ਸਰਦੂਲਗੜ੍ਹ ’ਚ ਸ਼ਰ੍ਹੇਆਮ ਵਿਕ ਰਹੀ ਹੈ ਨਾਜਾਇਜ਼ ਸ਼ਰਾਬ
ਬਲਜੀਤ ਸਿੰਘ
ਸਰਦੂਲਗੜ੍ਹ, 28 ਜੁਲਾਈ
ਹਲਕਾ ਸਰਦੂਲਗੜ੍ਹ ਵਿੱਚ ਸ਼ਰਾਬ ਦੇ ਠੇਕੇਦਾਰ ਸਬੰਧਤ ਮਹਿਕਮੇ ਨਾਲ ਕਥਿਤ ਮਿਲੀਭੁਗਤ ਕਰ ਕੇ ਠੇਕਾ ਮਾਰਕਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਜ਼ੋਰਾਂ ’ਤੇ ਚਲਾ ਰਹੇ ਹਨ। ਸਰਦੂਲਗੜ੍ਹ-ਝੁਨੀਰ ਵਿੱਚ ਸਬੰਧਤ ਵਿਭਾਗ ਵੱਲੋਂ ਮਨਜ਼ੂਰ ਸ਼ਰਾਬ ਦੇ ਠੇਕਿਆਂ ਤੋਂ ਦੁੱਗਣੇ ਠੇਕੇ ਦੋ ਨੰਬਰ ’ਚ ਚੱਲ ਰਹੇ ਹਨ।
ਐਕਸਾਈਜ਼ ਵਿਭਾਗ ਤੋਂ ਮੰਗੀ ਗਈ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਸ਼ਹਿਰ ਵਿੱਚ ਟਰੱਕ ਯੂਨੀਅਨ ਕੋਲ, ਬੱਸ ਅੱਡੇ ਕੋਲ ਅਤੇ ਸਰਸਾ ਕੈਂਚੀਆਂ ਤੇ ਸਿਰਫ਼ ਤਿੰਨ ਹੀ ਠੇਕੇ ਸਬੰਧਤ ਮਹਿਕਮੇ ਤੋਂ ਮਨਜ਼ੂਰ ਹਨ ਜਦਕਿ ਸਰਦੂਲਗੜ੍ਹ ਸ਼ਹਿਰ ਵਿੱਚ ਚੱਲ ਰਹੇ ਸ਼ਰਾਬ ਦੇ ਛੇ ਠੇਕਿਆਂ ਚੋਂ ਘੱਗਰ ਦੇ ਪੁਲ ਕੋਲ, ਖੈਰਾ ਕੈਚੀਆਂ ਅਤੇ ਵਾਰਡ ਨੰਬਰ 6 ਵਿੱਚ ਖੋਲ੍ਹਿਆ ਗਿਆ ਠੇਕਾ ਨਾਜਾਇਜ਼ ਤੌਰ ’ਤੇ ਚੱਲ ਰਹੇ ਹਨ।
ਇਸੇ ਤਰ੍ਹਾਂ ਹੀ ਕਸਬਾ ਝੁਨੀਰ ਵਿੱਚ ਦੋ ਮਨਜ਼ੂਰਸ਼ੁਦਾ ਠੇਕੇ ਹਨ ਜਦਕਿ ਝੁਨੀਰ ਵਿੱਚ ਤਿੰਨ ਠੇਕੇ ਚੱਲ ਰਹੇ ਹਨ। ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਵੀ ਸ਼ਰ੍ਹੇਆਮ ਨਾਜਾਇਜ਼ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਨਾਜਾਇਜ਼ ਡੱਬੇ ਧਰ ਕੇ ਵੇਚੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਖਵਿੰਦਰ ਸਿੰਘ ਭੋਲਾ ਮਾਨ ਦਾ ਕਹਿਣਾ ਹੈ ਕਿ ਇਹ ਠੇਕੇ ਅੱਜ ਤੋ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਐਕਸਾਈਜ਼ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਹਲਕੇ ’ਚ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਮਨਜੂਰੀ ਤੋਂ ਬਨਿਾਂ ਸ਼ਰਾਬ ਵੇਚਣ ਵਾਲੇ ਠੇਕੇਦਾਰ ਤੇ ਕਰਿੰਦਿਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।
ਈਟੀਓ ਮਾਨਸਾ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਾਂਚ ਕਰਵਾਉਣਗੇ ਤੇ ਜੇਕਰ ਨਾਜਾਇਜ਼ ਠੇਕੇ ਚੱਲ ਰਹੇ ਹਨ ਤਾਂ ਉਹ ਬੰਦ ਕਰਵਾ ਦਿੱਤੇ ਜਾਣਗੇ।
ਮਾਮਲੇ ਸਬੰਧੀ ਡੀਐੱਸਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਇਹ ਐਕਸਾਈਜ਼ ਵਿਭਾਗ ਦਾ ਕੰਮ ਹੈ। ਜੇਕਰ ਉਹ ਪੁਲੀਸ ਨੂੰ ਨਾਜਾਇਜ਼ ਠੇਕੇ ਬੰਦ ਕਰਾਉਣ ਦੀ ਲਿਖਤੀ ਸ਼ਿਕਾਇਤ ਕਰਨ ਤਾਂ ਹੀ ਪੁਲੀਸ ਬਣਦੀ ਕਾਰਵਾਈ ਕਰੇਗੀ।