ਦੁਕਾਨਾਂ ਦੇ ਬਾਹਰ ਰੱਖਿਆ ਨਾਜਾਇਜ਼ ਸਾਮਾਨ ਜ਼ਬਤ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 24 ਨਵੰਬਰ
ਨਗਰਪਾਲਿਕਾ ਪ੍ਰਸ਼ਾਸ਼ਨ ਵੱਲੋਂ ਵਾਰ-ਵਾਰ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਨਾ ਕਰਨ ਦੀ ਚਿਤਾਵਨੀ ਦੇਣ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਇਕ ਵਾਰ ਫਿਰ ਨਗਰ ਪਾਲਿਕਾ ਦੇ ਕਰਮਚਾਰੀਆਂ ਦੀ ਟੀਮ ਨੇ ਮੁੱਖ ਮੇਨ ਬਾਜ਼ਾਰ, ਟੋਹਾਣਾ ਰੋਡ, ਪਾਲਿਕਾ ਬਾਜ਼ਾਰ ਅਤੇ ਖਟੀਕ ਮੁਹੱਲਾ ਇਲਾਕੇ ਦੇ ਬਾਜ਼ਾਰ ਵਿਚ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਅਨੇਕਾਂ ਦੁਕਾਨਦਾਰਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਪਿਛਲੇ ਕਾਫੀ ਸਮੇਂ ਤੋਂ ਹੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਸ਼ਹਿਰ ਦੇ ਪ੍ਰਮੁੱਖ ਮੇਨ ਬਾਜ਼ਾਰ ਤੋਂ ਇਲਾਵਾ ਹੋਰ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਲਗਾ ਕੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਕਾਰਨ ਆ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਮਲਾ ਐੱਸਡੀਐੱਮ ਜਗਦੀਸ਼ ਚੰਦਰ ਦੇ ਧਿਆਨ ਵਿਚ ਆਉਣ ਉਪਰੰਤ ਅੱਜ ਉਨ੍ਹਾਂ ਇਕ ਵਾਰ ਫਿਰ ਨਗਰਪਾਲਿਕਾ ਸਕੱਤਰ ਸੁਰਿੰਦਰ ਭੁੱਕਲ ਨੂੰ ਮੁੱਖ ਮੇਨ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ਾ ਹਟਾਉਣ ਲਈ ਹੁਕਮ ਦਿੱਤੇ। ਐੱਸਡੀਐੱਮ ਦੇ ਆਦੇਸ਼ ’ਤੇ ਹੀ ਪਾਲਿਕਾ ਸਕੱਤਰ ਨੇ ਇੰਚਾਰਜ ਓਂਕਾਰ ਸਿੰਘ, ਦਰੋਗਾ ਮੁਕੇਸ਼ ਕੁਮਾਰ, ਭੂਪ ਸਿੰਘ ਆਦਿ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ। ਟੀਮਾਂ ਵਿਚ ਦਰਜਨਾਂ ਸਫਾਈ ਕਰਮਚਾਰੀ ਸ਼ਾਮਲ ਕੀਤੇ ਗਏ। ਨਗਰਪਾਲਿਕਾ ਦੀ ਟੀਮ ਨੇ ਜਿਵੇਂ ਹੀ ਮੁੱਖ ਮੇਨ ਬਾਜ਼ਾਰਾਂ ਵਿੱਚ ਮੁਹਿੰਮ ਚਲਾਈ ਤਾਂ ਅਚਾਨਕ ਹੀ ਦੁਕਾਨਦਾਰਾਂ ਵਿੱਚ ਭਗਦੜ ਮੱਚ ਗਈ ਅਤੇ ਨਗਰਪਾਲਿਕਾ ਕਰਮਚਾਰੀਆਂ ਦੀ ਟੀਮ ਨੂੰ ਦੇਖ ਕੇ ਅਨੇਕਾਂ ਦੁਕਾਨਦਾਰਾਂ ਨੇ ਆਨੇ ਬਹਾਨੇ ਆਪਣੀਆਂ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਅੰਦਰ ਕਰ ਲਿਆ। ਇਸ ਦੌਰਾਨ ਨਗਰਪਾਲਿਕਾ ਕਰਮਚਾਰੀਆਂ ਨੇ ਅਨੇਕਾਂ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਜ਼ਬਤ ਕਰਕੇ ਟਰੈਕਟਰ ਟਰਾਲੀਆਂ ਵਿਚ ਪਾ ਲਿਆ। ਇਸ ਮੁਹਿੰਮ ਤਹਿਤ ਅਨੇਕਾਂ ਦੁਕਾਨਦਾਰਾਂ ਦੀ ਕਰਮਚਾਰੀਆਂ ਦੇ ਨਾਲ ਨੋਕ ਝੋਕ ਵੀ ਹੋਈ। ਨਗਰਪਾਲਿਕਾ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਦੁਕਾਨਦਾਰਾਂ ਨੂੰ ਵਾਰ ਵਾਰ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਕਰਨ ਲਈ ਅਪੀਲ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਪਹਿਲਾਂ ਵੀ ਮੁਹਿੰਮ ਚਲਾ ਕੇ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਦੁਕਾਨਦਾਰ ਨਾਜਾਇਜ਼ ਕਬਜ਼ੇ ਨੂੰ ਲੈ ਕੇ ਸਾਵਧਾਨ ਨਹੀਂ ਹੋ ਰਹੇ, ਸਗੋਂ ਨਿਯਮਾਂ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਮੁੱਖ ਮੇਨ ਬਾਜ਼ਾਰ ਤੋਂ ਇਲਾਵਾ ਟੋਹਾਣਾ ਰੋਡ, ਪਾਲਿਕਾ ਬਾਜ਼ਾਰ, ਖਟੀਕ ਮੁੱਹਲਾ ਦੇ ਬਾਜ਼ਾਰਾਂ ਵਿੱਚ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੌਰਾਨ ਅਨੇਕਾਂ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ ਅਤੇ ਇਨ੍ਹਾਂ ’ਤੇ ਕਾਰਵਾਈ ਵੀ ਕੀਤੀ ਜਾਵੇਗੀ।