ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੂਸ਼ਣ ਗ਼ਲਤੀ ਮੰਨੇ ਤਾਂ ਨਰਮੀ ਵਰਤਾਂਗੇ: ਸੁਪਰੀਮ ਕੋਰਟ

06:53 AM Aug 21, 2020 IST

ਨਵੀਂ ਦਿੱਲੀ, 20 ਅਗਸਤ

Advertisement

ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਸਮਾਜ ਸੇਵੀ ਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਮਾਣਹਾਨੀ ਕਾਰਵਾਈ ਦੌਰਾਨ ਕਿਹਾ ਕਿ ਜੇਕਰ ਭੂਸ਼ਣ ਨੂੰ ਗਲਤੀ ਦਾ ਅਹਿਸਾਸ ਹੋਵੇ ਤਾਂ ਅਦਾਲਤ ਉਨ੍ਹਾਂ ਪ੍ਰਤੀ ਨਰਮੀ ਵਰਤ ਸਕਦੀ ਹੈ। ਅਦਾਲਤ ਨੇ ਸ੍ਰੀ ਭੂਸ਼ਣ ਨੂੰ ਉਸ ਦੇ ‘ਬਾਗ਼ੀ ਬਿਆਨ’ ਉੱਤੇ ਮੁੜ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ। ਉਧਰ ਭੂਸ਼ਣ ਨੇ ਕਿਹਾ ਕਿ ਉਹ ਆਪਣੇ ਵਕੀਲਾਂ ਦੀ ਰਾਇ ਨਾਲ ਸੁਪਰੀਮ ਕੋਰਟ ਦੀ ਸਲਾਹ ’ਤੇ ਵਿਚਾਰ ਕਰਨਗੇ। ਇਸ ਦੌਰਾਨ ਪ੍ਰਸ਼ਾਂਤ ਭੂਸ਼ਣ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਇਹ ਟਵੀਟ ‘ਪੂਰੇ ਹੋਸ਼ੋ-ਹਵਾਸ’ ਵਿੱਚ ਕੀਤੇ ਸਨ ਤੇ ਇਹ ਉਸ ਦੇ ਦ੍ਰਿੜ ਵਿਸ਼ਵਾਸ ਦੀ ਤਰਜਮਾਨੀ ਕਰਦੇ ਹਨ, ਲਿਹਾਜ਼ਾ ਇਨ੍ਹਾਂ ਲਈ ਮੁਆਫ਼ੀ ਮੰਗਣਾ ਕਿਸੇ ਬੇਵਫ਼ਾਈ ਤੇ ਤ੍ਰਿਸਕਾਰ ਤੋਂ ਘੱਟ ਨਹੀਂ ਹੋਵੇਗਾ। ਭੂਸ਼ਣ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਰਹਿਮ ਲਈ ਨਹੀਂ ਆਖਦੇ ਤੇ ਅਦਾਲਤ ਵੱਲੋਂ ਸੁਣਾਈ ਕਿਸੇ ਵੀ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਨਗੇ। ਚੇਤੇ ਰਹੇ ਕਿ ਸਿਖਰਲੀ ਅਦਾਲਤ ਨੇ ਜੁਡੀਸ਼ਰੀ ਖ਼ਿਲਾਫ ਕੀਤੇ ਦੋ ਅਪਮਾਨਜਨਕ ਟਵੀਟਾਂ ਲਈ ਭੂਸ਼ਣ ਨੂੰ 14 ਅਗਸਤ ਨੂੰ ਦੋਸ਼ੀ ਠਹਿਰਾਇਆ ਸੀ।

