ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਨ ਦਾ ਬੋਝ ਚੁੱਕੀ ਫਿਰਦੇ ਅਗਿਆਨੀ

07:01 AM Jun 30, 2024 IST

ਨਿਸ਼ਾਨ ਸਿੰਘ ਰਾਠੌਰ

Advertisement

ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿੱਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ-ਸਹਿਜੇ ਆਪ ਪੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਅੱਗੇ ਚੱਲ ਕੇ ਹੋਰ ਪੁਸਤਕਾਂ ਪੜ੍ਹਨ ਦੀ ਆਦਤ ਪੈ ਗਈ।
ਇਸ ਪੜ੍ਹਨ-ਪੜ੍ਹਾਉਣ ਦੀ ਆਦਤ ਕਰਕੇ ਕਿਤੇ ਕਹਾਣੀ ਪੜ੍ਹੀ ਸੀ। ਕਿਤਾਬ ਦਾ ਨਾਂ ਅਤੇ ਛਪਣ ਦਾ ਵਰ੍ਹਾ ਜ਼ਿਹਨ ’ਚ ਨਹੀਂ। ਖ਼ੈਰ, ਕਹਾਣੀ ਇੰਝ ਆਉਂਦੀ ਹੈ: ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਘੱਲਿਆ। ਕਈ ਵਰ੍ਹਿਆਂ ਮਗਰੋਂ ਪੁੱਤਰ ਸਿੱਖਿਆ ਲੈ ਕੇ ਆਪਣੇ ਘਰ ਵੱਲ ਨੂੰ ਮੁੜਿਆ ਆ ਰਿਹਾ ਸੀ। ਸਵੇਰ ਦਾ ਵੇਲਾ ਸੀ। ਸੂਰਜ ਚੜ੍ਹ ਰਿਹਾ ਸੀ। ਸੂਰਜ ਦੀ ਰੋਸ਼ਨੀ ਵਿੱਚ ਪਿਤਾ ਨੇ ਦੇਖਿਆ; ਦੂਰ ਖੇਤਾਂ ਵਿੱਚੋਂ ਲੰਘਦਾ ਉਸ ਦਾ ਪੁੱਤਰ ਘਰ ਵੱਲ ਨੂੰ ਆ ਰਿਹਾ ਹੈ। ਪੁੱਤਰ ਦੀ ਚਾਲ ਦੇਖ ਕੇ ਪਿਤਾ ਉਦਾਸ ਹੋ ਗਿਆ। ਪਿਤਾ ਨੇ ਆਪਣੇ ਪੁੱਤਰ ਦੀ ਚਾਲ ਵਿੱਚੋਂ ਹੰਕਾਰ ਨੂੰ ਤੁਰਿਆ ਆਉਂਦਾ ਦੇਖ ਲਿਆ। ਹੰਕਾਰ ਦੀ ਕਮੀ ਹੁੰਦੀ ਹੈ ਕਿ ਉਹ ਆਪਣੇ ਆਉਣ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰ ਦਿੰਦਾ ਹੈ/ ਆਪਣਾ ਅਹਿਸਾਸ ਕਰਵਾ ਦਿੰਦਾ ਹੈ। ਪੁੱਤਰ ਦੀ ਚਾਲ ਤੋਂ ਆਕੜ ਦਾ ਸਹਿਜੇ ਹੀ ਅੰਦਾਜ਼ਾ ਲਗਾ ਕੇ ਪਿਤਾ ਉਦਾਸੀ ਦੇ ਆਲਮ ਵਿੱਚ ਘਿਰ ਗਿਆ।
ਬੂਹੇ ’ਤੇ ਆ ਕੇ ਪੁੱਤਰ ਨੇ ਪਿਤਾ ਨੂੰ ਮੱਥਾ ਟੇਕਿਆ, ਪਰ ਅੰਦਰੋਂ ਨਹੀਂ ਝੁਕਿਆ। ਇਹੋ ਤਾਂ ਹੰਕਾਰ ਦਾ ਪ੍ਰਗਟਾਵਾ ਹੈ। ਬੰਦਾ ਆਪਣੇ-ਆਪ ਨੂੰ ਗਿਆਨੀ ਸਮਝਣ ਲੱਗ ਪੈਂਦਾ ਹੈ ਜਿਵੇਂ ਸਭ ਕੁਝ ‘ਜਾਣ’ ਲਿਆ ਹੋਵੇ। ਅੰਦਰੋਂ ਖਾਲੀ ਬੰਦੇ ਅਕਸਰ ਹੀ ਭਰੇ ਹੋਣ ਦਾ ਦਿਖਾਵਾ ਵੱਧ ਕਰਦੇ ਹਨ। ਕੁਝ ਨਾ ਜਾਣਦੇ ਬੰਦੇ ਵੀ ਬਹੁਤ ਕੁਝ ਜਾਣਨ ਦਾ ਪ੍ਰਗਟਾਵਾ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।
ਖ਼ੈਰ, ਪਿਤਾ ਨੇ ਪੁੱਛਿਆ, ‘‘ਕੁਝ ‘ਜਾਣ’ ਕੇ ਆਇਐਂ?’’ ‘‘ਸਭ ਕੁਝ ਜਾਣ ਲਿਆ ਹੈ ਪਿਤਾ ਜੀ।’’ ਪੁੱਤਰ ਨੇ ਹੰਕਾਰ ਵੱਸ ਕਿਹਾ। ‘‘ਸਭ ਕੁਝ?’’ ‘‘ਜੀ, ਸਾਰੇ ਗ੍ਰੰਥ, ਸਾਰੀਆਂ ਕਿਤਾਬਾਂ, ਸਾਰੇ ਮੰਤਰ। ਮੈਂ ਸਭ ਕੁਝ ਜਾਣ ਗਿਆ ਹਾਂ।’’ ਪੁੱਤਰ ਨੇ ਉਸੇ ਲਹਿਜੇ ਵਿੱਚ ਕਿਹਾ।
‘‘ਉਸ ‘ਇੱਕ’ ਨੂੰ ਜਾਣਿਆ?’’ ਪਿਤਾ ਨੇ ਸਵਾਲ ਪੁੱਛਿਆ। ‘‘ਕਿਹੜੇ ਇੱਕ ਨੂੰ?’’
ਪੁੱਤਰ ਹੈਰਾਨੀ ਨਾਲ ਬੋਲਿਆ। ‘‘ਆਪਣੇ ਆਪ ਨੂੰ।’’
‘‘ਨਹੀਂ। ਇਸ ਵਿਸ਼ੇ ਬਾਰੇ ਸਾਨੂੰ ਕੁਝ ਨਹੀਂ ਪੜ੍ਹਾਇਆ ਗਿਆ।’’
‘‘ਫੇਰ ਤੂੰ ਕੁਝ ਵੀ ਪੜ੍ਹ ਕੇ ਨਹੀਂ ਆਇਆ। ਸਿਰਫ਼ ਕਿਤਾਬਾਂ/ ਗ੍ਰੰਥਾਂ/ ਮੰਤਰਾਂ ਨੂੰ ਰੱਟਾ ਮਾਰ ਕੇ ਆਇਆ ਹੈਂ। ਤੈਨੂੰ ਸਿੱਖਿਆ ਨਹੀਂ ਮਿਲੀ। ਤੈਨੂੰ ਸਹੀ ਅਰਥਾਂ ਵਿੱਚ ਗਿਆਨ ਨਹੀਂ ਹੋਇਆ ਬਲਕਿ ਗਿਆਨ ਮਿਲਣ ਦੀ ਥਾਂ, ਅਗਿਆਨਤਾ ਦਾ ਨਸ਼ਾ ਹੋ ਗਿਆ ਹੈ।’’
ਪੁੱਤਰ ਚੁੱਪਚਾਪ ਖੜ੍ਹਾ ਸੁਣਦਾ ਰਿਹਾ।
‘‘ਤੈਨੂੰ ਦੁਬਾਰਾ ਜਾਣਾ ਪੈਣਾ ਹੈ। ਤੇਰੀ ਸਿੱਖਿਆ ਅਧੂਰੀ ਹੈ। ਤੈਨੂੰ ਗਿਆਨ ਨਹੀਂ ਹੋਇਆ ਬਲਕਿ ਗਿਆਨ ਦਾ ਹੰਕਾਰ ਹੋ ਗਿਆ ਹੈ।’’
ਖ਼ੈਰ, ਗੱਲ ਕੀ, ਪੁੱਤਰ ਵਾਪਸ ਚਲਾ ਗਿਆ।
ਵਕਤ ਲੰਘਦਾ ਰਿਹਾ। ਕਈ ਵਰ੍ਹਿਆਂ ਮਗਰੋਂ ਪੁੱਤਰ ਫਿਰ ਮੁੜ ਆਇਆ। ਹੁਣ ਚਾਲ ਵਿੱਚ ਨਿਮਰਤਾ ਸੀ। ਅੱਖਾਂ ਵਿੱਚ ਗਿਆਨ ਦੀ ਚਮਕ ਸੀ। ਮਨ ਦੇ ਅੰਦਰੋਂ ਹਉਮੈ ਦੂਰ ਹੋ ਚੁੱਕੀ ਸੀ। ਅੱਖਾਂ ਵਿੱਚ ਜਿੱਥੇ ਚਮਕ ਸੀ ਉੱਥੇ ਹੀ ਪਹਿਲਾਂ ਕੀਤੇ ਗੁਨਾਹ ਲਈ ਪਛਤਾਵੇ ਦੇ ਹੰਝੂ ਸਨ। ਆਉਂਦਿਆਂ ਹੀ ਪਿਤਾ ਦੇ ਪੈਰਾਂ ’ਤੇ ਸਿਰ ਰੱਖ ਦਿੱਤਾ। ਹੁਣ ਗਿਆਨ ਦਾ ਹੰਕਾਰ ਨਹੀਂ ਸੀ ਸਗੋਂ ਸਹੀ ਅਰਥਾਂ ਵਿੱਚ ਗਿਆਨ ਦਾ ਪ੍ਰਗਟਾਵਾ ਸੀ। ਪੁੱਤਰ ਦਾ ਜਿੱਥੇ ਸਿਰ ਝੁਕਿਆ ਹੋਇਆ ਸੀ ਉੱਥੇ ਹੀ ਅੰਦਰਲਾ ਸ਼ਖ਼ਸ ਵੀ ਝੁਕਿਆ ਹੋਇਆ ਸੀ। ਪਿਤਾ ਨੇ ਪੁੱਤਰ ਨੂੰ ਉਠਾ ਕੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ, ‘‘ਹੁਣ ਮੈਨੂੰ ਕੁਝ ਪੁੱਛਣ ਅਤੇ ਤੈਨੂੰ ਕੁਝ ਦੱਸਣ ਦੀ ਦੀ ਜ਼ਰੂਰਤ ਨਹੀਂ।’’ ਹੰਕਾਰ ਜਿੱਥੇ ਆਪਣੇ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਹੀ ਗਿਆਨ ਵੀ ਆਪਣੇ ਮੌਜੂਦਗੀ ਦਾ ‘ਪ੍ਰਗਟਾਵਾ’ ਕਰ ਦਿੰਦਾ ਹੈ। ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੰਦਾ ਹੈ।
ਗਿਆਨ ਵਿੱਚ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ। ਹੰਕਾਰ ਵਿੱਚ ਆਕੜ ਅਤੇ ਹਉਮੈਂ। ਖ਼ੈਰ, ਇਹ ਕਹਾਣੀ ਪੜ੍ਹ ਕੇ ਲੱਗਿਆ ਜਿਵੇਂ ਇਹ ਅੱਜ ਦੇ ਸਮਾਜ ਵਿੱਚ ਵਿਚਰ ਰਹੇ ਹਰ ਸ਼ਖ਼ਸ ਦੀ ਕਹਾਣੀ ਹੋਵੇ। ਅੱਜ ਹਰ ਖੇਤਰ ਵਿੱਚ 99 ਫ਼ੀਸਦੀ ਲੋਕ ਗਿਆਨੀ ਨਹੀਂ ਹੁੰਦੇ ਸਗੋਂ ਗਿਆਨ ਦੇ ‘ਹੰਕਾਰ’ ਵਿੱਚ ਅਗਿਆਨੀ ਬਣੇ ਤੁਰੇ ਫਿਰਦੇ ਹਨ। ਅਜਿਹੇ ਲੋਕ ਗਿਆਨ ਦੀ ਥਾਂ ਅਗਿਆਨਤਾ ਦਾ ਪ੍ਰਚਾਰ-ਪਸਾਰ ਕਰਦੇ ਹਨ।
ਗਿਆਨੀ ਵਿਅਕਤੀ ਦੀ ਪਛਾਣ ਨਿਮਰਤਾ ਅਤੇ ਮਿਠਾਸ ਹੁੰਦੀ ਹੈ। ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨੇਰੇ ਵਿੱਚ ਗੁਆਚੇ ਭਟਕਦੇ ਫਿਰਦੇ ਹਨ। ਗਿਆਨ ਦਾ ਮੁੱਢਲਾ ਸਬਕ ਖ਼ੁਦ ਨੂੰ ਜਾਣ ਲੈਣਾ ਹੈ। ਜਿਹੜਾ ਮਨੁੱਖ ਖ਼ੁਦ ਨੂੰ ਜਾਣ ਗਿਆ ਉਸ ਨੂੰ ਫਿਰ ਕੁਝ ਹੋਰ ਜਾਣਨ ਜਾਂ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਮਨੁੱਖ ਨੂੰ ਸਹੀ ਅਰਥਾਂ ਵਿੱਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਹੰਕਾਰ ਨਾਲ ਲਬਰੇਜ਼ ਸ਼ਖ਼ਸੀਅਤ; ਜਿਹੜੀ ਮਣਾਂ-ਮੂੰਹੀਂ ‘ਗਿਆਨ’ ਦਾ ਭਾਰ ਆਪਣੇ ਮੋਢਿਆਂ ਉੱਪਰ ਚੁੱਕੀ ਫਿਰਦੀ ਆਮ ਲੋਕਾਂ ਲਈ ਦੁੱਖ ਅਤੇ ਤਕਲੀਫ਼ ਦਾ ਕਾਰਨ ਬਣਦੀ ਹੈ। ਗਿਆਨ ਜਿੱਥੇ ਸਹਿਜ ਹੁੰਦਾ ਹੈ, ਅਗਿਆਨ ਅਸਹਿਜ। ਗਿਆਨ ਦਿਖਾਵੇ ਤੋਂ ਪਰ੍ਹੇ ਹੁੰਦਾ ਹੈ ਅਤੇ ਅਗਿਆਨਤਾ ਦੀ ਪਛਾਣ ਹੀ ਦਿਖਾਵੇ ਅਤੇ ਭੇਖ ਵਿੱਚ ਹੁੰਦੀ ਹੈ। ਇਸ ਲਈ ਮਨੁੱਖ ਨੂੰ ਸਹੀ ਅਰਥਾਂ ਵਿੱਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ।
ਸੰਪਰਕ: 90414-98009

Advertisement
Advertisement