ਪਿੰਡ ਖੋਖਰ ਵਿੱਚ ਨਾਜਾਇਜ਼ ਕਬਜ਼ੇ ਹਟਾਏ
ਪੱਤਰ ਪ੍ਰੇਰਕ
ਕਾਲਾਂਵਾਲੀ, 27 ਜੂਨ
ਖੇਤਰ ਦੇ ਪਿੰਡ ਖੋਖਰ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਅਤੇ ਪੁਲੀਸ ਦੀ ਮੌਜੂਦਗੀ ‘ਚ ਗਲੀ ‘ਚ ਪੱਥਰ ਆਦਿ ਸੁੱਟ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਕਾਰਵਾਈ ਲਈ ਕਾਲਾਂਵਾਲੀ ਦੇ ਥਾਣਾ ਇੰਚਾਰਜ ਰਾਮਫਲ ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਪਿੰਡ ਖੋਖਰ ਦੇ ਸਰਪੰਚ ਨੁਮਾਇੰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 19 ਜੂਨ ਨੂੰ ਪਿੰਡ ਖੋਖਰ ਦੀ ਪੰਚਾਇਤ ਨੇ ਇੱਕ ਮਤਾ ਪਾਸ ਕਰਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਔਢਾਂ ਨੂੰ ਬੇਨਤੀ ਕੀਤੀ ਸੀ ਕਿ ਪਿੰਡ ਵਾਸੀ ਮਨਜੀਤ ਸਿੰਘ ਨੇ ਪਿੰਡ ਵਿੱਚ ਇੱਟਾਂ-ਪੱਥਰ ਆਦਿ ਪਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੋਂ ਬਾਅਦ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਔਢਾਂ ਨੇ ਇਹ ਮਾਮਲਾ ਕਾਲਾਂਵਾਲੀ ਦੇ ਐਸਡੀਐਮ ਸੁਰੇਸ਼ ਰਵੀਸ਼ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ‘ਤੇ ਕਾਰਵਾਈ ਕਰਦਿਆਂ ਐਸਡੀਐਮ ਸੁਰੇਸ਼ ਰਵੀਸ਼ ਨੇ ਪੁਲੀਸ ਨੂੰ ਸੂਚਨਾ ਦੇ ਕੇ ਕਾਲਾਂਵਾਲੀ ਦੇ ਨਾਇਬ ਤਹਿਸੀਲਦਾਰ ਅਜੈ ਮਲਿਕ ਨੂੰ ਡਿਊਟੀ ਮੈਜਿਸਟਰੇਟ ਵਜੋਂ ਇਹ ਨਜਾਇਜ਼ ਕਬਜ਼ਾ ਹਟਾਉਣ ਲਈ ਨਿਯੁਕਤ ਕੀਤਾ। ਕਾਲਾਂਵਾਲੀ ਦੇ ਨਾਇਬ ਤਹਿਸੀਲਦਾਰ ਅਜੇ ਮਲਿਕ ਦੀ ਦੇਖ-ਰੇਖ ਹੇਠ ਅਤੇ ਕਾਲਾਂਵਾਲੀ ਥਾਣਾ ਇੰਚਾਰਜ ਰਾਮਫਲ ਅਤੇ ਪੁਲੀਸ ਫੋਰਸ ਦੀ ਮੌਜੂਦਗੀ ‘ਚ ਅੱਜ ਐੱਸ.ਡੀ.ਐੱਮ. ਦੀਆਂ ਹਦਾਇਤਾਂ ‘ਤੇ ਪਿੰਡ ‘ਚ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ।