁਣ ਪੁੱਤ ਨੇ ਪੋਲਟਿੈਕਨੀਕਲ ਕਾਲਜ ਵਿਚ ਦਾਖਲਾ ਲੈਣਾ। ਦਾਖਲਾ ਤਾਂ ਚਲੋ ਕਿਸੇ ਨਾ ਕਿਸੇ ਤਰੀਕੇ ਕਰਵਾ ਦਿਆਂਗਾ ਪਰ ਅਗਲੇ ਖਰਚੇ ਦੇ ਪ੍ਰਬੰਧ ਲਈ ਮੈਨੂੰ ਕੁਝ ਹੋਰ ਕਰਨਾ ਪੈਣਾ। ਤੁਹਾਡੀ ਨੌਕਰੀ ਨਾਲ ਨਹੀਂ ਸਰਨਾ ਹੁਣ।” ਚਾਚੇ ਨੇ ਨੰਦੂ ਨੂੰ ਜੋ ਜਵਾਬ ਦਿੱਤਾ, ਉਸ ਨੇ ਨੰਦੂ ਦੀਆਂ ਅੱਖਾਂ `ਚ ਹੰਝੂ ਲਿਆ ਦਿੱਤੇ। ਚਾਚੇ ਨੇ ਕਿਹਾ ਸੀ, “ਨੰਦੂ ਭਾਈ, ਜਿ਼ੰਦਗੀ `ਚ ਨਾ ਤੂੰ ਪੜ੍ਹ ਸਕਿਆ, ਨਾ ਈ ਮੈਂ। ਮੈਨੂੰ ਤਾਂ ਪੜ੍ਹਾਈ ਦੀ ਕੀਮਤ ਹੀ ਹੁਣ ਸਮਝ ਆਈ ਆ। ਮੈਂ ਨਾ ਧੀ ਵਿਆਹੁਣੀ, ਨਾ ਨੂੰਹ ਤੋਰਨੀ। ਜੇ ਮੇਰੀ ਕਮਾਈ ਨਾਲ ਕੋਈ ਬੱਚਾ ਪੜ੍ਹ ਜਾਵੇ ਤਾਂ ਇਸ ਤੋਂ ਵੱਧ ਨੇਕ ਕੰਮ ਕਿਹੜਾ ਹੋ ਸਕਦਾ? ਮੇਰਾ ਅਗਲਾ ਜਨਮ ਵੀ ਸੁਧਰ ਜਾਊ। ਆਹ ਚੁੱਕ ਪੈਸੇ, ਤੂੰ ਮੁੰਡੇ ਨੂੰ ਦਾਖਲ ਕਰਾ ਕੇ ਆ। ਰਹੀ ਪੜ੍ਹਾਈ ਦੇ ਖਰਚੇ ਦੀ ਗੱਲ, ਉਹ ਮੇਰੀ ਜਿ਼ੰਮੇਵਾਰੀ।”
ਨੰਦੂ ਦੇ ਪੁੱਤਰ ਦੀ ਪੜ੍ਹਾਈ ਦਾ ਅਜੇ ਇੱਕ ਸਾਲ ਹੀ ਗੁਜ਼ਰਿਆ ਸੀ, ਨੰਦੂ ਕਿਸੇ ਭਿਆਨਕ ਬਿਮਾਰੀ ਦਾ ਸਿ਼ਕਾਰ ਹੋ ਗਿਆ। ਮੰਜੇ ਨਾਲ ਲੱਗਣ ਕਾਰਨ ਦੁਕਾਨ ’ਤੇ ਜਾਣਾ ਬੰਦ ਹੋ ਗਿਆ। ਨੰਦੂ ਦੇ ਪਰਿਵਾਰ ਨੂੰ ਲੱਗਣ ਲੱਗਾ ਕਿ ਹੁਣ ਮੁੰਡੇ ਦੀ ਪੜ੍ਹਾਈ ਛੁੱਟ ਜਾਣੀ ਹੈ ਪਰ ਚਾਚਾ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟਿਆ। ਉਹਨੇ ਮੁੰਡੇ ਦੀ ਪੜ੍ਹਾਈ ਹੀ ਪੂਰੀ ਨਹੀਂ ਕਰਵਾਈ ਸਗੋਂ ਨੰਦੂ ਦੀ ਬਿਮਾਰੀ ’ਤੇ ਵੀ ਪੂਰਾ ਖਰਚਾ ਕੀਤਾ। ਵਕਫ਼ੇ ਬਾਅਦ ਨੰਦੂ ਵੀ ਤੰਦਰੁਸਤ ਹੋ ਕੇ ਚਾਚੇ ਦੀ ਦੁਕਾਨ ’ਤੇ ਕੰਮ ਕਰਨ ਲੱਗ ਪਿਆ। ਮੁੰਡਾ ਪੜ੍ਹਾਈ ਪੂਰੀ ਕਰ ਕੇ ਨੌਕਰੀ ’ਤੇ ਵੀ ਲੱਗ ਗਿਆ।
ਚਾਚੇ ਦਾ ਜਿਹੜਾ ਭਰਾ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦਾ ਸੀ, ਉਸ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਉਸ ਦੀ ਸਭ ਤੋਂ ਵੱਡੀ ਕੁੜੀ ਪੜ੍ਹਨ ਵਿਚ ਕਾਫੀ ਹੁਸਿ਼ਆਰ ਸੀ। ਉਸ ਨੇ ਉਸ ਨੂੰ ਔਖੇ ਸੌਖੇ ਕਾਲਜ ਵਿਚ ਬੀਐੱਸਈ ਤਾਂ ਕਰਾ ਦਿੱਤੀ ਪਰ ਕੁੜੀ ਹੁਣ ਐੱਮਐੱਸਸੀ ਲਈ ਯੂਨੀਵਰਸਿਟੀ ਪੜ੍ਹਨਾ ਚਾਹੁੰਦੀ ਸੀ ਅਤੇ ਉੱਥੇ ਹੋਸਟਲ ਵਿਚ ਰਹਿਣਾ ਪੈਣਾ ਸੀ। ਉਸ ਦਾ ਪਿਓ ਉਸ ਨੂੰ ਪੱਤਰ ਵਿਹਾਰ ਰਾਹੀਂ ਕਿਸੇ ਹੋਰ ਵਿਸ਼ੇ ਵਿਚ ਐੱਮਏ ਕਰਨ ਦੀ ਸਲਾਹ ਦੇ ਰਿਹਾ ਸੀ। ਕੁੜੀ ਦੇ ਜਿ਼ੱਦ ਕਰਨ ’ਤੇ ਪਿਓ ਬੈਂਕ ਤੋਂ ਕਰਜ਼ਾ ਲੈਣ ਦੀ ਸਲਾਹ ਬਣਾ ਰਿਹਾ ਸੀ। ਚਾਚੇ ਨੂੰ ਕਹਿਣ ਦੀ ਹਿੰਮਤ ਨਾ ਪਵੇ ਕਿਉਂਕਿ ਚਾਚੇ ਦੀਆਂ ਦੋਹਾਂ ਭਰਜਾਈਆਂ ਨੇ ਤਾਂ ਉਸ ਨੂੰ ਕਦੇ ਰੋਟੀ ਲਈ ਵੀ ਨਹੀਂ ਸੀ ਪੁੱਛਿਆ। ਜਦੋਂ ਇਹ ਗੱਲ ਚਾਚੇ ਦੇ ਕੰਨੀਂ ਪਈ ਉਸ ਨੇ ਆਪਣੀ ਭਰਜਾਈ ਨੂੰ ਬੁਲਾ ਕੇ ਕਿਹਾ, “ਅਸੀਂ ਤਿੰਨੇ ਭਰਾ ਤਾਂ ਪੜ੍ਹ ਨਹੀਂ ਸਕੇ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ, ਉਨ੍ਹਾਂ ਨੂੰ ਅਸੀਂ ਰੋਕ ਰਹੇ ਹਾਂ। ਸਾਡੇ ਘਰ `ਚੋਂ ਪਹਿਲੀ ਕੁੜੀ ਯੂਨੀਵਰਸਿਟੀ ਜਾ ਰਹੀ ਹੈ, ਮੈਂ ਵੀ ਤਾਂ ਇਹਦਾ ਕੁਝ ਲੱਗਦਾਂ। ਤੁਸੀਂ ਕੁੜੀ ਨੂੰ ਪੜ੍ਹਨ ਭੇਜੋ, ਸਾਰਾ ਖਰਚਾ ਮੈਂ ਦਿਆਂਗਾ।” ਚਾਚੇ ਦੀਆਂ ਗੱਲਾਂ ਸੁਣ ਕੇ ਉਸ ਦੀ ਭਰਜਾਈ ਆਪਣੀਆਂ ਅੱਖਾਂ `ਚ ਹੰਝੂ ਭਰਨ ਤੋਂ ਸਿਵਾਇ ਕੁਝ ਵੀ ਨਾ ਬੋਲ ਸਕੀ। ਕੁੜੀ ਨੇ ਵੀ ਮਿਹਨਤ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਯੂਨੀਵਰਸਿਟੀ ’ਚੋਂ ਅਵਲ ਰਹੀ। ਫਿਰ ਅਧਿਆਪਕਾਂ ਦੇ ਕਹਿਣ ’ਤੇ ਐੱਮਫਿਲ ਵੀ ਕਰ ਲਈ। ਯੂਨੀਵਰਸਿਟੀ ’ਚੋਂ ਨਿਕਲਦਿਆਂ ਹੀ ਕਾਲਜ ਵਿਚ ਨੌਕਰੀ ਮਿਲ ਗਈ। ਅਫਸਰ ਮੁੰਡੇ ਨਾਲ ਵਿਆਹੀ ਗਈ। ਕੁੜੀ ਵਿਆਹ ਤੋਂ ਬਾਅਦ ਆਪਣੇ ਮਾਂ ਬਾਪ ਕੋਲ ਘੱਟ, ਆਪਣੇ ਚਾਚੇ ਕੋਲ ਜਿ਼ਆਦਾ ਰਹਿੰਦੀ ਸੀ।
ਫਿਰ ਇੱਕ ਦਿਨ ਚਾਚਾ ਇਸ ਦੁਨੀਆ ਤੋਂ ਤੁਰ ਗਿਆ। ਉਸ ਦੀ ਦੁਕਾਨ ਬੰਦ ਹੋ ਗਈ। ਨੰਦੂ ਨੇ ਮੁੜ ਕਿਸੇ ਦੁਕਾਨ ’ਤੇ ਨੌਕਰੀ ਨਹੀਂ ਕੀਤੀ।
ਸੰਪਰਕ: 98726-27136