ਕਾਂਗਰਸ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੇ: ਰਵਨੀਤ ਬਿੱਟੂ
ਜੈਪੁਰ, 23 ਸਤੰਬਰ
ਕੇਂਦਰੀ ਰਾਜ ਮੰੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰਨਾ ਚਾਹੀਦਾ ਹੈ। ਕਾਂਗਰਸੀ ਵਰਕਰਾਂ ਨੇ ਇੱਥੋਂ ਦੇ ਅੱਜ ਸੀਬੀਆਈ ਗੇਟ ਇਲਾਕੇ ਵਿੱਚ ਬਿੱਟੂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਉਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ।
ਬਿੱਟੂ ਇਥੇ ਇਕ ਖੇਡ ਪ੍ਰੋਗਰਾਮ ਵਿਚ ਹਿੱਸਾ ਲੈਣ ਪੁੱਜੇ ਸਨ, ਇਸ ਦੌਰਾਨ ਉਨ੍ਹਾਂ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੱਲ ਭਾਜਪਾ ਜਾਂ ਕਾਂਗਰਸ ਦੀ ਨਹੀਂ ਹੈ, ਗੱਲ ਪੰਜਾਬ ਦੇ ਸਿੱਖਾਂ ਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤਾਂ ਖ਼ੁਦ ਕਿੰਨੀ ਵਾਰ ਗੁਰਦੁਆਰਾ ਸਾਹਿਬ ਜਾਂਦੇ ਹਨ, ਕੋਣ ਰੋਕਦਾ ਹੈ?
ਉਨ੍ਹਾਂ ਕਿਹਾ ‘‘ਕੋਈ ਇਕ ਆਦਮੀ ਦੱਸੇ ਕਿਸੇ ਨੇ ਸਾਨੂੰ ਕੜਾ ਪਾਉਣ ਤੋਂ ਰੋਕਿਆ ਹੈ?, ਕਿਸੇ ਨੇ ਸਾਨੂੰ ਪੱਗ ਬੰਨ੍ਹਣ ਤੋਂ ਰੋਕਿਆ ਹੈ?, ਕਿਸੇ ਨੇ ਸਾਨੂੰ ਗੁਰਦੁਆਰਾ ਜਾਣ ਤੋਂ ਰੋਕਿਆ ਹੈ? ਇਸ ਲਈ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੋ।’’ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਜਗਤਪੁਰਾ ਸ਼ੂਟਿੰਗ ਰੇਂਜ ਵਿਖੇ 57ਵੇਂ ਅੰਤਰ ਰੇਲਵੇ ਸ਼ੂਟਿੰਗ ਮੁਕਾਬਲੇ ਦਾ ਉਦਘਾਟਨ ਕਰਨ ਪਹੁੰਚੇ ਸਨ। ਪੀਟੀਆਈ