ਆਈਆਈਐੱਮ ਅਹਿਮਦਾਬਾਦ ਸਿਖ਼ਰਲੀਆਂ 25 ਸੰਸਥਾਵਾਂ ਵਿੱਚ ਸ਼ਾਮਲ
ਨਵੀਂ ਦਿੱਲੀ, 10 ਅਪਰੈਲ
ਕਿਊਐੱਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਮੁਤਾਬਕ ਭਾਰਤੀ ਪ੍ਰਬੰਧਨ ਸੰਸਥਾ (ਅਹਿਮਦਾਬਾਦ) ਕਾਰੋਬਾਰ ਅਤੇ ਪ੍ਰਬੰਧਨ ਅਧਿਐਨ ਦੀ ਸ਼੍ਰੇਣੀ ਵਿੱਚ ਦੁਨੀਆ ਦੀਆਂ ਸਿਖਰਲੀਆਂ 25 ਸੰਸਥਾਵਾਂ ਵਿੱਚੋਂ ਇਕ ਹੈ ਜਦਕਿ ਆਈਆਈਐੱਮ-ਬੰਗਲੌਰ ਤੇ ਆਈਆਈਐੱਮ-ਕਲਕੱਤਾ ਸਿਖ਼ਰਲੀਆਂ 50 ਸੰਸਥਾਵਾਂ ਵਿੱਚ ਸ਼ਾਮਲ ਹਨ। ਕਿਊਐੱਸ ਰੈਂਕਿੰਗਜ਼ ਅੱਜ ਜਾਰੀ ਕੀਤੀ ਗਈ। ਉਚੇਰੀ ਸਿੱਖਿਆ ਵਿਸ਼ਲੇਸ਼ਣ ਸਬੰਧੀ ਲੰਡਨ ਆਧਾਰਿਤ ਕੰਪਨੀ ਕੁਆਕਕੁਐਰਲੀ ਸਾਇਮੰਡਸ (ਕਿਊਐੱਸ) ਵੱਲੋਂ ਐਲਾਨੀ ਗਈ ਵੱਕਾਰੀ ਰੈਂਕਿੰਗਜ਼ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਭਾਰਤ ਵਿੱਚ ਸਭ ਤੋਂ ਚੋਟੀ ਦੀ ਯੂਨੀਵਰਸਿਟੀ ਐਲਾਨਿਆ ਗਿਆ ਹੈ। ਵਿਕਾਸ ਅਧਿਐਨ ਸ਼੍ਰੇਣੀ ਵਿੱਚ ਇਹ ਯੂਨੀਵਰਸਿਟੀ ਵਿਸ਼ਵ ਪੱਧਰ ’ਤੇ 20ਵੇਂ ਸਥਾਨ ’ਤੇ ਹੈ। ਚੇਨੱਈ ਸਥਿਤ ਸਵਿਤਾ ਇੰਸਟੀਚਿਊਟ ਆਫ਼ ਮੈਡੀਕਲ ਐਂਡ ਟੈਕਨੀਕਲ ਸਾਇੰਸਿਜ਼ ਦੰਦਾਂ ਦੇ ਅਧਿਐਨ ਵਿੱਚ ਵਿਸ਼ਵ ਪੱਧਰ ’ਤੇ 24ਵੇਂ ਸਥਾਨ ’ਤੇ ਹੈ। ਕਿਊਐੱਸ ਦੀ ਸੀਈਓ ਜੈਸਿਕਾ ਟਰਨਰ ਨੇ ਕਿਹਾ ਕਿ ਭਾਰਤ ਸਾਹਮਣੇ ਵੱਡੀਆਂ ਚੁਣੌਤੀਆਂ ’ਚੋਂ ਇਕ ਗੁਣਵੱਤਾਪੂਰਨ ਸਿੱਖਿਆ ਹੈ। -ਪੀਟੀਆਈ