ਬਸਰੇ ਦੀ ਲਾਮ ਟੁੱਟਜੇ…...
ਜੰਗ...ਤਬਾਹੀ, ਕਹਿਰ, ਸਹਿਮ, ਨਸਲਕੁਸ਼ੀ, ਲੋਥਾਂ ਦੇ ਅੰਬਾਰ, ਉਜਾੜਾ, ਅਪੰਗਤਾ...ਕੀ ਕੀ ਨਾਮ ਦੇਈਏ? ਯੁੱਧ ਮਹਾਭਾਰਤ ਦਾ ਹੋਵੇ, ਵਿਸ਼ਵ ਜੰਗਾਂ ਹੋਣ, ਲੜਾਈ ਕਾਰਗਿਲ ਦੀ ਹੋਵੇ, ਮੈਦਾਨ ਕਰਬਲਾ ਦਾ ਹੋਵੇ, ਖਾਨਾਜੰਗੀ ਸੀਰੀਆ ਦੀ, ਰੂਸ ਯੁਕਰੇਨ ਦਾ ਯੁੱਧ ਅਤੇ ਹੁਣ ਇਜ਼ਰਾਈਲ ਹਮਾਸ ਦਾ ਰਣ...ਕੁੱਖਾਂ ਸੁੰਨੀਆਂ ਹੋ ਜਾਂਦੀਆਂ ਨੇ, ਸੁਹਾਗ ਉੱਜੜਦੇ ਨੇ, ਬਚਪਨ ਅਨਾਥ ਹੋ ਜਾਂਦੈ, ਕਬਰਾਂ ਵਾਲੀ ਚੁੱਪ ਪਸਰ ਜਾਂਦੀ ਐ। ਹੀਰੋਸ਼ੀਮਾ ਅਤੇ ਨਾਗਾਸਾਕੀ ਅੱਜ ਵੀ ਹਉਕਿਆਂ ਹਾਵਿਆਂ ਦੀ ਗਵਾਹੀ ਭਰਦੇ ਨੇ...ਅੱਠ ਦਹਾਕਿਆਂ ਮਗਰੋਂ ਵੀ ਨਾਸੂਰ ਰਿਸਦੇ ਨੇ, ਜ਼ਮੀਨਾਂ ਬੰਜ਼ਰ ਨੇ ਤੇ ਬੱਚੇ ਅਪੰਗ। ਸਿਆਣੇ ਕਹਿੰਦੇ ਨੇ- ਤਿੱਖੇ ਔਜ਼ਾਰਾਂ ਨਾਲ ਮਜ਼ਾਕ ਚੰਗੇ ਨਹੀਂ ਹੁੰਦੇ!
ਬਸਰੇ ਦਾ ਜ਼ਿਕਰ ਅਕਸਰ ਪੰਜਾਬੀ ਲੋਕਧਾਰਾ ਵਿੱਚ ਆਉਂਦੈ। ਇਹ ਓਹੀ ਖੇਤਰ ਐ, ਜਿੱਥੇ ਅਨੇਕਾਂ ਪੰਜਾਬੀ ਜਵਾਨ ਬਰਤਾਨਵੀ ਹਕੂਮਤ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ। ਇਸ ਵਿੱਚ ਤੇਰਾਂ ਲੱਖ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ ਸੀ, ਪਰ 74000 ਨੂੰ ਮੁੜ ਘਰ ਦਾ ਦਰ ਦੇਖਣਾ ਨਸੀਬ ਨਹੀਂ ਹੋਇਆ। ਉਸ ਵੇਲੇ ਗੱਭਰੂ ਫ਼ੌਜੀਆਂ ਦੀਆਂ ਸਜ-ਵਿਆਹੀਆਂ ਇਹੀ ਅਰਜੋਈ ਕਰਦੀਆਂ ਸਨ:
ਬਸਰੇ ਦੀ ਲਾਮ ਟੁੱਟਜੇ, ਮੈਂ ਰੰਡੀਓਂ ਸੁਹਾਗਣ ਹੋਵਾਂ।
ਇਹ ਲਾਮ ਇੰਨਾਂ ਭਿਆਨਕ ਵਰਤਾਰਾ ਸੀ ਕਿ ਇਸ ਵਿੱਚ ਨੱਬੇ ਲੱਖ ਸੈਨਿਕ ਅਤੇ ਸੱਤਰ ਲੱਖ ਆਮ ਨਾਗਰਿਕ ਮਾਰੇ ਗਏ। ਅਪਾਹਜ ਫ਼ੌਜੀਆਂ ਦੀ ਗਿਣਤੀ ਵੀ ਸੱਤਰ ਲੱਖ ਦੇ ਨੇੜੇ ਸੀ। ਨਤੀਜੇ ਵਜੋਂ ਭੁੱਖਮਰੀ ਅਤੇ ਮਹਾਮਾਰੀਆਂ ਨੇ ਹੋਰ ਪੰਜ ਕਰੋੜ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਸਮੇਟ ਲਿਆ ਸੀ, ਪਰ ਮਨੁੱਖ ਤਾਂ ਮਨੁੱਖ ਨਿਕਲਿਆ! ਸਬਕ ਸਿੱਖਣ ਦੀ ਬਜਾਏ ਹੋਰ ਖੂੰਖਾਰ ਹੋ ਨਿੱਬੜਿਆ। ਦੂਜੀ ਆਲਮੀ ਜੰਗ ਛੇਤੀ ਵਿੱਢ ਲਈ, ਜਿਸ ਵਿੱਚ 70 ਦੇਸ਼ਾਂ ਦੇ 10 ਕਰੋੜ ਤੋਂ ਵੱਧ ਸੈਨਿਕ ਇਸ ਦੀ ਭੱਠੀ ਵਿੱਚ ਝੋਂਕੇ ਗਏ। ਮਨੁੱਖੀ ਇਤਿਹਾਸ ਦੇ ਇਸ ਅਮਾਨਵੀ ਕਹਿਰ ਵਿੱਚ ਦੋ ਕਰੋੜ ਫ਼ੌਜੀ ਅਤੇ ਚਾਰ ਕਰੋੜ ਨਾਗਰਿਕ ਮੌਤ ਦੇ ਮੂੰਹ ਵਿੱਚ ਚਲੇ ਗਏ। ਇਹ ਹੈ ਸੱਭਿਆ ਮਨੁੱਖ ਦੀਆਂ ਅਸੱਭਿਆ ਕਰਤੂਤਾਂ ਦੀ ਇੱਕ ਝਲਕ। ਚੰਦ ਪਲਾਂ ਦੀ ਸ਼ਰਾਰਤ ਦਾ ਖ਼ਮਿਆਜ਼ਾ ਸਦੀਆਂ ਤੱਕ ਭੁਗਤਣਾ ਪੈਂਦੈ। ਸ਼ਾਇਰ ਮੁਜ਼ੱਫ਼ਰ ਰਜ਼ਮੀ ਹੰਝੂਆਂ ਦੇ ਪਾਣੀ ਦੀ ਗੱਲ ਕਰਦੈ:
ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ ਹੈ
ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ।
ਆਦਿ ਸਮੇਂ ਤੋਂ ਹੀ ਮਾਨਵ ਬੇਚੈਨੀ ਦਾ ਸ਼ਿਕਾਰ ਰਿਹੈ। ਇਸ ਨੇ ਜਨਮ ਤੋਂ ਹੀ ਸਵਾਰਥ ਦਾ ਪੱਲਾ ਫੜਿਆ ਹੋਇਆ। ਮਨ ਮਸਤਕ ਵਿੱਚ ਪਸ਼ੂ ਬਿਰਤੀ ਦਾ ਵਾਸਾ। ਸਮਾਜਿਕ ਰੂਪ ਧਾਰ ਚੁੱਕੇ ਇਸ ਪਸ਼ੂ ਦਾ ਮੇਲ ਹੋਰ ਪਸ਼ੂਆਂ ਨਾਲ ਸਾਂਝਾ ਹੈ। ਆਪਣੀ ਖੁਰਲੀ ਵਿੱਚ ਚਾਰਾ ਪਿਆ ਹੋਣ ਦੇ ਬਾਵਜੂਦ, ਨਾਲ ਦੀ ਖੁਰਲੀ ਵਾਲੇ ਨੂੰ ਢੁੱਡ ਮਾਰ ਕੇ ਪਰ੍ਹੇ ਕਰਦਿਆਂ, ਉਹਦੀ ਖੁਰਲੀ ਵਿੱਚੋਂ ਚਾਰਾ ਖਾਣ ਦੀ ਰੁਚੀ ਮਨੁੱਖ ਵਿੱਚ ਸਦਾ ਹੀ ਬਣੀ ਰਹੀ ਹੈ। ਇਹ ਅੱਜ ਵੀ ਬਣੀ ਹੋਈ ਹੈ ਤੇ ਭਵਿੱਖ ਵਿੱਚ ਵੀ ਇਸ ਦੇ ਮਿਟ ਜਾਣ ਦੇ ਕੋਈ ਆਸਾਰ ਨਹੀਂ ਦਿਸਦੇ। ਮਨੁੱਖ ਜੰਗਲ ਤੋਂ ਸੱਭਿਅਤਾ ਤੱਕ ਪਹੁੰਚ ਗਿਆ ਹੈ। ਇਸ ਸਫ਼ਰ ਵਿੱਚ ਇਸ ਨੇ ਆਪਣੇ ਦਿਮਾਗ਼ ਦਾ ਹੈਰਾਨ ਕਰਨ ਵਾਲਾ ਹੀ ਨਹੀਂ, ਸਗੋਂ ਭੈਅਭੀਤ ਕਰਨ ਵਾਲਾ ਵਿਕਾਸ ਕਰ ਲਿਆ ਹੈ।
ਯੁੱਧ ਹੈ ਕੀ? ਇਹ ਵੱਖੋ ਵੱਖਰੇ ਮੁਲਕਾਂ ਜਾਂ ਧਰਮ ਆਧਾਰਿਤ ਫ਼ਿਰਕਿਆਂ ਵਿੱਚ ਲੰਮਾ ਬਖੇੜਾ ਹੁੰਦਾ ਹੈ, ਜਿਸ ਵਿੱਚ ਅੱਤ ਦਰਜੇ ਦੀ ਹਿੰਸਾ ਅਤੇ ਜਾਨੀ ਮਾਲੀ ਤਬਾਹੀ ਸ਼ਾਮਲ ਹੁੰਦੀ ਹੈ। ਸਿਆਸੀ ਜਮਾਤਾਂ ਵਿੱਚ ਵੀ ਇਹ ਵਿਸ਼ਾਲ ਹਥਿਆਰਬੰਦ ਟਾਕਰਾ ਹੁੰਦਾ ਹੈ। ਅਕਸਰ ਤਿੰਨ ਪੱਖਾਂ ਕਰ ਕੇ ਯੁੱਧ ਛੇੜਿਆ ਜਾਂਦਾ ਹੈ; ਸ਼ਕਤੀ ਪ੍ਰਾਪਤੀ, ਹੱਕ ਪ੍ਰਾਪਤੀ ਅਤੇ ਵਿਚਾਰਾਂ ਦੀ ਵਿਚਾਰਾਂ ਉੱਤੇ ਵਿਜੈ ਪ੍ਰਾਪਤੀ। ਸ਼ਕਤੀ ਗ੍ਰਹਿਣ ਕਰਨ ਵਾਲੇ ਯੁੱਧ ਵਿੱਚ ਹਿੰਸਾ ਪ੍ਰਮੁੱਖ ਹੁੰਦੀ ਹੈ। ਹੱਕ ਤੇ ਸੱਚ ਪ੍ਰਾਪਤੀ ਲਈ ਲੜੇ ਜਾਣ ਵਾਲੇ ਯੁੱਧ ਦਾ ਮੰਤਵ ਮਾਨਵੀ ਹਿੱਤਾਂ ਤੇ ਮਨੁੱਖੀ ਅਣਖ ਨੂੰ ਮੰਨਿਆ ਜਾਂਦਾ ਹੈ। ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਜ਼ਬਰਦਸਤੀ ਆਪਣੇ ਵਿਚਾਰਾਂ ਲਈ ਕਾਇਲ ਕਰਨਾ ਤੀਜਾ ਕਾਰਨ ਹੈ। ਠੰਢੀ ਜੰਗ ਇਸੇ ਮੰਤਵ ਦੀ ਪੂਰਤੀ ਲਈ ਕੀਤਾ ਜਾਣ ਵਾਲਾ ਯੁੱਧ ਹੈ।
ਜੰਗ ਕਿਤੇ ਵੀ ਹੋਵੇ, ਦੁੱਖ ਸਮੁੱਚੀ ਮਾਨਵਤਾ ਨੂੰ ਹੰਢਾਉਣਾ ਪੈਂਦੈ। ਵਹਿਣ ਵਾਲਾ ਲਹੂ ਪੂਰੀ ਤਰ੍ਹਾਂ ਮਨੁੱਖਤਾ ਨੂੰ ਸ਼ਰਮਿੰਦਾ ਕਰਦਾ ਹੈ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ ਕਰਦਾ। ਇਸ ਦੀਆਂ ਤਬਾਹੀਆਂ ਦੇ ਮੰਜ਼ਰ ਦੇਖ ਕੇ ਹੀ ਉਰਦੂ ਦੇ ਪ੍ਰਸਿੱਧ ਕਵੀ ਸਾਹਿਰ ਲੁਧਿਆਣਵੀ ਨੇ ਆਪਣੀ ਨਜ਼ਮ ‘ਐ ਸ਼ਰੀਫ਼ ਇਨਸਾਨੋਂ’ ਵਿੱਚ ਇੱਕ ਭਾਵੁਕਤਾ ਸਿਰਜੀ ਹੈ:
ਜੰਗ ਤੋ ਖੁਦ ਹੀ ਏਕ ਮਸਲਾ ਹੈ
ਜੰਗ ਕਿਆ ਮਸਲੋਂ ਕਾ ਹੱਲ ਦੇਗੀ।
ਇਸ ਲੀਏ! ਐ ਸ਼ਰੀਫ਼ ਇਨਸਾਨੋਂ
ਜੰਗ ਟਲਤੀ ਰਹੇ ਤੋ ਬਿਹਤਰ ਹੈ...
ਜੰਗ ਵਿੱਚ ਕਿਸੇ ਦੀ ਜਿੱਤ ਹਾਰ ਨਹੀਂ ਹੁੰਦੀ, ਬਲਕਿ ਕਿਰਤੀ ਲੋਕ ਮਰਦੇ ਹਨ। ਨੁਕਸਾਨ ਲੋਕਾਂ ਦਾ ਹੁੰਦੈ, ਹਾਕਮਾਂ ਦਾ ਨਹੀਂ। ਮੌਤ ਤਾਂ ਉਨ੍ਹਾਂ ਦਾ ਵਪਾਰ ਹੈ। ਯੁੱਧ ਇੱਕ ਅਜਿਹਾ ਦੁਖਾਂਤ ਹੈ, ਜਿੱਥੇ ਨੌਜਵਾਨ-ਜਿਹੜੇ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਹੁੰਦੇ ਤੇ ਨਾ ਹੀ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ-ਇੱਕ ਦੂਜੇ ਨੂੰ ਮਾਰਦੇ ਨੇ, ਉਨ੍ਹਾਂ ਹੁਕਮਰਾਨਾਂ ਦੇ ਹੁਕਮਾਂ ’ਤੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਵੀ ਹਨ ਅਤੇ ਨਫ਼ਰਤ ਵੀ ਕਰਦੇ ਹਨ। ਇਹ ਅਜਿਹੀ ਚੰਦਰੀ ਘਟਨਾ ਹੁੰਦੀ ਹੈ, ਜਿਸ ਨੂੰ ਹਾਰਨ ਵਾਲਾ ਤਾਂ ਹਾਰਦਾ ਹੀ ਹੈ, ਜਿੱਤਣ ਵਾਲਾ ਵੀ ਹਾਰਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਜੰਗ ਦਾ ਜਸ਼ਨ ਉਹ ਮਨਾਉਂਦੇ ਹਨ, ਜੋ ਕਦੇ ਜੰਗ ਲੜੇ ਨਹੀਂ ਹੁੰਦੇ; ਤੇ ਜੋ ਕਦੇ ਜੰਗ ਲੜੇ ਹੁੰਦੇ ਹਨ, ਉਹ ਜੰਗ ਦਾ ਜਸ਼ਨ ਨਹੀਂ ਮਨਾਉਂਦੇ।
ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਵਿਗਿਆਨ ਦੀ ਵਰਤੋਂ ਫ਼ੌਜ ਵਿੱਚ ਨਾ ਕਰਨ ਦੀ ਤਾਕੀਦ ਕੀਤੀ ਸੀ। ਉਸ ਨੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਆਪਣੇ ਇੱਕ ਮਹਿਮਾਨ ਨੂੰ ਪੁੱਛਿਆ ਸੀ ਕਿ ਜੇ ਅਗਲੀ ਜੰਗ ਹੋਈ ਤਾਂ ਕੀ ਇਨਸਾਨ ਧਰਤੀ ਤੋਂ ਖਤਮ ਹੋ ਸਕਦਾ ਹੈ? ਉਸ ਦਾ ਮੰਨਣਾ ਸੀ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤਾਂ ਇਹ ਇਸ ਕਦਰ ਭਿਆਨਕ ਤੇ ਤਬਾਹਕੁੰਨ ਹੋਵੇਗਾ ਕਿ ਮਨੁੱਖ ਦੀ ਸਾਰੀ ਉੱਨਤੀ ਅਤੇ ਵਿਕਾਸ ਮੁੜ ਸਿਫ਼ਰ ਉੱਤੇ ਆ ਜਾਣਗੇ ਅਤੇ ਜਦੋਂ ਚੌਥਾ ਯੁੱਧ ਲੜਨ ਲਈ ਮਨੁੱਖ ਆਪਣੇ ਆਪ ਨੂੰ ਤਿਆਰ ਕਰੇਗਾ ਤਾਂ ਉਸ ਕੋਲ ਸਿਵਾਏ ਪੱਥਰਾਂ ਦੇ ਕੁਝ ਨਹੀਂ ਹੋਵੇਗਾ। ਜੋ ਖਤਰਾ ਆਈਨਸਟਾਈਨ ਨੇ 1949 ਵਿੱਚ ਚਿਤਵਿਆ ਸੀ, ਉਹ ਅੱਜ ਵੀ ਸਾਡੇ ਸਿਰ ਉੱਤੇ ਮੰਡਰਾ ਰਿਹੈ। ਸਵੀਡਨ ਦੇ ਪ੍ਰਸਿੱਧ ਇੰਜੀਨੀਅਰ ਅਤੇ ਖੋਜੀ ਅਲਫਰਡ ਨੋਬੇਲ ਨੇ ਡਾਇਨਾਮਾਈਟ ਦੀ ਖੋਜ ਕੀਤੀ। ਉਸ ਦੀ ਅਚਾਨਕ ਇੱਕ ਨਜ਼ਰ ਅਖ਼ਬਾਰ ਵਿੱਚ ਛਪੀ ਆਪਣੀ ਕਿਸੇ ਫੋਟੋ ’ਤੇ ਪਈ, ਜਿਸ ਦੇ ਥੱਲੇ ਲਿਖਿਆ ਸੀ ‘ਮੌਤ ਦਾ ਸੌਦਾਗਰ ਚੱਲ ਵਸਿਆ।’ ਮਨ ਹਲੂਣਿਆ ਗਿਆ। ਕੀ ਉਸ ਨੂੰ ਦੁਨੀਆ ਵਿੱਚ ਇਸ ਤਰ੍ਹਾਂ ਯਾਦ ਕੀਤਾ ਜਾਵੇਗਾ? ਆਪਣੀ ਸਾਰੀ ਜਾਇਦਾਦ ਜੋ 19 ਕਰੋੜ ਡਾਲਰ ਸੀ, ਉਸ ਨੇ ਮਨੁੱਖਤਾ ਦੇ ਭਲੇ ਲਈ ਦੇ ਦਿੱਤੀ। ਅੱਜ ਉਸ ਦੇ ਨਾਂ ’ਤੇ ਨੋਬੇਲ ਪੁਰਸਕਾਰ ਦਿੱਤੇ ਜਾਂਦੇ ਹਨ। ਦੁਨੀਆ ਦੀ ਸਭ ਤੋਂ ਸ਼ਕਤੀਸਾਲੀ ਕਾਰਬਾਈਨ ਏ. ਕੇ. 47 ਦੇ ਖੋਜੀ ਰੂਸੀ ਜਰਨੈਲ ਮਿਖਾਇਲ ਕਲਾਸ਼ਨੀਕੋਵ ਨੇ ਇਸ ਖ਼ਤਰਨਾਕ ਹਥਿਆਰ ਦੀ ਭਿਆਨਕਤਾ ਨੂੰ ਮਨੁੱਖਤਾ ਦਾ ਘਾਣ ਸਮਝਦਿਆਂ 2013 ਵਿੱਚ ਆਪਣੀ ਮੌਤ ਤੋਂ ਪਹਿਲਾਂ ਲਿਖੀ ਇਸ ਚਿੱਠੀ ਵਿੱਚ ਇਸ ਦੀ ਕਾਢ ਦਾ ਪਛਤਾਵਾ ਕੀਤਾ। ਉਸ ਨੇ ਮਈ 2012 ਵਿੱਚ ਰੂਸੀ ਚਰਚ ਨੂੰ ਲਿਖਿਆ: “ਮੈਨੂੰ ਇਹ ਸਵਾਲ ਵਾਰ ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਪਰਮਾਤਮਾ ਨੇ ਮਨੁੱਖ ਨੂੰ ਈਰਖਾ, ਲਾਲਚ ਅਤੇ ਹਮਲਾਵਰ ਹੋਣ ਦੀ ਸ਼ੈਤਾਨੀ ਇੱਛਾ ਕਿਉਂ ਦਿੱਤੀ? ਕੀ ਮੈਂ ਇਸਾਈ ਹੋਣ ਦੇ ਨਾਤੇ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਨਹੀਂ?”
ਚਿੰਤਕ ਫਰਾਂਸਿਸ ਪੀ. ਡੈਫੀ ਦਾ ਕਥਨ ਹੈ: “ਕੋਈ ਸਿਪਾਹੀ ਯੁੱਧ ਸ਼ੁਰੂ ਨਹੀਂ ਕਰਦਾ; ਉਹ ਕੇਵਲ ਆਪਣੀਆਂ ਜਾਨਾਂ ਦੀ ਬਾਜੀ ਲਾਉਂਦੇ ਹਨ। ਯੁੱਧ ਸ਼ੁਰੂ ਹੁੰਦੇ ਹਨ: ਧਨੀ ਲੋਕਾਂ ਤੋਂ, ਸਿਆਸਤਦਾਨਾਂ ਤੋਂ, ਉਤੇਜਿਤ ਔਰਤਾਂ ਤੋਂ, ਅਖ਼ਬਾਰਾਂ ਦੇ ਸੰਪਾਦਕਾਂ ਤੋਂ; ਪਰ ਮਰਨ ਵਾਲੇ ਮਾਸੂਮ ਨੌਜਵਾਨ ਹੁੰਦੇ ਹਨ।” ਜੰਗਾਂ ਦਾ ਲਗਾਤਾਰ ਚੱਲਦੇ ਰਹਿਣਾ, ਪੂੰਜੀਵਾਦ ਦੀ ਲੋੜ ਬਣ ਗਿਆ ਹੈ। ਮੰਡੀ ਦਾ ਅਸੂਲ ਹੈ ਕਿ ਕਿਸੇ ਵੀ ਚੀਜ਼ ਦਾ ਉਤਪਾਦਨ ਲਾਭ ਲਈ ਕੀਤਾ ਜਾਂਦਾ ਹੈ, ਨਾ ਕਿ ਉਸ ਦੀ ਵਰਤੋਂ ਲਈ...