Jharkhand Election Results: 81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
ਰਾਂਚੀ, 23 ਨਵੰਬਰ
Jharkhand Election Results: ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ਨਿੱਚਰਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਇੱਥੇ ਚੋਣਾਂ ਦੋ ਪੜਾਵਾਂ ਵਿੱਚ ਹੋਈਆਂ ਸਨ।
ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਰੁਝਾਨਾਂ ਦੇ ਅਨੁਸਾਰ, ਜੇਐਮਐਮ ਦੀ ਅਗਵਾਈ ਵਾਲਾ ਇੰਡੀਆ ਬਲਾਕ ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਵਿੱਚੋਂ 50 'ਤੇ ਅੱਗੇ ਹੈ ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ 30 ਸੀਟਾਂ 'ਤੇ ਅੱਗੇ ਹੈ ਅਤੇ ਵੋਟਾਂ ਦੀ ਗਿਣਤੀ ਜਾਰੀ ਹੈ।
ਚੋਣਾਂ ਦੇ ਪਹਿਲੇ ਗੇੜ ਵਿੱਚ 43 ਹਲਕਿਆਂ ਨੂੰ ਕਵਰ ਕੀਤਾ ਗਿਆ, ਜਦੋਂ ਕਿ ਦੂਜੇ ਅਤੇ ਆਖਰੀ ਪੜਾਅ ਵਿੱਚ 38 ਸੀਟਾਂ ਉੱਤੇ ਵੋਟਿੰਗ ਹੋਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ 24 ਕੇਂਦਰਾਂ ’ਤੇ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਗਈ।
ਮੁੱਖ ਚੋਣ ਅਧਿਕਾਰੀ ਕੇ ਰਵੀ ਕੁਮਾਰ ਨੇ ਦੱਸਿਆ ਕਿ ਸ਼ਾਮ 4 ਵਜੇ ਤੱਕ ਗਿਣਤੀ ਪੂਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਘੱਟ 13 ਗੇੜਾਂ ਦੀ ਗਿਣਤੀ ਟੋਰਪਾ ਵਿਧਾਨ ਸਭਾ ਖੇਤਰ ਨਾਲ ਸਬੰਧਤ ਹੋਵੇਗੀ ਜਦਕਿ ਚਤਰਾ ਸੀਟ ਲਈ ਸਭ ਤੋਂ ਵੱਧ 24 ਗੇੜਾਂ ਦੀ ਗਿਣਤੀ ਹੋਵੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਛੱਡ ਕੇ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਮਤਦਾਨ ਰਿਕਾਰਡ 67.74 ਪ੍ਰਤੀਸ਼ਤ ਤੱਕ ਪਹੁੰਚ ਗਿਆ, ਜੋ ਕਿ 15 ਨਵੰਬਰ, 2000 ਨੂੰ ਝਾਰਖੰਡ ਦੇ ਗਠਨ ਤੋਂ ਬਾਅਦ ਸਭ ਤੋਂ ਵੱਧ ਹੈ। ਪੀਟੀਆਈ