ਸਦੀ ਪੁਰਾਣਾ ਸੁਪਨਾ ਸਾਕਾਰ

ਸੰਨ 1897 ਦੀ ਸਾਰਾਗੜ੍ਹੀ ਦੀ ਲੜਾਈ, ਉਹ ਸਾਰਾਗੜ੍ਹੀ ਜਿਹੜਾ ਹੁਣ ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਚ ਪੈਂਦਾ ਹੈ, ਤੋਂ ਇੱਕ ਸਾਲ ਬਾਅਦ ਤੇ ਉਸ ਦੇ ਨੇੜੇ-ਤੇੜੇ ਜਦੋਂ ਚੀਨ ਵਿਦੇਸ਼ੀਆਂ ਵਿਰੁੱਧ ਇਕ ਬਗਾਵਤ (ਜਿਸ ਨੂੰ ‘ਬੌਕਸਰ ਬਗਾਵਤ’ ਵੀ ਕਹਿੰਦੇ ਹਨ) ਵਿੱਚ ਉਲਝਿਆ ਹੋਇਆ ਸੀ, ਉਦੋਂ ਡੋਗਰਾ ਮਹਾਰਾਜਾ ਪ੍ਰਤਾਪ ਸਿੰਘ ਨੇ 1898 ’ਚ ਬ੍ਰਿਟਿਸ਼ ਇੰਜਨੀਅਰਾਂ ਨੂੰ ਸਰਗਰਮੀ ਨਾਲ ਇਕ ਰੇਲਵੇ ਲਾਈਨ ਬਣਾਉਣ ਦਾ ਕੰਮ ਸੌਂਪਿਆ ਸੀ। ਇਸ ਰੇਲਵੇ ਲਾਈਨ ਨੇ ਜੰਮੂ ਖੇਤਰ ਦੀਆਂ ਜ਼ਮੀਨਾਂ ਨੂੰ ਕਸ਼ਮੀਰ ਘਾਟੀ ਨਾਲ ਜੋੜਨਾ ਸੀ।
ਅੱਜ ਜਦੋਂ ਪਹਿਲੀ ਵੰਦੇ ਭਾਰਤ ਰੇਲਗੱਡੀ ਕੱਟੜਾ ਤੋਂ ਸ੍ਰੀਨਗਰ ਲਈ ਰਵਾਨਾ ਹੋਈ ਤਾਂ ਇਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ। ਦੁਨੀਆ ਦੇ ਕੁਝ ਸਭ ਤੋਂ ਸ਼ਾਨਦਾਰ ਦ੍ਰਿਸ਼ਾਂ ਨੂੰ ਨਿਹਾਰਦਿਆਂ, ਹਿੰਦੂ ਬਹੁਗਿਣਤੀ ਜੰਮੂ ਖੇਤਰ ਤੇ ਮੁਸਲਿਮ ਬਹੁਗਿਣਤੀ ਕਸ਼ਮੀਰ ਦੇ ਦਿਲ-ਦਿਮਾਗ ਨੂੰ ਜੋੜਦਿਆਂ, ਮਹਾਰਾਜਾ ਦਾ ਸੁਪਨਾ ਆਖਰਕਾਰ ਪੂਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਰੇਲਵੇ ਅਤੇ ਕੇਂਦਰ ਦੇ ਸਾਰੇ ਬੁਨਿਆਦੀ ਢਾਂਚੇ ਦੇ ਮਿਸ਼ਨਾਂ ਨੂੰ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਤੇ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਰਾਹੀਂ ਪੂਰਾ ਕਰਵਾਉਣ ਦਾ ਸੰਪੂਰਨ ਸਿਹਰਾ ਲੈ ਸਕਦੇ ਹਨ, ਜਿਸ ਤਹਿਤ ਸਿਰਫ ਚਨਾਬ ਉਤੇ ਇਕ ਬੇਮਿਸਾਲ ਪੁਲ ਹੀ ਨਹੀਂ ਉਸਾਰਿਆ ਗਿਆ, ਬਲਕਿ ਜੰਮੂ ਅਤੇ ਕਸ਼ਮੀਰ ਘਾਟੀ ਦੇ ਵਿਚਕਾਰ 272 ਕਿਲੋਮੀਟਰ ਦੇ ਟਰੈਕ ’ਤੇ 38 ਸੁਰੰਗਾਂ ਅਤੇ 927 ਪੁਲਾਂ ਨੂੰ ਵੀ ਪੂਰਾ ਕੀਤਾ ਗਿਆ ਹੈ।
ਸੱਤ ਜੂਨ ਯਕੀਨਨ ਖਾਸ ਹੈ- ਪਹਿਲੀ ਰੇਲਗੱਡੀ ਪਾਕਿਸਤਾਨ ਦੇ ਕਈ ਦਹਿਸ਼ਤੀ ਟਿਕਾਣਿਆਂ, ਜਿਨ੍ਹਾਂ ’ਚ ਪੰਜਾਬ ਸੂਬੇ ਦੇ ਮੁਰੀਦਕੇ ਤੇ ਬਹਾਵਲਪੁਰ ਸ਼ਾਮਲ ਹਨ, ਉੱਤੇ 7 ਮਈ ਦੇ ਹਮਲੇ ਤੋਂ ਠੀਕ ਇੱਕ ਮਹੀਨੇ ਬਾਅਦ ਰਵਾਨਾ ਹੋਵੇਗੀ। ਰੇਲਗੱਡੀ ਵਿੱਚ ਸਵਾਰ ਲੋਕ ਸਿਰਫ ਸੈਲਾਨੀ ਨਹੀਂ ਹਨ; ਉਹ ਦੋ ਵਿਚਾਰਾਂ ਦੀ ਜਿਊਂਦੀ ਜਾਗਦੀ ਤਸਦੀਕ ਹਨ। ਪਹਿਲਾ ਕਿ ਗੋਲੀਆਂ ਬਹਾਦਰਾਂ ਨੂੰ ਰੋਕ ਨਹੀਂ ਸਕਦੀਆਂ ਅਤੇ ਦੂਜਾ ਕਿ ਸਿਰਫ ਬੁਜ਼ਦਿਲ ਹੀ ਗੋਲੀਆਂ ਦੀ ਵਰਤੋਂ ਕਰਦੇ ਹਨ।
ਕਸ਼ਮੀਰ ਲਈ ਇਹ ਰੇਲਗੱਡੀ ਮੱਲ੍ਹਮ ਵਾਂਗ ਹੈ। ਅਸਲ ਵਿੱਚ ਇਹ ਤਿੰਨ ਗੱਲਾਂ ਦੀ ਤਸਦੀਕ ਕਰਦੀ ਹੈ- ਭਿਆਨਕ ਪਹਿਲਗਾਮ ਕਤਲੇਆਮ ਤੋਂ ਬਾਅਦ ਖੁਸਰੋ ਦੀ ਜੰਨਤ ਵਿੱਚ ਟੂਰਿਜ਼ਮ ਇਕ ਤਰ੍ਹਾਂ ਨਾਲ ਖਤਮ ਹੋ ਗਿਆ ਹੈ। ਕਸ਼ਮੀਰੀਆਂ ਨੇ ਮਸਜਿਦਾਂ ਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਆਪਣਾ ਦੁੱਖ ਜ਼ਾਹਰ ਕੀਤਾ ਅਤੇ ਗੁੱਸਾ ਕੱਢਿਆ। ਇਹ ਪਹਿਲਾ ਪ੍ਰਮਾਣ ਹੈ ਕਿ ਨਵੇਂ ਕਸ਼ਮੀਰ ਦਾ ਮਿਜ਼ਾਜ ਬਦਲ ਗਿਆ ਹੈ।
ਬੇਚਾਰਾ ਆਸਿਮ ਮੁਨੀਰ। ਪਾਕਿਸਤਾਨ ਵੱਲੋਂ ‘ਦੋ ਕੌਮਾਂ ਦੇ ਸਿਧਾਂਤ’ ਨੂੰ ਵਾਰ-ਵਾਰ ਦਲਦਲ ਵਿੱਚੋਂ ਕੱਢਣ ਦੀ ਕੋਸ਼ਿਸ਼ ਨੂੰ ਖੁਦ ਕਸ਼ਮੀਰੀਆਂ ਨੇ ਹੀ ਠੁਕਰਾ ਦਿੱਤਾ ਹੈ ਅਤੇ ਵਿਰੋਧ ਕੀਤਾ ਹੈ। ਉਹ ਇਸ ਨੂੰ ਨਾ ਤਾਂ 1947 ਵਿੱਚ ਚਾਹੁੰਦੇ ਸਨ ਤੇ ਨਾ 2025 ਵਿੱਚ ਚਾਹੁੰਦੇ ਹਨ। ਪਾਕਿਸਤਾਨ ਸੈਨਾ ਮੁਖੀ ਇੱਕ ਸਿਆਣਾ ਬੰਦਾ ਹੈ; ਸਮਾਂ ਆ ਗਿਆ ਹੈ ਕਿ ਉਹ ਇਹ ਸੁਨੇਹਾ ਸਮਝ ਲਵੇ ਕਿ ਉਸ ਨੂੰ ਕਸ਼ਮੀਰ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ।
ਮੁਨੀਰ ਅਤੇ ਉਸ ਦੀ ਫੌਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਹਿਲਗਾਮ ਹਿੰਸਾ ਇਕ ਅਨੋਖੇ ਤਰੀਕੇ ਨਾਲ ਧਾਰਾ 370 ਦੇ ਕਫ਼ਨ ’ਚ ਆਖਰੀ ਕਿੱਲ ਵਰਗੀ ਸੀ। ਕਿ ਕਸ਼ਮੀਰ ਦੇ ਅੰਦਰ ਉਹ ਸਾਰੇ, ਜਿਨ੍ਹਾਂ 2019 ਵਿੱਚ ਆਪਣੇ ‘ਵਿਸ਼ੇਸ਼ ਦਰਜੇ’ ਦੇ ਅੰਤ ਦਾ ਸੋਗ ਮਨਾਇਆ ਸੀ, ਅਤੇ ਅੱਜ ਵੀ ‘ਆਜ਼ਾਦੀ’ ਦੇ ਕਿਸੇ ਭੁਲੇਖੇ ਵਿੱਚ ਯਕੀਨ ਰੱਖਦੇ ਹਨ, ਹੁਣ ਪੂਰੀ ਤਰ੍ਹਾਂ ਸਮਝ ਗਏ ਹਨ ਕਿ ਇਸ ਕੂਟਨੀਤਕ ਤੇ ਰਾਜਨੀਤਕ ਖੇਡ ਵਿਚ ਕਿੰਨੇ ਵੱਡੇ ਦਾਅ ਖੇਡੇ ਜਾ ਰਹੇ ਹਨ।
ਜੰਮੂ-ਕਸ਼ਮੀਰ ਵਿੱਚ ਸਫਲ ਚੋਣਾਂ ਤੋਂ ਬਾਅਦ ਪਿਛਲੇ ਨੌਂ ਮਹੀਨਿਆਂ ਦੌਰਾਨ ਪ੍ਰਧਾਨ ਮੰਤਰੀ ਨੂੰ ਸ਼ਾਇਦ ਸੂਬੇ ਬਾਰੇ ਹੋਰ ਵਧੇਰੇ ਸੋਚਣਾ ਚਾਹੀਦਾ ਸੀ। ਉਨ੍ਹਾਂ ਨੂੰ ਇਸ ਸਵਾਲ ਨੂੰ ਮੁਖਾਤਬ ਹੋਣਾ ਚਾਹੀਦਾ ਹੈ ਕਿ ਆਸਿਮ ਮੁਨੀਰ ਵਲੋਂ ਪ੍ਰਚਾਰੇ ਜਾ ਰਹੇ ਦੋ ਕੌਮਾਂ ਦੇ ਸਿਧਾਂਤ ਵਿਰੁੱਧ ਸਾਡੇ ਕੋਲ ਮੌਜੂਦ ਸਭ ਤੋਂ ਵਧੀਆ ਹਥਿਆਰ- ਪੂਰਨ ਰਾਜ ਦਾ ਦਰਜਾ, ਅਜੇ ਤੱਕ ਇਸ ਰਾਜ ਨੂੰ ਵਾਪਸ ਕਿਉਂ ਨਹੀਂ ਕੀਤਾ ਗਿਆ ਜਿਸ ਨੇ ਲੋਕਤੰਤਰ ਅਤੇ ਭਾਰਤੀ ਸੰਘ ਨਾਲ ਆਪਣੇ ਸੰਪੂਰਨ ਏਕੀਕਰਨ ਦੇ ਹੱਕ ਵਿੱਚ ਭਰਪੂਰ ਵੋਟ ਪਾਈ ਸੀ।
ਇਸ ਤੋਂ ਵੱਧ ਪ੍ਰਤੱਖ ਵਿਅੰਗ ਕੋਈ ਹੋਰ ਨਹੀਂ ਹੋ ਸਕਦਾ ਕਿ ਮੁੱਖ ਮੰਤਰੀ ਉਮਰ ਅਬਦੁੱਲਾ, ਜਿਨ੍ਹਾਂ ਨੂੰ ਧਾਰਾ 370 ਦੇ ਖਾਤਮੇ ਦੇ ਸਾਰੇ ਵਿਰੋਧ ਨੂੰ ਕੁਚਲਣ ਲਈ 5 ਅਗਸਤ, 2019 ਨੂੰ ਨਜ਼ਰਬੰਦ ਕੀਤਾ ਗਿਆ ਸੀ, ਸ਼ੁੱਕਰਵਾਰ ਨੂੰ ਚਨਾਬ ਪੁਲ ’ਤੇ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੇ ਸਨ। ਉਨ੍ਹਾਂ ਇਸ ਮੌਕੇ ਪੁੱਛਿਆ ਕਿ ਕਿਉਂ ਉਨ੍ਹਾਂ ਦਾ ਦਰਜਾ ਇੱਕ ਰਾਜ ਦੇ ਮੁੱਖ ਮੰਤਰੀ ਤੋਂ ਘਟਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ ਤਨਜ਼ ਅਤੇ ਦਿਆਨਤਦਾਰੀ ਦੋਵੇਂ ਸਨ, ਪਰ ਉਦਾਸੀ ਵੀ ਸੀ। ਕੀ ਆਮ ਤੌਰ ’ਤੇ ਕਸ਼ਮੀਰੀ ਸਿਆਸਤਦਾਨਾਂ ਤੇ ਖਾਸ ਕਰ ਕੇ ਕਸ਼ਮੀਰ ਦੇ ਵਜ਼ੀਰ-ਏ-ਆਲਾ (ਮੁੱਖ ਮੰਤਰੀ) ਨੂੰ ਮਾਣਯੋਗ ਵਜ਼ੀਰ-ਏ-ਆਜ਼ਮ(ਪ੍ਰਧਾਨ ਮੰਤਰੀ) ਵੱਲੋਂ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਸਮਝਿਆ ਗਿਆ ਸੀ?
ਸੱਚਾਈ ਇਹ ਹੈ ਕਿ ਉਪ ਰਾਜਪਾਲ ਮਨੋਜ ਸਿਨਹਾ ਅਜੇ ਵੀ ਉਮਰ ਅਬਦੁੱਲਾ ਨਾਲੋਂ ਕਾਨੂੰਨ ਵਿਵਸਥਾ ਅਤੇ ਸੁਰੱਖਿਆ, ਤਾਇਨਾਤੀਆਂ ਅਤੇ ਮੁਕੱਦਮਿਆਂ ਦੇ ਮਾਮਲੇ ਵਿਚ ਵਧੇਰੇ ਤਾਕਤਾਂ ਰੱਖਦੇ ਹਨ। ਉਮਰ ਅਬਦੁੱਲਾ ਸੂਬੇ ਦੇ ਨਾਮਾਤਰ ਮੁਖੀ ਬਣਨ ’ਤੇ ਗੁੱਸਾ ਕਰ ਸਕਦੇ ਹਨ, ਪਹਿਲਗਾਮ ’ਚ ਸਾਈਕਲਿੰਗ ਤੇ ਗੁਲਮਰਗ ਵਿੱਚ ਸਕੀਇੰਗ ਕਰ ਸਕਦੇ ਹਨ, ਪਰ ਹਕੀਕਤ ਹੈ ਕਿ ਅੱਜ ਉਨ੍ਹਾਂ ਦੇ ਮੁਕਾਬਲੇ ਐਲਜੀ ਸਿਨਹਾ ਕੋਲ ਵਧੇਰੇ ਤਾਕਤਾਂ ਹਨ। ਪਰ ਅਬਦੁੱਲਾ ਨੇ ਆਪਣੇ ਅਹੁਦੇ ਨੂੰ ਨਵਾਂ ਰੂਪ ਦਿੱਤਾ ਹੈ, ਇੱਕ ਨਵੇਂ ਕਸ਼ਮੀਰ ਲਈ ਇੱਕ ਨਵਾਂ ਮੁੱਖ ਮੰਤਰੀ। ਉਹ ਪਿਛਲੇ ਸਾਲਾਂ ਦੌਰਾਨ ਤਕਲੀਫਾਂ ਝੱਲਣ ਵਾਲੇ ਲੋਕਾਂ ਦੇ ਦਰਦ ਨੂੰ ਦੂਰ ਕਰਨ ਲਈ ਉਨ੍ਹਾਂ ਨਾਲ ਰਾਬਤਾ ਕਰ ਰਿਹਾ ਹੈ। ਉਸ ਨੇ ਅਜੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ। ਉਸ ਦੇ ਅਹੁਦੇ ਦਾ ਇਹ ਨਵਾਂ ਰੂਪ ਇਹ ਵੀ ਮੰਗ ਕਰਦਾ ਹੈ ਕਿ ਤੁਸੀਂ ਆਪਣੇ ਹਊਮੈ ਅਤੇ ਹੰਕਾਰ ਨੂੰ ਛੱਡੋ ਕਿਉਂਕਿ ਤੁਹਾਨੂੰ ਕੇਂਦਰ ਦੀ ਸੱਤਾ ’ਚ ਆਪਣੇ ਵਿਚਾਰਧਾਰਕ ਵਿਰੋਧੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਉਸ ਤੋਂ ਬਿਨਾਂ ਤੁਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ।
ਇਹ ਦੂਜਾ ਪ੍ਰਮਾਣ ਹੈ ਜੋ ਦਰਸਾਉਂਦਾ ਹੈ ਕਿ ਕਸ਼ਮੀਰ ਵਿੱਚ ਚੀਜ਼ਾਂ ਕਿਵੇਂ ਬਦਲ ਗਈਆਂ ਹਨ। ਛੋਟੇ ਅਬਦੁੱਲਾ ਜਾਣਦੇ ਹਨ ਕਿ ਉਨ੍ਹਾਂ ਨੇ ਸਿਰਫ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਸੀ, ਤੱਕ ਪਹੁੰਚ ਹੀ ਨਹੀਂ ਕਰਨੀ ਹੈ, ਬਲਕਿ ਕਮਜ਼ੋਰ ਹੋ ਰਹੇ ‘ਇੰਡੀਆ’ ਬਲਾਕ ਨਾਲ ਵੀ ਉਹ ਆਪਣੀ ਜ਼ਿਆਦਾ ਵਫ਼ਾਦਾਰੀ ਨਹੀਂ ਦਿਖਾ ਸਕਦੇ।
ਤੀਜੀ ਤਸਦੀਕ ਮੋਦੀ ਦੀ ਆਪਣੀ ਹੈ। ਕੱਟੜਾ ਵਿਚ ਉਨ੍ਹਾਂ ਦੇ ਇਹ ਕਥਨ ਕਿ ‘ਪਹਿਲਗਾਮ ਵਿਚ ਇਨਸਾਨੀਅਤ ਤੇੇੇ ਕਸ਼ਮੀਰੀਅਤ ਦੋਵਾਂ ਉਤੇ ਹੋਇਆ ਹਮਲਾ, ਅਟਲ ਬਿਹਾਰੀ ਵਾਜਪਾਈ ਵੱਲੋਂ 2003 ਵਿਚ ਦਿੱਤੇ ਉਸ ਨਾਅਰੇ ਦੀ ਯਾਦ ਦਿਵਾਉਂਦੇ ਹਨ ਜਦੋਂ ਸਾਬਕਾ ਪ੍ਰਧਾਨ ਮੰਤਰੀ ਨੇ ਕਸ਼ਮੀਰ ਲਈ ਇੱਕ ਰੂਹਾਨੀ ਛੋਹ ਦੀ ਜ਼ਰੂਰਤ ਬਾਰੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਸਾਰੇ ਕਸ਼ਮੀਰੀਆਂ ਨਾਲ ਗੱਲਬਾਤ ‘ਕਸ਼ਮੀਰੀਅਤ, ਇਨਸਾਨੀਅਤ ਅਤੇ ਜਮਹੂਰੀਅਤ’ ਦੇ ਵਿਆਪਕ ਦਾਇਰੇ ਵਿੱਚ ਹੋ ਸਕਦੀ ਹੈ।
ਕੀ ਪ੍ਰਧਾਨ ਮੰਤਰੀ ਇਹ ਸੰਕੇਤ ਦੇ ਰਹੇ ਸਨ ਕਿ ਭਾਰਤ ਸਰਕਾਰ ਕਸ਼ਮੀਰ ਦੇ ਲੋਕਾਂ ਦੇ ਦੁਖ ਦਰਦ ਨੂੰ ਦੂਰ ਕਰਨ ਲਈ ਹੋਰ ਕਾਰਗਰ ਕਦਮ ਚੁੱਕੇਗੀ। ਇਨ੍ਹਾਂ ਵਿੱਚੋਂ ਕੁਝ ਵਿਲੱਖਣ ਵਿਚਾਰ ਪਿਛਲੇ ਸਾਲ ਚੋਣਾਂ ਦੌਰਾਨ ਨਿਸ਼ਚਿਤ ਤੌਰ ’ਤੇ ਉੱਭਰੇ ਸਨ ਜਦੋਂ ਜਮਾਤ-ਏ-ਇਸਲਾਮੀ ਦੇ ਉਮੀਦਵਾਰਾਂ ਨੂੰ ਚੋਣ ਲੜਨ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਮਾਤ ਨਾਲ ਪਰਦੇ ਪਿੱਛੇ ਗੱਲਬਾਤ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ; ਇਸ ਸਾਲ ਦੇ ਸ਼ੁਰੂ ਵਿੱਚ ਸਾਬਕਾ ਜਮਾਤ ਮੈਂਬਰਾਂ ਦੀ ਇੱਕ ਨਵੀਂ ਰਾਜਨੀਤਕ ਪਾਰਟੀ ‘ਜਸਟਿਸ ਐਂਡ ਡਿਵੈਲਪਮੈਂਟ ਫਰੰਟ’ ਬਣਾਈ ਗਈ ਸੀ।
ਇੱਕ ਰੇਲਗੱਡੀ ਦਾ ਕੰਮ ਲੋਕਾਂ, ਵਸਤਾਂ ਅਤੇ ਵਿਚਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੈ। ਕਸ਼ਮੀਰ ਲਈ ਇਹ ਰੇਲਗੱਡੀ ਪਹਿਲਾਂ ਹੀ ਨਵੀਆਂ ਗੱਲਾਂ-ਬਾਤਾਂ ਨੂੰ ਜਨਮ ਦੇ ਰਹੀ ਹੈ। ਸ਼ਾਇਦ ਇਸ ਨੇ ਆਪਣਾ ਉਦੇਸ਼ ਪੂਰਾ ਕਰ ਲਿਆ ਹੈ। ਜੰਮੂ-ਕਸ਼ਮੀਰ ਵਿੱਚ ਹੁਣ ਸਭ ਕੁਝ ਪਹਿਲਾਂ ਵਰਗਾ ਨਹੀਂ ਰਹਿਣਾ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।