ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 7 ਜੂਨ
ਕੌਮੀ ਮਾਰਗ ’ਤੇ ਸਥਿਤ ਪੰਚਾਇਤ ਸਮਿਤੀ ਭੋਗਪੁਰ ਦੀ ਜਗ੍ਹਾ ਉਪਰ ਬਣੀ ਸਿਵਲ ਡਿਸਪੈਂਸਰੀ ਦੀ ਥਾਂ ’ਤੇ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਕਬਜ਼ੇ ਹੋ ਰਹੇ ਹਨ ਅਤੇ ਕਈ ਖੋਖਿਆਂ ਦੇ ਮਾਲਕ ਜਗ੍ਹਾ ਦਾ ਕਿਰਾਇਆ ਦੇਣ ਤੋਂ ਵੀ ਇਨਕਾਰੀ ਹਨ। ਉਥੇ ਹੀ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ। ਗੌਰਤਲਬ ਹੈ ਕਿ ਪੰਚਾਇਤ ਸਮਿਤੀ ਭੋਗਪੁਰ ਨੇ 1981-82 ਵਿੱਚ ਸਿਵਲ ਡਿਸਪੈਂਸਰੀ ਭੋਗਪੁਰ ਦੀ ਦੱਖਣ ਅਤੇ ਪੱਛਮ ਦਿਸ਼ਾ ਵਾਲੇ ਪਾਸੇ ਜਗ੍ਹਾ ਅਲਾਟ ਕਰ ਕੇ ਕਿਰਾਏਦਾਰਾਂ ਨਾਲ ਇਕਰਾਰਨਾਮਾ ਕਰ ਕੇ ਖੋਖੇ ਰਖਾਏ ਸਨ ਪਰ ਖੋਖਿਆਂ ਦੇ ਮਾਲਕਾਂ ’ਚੋਂ ਕੁਝ ਨੇ ਖੋਖਿਆਂ ਦੇ ਪਿੱਛੇ ਚੋਰੀ ਛਿਪੇ ਸਿਵਲ ਡਿਸਪੈਂਸਰੀ ਦੀ ਹੋਰ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰ ਕੇ ਦੁਕਾਨਾਂ ਬਣਾ ਲਈਆਂ ਅਤੇ ਕੁਝ ਖੋਖਿਆਂ ਵਾਲਿਆਂ ਨੇ ਤਾਂ ਕਿਰਾਇਆ ਦੇਣਾ ਵੀ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਕਈਆਂ ਨੇ ਚੰਗੇ ਪੈਸੇ ਲੈ ਕੇ ਆਪਣੇ ਖੋਖੇ ਹੋਰਾਂ ਨੂੰ ਵੇਚ ਦਿੱਤੇ। ਜਾਣਕਾਰੀ ਅਨੁਸਾਰ ਖੋਖਿਆਂ ਦੇ ਮਾਲਕਾਂ ਵੱਲ 85 ਲੱਖ ਰੁਪਏ ਬਕਾਇਆ ਹੈ। ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ ਨੇ ਇਸ ਗੋਰਖਧੰਦੇ ਨੂੰ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੇ ਸਾਹਮਣੇ ਨਸ਼ਰ ਕੀਤਾ ਹੈ।
ਖੋਖਿਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ: ਅਧਿਕਾਰੀ
ਬੀਡੀਪੀਓ ਸੁਖਪ੍ਰੀਤ ਸਿੰਘ ਅਤੇ ਪੰਚਾਇਤ ਅਫਸਰ ਗੁਰਮੁਖ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੋਖਿਆਂ ਦੇ ਮਾਲਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਅਤੇ ਜਿਹੜੇ ਕਿਰਾਇਆ ਨਹੀਂ ਦੇ ਰਹੇ, ਉਨ੍ਹਾਂ ਵਿਰੁੱਧ ਤਿੰਨ ਨੋਟਿਸ ਜਾਰੀ ਕਰ ਦਿੱਤੇ ਹਨ। ਜੇਕਰ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਖੋਖਿਆਂ ਦੇ ਮਾਲਕਾਂ ਨੇ ਪਿਛਲੇ ਦਿਨੀਂ ਟੈਕਸ ਕੁਲੈਕਟਰ ਅਨਿਲ ਕੁਮਾਰ ਨਾਲ ਬਦਤਮੀਜੀ ਕੀਤੀ ਸੀ, ਉਨ੍ਹਾਂ ਵਿਰੁੱਧ ਥਾਣਾ ਭੋਗਪੁਰ ਵਿੱਚ ਕੇਸ ਦਰਜ ਕਰਵਾਇਆ ਜਾ ਰਿਹਾ ਹੈ। ਸ੍ਰੀ ਸੁਖਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਸਖ਼ਤ ਕਾਰਵਾਈ ਕਰਕੇ ਅੱਧੇ ਤੋਂ ਜ਼ਿਆਦਾ ਕਿਰਾਇਆ ਹਾਸਲ ਕੀਤਾ ਹੈ ਅਤੇ ਬਾਕੀ ਰਹਿੰਦਾ ਲੈਣ ਲਈ ਵੀ ਕਾਨੂੰਨੀ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ।