ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

…...ਜੇ ਹੱਸ ਕੇ ਬੁਲਾ ਲਵੇਂ ਕਿਧਰੇ

10:32 AM Feb 03, 2024 IST

ਜਗਜੀਤ ਸਿੰਘ ਲੋਹਟਬੱਦੀ
Advertisement

ਜਦੋਂ ਹਾਸਾ ਛਣਕਦਾ ਹੈ ਤਾਂ ਘੁੰਗਰੂ ਵੱਜਦੇ ਨੇ। ਪਰੀਆਂ ਗੀਤ ਗਾਉਂਦੀਆਂ ਨੇ। ਪੌਣ ਅਠਖੇਲੀਆਂ ਕਰਦੀ ਹੈ। ਬਨਸਪਤੀ ਮੌਲਦੀ ਹੈ। ਪਾਣੀ ਦੀ ਸਰਸਰਾਹਟ ਧੁਨਾਂ ਬਿਖੇਰਦੀ ਹੈ। ਸਮੁੱਚੀ ਪ੍ਰਕਿਰਤੀ ਕਿਸੇ ਅਨਾਹਦ ਰਾਗ ਵਿੱਚ ਮਸਤ ਹੋ ਕੇ ਸੰਗੀਤਕ ਤਰੰਗਾਂ ਨਾਲ ਇੱਕਮਿਕ ਹੋ ਰਹੀ ਹੁੰਦੀ ਹੈ। ਨਿੱਕੀਆਂ ਬੱਦਲੀਆਂ ਅੰਬਰ ਵਿੱਚ ਲਟਕਦੇ ਸ਼ੀਸ਼ਮਈ ਕਣਾਂ ਨੂੰ ਧਰਤੀ ਦੀ ਹਿੱਕ ਠਾਰਨ ਦਾ ਬੁਲਾਵਾ ਦਿੰਦੀਆਂ ਹਨ। ਪੂਰਾ ਬ੍ਰਹਿਮੰਡ ਜਿਵੇਂ ਪਰੀ-ਲੋਕ ਦੀਆਂ ਕਥਾ ਕਹਾਣੀਆਂ ਦੀ ਗਾਥਾ ਸੁਣਾ ਰਿਹਾ ਹੋਵੇ!
ਹਾਸਾ ਮਨੁੱਖੀ ਮਨ ਦਾ ਬੇਸ਼ਕੀਮਤੀ ਸਰਮਾਇਆ ਹੈ...ਨਿਮਰਤਾ ਦਾ ਪ੍ਰਤੀਕ...ਤੁਹਾਡੇ ਅੰਤਰੀਵ ਭਾਵ ਦਾ ਖਾਲਸ ਪ੍ਰਗਟਾਅ। ਨਫ਼ਰਤ, ਦੂਈ-ਦਵੈਸ਼ ਤੋਂ ਦੂਰ ਅੰਦਰਲਾ ਬਾਲਪਣ ਕਿਲਕਾਰੀਆਂ ਮਾਰਦਾ। ਬੰਦਾ ਜਦੋਂ ਵਜੂਦ ਵਿੱਚ ਹੱਸਦੈ ਤਾਂ ਉਹ ਕਾਦਰ ਦੀ ਕੁਦਰਤ ਨਾਲ ਅਭੇਦ ਹੋਇਆ ਹੁੰਦਾ ਹੈ। ਬਾਗ਼ ਬਗੀਚਾ ਖਿੜਿਆ ਲੱਗਦਾ ਹੈ। ਪਰਿੰਦੇ ਗੀਤ ਗਾਉਂਦੇ ਜਾਪਦੇ ਹਨ। ਉੱਡਦੀਆਂ ਤਿਤਲੀਆਂ ਦਿਲ ਨੂੰ ਛੂਹ ਕੇ ਲੰਘਦੀਆਂ ਹਨ। ਭੌਰਿਆਂ ਦਾ ਰੂਮਾਨੀ ਰੂਪ ਦ੍ਰਿਸ਼ਟੀਮਾਨ ਹੁੰਦਾ ਹੈ। ਚਾਨਣ ਦਾ ਪਸਾਰਾ ਸ੍ਰਿਸ਼ਟੀ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਤਾਰੇ ਟਿਮਿਟਿਮਾਉਂਦੇ ਹਨ। ਜੁਗਨੂੰ ’ਨੇਰ੍ਹਿਆਂ ਨੂੰ ਲਲਕਾਰਦੇ ਹਨ। ਇਸੇ ਕਰ ਕੇ ਸ਼ਾਇਰ ਨਵਤੇਜ ਭਾਰਤੀ ਚਾਨਣ ਦੇ ਮੂਲ ਤੱਤ ਦਾ ਰਾਜ਼ ਦੱਸਦਾ ਹੈ:
ਦੀਵਾ ਮਿੱਟੀ ਦਾ, ਬੱਤੀ ਰੂੰਈਂ ਦੀ,
ਤੇਲ ਸਰਸੋਂ ਦਾ ਬਣਿਆ
ਦੱਸੀਂ ਚੰਨਾ ਵੇ, ਚਾਨਣ ਕਾਹਦਾ ਹੈ ਬਣਿਆ?
ਨਾ ਮਿੱਟੀ ਦਾ, ਨਾ ਰੂੰਈਂ ਦਾ, ਨਾ ਸਰਸੋਂ ਦਾ
ਚਾਨਣ ਸਖੀਏ ਨੀਂ, ਤੇਰੇ ਹਾਸੇ ਦਾ ਬਣਿਆ!
ਹੱਸਣਾ ਮਨੁੱਖ ਦੀ ਅਦੁੱਤੀ, ਅਲੌਕਿਕ ਅਵਸਥਾ ਹੈ, ਜਿਸ ਉੱਪਰ ਸਿਰਫ਼ ਇਨਸਾਨ ਦਾ ਏਕਾਧਿਕਾਰ ਹੈ। ਦੂਸਰੇ ਜੀਵਾਂ ਕੋਲ ਇਹ ਬੇਜੋੜ ਸ਼ਕਤੀ ਨਹੀਂ ਹੁੰਦੀ। ਮਨੁੱਖੀ ਮਨ ਦੀਆਂ ਕੋਮਲ ਭਾਵਨਾਵਾਂ ਹੱਸਣ ਨਾਲ ਹੀ ਖਿੜਦੀਆਂ ਹਨ। ਤੁਹਾਡੀ ਸ਼ਖ਼ਸੀਅਤ ਦਾ ਚਿਤਰਣ, ਤੁਹਾਡੇ ਅੰਦਰੂਨ ਦਾ ਦਰਪਣ, ਤੁਹਾਡੇ ਸੁਭਾਅ ਦਾ ਸ਼ੀਸ਼ਾ ਹੱਸਣ ਵੇਲੇ ਤੁਹਾਡੇ ਸਨਮੁੱਖ ਆ ਖਲੋਂਦਾ ਹੈ। ਤੁਹਾਡੀ ਤਹਿਜ਼ੀਬ ਦੀ, ਤੁਹਾਡੇ ਪਾਲਣ ਪੋਸ਼ਣ ਦੀ, ਤੁਹਾਡੇ ਸ਼ਿਸ਼ਟਾਚਾਰ ਦੀ ਤਸਦੀਕ, ਹਾਸਾ ਕਰਦੈ...ਬਸ ਹਾਸਾ ਨਿਰਛਲ ਹੋਵੇ! ਹੱਸਣ ਨਾਲ ਕਿਸੇ ਰੁਤਬੇ, ਕਿਸੇ ਮਾਣ-ਮਰਿਆਦਾ ਦਾ ਘਟਾਅ ਨਹੀਂ ਹੁੰਦਾ। ਹੱਸਣ ਵੇਲੇ ਸਿਰਫ਼ ਬੁੱਲ੍ਹ ਹੀ ਨਹੀਂ ਫਰਕਦੇ, ਨੈਣ ਬੋਲਦੇ ਨੇ, ਬੋਲ ਲਰਜ਼ਦੇ ਨੇ, ਤੋਰ ਮਟਕਦੀ ਹੈ, ਅੰਗ ਅੰਗ ਹੱਸਦੈ। ਸੁਪਨਿਆਂ ਦੀ ਪਰਵਾਜ਼ ਉਚੇਰੀ ਹੁੰਦੀ ਹੈ। ਬੰਦੇ ਦੇ ਜੀਵੰਤ ਹੋਣ ਦਾ ਪ੍ਰਮਾਣ ਦਿੰਦਾ ਹੈ ਹਾਸਾ। ਅਕਸਰ ਦੇਖਿਆ ਗਿਆ ਹੈ ਕਿ ਚਿੱਟਿਆਂ ਦੰਦਾਂ ਦਾ ਹਾਸਾ ਭਰਿਆ ਮੇਲਾ ਲੁੱਟ ਲੈਂਦਾ ਹੈ। ਇਹ ਵੀ ਸਚਾਈ ਹੈ ਕਿ ਹਾਸੇ ਦੇ ਸੁਖ਼ਦ ਅਹਿਸਾਸ ਨਾਲ ਕਈ ਗੁੰਝਲਦਾਰ ਮਸਲੇ ਆਪਣੇ ਆਪ ਨਜਿੱਠੇ ਜਾਂਦੇ ਹਨ। ਮੁਸਕਰਾ ਕੇ ਬੋਲੇ ਦੋ ਸ਼ਬਦ, ਮਨਾਂ ਦੀ ਕੁੜੱਤਣ ਨੂੰ ਦੂਰ ਕਰ ਦਿੰਦੇ ਹਨ। ਨਫ਼ਰਤ, ਪਿਆਰ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਬੇਗਾਨਗੀ, ਅਪਣੱਤ ਵਿੱਚ! ਪਾੜੇ ਮਿਟ ਜਾਂਦੇ ਹਨ, ਦੂਰੀਆਂ ਘਟ ਜਾਂਦੀਆਂ ਹਨ, ਦਿਲਾਂ ਦੇ ਟੋਏ ਟਿੱਬੇ ਭਰੇ ਜਾਂਦੇ ਹਨ। ਗੱਲ ਕੀ-ਹੱਸਣਾ ਜ਼ਿੰਦਾਦਿਲੀ ਹੈ ਅਤੇ ਜ਼ਿੰਦਾਦਿਲੀ ਹੀ ਜ਼ਿੰਦਗੀ ਹੈ।
ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵੀ ਹਾਸਾ ਬੇਹੱਦ ਜ਼ਰੂਰੀ ਹੈ। ਹੱਸਦਿਆਂ ਦੇ ਘਰ ‘ਵੱਸਦੇ’ ਗਿਣੇ ਜਾਂਦੇ ਹਨ। ਦੁਨੀਆ ਭਰ ਵਿੱਚ 2005 ਤੋਂ ਮਈ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਵ ਹਾਸਾ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਜਨਵਰੀ 1998 ਵਿੱਚ ਮੁੰਬਈ ਤੋਂ ਹੋਈ ਸੀ। ਤਣਾਅ ਭਰੀ ਜ਼ਿੰਦਗੀ ਤੋਂ ਕੁੱਝ ਪਲਾਂ ਦੀ ਮੁਕਤੀ ਲਈ ਹਾਸਾ, ਸੰਜੀਵਨੀ ਹੈ। ਇਸੇ ਲਈ ਅੱਜਕੱਲ੍ਹ ਯੋਗ ਵਿੱਚ ਵੀ ਹੱਸਣ ਨੂੰ ਸ਼ਾਮਲ ਕੀਤਾ ਗਿਆ ਹੈ। ਥਾਂ ਥਾਂ ’ਤੇ ‘ਲਾਫਟਰ ਕਲੱਬਾਂ’ ਦੇ ਹਾਸੇ ਠਣਕਦੇ ਸੁਣਾਈ ਦਿੰਦੇ ਹਨ। ਮਨੋਰੋਗ ਵਿਗਿਆਨੀਆਂ ਦੀ ਰਾਇ ਹੈ ਕਿ 95 ਫੀਸਦ ਬਿਮਾਰੀਆਂ ਮਨ ਦੀਆਂ ਹਨ। ਮਾਨਸਿਕ ਪਰੇਸ਼ਾਨੀਆਂ, ਬੇਚੈਨੀ, ਨਫ਼ਰਤ ਅਤੇ ਈਰਖਾ ਨੇ ਮਨੁੱਖ ਨੂੰ ਹਾਸੇ ਤੋਂ ਦੂਰ ਕਰ ਦਿੱਤਾ ਹੈ। ਹਾਸਾ ਡਿਪਰੈਸ਼ਨ ਵਿੱਚੋਂ ਕੱਢਣ ਦਾ ਸਾਰਥਕ ਸਾਧਨ ਮੰਨਿਆ ਗਿਆ ਹੈ। ਵਿਸ਼ਵ ਖ਼ੁਸ਼ੀ ਰਿਪੋਰਟ ਦੱਸਦੀ ਹੈ ਤੇ ਭਾਰਤ 137 ਮੁਲਕਾਂ ਵਿੱਚੋਂ 126ਵੇਂ ਸਥਾਨ ’ਤੇ ਹੈ। ਸੋ ਹਾਸਾ ਸੂਰਤ ਅਤੇ ਸੀਰਤ ਨੂੰ ਸੰਵਾਰਨ ਦਾ ਉਮਦਾ ਹਥਿਆਰ ਹੈ।
ਮਸ਼ੀਨੀ ਜ਼ਿੰਦਗੀ ਵਿੱਚ ਮਨੁੱਖ ਹੱਸਣਾ ਹੀ ਭੁੱਲ ਗਿਆ ਹੈ। ਮਾਇਆ ਅਤੇ ਮੰਡੀ ਦੀ ਦੌੜ ਵਿੱਚ ਹਾਸਾ ਕਿਤੇ ਲੱਭਦਾ ਹੀ ਨਹੀਂ। ਤੇਜ਼ ਰਫ਼ਤਾਰ ਦੇ ਗੇੜਿਆਂ ਵਿੱਚ ਗੁਆਚਣ ਕਰ ਕੇ ਕੁਦਰਤੀ ਹਾਸਾ ਅਲੋਪ ਹੀ ਹੋ ਗਿਆ ਲੱਗਦਾ। ਮਨੁੱਖ ਨੂੰ ਖ਼ੁਦ ਦੀ ਸਾਰ ਨਹੀਂ। ਆਪਣੇ ਨਾਲ ਸੰਵਾਦ ਕਰਨ ਦਾ ਸਮਾਂ ਹੀ ਨਹੀਂ। ਸ਼ੀਸ਼ੇ ਮੂਹਰੇ ਖੜ੍ਹਨ ਤੋਂ ਤ੍ਰਹਿੰਦੈ ਹਨ। ਆਪਣਾ ਹੀ ਅਕਸ ਪਛਾਣਨ ਤੋਂ ਇਨਕਾਰੀ ਹੈ। ਇਕੱਲਤਾ, ਘੁਟਣ, ਦਿਲਗੀਰੀ ਦਾ ਕਾਰਨ ਹਯਾਤੀ ਵਿੱਚੋਂ ਹਾਸੇ ਦਾ ਮਨਫੀ ਹੋਣਾ ਹੈ। ਵਿਸ਼ਵ ਪ੍ਰਸਿੱਧ ਨਾਮੀ ਲੇਖਕ ਬਰਟਰੈਂਡ ਰਸਲ ਦਾ ਮੰਨਣਾ ਹੈ ਕਿ ਸੰਸਕਾਰ ਅਤੇ ਸੱਭਿਆਚਾਰ ਆਦਮੀ ਨੇ ਖੋ ਦਿੱਤਾ ਹੈ। ਨਾ ਢੋਲ, ਨਾ ਮੰਜੀਰਾ ਵੱਜਦਾ ਹੈ। ਪੈਰ ਨੱਚਣਾ ਹੀ ਭੁੱਲ ਗਏ ਹਨ। ਕੀ ਪਾਇਆ ਤਰੱਕੀ ਦੇ ਨਾਮ ਉੱਤੇ? ਓਸ਼ੋ ਦਾ ਕਥਨ ਹੈ ਕਿ ਇਸ ਦੁਨੀਆ ਵੱਚ ਸਿਰਫ਼ ਪਾਗਲ ਹੱਸਦੇ ਹਨ; ਬਾਕੀ ਸਮਝਦਾਰਾਂ ਨੂੰ ਵਿਹਲ ਹੀ ਕਿੱਥੇ ਹੈ? ਸਿਆਣੇ ਕਹਿੰਦੇ ਹਨ ਜਦੋਂ ਤੁਸੀਂ ਹੱਸਦੇ ਹੋ ਤਾਂ ਪਰਮਾਤਮਾ ਦੀ ਪ੍ਰਾਰਥਨਾ ਕਰਨ ਦੇ ਬਰਾਬਰ ਹੈ; ਜਦੋਂ ਕਿਸੇ ਨੂੰ ਹਸਾਉਂਦੇ ਹੋ ਤਾਂ ਇਉਂ ਹੈ ਜਿਵੇਂ ਪਰਮਾਤਮਾ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੋਵੇ।
ਕਰੋਨਾ ਕਾਲ ਨੇ ਹਾਸਿਆਂ ਅਤੇ ਖ਼ੁਸ਼ੀਆਂ ਨੂੰ ਨਪੀੜ ਕੇ ਰੱਖ ਦਿੱਤਾ। ਮੇਲਿਆਂ ਮੁਸ੍ਵਾਬਿਆਂ ਨੂੰ, ਮਿਲਣ ਗਿਲਣ ਨੂੰ ਡੂੰਘੀ ਸੱਟ ਮਾਰੀ। ਉਦਾਸੀ ਦੇ ਆਲਮ ਵਿੱਚੋਂ ਨਿਕਲਣ ਵਾਲੇ ‘ਸੇਫਟੀ ਵਾਲਵ’ ਦਾ ਢੱਕਣ ਬੰਦ ਹੋ ਗਿਆ। ਇੱਕ ਦੋਸਤ ਦੀ ਯਾਦ ਆਈ: ‘ਰਿਜ਼ਰਵ’ ਟਾਈਪ ਦਾ ਸ਼ਖ਼ਸ ਸੀ। ਹਾਸਾ, ਮੁਸਕਾਨ ਚਿਹਰੇ ਤੋਂ ਗਾਇਬ ਰਹਿੰਦੇ ਪਰ ਜਦੋਂ ਯਾਰਾਂ ਦੋਸਤਾਂ ਦੀ ਮਹਿਫ਼ਿਲ ਵਿੱਚ ਹੁੰਦਾ ਤਾਂ ਹਾਸੇ ਦੀਆਂ ਫੁਹਾਰਾਂ ਪੈਂਦੀਆਂ। ਲੱਗਦਾ, ਇਹ ਤਾਂ ਵੱਖਰਾ ਹੀ ਪ੍ਰਾਣੀ ਹੈ। ਲੋਕੀਂ ਐਵੇਂ ਕਹਿੰਦੇ ਨੇ ਕਿ ‘ਖੁਸ਼ਕੀ’ ਦਾ ਮਾਰਿਆ। ਮਹਾਮਾਰੀ ਆਈ। ਸਭ ਆਪੋ ਆਪਣੇ ਖੋਲ ਵਿੱਚ ਸੀਮਿਤ ਹੋ ਗਏ। ਹਾਸੇ ਘਟੇ ਤੇ ਮਿੱਤਰ ਪਿਆਰਾ ਸੁੰਞੇਪਣ ਦਾ ਸ਼ਿਕਾਰ ਹੋ ਗਿਆ। ਪਤਾ ਹੀ ਨਹੀਂ ਲੱਗਿਆ, ਕਦੋਂ ਜਲ ਸਮਾਧੀ ਲੈ ਲਈ!
ਹੱਸਣ, ਹੱਸਣ ਦਾ ਫ਼ਰਕ ਵੀ ਹੁੰਦਾ ਹੈ ਅਤੇ ਢੁੱਕਵਾਂ ਵੇਲਾ ਵੀ। ਕਦੋਂ ਹੱਸਣਾ; ਤੁਹਾਡੀਆਂ ਖ਼ੁਸ਼ੀਆਂ ਨੂੰ ਕਈ ਗੁਣਾ ਵਧਾਉਂਦਾ ਹੈ ਅਤੇ ਕਈ ਵਾਰ ਇਸ ਦਾ ਚੁੱਭਵਾਂ ਵਾਰ ਭਾਵਨਾਵਾਂ ਨੂੰ ਆਹਤ ਕਰਦਾ ਹੈ। ਬੱਚੇ ਦਾ ਜਨਮ ਲੈਣ ਸਮੇਂ ਰੋਣਾ, ਉਸ ਦੀ ਮਾਂ ਵਾਸਤੇ ਹੱਸਣ ਦਾ ਸਬੱਬ ਬਣਦਾ ਹੈ। ਕਿੰਨਾ ਆਨੰਦਮਈ ਹੁੰਦਾ ਹੈ ਉਹ ਹਾਸਾ! ਫਿਰ ਸਾਰੀ ਉਮਰ ਉਹ ਲਾਡਲੇ ਦੀ ਅੱਖ ਦਾ ਹੰਝੂ ਵੀ ਸਹਾਰ ਨਹੀਂ ਸਕਦੀ। ਦੂਸਰਿਆਂ ਦੇ ਹਾਸੇ ਵਿੱਚ ਤੁਹਾਡੀ ਸ਼ਮੂਲੀਅਤ ਕੀਮਤੀ ਪਲਾਂ ਦਾ ਸਰਮਾਇਆ ਬਣ ਜਾਂਦੀ ਹੈ ਪਰ ਦੂਸਰਿਆਂ ’ਤੇ ਹੱਸਣ ਦੀਆਂ ਘੜੀਆਂ, ਕਦੇ ਨਾ ਕਦੇ ਅੰਦਰਲੇ ਮਨ ਨੂੰ ਜ਼ਖ਼ਮੀ ਵੀ ਕਰ ਦਿੰਦੀਆਂ ਹਨ; ਖ਼ਾਸ ਕਰ ਕੇ ਜਦੋਂ ਤੁਸੀਂ ਉਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਖ਼ੁਦ ਗੁਜ਼ਰਦੇ ਹੋ। ਕਈ ਵਾਰ ਮਸਨੂਈ ਕਿਸਮ ਦਾ ਹਾਸਾ ਤੁਹਾਡੀ ਸ਼ਖ਼ਸੀਅਤ ਨੂੰ ਹੇਠਲੇ ਪਾਏਦਾਨ ’ਤੇ ਵੀ ਲਿਆ ਖੜ੍ਹਾ ਕਰਦਾ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਨੇ ਵੀ ਖ਼ੁਸ਼ ਰਹਿਣ ਨੂੰ ਸਾਡੇ ਨਿੱਤਨੇਮ ਦੀ ਇੱਕ ਮਹੱਤਵਪੂਰਨ ਜੁਗਤੀ ਦੱਸਿਆ ਹੈ:
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥
ਹੱਸਣਾ, ਦੋਸਤੀ ਦਾ ਘੇਰਾ ਵਿਸ਼ਾਲ ਕਰਦਾ ਹੈ। ਕਹਿੰਦੇ ਨੇ ਜਿੱਥੇ ਬੇਪ੍ਰਵਾਹ ਹਾਸੇ ਦੇ ਠਹਾਕੇ ਸੁਣਾਈ ਦੇਣ, ਸਮਝ ਲੈਣਾ ਦੋਸਤਾਂ ਦੀ ਮਹਿ਼ਫ਼ਿਲ ਜੰਮੀ ਹੋਈ ਹੈ। ‘ਕੋਈ ਕੀ ਕਹੇਗਾ’ ਵਾਲਾ ਪ੍ਰਵਚਨ ਇੱਥੇ ਲਾਗੂ ਨਹੀਂ ਹੁੰਦਾ। ਕਈ ਵਾਰ ਅਣਜਾਣਾਂ ਨਾਲ, ਸਫ਼ਰ ਕਰਦੇ ਯਾਤਰੀਆਂ ਨਾਲ, ਸਹਿਕਰਮੀਆਂ ਨਾਲ ਹਾਸਾ ਮਜ਼ਾਕ ਉਮਰ ਭਰ ਦੇ ਰਿਸ਼ਤੇ ਜੋੜ ਦਿੰਦਾ ਹੈ। ਅੱਜਕੱਲ੍ਹ ਵਿਅੰਗ, ਨਕਲਾਂ, ਚੁਟਕਲੇ ਅਸਲ ਜ਼ਿੰਦਗੀ ਵਿਚਲੇ ਗ਼ਮਗੀਨ ਪਲਾਂ ਤੋਂ ਧਿਆਨ ਲਾਂਭੇ ਕਰਾਉਣ ਹਿੱਤ ਵੱਡੀ ਭੂਮਿਕਾ ਨਿਭਾਉਂਦੇ ਹਨ। ਸਚਾਈ ਤਾਂ ਇਹ ਹੈ ਕਿ ‘ਆਪ ਵੀ ਖ਼ੁਸ਼ ਅਤੇ ਦੂਜੇ ਵੀ ਖ਼ੁਸ਼’ ਜ਼ਿੰਦਗੀ ਜਿਉਣ ਦੀ ਕਲਾ ਦਾ ਇੱਕ ਅਨੁਪਮ ਅਧਿਆਇ ਹੈ। ਨੌਕਰੀਆਂ ਵੀ ਮਸ਼ੀਨ ਦੀ ਨਿਆਈਂ ਹੋ ਗਈਆਂ ਹਨ।
ਹੱਸਣ ਦੀ ਜਾਚ ਸਿੱਖਣੀ ਹੈ ਤਾਂ ਬੱਚਿਆਂ ਕੋਲੋਂ ਸਿੱਖੋ। ਰੋਂਦਿਆਂ ਰੋਂਦਿਆਂ ਹੱਸਣਾ ਕਿਸੇ ਅਕਲਮੰਦ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਦੋਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਯਾਦ ਅਤੀਤ ਵਿੱਚ ਪਹੁੰਚ ਕੇ ਬੱਚੇ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਉਦੋਂ ਵਾਪਰਦੈ ਜਦੋਂ ਰੁਤਬਾ, ਔਕਾਤ, ਸ਼ਾਨੋ-ਸ਼ੌਕਤ ਦੀ ਸੋਝੀ ਕਿਸੇ ਗੁੱਠੇ ਲੱਗੀ ਹੁੰਦੀ ਹੈ ਤੇ ਬੰਦਾ ਆਲੇ ਦੁਆਲਿਉਂ ਬੇਖ਼ਬਰ ਹੋ ਕੇ ਠਹਾਕਾ ਮਾਰ ਕੇ ਹੱਸਦੈ। ਬਜ਼ੁਰਗਾਂ ਨਾਲ ਹੱਸੋ। ਜ਼ਿੰਦਗੀ ਦੀਆਂ ਕਈ ਪਰਤਾਂ ਉੱਘੜ ਕੇ ਸਾਹਮਣੇ ਆਉਣਗੀਆਂ। ਜਿਹੜੇ ਘਰਾਂ ਵਿੱਚ ਵਡੇਰੇ ਹੱਸਦੇ ਮਿਲਣ, ਉਹ ਘਰ ਅਮੀਰਾਂ ਦਾ ਆਸ਼ਿਆਨਾ ਸਮਝਿਆ ਜਾਂਦਾ। ਹਾਸਾ ਉਨ੍ਹਾਂ ਨੂੰ ਢਲਦੀ ਉਮਰ ਦੇ ਉਦਾਸ ਪਲਾਂ ਵਿੱਚੋਂ ਬਾਹਰ ਕੱਢ ਲਿਆਉਂਦਾ ਹੈ। ਉਨ੍ਹਾਂ ਨੂੰ ਤੁਹਾਡੀ ਪੈੜ-ਚਾਲ ਅਤੇ ਸੁਖਾਵੇਂ ਬੋਲਾਂ ਦੀ ਉਡੀਕ ਰਹਿੰਦੀ ਹੈ। ਤੁਹਾਡੇ ਹਾਸੇ ਨਾਲ ਉਨ੍ਹਾਂ ਦਾ ਚਿਹਰਾ ਖਿੜ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਖੀਰਲੇ ਪਲ ਸਕੂਨਮਈ ਲੱਗਣ ਲੱਗਦੇ ਹਨ।
1982 ਵਿੱਚ ਇੱਕ ਆਰਟ ਫਿਲਮ ਆਈ ਸੀ ‘ਅਰਥ’; ਜਿਸ ਵਿੱਚ ਉੱਘੇ ਗ਼ਜ਼ਲਗੋ ਜਗਜੀਤ ਸਿੰਘ ਦੀ ਗਾਈ ਗ਼ਜ਼ਲ ਸੀ: “ਤੁਮ ਇਤਨਾ ਜੋ ਮੁਸਕਰਾ ਰਹੇ ਹੋ, ਕਿਆ ਗ਼ਮ ਹੈ ਜਿਸਕੋ ਛੁਪਾ ਰਹੇ ਹੋ।’ ਯਾਦ ਹੈ ਨਾ? ਇਹ ਸੀ ਮੁਸਕਰਾਹਟ ਦੇ ਪਿੱਛੇ ਲੁਕੇ ਹੋਏ ਦਰਦ ਦੀ ਦਾਸਤਾਨ। ਕਹਿੰਦੇ ਨੇ, ਕਈ ਵਾਰ ਹਾਸੇ ਦੇ ਅੰਦਰ ਡੂੰਘੇ ਗ਼ਮ ਛੁਪੇ ਹੁੰਦੇ ਹਨ। ਹੰਝੂਆਂ ਨੂੰ ਹਾਸਿਆਂ ਵਿੱਚ ਬਦਲਣ ਵਾਲੇ ਚਾਰਲੀ ਚੈਪਲਿਨ ਦਾ ਚਿਹਰਾ ਪਰਦੇ ਉੱਪਰ ਆਉਣ ਸਾਰ ਹੀ ਹਜ਼ਾਰਾਂ ਹੱਥ ਤਾੜੀਆਂ ਮਾਰਨ ਲਈ ਜੁੜ ਜਾਂਦੇ ਸਨ ਪਰ ਉਸ ਦਾ ਜੀਵਨ ਗ਼ਮਾਂ ਦੀ ਖਾਣ ਸੀ। ਉਸ ਦਾ ਕਥਨ ਸੀ ਕਿ ਦੂਸਰਿਆਂ ਨੂੰ ਹਸਾਉਣ ਵਾਲੇ ਆਪਣੀ ਅੰਦਰਲੀ ਪੀੜ ਨੂੰ ਛੁਪਾਉਣਾ ਜਾਣਦੇ ਹਨ, “ਮੈਨੂੰ ਵਰ੍ਹਦੀਆਂ ਕਣੀਆਂ ਵਿੱਚ ਤੁਰਨਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਸ ਤਰ੍ਹਾਂ ਮੇਰੇ ਅੱਥਰੂ ਦਿਖਾਈ ਨਹੀਂ ਦਿੰਦੇ।” ਬਾਹਰ ਹਾਸਿਆਂ ਦੀ ਪਟਾਰੀ ਖੁੱਲ੍ਹੀ ਹੁੰਦੀ ਹੈ ਅਤੇ ਅੰਦਰ ਉਦਾਸੀਆਂ ਨੇ ਛਹਬਿਰ ਲਾਈ ਹੁੰਦੀ ਹੈ। ‘ਮੇਰਾ ਨਾਮ ਜੋਕਰ’ ਦਾ ਰਾਜੂ ਚੇਤਿਆਂ ’ਚ ਵੱਸਦੈ। ਮਾਂ ਦੀ ਮੌਤ ’ਤੇ ਹਜ਼ਾਰਾਂ ਦਰਸ਼ਕਾਂ ਨੂੰ ਹਸਾਉਣ ਦਾ ਕਾਰਜ ਕੀਤਾ ਪਰ ਭੀੜ ਨੂੰ ਚਿਹਰੇ ’ਤੇ ਸ਼ਿਕਨ ਦਿਖਾਈ ਨਹੀਂ ਦਿੱਤਾ। ਹਰ ਵੇਲੇ ਹੱਸਣ ਵਾਲੇ ਲੋਕ ਅਕਸਰ ਕਿਸੇ ਵਾਪਰੇ ਹੋਏ ਹਾਦਸੇ ਨੂੰ ਭੁਲਾਉਣ ਦੇ ਆਹਰ ਵਿੱਚ ਰਹਿੰਦੇ ਹਨ। ਸ਼ਾਇਰ ਗੁਰਪ੍ਰੀਤ ਵੀ ਇਹੀ ਲੱਖਣ ਲਾਉਂਦੈ:
ਬਹੁਤੀਆਂ ਗੱਲਾਂ ਨੂੰ
ਮੈਂ ਲਤੀਫੇ ਵਾਂਗ ਸੁਣਦਾ ਹਾਂ
ਹੱਸਣ ਦੀ ਕਾਢ
ਬੰਦੇ ਨੇ ਕਿਉਂ ਕੱਢੀ ਭਲਾ
ਗਹਿਰੇ ਦੁੱਖ ਜਰਨ ਦਾ
ਹੋਰ ਕਿਹੜਾ ਢੰਗ ਹੈ?
ਪੰਜਾਬੀ ਦੁਨੀਆ ਵਿੱਚ ਹਾਸੇ ਦੇ ‘ਬਰਾਂਡ ਅੰਬੈਸਡਰ’ ਮੰਨੇ ਜਾਂਦੇ ਹਨ। ਜਿੱਥੇ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦੇਵੇ, ਸਮਝੋ ਕੋਈ ਪੰਜਾਬੀ ਹਾਜ਼ਰੀ ਲਵਾ ਰਿਹਾ ਹੈ। ਪੰਜਾਬੀਆਂ ਕੋਲ ਆਪਣੇ ਉੱਤੇ ਹੱਸਣ ਦੀ ਕਲਾ ਹੈ। ਨਾਮਵਰ ਵਾਰਤਾਕਾਰ ਰਾਜਿੰਦਰ ਸਿੰਘ ਬੇਦੀ ਦਾ ਕਥਨ ਹੈ: “ਜਿੱਥੇ ਦੁਨੀਆ ਦੇ ਲੋਕ ਦੂਜਿਆਂ ਵਿੱਚ ਹੀ ਕੀੜੇ ਕੱਢਦੇ ਰਹਿੰਦੇ ਹਨ, ਉੱਥੇ ਪੰਜਾਬੀ ਹੀ ਹੈ ਜਿਹੜਾ ਆਪਣੇ ਆਪ ’ਤੇ ਵੀ ਹੱਸ ਸਕਦਾ ਹੈ...।” ਅਜਿਹਾ ਹੈ ਕੋਈ ਹੋਰ?
ਸੰਪਰਕ: 89684-33500

Advertisement
Advertisement