ਕੇਂਦਰ ਵਿੱਚ ਸਰਕਾਰ ਕੋਈ ਬਣੇ, ਗੱਲਬਾਤ ਦਾ ਰਾਹ ਖੁੱਲ੍ਹਾ ਰਹਿਣਾ ਚਾਹੀਦੈ: ਰਾਕੇਸ਼ ਟਿਕੈਤ
ਨੋਇਡਾ, 6 ਜੂਨ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਵਿੱਚ ਭਾਵੇਂ ਸਰਕਾਰ ਕੋਈ ਵੀ ਬਣੇ ਪਰ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੁੱਲ੍ਹਾ ਰਹਿਣਾ ਚਾਹੀਦੀ ਹੈ। ਕਿਸਾਨ ਆਗੂ ਟਿਕੈਤ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਐਨਡੀਏ ਕੇਂਦਰ ’ਚ ਅਗਲੀ ਸਰਕਾਰ ਬਣਾਉਣ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਇਥੇੇ ਮੁਜ਼ੱਫਰਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੂੰ ਕਿਹਾ, ‘‘ਅੰਦੋਲਨ ਉਸ ਵੇਲੇ ਉੱਠਦਾ ਹੈ ਜਦੋਂ ਦੇਸ਼ ਵਿੱਚ ਸਮੱਸਿਆਵਾਂ ਹੁੰਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਸਰਕਾਰ ਬਣਾਵੇ, ਗੱਲਬਾਤ ਲਈ ਰਾਹ ਖੁੱਲ੍ਹਾ ਰੱਖੇ।’’ ਭਾਰਤੀ ਕਿਸਾਨ ਯੂਨੀਅਨ ਜੋ ਕਿ ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ, ਨੇ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ 2020-21 ’ਚ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ। ਇਸ ਸੰਘਰਸ਼ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਵਿਵਾਦਪੂਰਨ ਖੇਤੀ-ਮਾਰਕੀਟਿੰਗ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ। ਹੁਣ ਕਈ ਕਿਸਾਨ ਯੂਨੀਅਨਾਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੀਆਂ ਹਨ। ਟਿਕੈਤ ਨੇ ਕਿਹਾ ਕਿ ਪਿਛਲੀ ਸਰਕਾਰ ਨੇ 22 ਜਨਵਰੀ, 2021 ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਦੇਖਣਗੇ ਤਾਂ ਟਿਕੈਤ ਨੇ ਕਿਹਾ ਕਿ ਉਹ ਕੋਈ ਜੋਤਸ਼ੀ ਨਹੀਂ ਹਨ ਜੋ ਅਜਿਹੀ ਭਵਿੱਖਬਾਣੀ ਕਰੇਗਾ। -ਪੀਟੀਆਈ