ਇਸ ਤੋਂ ਪਹਿਲਾਂ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਵਿੱਚ ਸਜ਼ਾ ਸੁਣਾਉਣ ਲਈ ਹੋਣ ਵਾਲੀ ਸੁਣਵਾਈ ਟਾਲਣ ਦੀ ਮੰਗ ਕੀਤੀ ਸੀ। ਇਸ ’ਤੇ ਸੁਪਰੀਮ ਕੋਰਟ ਨੇ ਸ੍ਰੀ ਭੂਸ਼ਣ ਨੂੰ ਕਿਹਾ, ‘ਅਸੀਂ ਤੁਹਾਨੂੰ ਭਰੋਸਾ ਦੇ ਸਕਦੇ ਹਾਂ ਕਿ ਜਦੋਂ ਤੱਕ ਤੁਹਾਡੀ ਨਜ਼ਰਸਾਨੀ ਪਟੀਸ਼ਨ ਦਾ ਫੈਸਲਾ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਤੁਹਾਡੀ ਸਜ਼ਾ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ।’ ਪ੍ਰਸ਼ਾਂਤ ਭੂਸ਼ਣ ਨੇ ਤਰਕ ਦਿੱਤਾ ਸੀ ਕਿ ਅਦਾਲਤ ਨੂੰ ਮਾਣਹਾਨੀ ਕਾਰਵਾਈ ਵਿੱਚ ਦਲੀਲਾਂ ’ਤੇ ਸੁਣਵਾਈ ਕਿਸੇ ਹੋਰ ਬੈਂਚ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਇਸ ’ਤੇ ਅਦਾਲਤ ਨੇ ਕਿਹਾ, ‘ਤੁਸੀਂ (ਭੂਸ਼ਣ) ਸਾਨੂੰ ਗਲਤ ਕੰਮ ਕਰਨ ਲਈ ਕਹਿ ਰਹੇ ਹੋ।’ ਸੁਪਰੀਮ ਕੋਰਟ ਨੇ ਸਜ਼ਾ ਤੈਅ ਕਰਨ ਲਈ ਕਿਸੇ ਹੋਰ ਬੈਂਚ ਕੋਲ ਸੁਣਵਾਈ ਦੀ ਮੰਗ ਰੱਦ ਕਰ ਦਿੱਤੀ। ਉਧਰ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਨੇ ਜਸਟਿਸ ਬੀ.ਆਰ.ਗਵਈ ਤੇ ਕ੍ਰਿਸ਼ਨਾ ਮੁਰਾਰੀ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਅਪੀਲ ਕੀਤੀ ਕਿ ਹੱਤਕ ਕੇਸ ਵਿੱਚ ਭੂਸ਼ਣ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਦੋਸ਼ੀ ਐਲਾਨਿਆ ਜਾ ਚੁੱਕਾ ਹੈ। ਇਸ ’ਤੇ ਬੈਂਚ ਨੇ ਸਾਫ਼ ਕਰ ਦਿੱਤਾ ਕਿ ਉਹ ਵੇਣੂਗੋਪਾਲ ਦੀ ਅਪੀਲ ’ਤੇ ਉਦੋਂ ਤਕ ਵਿਚਾਰ ਨਹੀਂ ਕਰ ਸਕਦੇ ਜਦੋਂ ਤਕ ਭੂਸ਼ਣ ਆਪਣੇ ਟਵੀਟਾਂ ਬਾਰੇ ਮੁਆਫ਼ੀ ਨਾ ਮੰਗਣ ਦੇ ਆਪਣੇ ਸਟੈਂਡ ’ਤੇ ਮੁੜ ਗੌਰ ਨਹੀਂ ਕਰਦਾ। ਸਿਖਰਲੀ ਅਦਾਲਤ ਨੇ ਕਿਹਾ ਕਿ ਜੇਕਰ ਪ੍ਰਸ਼ਾਂਤ ਭੂਸ਼ਣ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਕੁਝ ਨਰਮੀ ਵਰਤੀ ਜਾ ਸਕਦੀ ਹੈ। ਜਸਟਿਸ ਮਿਸ਼ਰਾ ਨੇ ਕਿਹਾ ਕਿ ਉਹ ਜਲਦੀ ਹੀ ਸੇਵਾ ਮੁਕਤ ਹੋ ਰਹੇ ਹਨ, ਜਿਸ ਕਰਕੇ ਇਸ ਕੇਸ ਨੂੰ ਅੱਗੇ ਪਾਉਣ ਦੀ ਮੰਗ ਨਾ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 24 ਅਗਸਤ ਨਿਰਧਾਰਿਤ ਕਰ ਦਿੱਤੀ। ਕਾਬਿਲੇਗੌਰ ਹੈ ਕਿ ਹੱਤਕ ਦੇ ਦੋਸ਼ੀ ਨੂੰ 6 ਮਹੀਨੇ ਦੀ ਸਾਧਾਰਨ ਸਜ਼ਾ ਜਾਂ 2000 ਰੁਪਏ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

Advertisement

ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਪ੍ਰਸ਼ਾਂਤ ਭੂਸ਼ਣ ਅੱਜ ਖੁ਼ਦ ਕੋਰਟ ਦੇ ਮੁਖਾਤਬਿ ਹੋਏ। ਭੂਸ਼ਣ ਨੇ ਕਿਹਾ ਕਿ ਉਨ੍ਹਾਂ ਦੇ ਟਵੀਟਾਂ ਦੀ ਪੂਰੀ ਤਰ੍ਹਾਂ ਗ਼ਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਮੈਂ ਇਸ ਗੱਲੋਂ ਨਿਰਾਸ਼ ਤੇ ਮਾਯੂਸ ਹਾਂ ਕਿ ਕੋਰਟ ਨੇ ਮੈਨੂੰ ਹੱਤਕ ਪਟੀਸ਼ਨ ਦੀ ਕਾਪੀ ਮੁਹੱਈਆ ਕਰਵਾਉਣੀ ਵੀ ਜ਼ਰੂਰੀ ਨਹੀਂ ਸਮਝੀ।’ ਭੂਸ਼ਣ ਨੇ ਕਿਹਾ, ‘ਮੇਰੇ ਟਵੀਟ ਮੇਰੇ ਦ੍ਰਿੜ ਵਿਸ਼ਵਾਸ ਨੂੰ ਹੀ ਦਰਸਾਉਂਦੇ ਹਨ।’ ਭੂਸ਼ਣ ਨੇ ਕਿਹਾ ਕਿ ਜਮਹੂਰੀਅਤ ਵਿੱਚ ਸੰਵਿਧਾਨਕ ਕਦਰਾਂ ਕੀਮਤਾਂ ਦੀ ਸੁਰੱਖਿਆ ਲਈ ਆਲੋਚਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਮੇਰੇ ਟਵੀਟ, ਮੇਰੇ ਸਿਖਰਲੇ ਫ਼ਰਜ਼ ਨੂੰ ਨਿਭਾਉਣ ਦਾ ਇਕ ਛੋਟਾ ਜਿਹਾ ਯਤਨ ਹਨ।’ ਭੂਸ਼ਣ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ ਉਨ੍ਹਾਂ ’ਤੇ ਚੱਲੇ ਇਕ ਕੇਸ ਦੇ ਟਰਾਇਲ ਦੌਰਾਨ ਕੀਤੀ ਇਕ ਟਿੱਪਣੀ ਦੇ ਹਵਾਲੇ ਨਾਲ ਕਿਹਾ, ‘ਮੈਂ ਕਿਸੇ ਰਹਿਮ ਲਈ ਨਹੀਂ ਆਖਦਾ ਤੇ ਨਾ ਹੀ ਕਿਸੇ ਰਹਿਮਦਿਲੀ ਦੀ ਅਪੀਲ ਕਰਦਾ ਹਾਂ। ਮੈਂ ਅਦਾਲਤ ਵੱਲੋਂ ਸੁਣਾਈ ਜਾਣ ਵਾਲੀ ਕਿਸੇ ਵੀ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਾਂਗਾ।’ ਭੂਸ਼ਣ ਨੇ ਕਿਹਾ, ‘ਮੈਨੂੰ ਦੁੱਖ ਇਸ ਲਈ ਨਹੀਂ ਕਿ ਮੈਂਨੂੰ ਸਜ਼ਾ ਸੁਣਾਈ ਜਾਣੀ ਹੈ, ਪਰ ਇਸ ਲਈ ਹੈ ਕਿ ਮੈਨੂੰ ਪੂਰੀ ਤਰ੍ਹਾਂ ਗ਼ਲਤ ਸਮਝਿਆ ਗਿਆ ਹੈ।’ ਭੂਸ਼ਣ ਨੇ ਕਿਹਾ, ‘ਮੇਰੇ ਲਈ ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਕੋਰਟ ਨੂੰ ਲੱਗਿਆ ਕਿ ਮੇਰੇ ਟਵੀਟ ਭਾਰਤੀ ਜਮਹੂਰੀਅਤ ਦੇ ਇਸ ਸਭ ਤੋਂ ਅਹਿਮ ਥੰਮ (ਨਿਆਂਪਾਲਿਕਾ) ਦੀਆਂ ਨੀਹਾਂ ਨੂੰ ਅਸਥਿਰ ਕਰ ਸਕਦੇ ਹਨ। ਮੈਂ ਜ਼ੋਰ ਦੇ ਕੇ ਆਖਦਾ ਹਾਂ ਕਿ ਮੇਰੇ ਇਹ ਦੋ ਟਵੀਟ ਮੇਰੇ ਦ੍ਰਿੜ ਸੰਕਲਪ ਦੀ ਤਰਜਮਾਨੀ ਕਰਦੇ ਹਨ, ਤੇ ਕਿਸੇ ਵੀ ਜਮਹੂਰੀਅਤ ਵਿੱਚ ਪ੍ਰਗਟਾਵੇ ਦੀ ਖੁੱਲ੍ਹ ਹੋਣੀ ਚਾਹੀਦੀ ਹੈ।’ ਭੂਸ਼ਣ ਨੇ ਕਿਹਾ ਕਿ ਜਨਤਕ ਅਦਾਰਿਆਂ ਦੀ ਪੜਚੋਲ ਨਿਆਂਪਾਲਿਕਾ ਦੇ ਸਿਹਤਮੰਦ ਕੰਮਕਾਜ ਲਈ ਇੱਛਤ ਹੈ।

ਟਵਿੱਟਰ ’ਤੇ ‘#ਹਮ ਦੇਖੇਂਗੇ’ ਮੁਹਿੰਮ ਨੇ ਜ਼ੋਰ ਫੜਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਹੱਤਕ ਮਾਮਲੇ ਵਿੱਚ ਸੀਨੀਅਰ ਵਕੀਲ ਤੇ ਸਮਾਜ ਸੇਵੀ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਜਾਰੀ ਸੁਣਵਾਈ ਦਰਮਿਆਨ ਦੇਸ਼ ਦੇ ਸੋਸ਼ਲ ਮੀਡੀਆ ’ਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਮਸ਼ਹੂਰ ਨਜ਼ਮ ‘ਹਮ ਦੇਖੇਂਗੇ’ ਦੀ ਗੂੰਜ ਸੁਣਾਈ ਦਿੱਤੀ। ਲੋਕਾਂ ਨੇ ਟਵਿੱਟਰ ’ਤੇ ‘#ਹਮ ਦੇਖੇਂਗੇ’ ਤਹਿਤ ਮੁਹਿੰਮ ਵਿੱਢਦਿਆਂ ਭੂਸ਼ਣ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ ਹੈ। ਸਿਆਸੀ ਪਾਰਟੀ ‘ਸਵਰਾਜ ਇੰਡੀਆ’ ਅਤੇ ਹੋਰ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਮਗਰੋਂ ਸੋਸ਼ਲ ਮੀਡੀਆ ’ਤੇ ‘ਹਮ ਦੇਖੇਂਗੇ’ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਵਿਚ ਦੇਸ਼ ਦੇ ਮਸ਼ਹੂਰ ਚਿੰਤਕਾਂ, ਵਿਦਵਾਨਾਂ, ਸਿਆਸੀ ਆਗੂਆਂ, ਕਲਾਕਾਰਾਂ, ਇਤਿਹਾਸਕਾਰਾਂ, ਸਮਾਜ ਸ਼ਾਸਤਰੀਆਂ, ਅਰਥਸ਼ਾਸਤਰੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਯੋਗੇਂਦਰ ਯਾਦਵ ਨੇ ਸ਼ੁਰੂ ਕੀਤਾ ਅਤੇ ਪ੍ਰੋਗਰਾਮ ਈ.ਐੱਮ.ਐੱਸ ਨੰਬੂਦਰੀਪਾਦ ਦੀ ਦੋਹਤੀ ਸੁਮੰਗਲਾ ਦਾਮੋਦਰਨ ਵੱਲੋਂ ਨਜ਼ਮ ‘ਹਮ ਦੇਖੇਂਗੇ’ ਗਾਉਣ ਨਾਲ ਸ਼ੁਰੂ ਹੋਇਆ। ਉਪਰੰਤ ਬੰਗਲੌਰ ਵਾਸੀ ਆਜ਼ਾਦੀ ਘੁਲਾਟੀਏ ਦੁਰਾਏਸਵਾਮੀ(103) ਬੋਲੇ। ਇਸ ਪ੍ਰੋਗਰਾਮ ਵਿੱਚ ਮੇਧਾ ਪਾਟੇਕਰ, ਹਰਸ਼ ਮੰਦਰ, ਤੀਸਤਾ ਸੀਤਲਵਾੜ, ਗਨੇਸ਼ ਦਿਵੇਦੀ, ਅਭੀਕ ਸਾਹਾ, ਸ਼ੁਭੇਂਦੂ ਘੋਸ਼ ਤੇ ਹੋਰਨਾਂ ਨੇ ਹਿੱਸਾ ਲਿਆ। ਤਾਮਿਲਨਾਡੂ ਤੋਂ ਮਛੇਰਿਆਂ ਦੀ ਇਕ ਜਥੇਬੰਦੀ ਅਤੇ ਉੜੀਸਾ ਦੀਆਂ ਆਦਿਵਾਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕਿਵੇਂ ਪ੍ਰਸ਼ਾਂਤ ਭੂਸ਼ਣ ਨੇ ਬਿਨਾਂ ਪੈਸਾ ਲਿਆਂ ਉਨ੍ਹਾਂ ਦੇ ਕੇਸ ਲੜੇ। ‘ਹਮ ਦੇਖੇਂਗੇ’ ਨਜ਼ਮ ਵੱਖ ਵੱਖ ਭਾਸ਼ਾਵਾਂ ਵਿਚ ਸੁਣਾਈ ਗਈ। ਮਸ਼ਹੂਰ ਸੰਗੀਤਕਾਰ ਟੀ.ਐੱਮ. ਕ੍ਰਿਸ਼ਨਾ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰੋਗਰਾਮ ਦਾ ਅੰਤ ਫੈਜ਼ ਅਹਿਮਦ ਫੈਜ਼ ਦੀ ਇਕ ਹੋਰ ਨਜ਼ਮ ਨਾਲ ਹੋਇਆ।

Advertisement
Tags :
ਸੁਪਰੀਮਕੋਰਟਗ਼ਲਤੀਨਰਮੀਭੂਸ਼ਣਮੰਨੇਵਰਤਾਂਗੇ: