ਰੈਗਿੰਗ ਦੇ ਰੋਗਾਣੂਆਂ ਦੀ ਨਿਸ਼ਾਨਦੇਹੀ
ਅਵਿਜੀਤ ਪਾਠਕ
ਸਾਡੇ ਕਾਲਜ ਯੂਨੀਵਰਸਿਟੀ ਵਿਦਿਆਰਥੀ ਜਾਂ ਸੀਨੀਅਰਾਂ ਦੇ ਗਰੁਪ ਕਦੋਂ ਇਹ ਸਵੀਕਾਰਨ ਦੀ ਨੈਤਿਕ ਅਤੇ ਬੌਧਿਕ ਇਮਾਨਦਾਰੀ ਦਿਖਾਉਣਗੇ ਕਿ ਰੈਗਿੰਗ ਵਿਚ ਕੋਈ ਖੂਬੀ ਨਹੀਂ ਹੈ ਸਗੋਂ ਇਹ ਅਜਿਹੀ ਅਲਾਮਤ ਹੈ ਜਿਸ ਨੂੰ ਜੂਨੀਅਰਾਂ ਦੀ ‘ਇੰਟਰੋ’(ਜਾਣ-ਪਛਾਣ) ਜਾਂ ਉਨ੍ਹਾਂ ਨੂੰ ਕੈਂਪਸ/ਹੋਸਟਲ ਦੇ ਜੀਵਨ ਵਿਚ ਘੁਲਣ ਮਿਲਣ ਵਿਚ ਸਹਾਈ ਹੋਣ ਦੇ ਨਾਂ ਹੇਠ ‘ਪ੍ਰਵਾਨਗੀ’ ਦਿੱਤੀ ਹੋਈ ਹੈ? ਤੱਥ ਇਹ ਹੈ ਕਿ ਇਸ ਤਰ੍ਹਾਂ ਦੀ ਜਾਣ-ਪਛਾਣ ਜਾਂ ਰੈਗਿੰਗ ਨੈਤਿਕ, ਮਨੋਵਿਗਿਆਨਕ ਅਤੇ ਸਿਆਸੀ ਤੌਰ ’ਤੇ ਖ਼ਤਰਨਾਕ ਹੁੰਦੀ ਹੈ। ਹਾਲ ਹੀ ਵਿਚ ਦੇਸ਼ ਦੀ ਮੋਹਰੀ ਵਿਦਿਅਕ ਸੰਸਥਾ ਕੋਲਕਾਤਾ ਦੀ ਜਾਦਵਪੁਰ ਯੂਨੀਵਰਸਿਟੀ ਵਿਚ ਰੈਗਿੰਗ ਕਾਰਨ ਇਕ ਵਿਦਿਆਰਥੀ ਦੀ ਮੌਤ ਹੋਈ ਹੈ ਜਿਸ ਨਾਲ ਪੂਰਾ ਦੇਸ਼ ਸੁੰਨ ਹੋ ਗਿਆ ਹੈ।
ਨੌਜਵਾਨ ਸਵਪਨਦੀਪ ਕੁੰਡੂ ਨੇ ਬਹੁਤ ਸਾਰੇ ਸੁਪਨਿਆਂ ਨਾਲ ਇਸ ਮਹਾਨ ਯੂਨੀਵਰਸਿਟੀ ਵਿਚ ਆਰਟਸ (ਬੰਗਾਲੀ ਸਾਹਿਤ) ਦੀ ਪੜ੍ਹਾਈ ਲਈ ਦਾਖ਼ਲਾ ਲਿਆ ਸੀ। ਜਦੋਂ ਉਹ ਕੈਂਪਸ ਦੇ ਹੋਸਟਲ ਵਿਚ ਆਇਆ ਸੀ ਤਾਂ ਸੰਭਵ ਹੈ ਕਿ ਇਸ ਨਵੇਂ ਸਫ਼ਰ ਨੂੰ ਲੈ ਕੇ ਬਹੁਤ ਖੁਸ਼ ਹੋਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ‘ਸੀਨੀਅਰਾਂ’ ਦੇ ਰੂਪ ਵਿਚ ਉੱਥੇ ਕੁਝ ‘ਸ਼ਿਕਾਰੀ’ ਉਸ ਦੀ ਉਡੀਕ ਵਿਚ ਬੈਠੇ ਹਨ। ਜਿਵੇਂ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਵਾਰ ਵਾਰ ਬੇਇੱਜ਼ਤੀ, ਜਿਸਮਾਨੀ ਤਸ਼ੱਦਦ ਅਤੇ ਜਿਨਸੀ ਸ਼ੋਸ਼ਣ ਰਾਹੀਂ ਉਨ੍ਹਾਂ ਉਸ ਨੂੰ ਮਾਰ ਦਿੱਤਾ ਗਿਆ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਦੀ ਮੌਤ ਕੋਈ ਹਾਦਸਾ ਸੀ ਜਾਂ ਖ਼ੁਦਕੁਸ਼ੀ ਦੀ ਘਟਨਾ। ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਉਂਝ, ਜਨਤਕ ਰੋਸ, ਟੈਲੀਵਿਜ਼ਨ ਚੈਨਲਾਂ ’ਤੇ ਹੋਈਆਂ ਤਿੱਖੀਆਂ ਬਹਿਸਾਂ ਅਤੇ ਸਮੁੱਚੇ ਮੁੱਦੇ ਦੇ ਨੰਗੇ ਚਿੱਟੇ ਸਿਆਸੀਕਰਨ ਦੇ ਮੱਦੇਨਜ਼ਰ, ਅਸੀਂ ਅਕਸਰ ਉਸ ਵਡੇਰੇ ਸਮਾਜਿਕ-ਸਭਿਆਚਾਰਕ ਦੁਰਭਾਵਨਾ ਨੂੰ ਪ੍ਰਵਾਨ ਕਰਨਾ ਭੁੱਲ ਜਾਂਦੇ ਹਾਂ ਜਿਸ ਕਰ ਕੇ ਵਿਦਿਅਕ ਅਦਾਰਿਆਂ ਅੰਦਰ ਇਹ ਨਿਘਾਰ ਆਇਆ ਹੈ। ਇਸ ਪ੍ਰਸੰਗ ਵਿਚ ਤਿੰਨ ਮੁੱਦਿਆਂ ’ਤੇ ਧਿਆਨ ਦੇਣ ਦੀ ਲੋੜ ਹੈ। ਪਹਿਲਾ, ਇਹ ਕਿ ਰੈਗਿੰਗ ਦੇ ਇਸ ਬੁਰਛਾਗਰਦ ਵਰਤਾਰੇ ’ਚੋਂ ਝਲਕਦੇ ਮਾਨਸਿਕ ਵਿਗਾੜ ਨੂੰ ਅਲੱਗ ਥਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਆਖ਼ਰਕਾਰ ਇਹ ਸਾਰੇ ਨੌਜਵਾਨ ਅਜਿਹੇ ਸਮਾਜਿਕ-ਸਿਆਸੀ ਮਾਹੌਲ ਵਿਚ ਪਲ ਰਹੇ ਹਨ ਜਿਸ ਨੇ ਹਿੰਸਾ ਨੂੰ ਸਾਡੀ ਰੋਜ਼ਮੱਰਾ ਜਿ਼ੰਦਗੀ ਵਿਚ ਆਮ ਅਮਲ ਬਣਾ ਦਿੱਤਾ ਹੈ। ਆਪਣੀਆਂ ਅੱਖਾਂ ਖੋਲ੍ਹੋ ਅਤੇ ਅੰਧ-ਰਾਸ਼ਟਰਵਾਦ ਦੇ ਸਮਾਜਿਕ-ਮਨੋਵਿਗਿਆਨ, ਸੱਤਾਵਾਦ ਦੇ ਕਲਟ ਜਾਂ ਬੁਲਡੋਜ਼ਰ ਸਿਆਸਤ ਦੇ ਪਾਸਾਰਾਂ ਦੀ ਹਿੰਸਾ ਦਾ ਅਨੁਭਵ ਕਰੋ। ਅਸਲ ਵਿਚ ਹੁਣ ਹਜੂਮੀ ਹਿੰਸਾ ਹੋਵੇ, ਗਊ ਰੱਖਿਆ ਦੀ ਬੁਰਛਾਗਰਦੀ ਜਾਂ ਸਾਡੀ ਰੋਜ਼ਮੱਰਾ ਜਿ਼ੰਦਗੀ ਵਿਚ ਗਾਲੀ ਗਲੋਚ ਅਤੇ ਹਮਲਾਵਰੀ ਝਲਕਾਰੇ, ਸਾਨੂੰ ਹੁਣ ਕੁਝ ਵੀ ਪ੍ਰੇਸ਼ਾਨ ਨਹੀਂ ਕਰਦਾ। ਜਨਤਕ ਜੀਵਨ ਵਿਚ ਇਕ ਲੇਖੇ ਕੋਮਲ ਜਾਂ ਸਾਊ ਵਿਹਾਰ ਕਰਨ ਦੀ ਮਨਾਹੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜਿਨਸੀ ਸ਼ੋਸ਼ਣ ਅਤੇ ਹਿੰਸਾ ਨੂੰ ਆਮ ਵਰਤਾਰਾ ਬਣਾਉਣ ਵਾਲੀ ਸਭਿਆਚਾਰ ਸਨਅਤ ਹਰ ਥਾਈਂ ਜ਼ਹਿਰ ਫੈਲਾ ਰਹੀ ਹੈ। ਕੋਈ ਵੱਡੀ ਗੱਲ ਨਹੀਂ ਕਿ ਇਸ ਤਰ੍ਹਾਂ ਦੇ ਜ਼ਹਿਰੀਲੇ ਮਾਹੌਲ ਵਿਚ ਜਵਾਨ ਹੋ ਰਹੇ ਬੱਚੇ ਆਪਣਾ ਸਾਊਪੁਣਾ ਤਿਆਗ ਦੇਣ।
ਦੂਜਾ, ਸਿੱਖਿਆ ਦੇ ਨਾਂ ’ਤੇ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਸ ਵਿਚ ਬਹੁਤ ਕੁਝ ਗ਼ਲਤ ਹੈ। ਮੈਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਸਾਡੇ ਦੇਸ਼ ਅੰਦਰ ਇਕਸਾਰ ਸਕੂਲਾਂ ਤੋਂ ਲੈ ਕੇ ਕੋਚਿੰਗ ਫੈਕਟਰੀਆਂ ਤੱਕ ਸਿੱਖਿਆ ਦੇ ਨਾਂ ਹੇਠ ਪਸਰ ਰਹੀ ਦਾਨਵੀ ਸਨਅਤ ਨੌਜਵਾਨ ਵਿਦਿਆਰਥੀਆਂ ਨੂੰ ਖੁਦਗਰਜ਼, ਸਵੈ-ਕੇਂਦਰਤ, ਤਣਾਅਪੂਰਨ ਅਤੇ ਅਤਿ ਦੇ ਮੁਕਾਬਲੇਬਾਜ਼ੀ ਦੇ ਲੜਾਕੂਆਂ ਵਿਚ ਤਬਦੀਲ ਕਰ ਰਹੀ ਹੈ ਅਤੇ ਹਮਦਰਦੀ, ਅਪਣੱਤ ਤੇ ਕਰੁਣਾ ਦੇ ਭਾਵ ਦਾ ਕਤਲ ਕਰ ਰਹੀ ਜੋ ਕਿਸੇ ਦੇ ਇਨਸਾਨ ਬਣਨ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਹਾਲਾਂਕਿ ਮੱਧ ਵਰਗੀ ਕਾਫ਼ੀ ਸੰਵੇਦਨਸ਼ੀਲ ਹੁੰਦੇ ਹਨ ਪਰ ਆਪਣੇ ਬੱਚੇ ਦੇ ਕਰੀਅਰ ਦੀਆਂ ਸੰਭਾਵਨਾਵਾਂ ਦੇ ਚੱਕਰ ਵਿਚ ਉਹ ਇਸ ਜੀਵਨ-ਘਾਤੀ ਸਿੱਖਿਆ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਸ਼ਾਇਦ ਹੀ ਕਦੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਪਲੇਸਮੈਂਟਾਂ ਅਤੇ ਤਨਖ਼ਾਹ ਪੈਕੇਜਾਂ ਦੀ ਯਕੀਨਦਹਾਨੀ ਹੋ ਵੀ ਜਾਵੇ ਤਾਂ ਅੰਤ ਨੂੰ ਉਨ੍ਹਾਂ ਦੇ ਬੱਚਿਆਂ ’ਚੋਂ ਇਨਸਾਨੀਅਤ ਮਰ ਮੁੱਕ ਜਾਵੇਗੀ।
ਸੋਸ਼ਲ ਮੀਡੀਆ ਦੇ ਲਗਾਤਾਰ ਪ੍ਰਵਾਹ ਕਰ ਕੇ ਮਾਨਸਿਕ ਤੌਰ ’ਤੇ ਵਲੂੰਧਰੇ, ਹਰ ਤਰ੍ਹਾਂ ਦੇ ਮਿਆਰੀ ਟੈਸਟ ਪਾਸ ਕਰਨ ਦੀ ਹੋੜ ਅਤੇ ਬੋਰੀਅਤ ਝੱਲਣ ਤੇ ਚਹੁੰਮੁਖੀ ਨਾਉਮੀਦੀ ਦੇ ਹੱਲਿਆਂ ਦੇ ਝੰਬੇ ਇਹ ਨੌਜਵਾਨ ਜਦੋਂ ਕਿਸੇ ਯੂਨੀਵਰਸਿਟੀ ਵਿਚ ਦਾਖ਼ਲ ਹੁੰਦੇ ਹਨ ਤਾਂ ਉਨ੍ਹਾਂ ਲਈ ਜੀਵਨ ਦੀ ਉਡਾਣ ਅਤੇ ਜੀਵਨਮੁਖੀ ਤੇ ਹਾਂਦਰੂ ਤਰਜ਼ਾਂ ਨੂੰ ਬਾਹਾਂ ਵਿਚ ਲੈਣਾ ਸੌਖਾ ਨਹੀਂ ਹੁੰਦਾ। ਸਾਡੇ ’ਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਨਸ਼ਿਆਂ ਦੀ ਲਤ ਤੋਂ ਲੈ ਕੇ ਜਿਨਸੀ ਵਿਕਾਰਾਂ ਤੱਕ ਕੈਂਪਸ ਜੀਵਨ ਵਿਚ ਕਿਹੋ ਜਿਹੀ ਹਿੰਸਾ ਚਲਦੀ ਹੈ। ਵਿਦਿਆਰਥੀਆਂ ਲਈ ਰੈਗਿੰਗ ਜਾਂ ਮਾਨਸਿਕ ਅਵਸਾਦ (ਡਿਪਰੈਸ਼ਨ) ਬੇਚੈਨੀ ਜਿਹਾ ਹੀ ਰੋਗ ਹੈ ਜਿਸ ਵਿਚ ਦੂਜਿਆਂ ਨੂੰ ਸਤਾ ਕੇ ਮਜ਼ਾ ਲੈਣ ਵਾਲੇ ਲੋਕ ਹਿੰਸਾ ਕਰਦੇ ਹਨ। ਹਾਲਾਂਕਿ ਅੱਜ ਕੱਲ੍ਹ ਜਾਦਵਪੁਰ ਯੂਨੀਵਰਸਿਟੀ ਸੁਰਖੀਆਂ ਵਿਚ ਚੱਲ ਰਹੀ ਹੈ ਪਰ ਤੱਥ ਇਹ ਹੈ ਕਿ ਇਹ ਬਿਮਾਰੀ ਆਈਆਈਟੀਜ਼ ਤੋਂ ਲੈ ਕੇ ਮੋਹਰੀ ਯੂਨੀਵਰਿਸਟੀਆਂ, ਆਮ ਕਾਲਜਾਂ ਤੋਂ ਲੈ ਕੇ ਸਿਖਿਆ ਦੀਆਂ ਦੁਕਾਨਾਂ ਤੱਕ ਹਰ ਜਗ੍ਹਾ ਫੈਲੀ ਹੋਈ ਹੈ।
ਤੀਜਾ ਮੁੱਦਾ ਇਹ ਹੈ ਕਿ ਇਹ ਵਿਸ਼ਵਾਸ ਕਰ ਲੈਣਾ ਨਿਰਮੂਲ ਹੈ ਕਿ ਸੀਸੀਟੀਵੀ ਕੈਮਰੇ ਲਾਉਣ, ਪੁਲੀਸ ਦੀ ਗਸ਼ਤ ਅਤੇ ਕੁਝ ਵਿਦਿਆਰਥੀਆਂ ਦੀਆਂ ਮੁਅੱਤਲੀਆਂ ਜਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਨਾਲ ਸਾਡੇ ਵਿਦਿਅਕ ਅਦਾਰਿਆਂ ਵਿਚ ਚੰਗਾ ਮਾਹੌਲ ਬਹਾਲ ਹੋ ਸਕੇਗਾ। ਦੰਡਕਾਰੀ ਉਪਰਾਲਿਆਂ ਦੀਆਂ ਆਪਣੀਆਂ ਸੀਮਤਾਈਆ ਹਨ। ਸਮੂਹਕ ਆਚਰਨ ਬਹਾਲ ਕਰਨ ਲਈ ਸਾਨੂੰ ਭਰੋਸਾ, ਪਿਆਰ ਅਤੇ ਕਰੁਣਾ ਦੀ ਲੋੜ ਹੈ ਨਾ ਕਿ ਸੂਹੀਆ ਉਪਕਰਨਾਂ ਜਾਂ ਕੈਂਪਸ ਜੀਵਨ ਦੇ ਫ਼ੌਜੀਕਰਨ ਦੀ। ਦਰਅਸਲ, ਤੁਸੀਂ ਜਿੰਨੇ ਜਿ਼ਆਦਾ ਸੀਸੀਟੀਵੀ ਕੈਮਰੇ ਲਾਓਗੇ, ਓਨੇ ਹੀ ਸੰਚਾਰ ਤੇ ਸੰਵਾਦ ਦੀਆਂ ਕੜੀਆਂ ਤੋੜੀਆਂ ਜਾਣਗੀਆਂ। ਸੂਹੀਆ ਤਕਨਾਲੋਜੀਆਂ ਦੇ ਅੰਨ੍ਹੇਵਾਹ ਇਸਤੇਮਾਲ ਨਾਲ ਬੇਭਰੋਸਗੀ ਵਧਦੀ ਹੈ ਅਤੇ ਅਪਣੱਤ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਇਸ ਨਾਲ ਸਮੱਸਿਆ ਹੋਰ ਵਧ ਜਾਂਦੀ ਹੈ।
ਇਨ੍ਹਾਂ ਬੇਚੈਨ ਰੂਹਾਂ ਨੂੰ ਇਲਾਜ ਦੀ ਲੋੜ ਹੈ; ਤੇ ਇਹ ਤਦ ਹੀ ਸੰਭਵ ਹੋ ਸਕੇਗਾ ਜੇ ਅਸੀਂ ਆਪਣੀਆਂ ਯੂਨੀਵਰਸਿਟੀਆਂ ਨੂੰ ਵਾਕਈ ਸੰਵਾਦ ਵਾਲੀਆਂ ਸੰਸਥਾਵਾਂ ਵਿਚ ਤਬਦੀਲ ਕਰ ਲਈਏ। ਇਸ ਦਾ ਮਤਲਬ ਇਹ ਵੀ ਹੋਵੇਗਾ ਕਿ ਅਸੀਂ ਸਿੱਖਿਆ ਦੇ ਉਦੇਸ਼ ਨੂੰ ਮੁੜ ਪਰਿਭਾਸ਼ਤ ਕਰੀਏ। ਸਿੱਖਿਆ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਕੋਈ ਨੌਕਰੀ ਹਾਸਲ ਕਰਨ ਲਈ ਮਹਿਜ਼ ਕੁਝ ਤਕਨੀਕੀ/ਸਾਖਰਤਾ ਦੇ ਹੁਨਰ ਗ੍ਰਹਿਣ ਕਰ ਲੈਣਾ ਸਿੱਖਿਅਤ ਹੋਣਾ ਨਹੀਂ ਹੁੰਦਾ; ਸਿੱਖਿਆ ਮੂਲ ਰੂਪ ਵਿਚ ਕਿਸੇ ਪੀੜ੍ਹੀ ਨੂੰ ਪਾਲਣ ਦਾ ਕਾਰਜ ਹੁੰਦੀ ਹੈ ਜਿਸ ਨੂੰ ਸਮਾਜਿਕ ਮਨੋਵਿਗਿਆਨੀ ਐਰਿਕ ਫਰੌਮ ‘ਆਰਟ ਆਫ ਲਵਿੰਗ’ (ਪਿਆਰ ਕਰਨ ਦੀ ਕਲਾ) ਦੀ ਤਸ਼ਬੀਹ ਦਿੰਦੇ ਹਨ। ਸੱਤਾਵਾਦੀ ਰਾਜਸੀ ਆਕਾਵਾਂ ਦੀ ਤਾਨਾਸ਼ਾਹੀ ਹੋਵੇ ਜਾਂ ਯੂਨੀਵਰਿਸਟੀ ਕੈਂਪਸਾਂ ਵਿਚ ਸੀਨੀਅਰਾਂ ਦੀ ਬੁਰਛਾਗਰਦੀ - ਹਰ ਕਿਸਮ ਦੀ ਖੁਣਸੀ ਹਿੰਸਾ ਦਾ ਇਹ ਇਕੋ-ਇਕ ਜਵਾਬ ਹੈ; ਤੇ ਇਸ ਨੂੰ ਸੰਭਵ ਬਣਾਉਣ ਲਈ ਸਾਨੂੰ ਸੰਵਾਦ ਵਿਚ ਵਿਸ਼ਵਾਸ ਰੱਖਣ ਵਾਲੇ ਅਧਿਆਪਕਾਂ, ਸਿਆਸੀ ਅਤੇ ਸਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਵਿਦਿਆਰਥੀਆਂ ਅਤੇ ਵਡੇਰੇ ਯੂਨੀਵਰਸਿਟੀ ਭਾਈਚਾਰੇ ਦਾ ਰਚਨਾਤਮਿਕ ਮਹਾਜੋੜ ਕਾਇਮ ਕਰਨ ਦੀ ਲੋੜ ਹੈ। ਇਹ ਸੰਵਾਦਮਈ ਅਧਿਆਪਕ ਵਿਦਿਆਰਥੀਆਂ ਨਾਲ ਜੁੜ ਕੇ ਉਨ੍ਹਾਂ ਅੰਦਰ ਚੱਲ ਰਹੀ ਉਥਲ-ਪੁਥਲ ਦੀ ਥਾਹ ਪਾ ਸਕਦੇ ਹਨ ਅਤੇ ਉਨ੍ਹਾਂ ਦੇ ਦੋਸਤ, ਸਾਲਸ ਅਤੇ ਮਹਿਰਮ ਬਣ ਸਕਦੇ ਹਨ।
ਇਸੇ ਤਰ੍ਹਾਂ ਸਿਆਸੀ ਤੌਰ ’ਤੇ ਸਰਗਰਮ ਵਿਦਿਆਰਥੀਆਂ ਜਿਨ੍ਹਾਂ ਲਈ ਜਾਦਵਪੁਰ ਯੂਨੀਵਰਸਿਟੀ ਕਦੇ ਜਾਣੀ ਜਾਂਦੀ ਸੀ, ਨੂੰ ਆਜ਼ਾਦੀ ਦੇ ਅਰਥ ਨੂੰ ਮੁੜ ਪਰਿਭਾਸ਼ਤ ਕਰਨਾ ਪਵੇਗਾ। ਆਜ਼ਾਦੀ ਦਾ ਮਤਲਬ ਸਿਰਫ਼ ਬਾਹਰੀ ਆਜ਼ਾਦੀ ਨਹੀਂ ਸਗੋਂ ਸਾਮੰਤਵਾਦ, ਪੂੰਜੀਵਾਦ ਅਤੇ ਜਾਤੀਵਾਦ ਤੋਂ ਵੀ ਆਜ਼ਾਦੀ ਦੀ ਲੋੜ ਹੈ। ਅੰਦਰੂਨੀ ਆਜ਼ਾਦੀ ਭਾਵ ਦੂਜਿਆਂ ਨੂੰ ਸਤਾ ਕੇ ਮਜ਼ਾ ਲੈਣ ਦੇ ਵਿਕਾਰ ਤੋਂ ਆਜ਼ਾਦੀ, ਸੱਤਾਵਾਦੀ ਰੁਚੀਆਂ ਜਾਂ ਖਪਤਵਾਦ ਤੋਂ ਆਜ਼ਾਦੀ। ਤਦ ਹੀ ਇਹ ਵਿਦਿਆਰਥੀ ਰੈਗਿੰਗ ਦੀ ਪ੍ਰਥਾ ਦਾ ਵਿਰੋਧ ਕਰ ਸਕਣਗੇ, ਕੋਈ ਨਵਾਂ ਅੰਦੋਲਨ ਸ਼ੁਰੂ ਕਰ ਸਕਣਗੇ ਅਤੇ ਪਿਆਰ, ਇਕਜੁੱਟਤਾ ਤੇ ਇਕਾਗਰ ਅਧਿਆਪਨ ਦਾ ਨਵਾਂ ਸਭਿਆਚਾਰ ਸਿਰਜ ਸਕਣਗੇ। ਕੀ ਇਹ ਹੋ ਸਕਦਾ ਹੈ?
*ਲੇਖਕ ਸਮਾਜ ਸ਼ਾਸਤਰੀ ਹੈ।