ਇਹ ਦੱਸਣ ਦੀ ਲੋੜ ਨਹੀਂ, ਕੌਣ ਇਸ ਦਾ ਲਾਭ ਉਠਾਏਗਾ। ਸਰਬੀਆ ਦੀ ਕਹਾਵਤ ਹੈ ਕਿ ਯੁੱਧ ਵਿੱਚ ਹਾਕਮ ਬਾਰੂਦ ਵੰਡਦੇ ਨੇ, ਅਮੀਰ ਭੋਜਨ ਪਰੋਸਦੇ ਨੇ ਅਤੇ ਗ਼ਰੀਬ ਆਪਣੇ ਬੱਚੇ....ਜਦੋਂ ਯੁੱਧ ਦਾ ਖ਼ਾਤਮਾ ਹੁੰਦੈ; ਹਾਕਮ ਆਪਣਾ ਬਚਿਆ ਹੋਇਆ ਬਾਰੂਦ ਇਕੱਠਾ ਕਰ ਲੈਂਦੇ ਨੇ, ਅਮੀਰਾਂ ਕੋਲ ਵੱਧ ਅਨਾਜ ਜਮ੍ਹਾਂ ਹੋ ਜਾਂਦੈ ਤੇ ਗ਼ਰੀਬ ਆਪਣੇ ਬੱਚਿਆਂ ਦੀਆਂ ਕਬਰਾਂ ਫਰੋਲਦੇ ਨੇ! ਕਿੰਨੀ ਦੁਖਦਾਈ ਹਕੀਕਤ ਹੈ। ਕਿਸੇ ਕਵੀ ਦੀ ਕਲਮ ਤੋਂ:
ਯੁੱਧ ਜਸ਼ਨ ਨਹੀਂ ਹੁੰਦਾ ਦੋਸਤੋ
ਉਦੋਂ ਤਾਂ ਬਿਲਕੁਲ ਨਹੀਂ ਹੁੰਦਾ
ਜਦੋਂ ਕਿਸੇ ਬਾਂਦਰ ਦੇ ਹੱਥ ’ਚ ਬੰਦੂਕ ਹੋਵੇ।
ਕਿਸੇ ਸਿਰਫਿਰੇ ਨੂੰ ਲੱਭ ਜਾਏ
ਮਾਚਿਸ ਦੀ ਤੀਲ੍ਹੀ।
ਕਿਸੇ ਹੈਵਾਨ ਦੇ ਹੱਥ ਵਿੱਚ
ਆ ਜਾਵੇ ਸੱਤਾ।
ਤੇ ਕਿਸੇ ‘ਸ਼ੈਤਾਨ’ ਦੇ ਹੱਥ
ਆ ਜਾਵੇ ‘ਰੱਬ’।
ਤ੍ਰਾਸਦੀ ਇਹ ਹੈ ਕਿ ਅੱਜ ਗ਼ਰੀਬ ਮੁਲਕ ਕਰਜ਼ਾ ਚੁੱਕ ਕੇ ਅਸਲਾ ਰੂਪੀ ਮੌਤ ਸਹੇੜਦੇ ਨੇ। ਹੁਣ ਦੇ ਯੁੱਧ ਸੂਰਬੀਰਤਾ ਦੇ ਨਹੀਂ, ਮਨੁੱਖ ਦੀ ਮੂਰਖਤਾ ਭਰੀ ਤਬਾਹੀ ਦੇ ਪ੍ਰਮਾਣ ਪੱਤਰ ਹਨ। ਇਉਂ ਕਹੀਏ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਵੀ ਹਥਿਆਰੀ ਸ਼ਕਤੀਆਂ ਨੇ ਇਹ ਚੰਗਿਆੜੀ ਮਘਦੀ ਰੱਖੀ ਹੈ। ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੀ ਜੰਗ, ਅਮਰੀਕਾ ਤੇ ਵੀਅਤਨਾਮ ਜੰਗ, ਭਾਰਤ ਤੇ ਪਾਕ ਯੁੱਧ, ਅਮਰੀਕਾ ਦੇ ਇਰਾਕ, ਲਬਿੀਆ ਤੇ ਅਫ਼ਗ਼ਾਨਿਸਤਾਨ ’ਤੇ ਹਮਲੇ, ਸੀਰੀਆਈ ਖਾਨਾਜੰਗੀ, ਫਲਸਤੀਨ ਇਜ਼ਰਾਇਲ ਝੜਪਾਂ ਅਤੇ ਅਜੋਕਾ ਰੂਸ ਤੇ ਯੁਕਰੇਨ ਘਮਾਸਾਣ, ਇਸੇ ਬਰਬਾਦੀ ਦੀਆਂ ਕੜੀਆਂ ਹਨ। ਅੱਜ ਦਾ ਯੁੱਧ ਵੀ ਕੋਈ ਹੱਥੋਪਾਈ, ਬੰਦੂਕਾਂ, ਤੋਪਾਂ ਦਾ ਯੁੱਧ ਨਹੀਂ ਰਿਹਾ, ਸਗੋਂ ਭਵਿੱਖੀ ਰਣਨੀਤੀਆਂ ਦਾ ਹਿੱਸਾ ਹੈ। ਹਥਿਆਰ ਵੇਚਣ ਅਤੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਲਈ ਹੀ ਨੀਤੀਆਂ ਘੜੀਆਂ ਜਾਂਦੀਆਂ ਹਨ। ਡਰੋਨ, ਡਰੱਗਜ਼, ਕੋਵਿਡ ਇਸ ਅਸਿੱਧੇ ਯੁੱਧ ਦੇ ਹੀ ਰੂਪ ਹਨ। ਤੇਲ, ਗੈਸ ਦੇ ਭੰਡਾਰਾਂ ’ਤੇ ਕਬਜ਼ਾ ਅਤੇ ਅਨਾਜ ਦੇ ਸੰਕਟ ਦਾ ਵਪਾਰੀਕਰਨ, ਹੁਣ ਮਨੁੱਖ ਨੂੰ ਭੁੱਖਮਰੀ, ਲਾਚਾਰੀ, ਬੇਰੁਜ਼ਗਾਰੀ ਵੱਲ ਧੱਕ ਰਹੇ ਹਨ।
ਪੁਰਖੇ ਹੁਣ ਵੀ ਯਾਦ ਕਰਦੇ ਨੇ ਕਿ 1965 ਦੀ ਭਾਰਤ-ਪਾਕ ਜੰਗ ਵੇਲੇ ਕਿਸੇ ਮਨਹੂਸ ਖ਼ਬਰ ਨੂੰ ਕਿਆਸ ਕੇ ਲੋਕ ਡਾਕੀਏ ਨੂੰ ਆਪਣੇ ਘਰ ਵੱਲ ਆਉਂਦਾ ਦੇਖ ਕੰਬਣ ਲੱਗ ਜਾਂਦੇ ਸਨ। ਅੱਜ ਵੀ ਕਾਲੀਆਂ ਘਟਾਵਾਂ ਸਾਡੇ ਅੰਗ ਸੰਗ ਹਨ। ਅੱਜ ਜੰਗ ਸਾਡੇ ਘਰਾਂ ਵਿੱਚ ਆ ਵੜੀ ਹੈ, ਸਾਡੇ ਪਰਿਵਾਰਾਂ ਵਿੱਚ ਆ ਵੜੀ ਹੈ, ਸਾਡੇ ਬੱਚਿਆਂ ਦੇ ਦਿਲਾਂ ਵਿੱਚ ਆ ਵੜੀ ਹੈ। ਹੁਣ ਵੀ ਸਾਡੇ ਕੁਝ ਖ਼ਾਸ ਰੰਗੇ ਹਜੂਮ ਅਤੇ ਦੇਸ਼ ਭਗਤੀ ਦਾ ਭੇਖ ਧਾਰਨ ਕਰੀ ਫਿਰਦੇ ਐਂਕਰ ਦੋਹਾਂ ਦੇਸ਼ਾਂ ਵਿੱਚ ਜੰਗੀ ਮਾਹੌਲ ਪੈਦਾ ਕਰਨ ਲਈ ਹਾਲੋਂ-ਬੇਹਾਲ ਨੇ, ਜਨਿ੍ਹਾਂ ਨੂੰ ਆਮ ਲੋਕ ‘ਲਸ਼ਕਰ-ਏ-ਮੀਡੀਆ’ ਵਜੋਂ ਮੁਖਾਤਬਿ ਹੁੰਦੇ ਨੇ। ਸ਼ਰਾਰਤੀ ਤੱਤ ਇਹ ਭੁੱਲ ਜਾਂਦੇ ਨੇ ਕਿ ਜੰਗ ਮਗਰੋਂ ਕੌਮੀ ਝੰਡੇ ਵਿੱਚ ਲਿਪਟਿਆ ਤਾਬੂਤ, ਕਿਸੇ ਐਂਕਰ, ਕਿਸੇ ‘ਵੱਡੇ ਬੰਦੇ’, ਕਿਸੇ ਨੇਤਾ, ਕਿਸੇ ਧਨਾਢ ਕਾਰੋਬਾਰੀ ਦੇ ਘਰ ਨਹੀਂ, ਸਗੋਂ ਕਿਸੇ ਰੁੱਖੀ ਮਿੱਸੀ ਰੋਟੀ ਖਾਣ ਵਾਲੇ ਉੱਦਮੀ ਦੇ ਘਰ ਦਾ ਦਰਦਨਾਕ ਮੰਜ਼ਰ ਬਣਦਾ ਹੈ। ਲੀਕ ਦੇ ਦੋਵੇਂ ਪਾਸੇ ਲੋਕ ਅਮਨ ਚਾਹੁੰਦੇ ਹਨ। ਬਾਬਾ ਨਜ਼ਮੀ ਦੇ ਸ਼ਬਦਾਂ ਵਿੱਚ:
ਵਿੱਚ ਗੁਦਾਮਾਂ ਮਿੱਟੀ ਹੋਵੇ, ਅਸਲਾ ਸਾਰੀ ਦੁਨੀਆ ਦਾ
ਫੁੱਲਾਂ ਦੀ ਖੁਸ਼ਬੋ ਬਣ ਜਾਵੇ, ਮਸਲਾ ਸਾਰੀ ਦੁਨੀਆ ਦਾ।
1971 ਦੀ ਜੰਗ ਦਾ ਸ਼ੀਸ਼ਾ ਸਾਨੂੰ ਪਾਸ਼ ਵੀ ਦਿਖਾਉਂਦੈ:
ਨਾ ਅਸੀਂ ਜਿੱਤੀ ਏ ਜੰਗ ਤੇ ਨਾ ਹਰੇ ਪਾਕੀ ਕਿਤੇ
ਇਹ ਤਾ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਨੱਚੇ।
ਇਤਿਹਾਸ ਗਵਾਹ ਹੈ ਕਿ ਜੰਗ ਜਿੰਨੀ ਮਰਜ਼ੀ ਲੰਮੀ ਹੋਵੇ, ਨਬਿੇੜਾ ਗੱਲਬਾਤ ਰਾਹੀਂ ਹੀ ਹੁੰਦੈ। ਫਿਰ ਸੰਵਾਦ ਤੋਂ ਕਿਉਂ ਨਾਬਰ ਹੋਇਆ ਜਾਂਦੈ? ਬਸਰੇ ਦੀ ਲਾਮ ਜੇ ਤਬਾਹੀ ਦਾ ਪ੍ਰਤੀਕ ਮੰਨੀ ਜਾਂਦੀ ਹੈ, ਤਾਂ ਏਸੇ ਇਰਾਕ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਸੰਵਾਦ ਰਚਾਇਆ ਸੀ। ਮੱਕੇ ਮਦੀਨੇ ਅਤੇ ਬਗਦਾਦ ਦੀ ਫੇਰੀ ਦੌਰਾਨ ਗੁਰੂ ਜੀ ਨੇ ਉੱਥੋਂ ਦੇ ਪੀਰ ਦਸਤਗੀਰ ਅਤੇ ਬਹਿਲੋਲ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਆਪਣੀ ਦੂਰ-ਦ੍ਰਿਸ਼ਟੀ ਨਾਲ ਕਾਇਲ ਕੀਤਾ ਸੀ। ਜਿਸ ਧਰਤੀ ’ਤੇ ਹਿੰਸਾ ਅਤੇ ਹਥਿਆਰਾਂ ਦਾ ਬੋਲਬਾਲਾ ਸੀ, ਉੱਥੇ ਸੁੱਚੇ ਬੋਲਾਂ ਦੀ ਫਤਹਿ ਹੋਈ ਅਤੇ ਬਗਦਾਦ ‘ਗੋਸ਼ਠਿ ਨਗਰੀ’ ਵਜੋਂ ਮਕਬੂਲ ਹੋ ਗਿਆ। ਅੱਜ ਸਦੀਆਂ ਬਾਅਦ ਵੀ ਅਸੀਂ ਅੰਤਰਾਤਮਾ ਦੀ ਆਵਾਜ਼ ਨੂੰ ਠੁਕਰਾ ਕੇ ਹਲੀਮੀ ਵਾਲੇ ਬੋਲਾਂ ਤੋਂ ਪਾਸਾ ਵੱਟ ਰਹੇ ਹਾਂ, ਤਬਾਹੀ ਨੂੰ ਹੋਕਾ ਦੇ ਰਹੇ ਹਾਂ।
ਅੱਜ ਦੁਨੀਆ ਦੀ ਵੱਡੀ ਵੱਸੋਂ ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ ਅਤੇ ਭੁੱਖਮਰੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਜਾਨਲੇਵਾ ਹਥਿਆਰਾਂ ਨੂੰ ਨਕਾਰ ਕੇ, ਅੰਧਕਾਰ ਦੇ ਬੱਦਲਾਂ ਨੂੰ ਓਹਲੇ ਕਰ ਕੇ ਮਨੁੱਖਤਾ ਦੇ ਦਰਦ ਨੂੰ ਘਟਾਉਣ ਦੀ ਆਵਾਜ਼ ਬੁਲੰਦ ਕਰੀਏੇ। ਦੁਨੀਆ ਨੂੰ ਰਹਿਣਯੋਗ ਬਣਾਈਏ। ਮੌਤ ਦੇ ਸੌਦਾਗਰਾਂ ਨੂੰ ਸ਼ਿਵ ਕੁਮਾਰ ਬਟਾਲਵੀ ਦੇ ਸੁਨੇਹੇ ਨਾਲ ਵਰਜੀਏ:
ਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜਿ੍ਹਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉ
ਸੰਪਰਕ: 89684-33500