For the best experience, open
https://m.punjabitribuneonline.com
on your mobile browser.
Advertisement

ਝੋਨੇ ਤੇ ਬਾਸਮਤੀ ਦੇ ਕੀੜਿਆਂ ਦੀ ਪਛਾਣ ਅਤੇ ਰੋਕਥਾਮ

07:52 AM Jun 29, 2024 IST
ਝੋਨੇ ਤੇ ਬਾਸਮਤੀ ਦੇ ਕੀੜਿਆਂ ਦੀ ਪਛਾਣ ਅਤੇ ਰੋਕਥਾਮ
Advertisement

ਪ੍ਰੀਤਇੰਦਰ ਸਿੰਘ ਸਰਾਓ* ਹਰਪਾਲ ਸਿੰਘ ਰੰਧਾਵਾ**

Advertisement

ਪੰਜਾਬ ਵਿੱਚ ਝੋਨਾ ਅਤੇ ਬਾਸਮਤੀ ਸਾਉਣੀ ਦੀ ਮੁੱਖ ਫ਼ਸਲਾਂ ਹਨ। ਇਨ੍ਹਾਂ ਹੇਠ ਕੁੱਲ ਰਕਬਾ 31.68 ਲੱਖ ਹੈਕਟੇਅਰ ਹੈ। ਇਨ੍ਹਾਂ ਫ਼ਸਲਾਂ ’ਤੇ ਸਭ ਤੋਂ ਜ਼ਿਆਦਾ ਗੰਭੀਰ ਸਮੱਸਿਆ ਕੀੜੇ-ਮਕੌੜੇ ਹਨ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਗਰਮ ਜਲਵਾਯੂ ਅਤੇ ਵਧੇਰੇ ਨਮੀ ਦੀ ਲੋੜ ਹੁੰਦੀ ਹੈ। ਇਨ੍ਹਾਂ ਫ਼ਸਲਾਂ ਤੇ ਲਗਪਗ ਦਰਜਨ ਤੋਂ ਵੀ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ। ਇਸ ਕਾਰਨ ਝਾੜ ਅਤੇ ਉਪਜ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਇਸ ਕਰ ਕੇ ਕਿਸਾਨ ਕੀੜਿਆਂ ਦੀ ਰੋਕਥਾਮ ਲਈ ਰਸਾਇਣਕ ਦਵਾਈਆਂ ਦੀ ਬੇਲੋੜੀ ਵਰਤੋਂ ਕਰਦੇ ਹਨ ਜੋ ਉਪਜ/ਦਾਣਿਆਂ ਵਿੱਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ, ਵਾਤਾਵਰਨ ਨੂੰ ਦੂਸ਼ਿਤ ਕਰਨ ਅਤੇ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਇਸ ਲਈ ਸਰਵਪੱਖੀ ਰੋਕਥਾਮ ਕੀੜਿਆਂ ਦੀ ਸੁਚੱਜੀ ਰੋਕਥਾਮ ਦੀ ਉਹ ਵਿਧੀ ਹੈ ਜਿਸ ਵਿੱਚ ਕੀੜੇ ਨੂੰ ਕਾਬੂ ਕਰਨ ਅਤੇ ਮਾਰਨ ਲਈ ਵੱਖ-ਵੱਖ ਤਰੀਕਿਆਂ ਦੀ ਵਿਉਂਤਬੰਦ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ। ਝੋਨੇ ਅਤੇ ਬਾਸਮਤੀ ਦੇ ਵੱਖ-ਵੱਖ ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਅਤੇ ਸਰਵਪੱਖੀ ਰੋਕਥਾਮ ਹੇਠਾਂ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ:
ਤਣੇ ਦੇ ਗੜੂੰਏਂ/ਸੁੰਡੀਆਂ: ਇਨ੍ਹਾਂ ਦੀਆਂ ਤਿੰਨ ਕਿਸਮਾਂ ਜਿਵੇਂ ਪੀਲਾ, ਚਿੱਟਾ ਅਤੇ ਗੁਲਾਬੀ ਗੜੂੰਆਂ/ਸੁੰਡੀਆਂ ਹਨ, ਜੋ ਜੁਲਾਈ ਤੋਂ ਅਕਤੂਬਰ ਤੱਕ ਨੁਕਸਾਨ ਕਰਦੀਆਂ ਹਨ। ਪੀਲੀ ਸੁੰਡੀ ਦੇ ਮਾਦਾ ਪਤੰਗੇ ਦਾ ਰੰਗ ਪੀਲਾ-ਚਿੱਟਾ ਹੁੰਦਾ ਹੈ ਤੇ ਹਰ ਅਗਲੇ ਖੰਭ ਦੇ ਵਿਚਕਾਰ ਕਾਲਾ ਧੱਬਾ ਹੁੰਦਾ ਹੈ। ਚਿੱਟੀ ਸੁੰਡੀ ਦੇ ਮਾਦਾ ਪਤੰਗੇ ਪਤਲੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਗੁਲਾਬੀ ਸੁੰਡੀ ਦੀ ਮਾਦਾ ਦੇ ਅਗਲੇ ਖੰਭਾਂ ਦੇ ਵਿਚਕਾਰ ਤੋਂ ਇੱਕ ਵੱਖਰੀ ਤਰ੍ਹਾਂ ਦੀ ਕਾਲੀ ਸਲੇਟੀ ਕਿਰਨ ਖੰਭ ਦੇ ਸਿਰੇ ਵੱਲ ਵਧਦੀ ਹੈ ਅਤੇ ਗੂੜੇ ਧੱਬਿਆਂ ਦੀ ਪੱਤਲੀ ਕਤਾਰ ਦੇ ਰੂਪ ਵਿੱਚ ਖ਼ਤਮ ਹੋ ਜਾਂਦੀ ਹੈ। ਪੀਲੀ ਅਤੇ ਚਿੱਟੀ ਸੁੰਡੀ ਦੇ ਮਾਦਾ ਪਤੰਗੇ ਵਾਲਾਂ ਨਾਲ ਢਕੇ ਆਂਡੇ ਅਕਸਰ ਪੱਤਿਆਂ ਦੇ ਸਿਰਿਆਂ ਦੇ ਨੇੜੇ ਝੁੰਡਾਂ ਵਿੱਚ ਦਿੰਦੇ ਹਨ ਜਦੋਂਕਿ ਗੁਲਾਬੀ ਸੁੰਡੀ ਦੀ ਮਾਦਾ ਪੱਤਿਆਂ ਦੇ ਅੰਦਰਲੇ ਪਾਸੇ ਮਣਕਿਆਂ ਵਰਗੇ ਆਂਡੇ ਕਤਾਰਾਂ ਵਿੱਚ ਤਣੇ ਅਤੇ ਪੱਤੇ ਦੀ ਡੰਡੀ ਵਿੱਚ ਦਿੰਦੀ ਹੈ। ਸੁੰਡੀਆਂ ਮੁੰਜਰਾਂ ਨਿਕਲਣ ਤੋਂ ਪਹਿਲਾਂ ਗੋਭਾਂ ਵਿੱਚ ਵੜ ਜਾਂਦੀਆਂ ਹਨ ਤੇ ਗੋਭ ਨੂੰ ਅੰਦਰੋ-ਅੰਦਰ ਖਾਈ ਜਾਂਦੀਆਂ ਹਨ। ਇਸ ਨਾਲ ਗੋਭਾਂ ਸੁੱਕ ਜਾਂਦੀਆਂ ਹਨ। ਇਨ੍ਹਾਂ ਸੁੱਕੀਆਂ ਗੋਭਾਂ ਨੂੰ ‘ਡੈਡ ਹਾਰਟ’ ਆਖਦੇ ਹਨ ਜਿਹੜੀਆਂ ਬੂਟਿਆਂ ਵਿੱਚੋਂ ਆਸਾਨੀ ਨਾਲ ਬਾਹਰ ਖਿੱਚੀਆਂ ਜਾ ਸਕਦੀਆਂ ਹਨ। ਜੇ ਹਮਲਾ ਪਛੜ ਕੇ (ਮੁੰਜਰਾਂ ਨਿੱਕਲਣ ਤੋਂ ਬਾਅਦ) ਹੋਵੇ ਤਾਂ ਮੁੰਜਰਾਂ ਸੁੱਕ ਜਾਂਦੀਆਂ ਹਨ ਅਤੇ ਇਸ ਵਿਚ ਦਾਣੇ ਨਹੀਂ ਬਣਦੇ। ਅਜਿਹੀਆਂ ਚਿੱਟੀਆਂ ਅਤੇ ਸਿੱਧੀਆਂ ਖੜ੍ਹੀਆਂ ਮੁੰਜਰਾਂ ਖੇਤ ਵਿੱਚ ਦੂਰੋਂ ਹੀ ਆਸਾਨੀ ਨਾਲ ਪਛਾਣੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਮੁੰਜਰਾਂ ਨੂੰ ‘ਚਿੱਟੀਆਂ ਮੁੰਜਰਾਂ’ ਵੀ ਆਖਦੇ ਹਨ।
ਸਮੇਂ ਸਿਰ ਬਿਜਾਈ: ਫ਼ਸਲ ਦੀ ਪਨੀਰੀ ਦੀ ਬਿਜਾਈ/ਲਵਾਈ ਨੂੰ ਸਿਫ਼ਾਰਸ਼ ਕੀਤੇ ਸਮੇਂ ਅਨੁਸਾਰ ਹੀ ਲਗਾਉ। ਇਸ ਤਰ੍ਹਾਂ ਨਾਲ ਸਰਦੀਆਂ ਤੋਂ ਬਾਅਦ ਨਿਕਲਣ ਵਾਲੇ ਪਤੰਗਿਆਂ ਨੂੰ ਆਂਡੇ ਦੇਣ ਲਈ ਅਤੇ ਸੁੰਡੀਆਂ ਨੂੰ ਖਾਣ ਲਈ ਫ਼ਸਲ ਘੱਟ ਮਿਲੇਗੀ। ਇਸ ਨਾਲ ਆਉਣ ਵਾਲੀ ਝੋਨਾ/ਬਾਸਮਤੀ ਫ਼ਸਲ ’ਤੇ ਵੀ ਤਣੇ ਦੀਆਂ ਸੁੰਡੀਆਂ ਦੀ ਪੁਸ਼ਤਾਂ/ਪੀੜ੍ਹੀਆਂ ਘਟਣਗੀਆਂ। ਪੂਸਾ 44, ਪੀਲੀ ਪੂਸਾ ਅਤੇ ਡੋਗਰ ਪੂਸਾ ਦੀ ਕਾਸ਼ਤ ਤੋਂ ਗੁਰੇਜ਼ ਕਰੋ। ਇਨ੍ਹਾਂ ਨੂੰ ਸਿਫ਼ਾਰਸ਼ ਕਿਸਮਾਂ ਦੇ ਮੁਕਾਬਲੇ 15-20 ਫ਼ੀਸਦੀ ਵੱਧ ਪਾਣੀ ਅਤੇ ਕੀਟਨਾਸ਼ਕਾਂ ਦੇ ਘੱਟੋ-ਘੱਟ ਦੋ ਵਾਧੂ ਛਿੜਕਾਅ ਦੀ ਲੋੜ ਪੈਂਦੀ ਹੈ। ਥੋੜ੍ਹਾ ਸਮਾਂ ਲੈਣ ਵਾਲੀ ਕਿਸਮ (ਪੀ ਆਰ 126) ਲਈ 25-30 ਦਿਨਾਂ ਦੀ ਪਨੀਰੀ ਵਰਤੋ ਅਤੇ 20 ਜੂਨ ਤੋਂ 10 ਜੁਲਾਈ ਖੇਤ ਵਿੱਚ ਲਾਉ। ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30-35 ਦਿਨਾਂ ਦੀ ਪਨੀਰੀ ਵਰਤੋ ਅਤੇ 20 ਜੂਨ ਤੋਂ ਬਾਅਦ ਖੇਤ ਵਿੱਚ ਲਾਉ। ਇਸੇ ਤਰ੍ਹਾਂ ਬਾਸਮਤੀ ਦੀਆਂ ਮੁੱਖ ਕਿਸਮਾਂ ਦੀ 25-30 ਦਿਨ ਪਨੀਰੀ ਮੁੱਖ ਖੇਤ ਵਿੱਚ ਜੁਲਾਈ ਦੇ ਪਹਿਲੇ ਪੰਦਰਵਾੜੇ ਅਤੇ ਪੂਸਾ ਬਾਸਮਤੀ 1509 (25 ਦਿਨ ਦੀ ਪਨੀਰੀ) ਅਤੇ ਸੀਐਸਆਰ 30 ਦੀ ਜੁਲਾਈ ਦੇ ਦੂਜੇ ਪੰਦਰਵਾੜੇ ਲਗਾਉ।
ਕੀਟਨਾਸ਼ਕ: ਫ਼ਸਲਾਂ ਵਿੱਚ ਲਗਾਤਾਰ ਸੁੰਡੀਆਂ ਦੇ ਨੁਕਸਾਨ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਝੋਨੇ ਵਿੱਚ ਸੁੱਕੀਆਂ ਗੋਭਾਂ 5 ਫ਼ੀਸਦੀ (ਇਕਨਾਮਿਕ ਥਰੈਸ਼ਹੋਲਡ ਲੈਵਲ/ਈਟੀਐਲ) ਅਤੇ ਬਾਸਮਤੀ ਵਿੱਚ 2 ਫ਼ੀਸਦੀ (ਈਟੀਐਲ) ਤੋਂ ਵਧ ਜਾਣ ਤਾਂ ਕੀਟਨਾਸ਼ਕਾਂ ਵਿੱਚੋਂ ਕੋਈ ਇਕ ਦੀ ਵਰਤੋਂ ਕਰੋ। ਦੁਬਾਰਾ ਲੋੜ ਪੈਣ ’ਤੇ ਦਵਾਈਆਂ ਅਦਲ-ਬਦਲ ਕੇ ਵਰਤੋ।
ਪੱਤਾ ਲਪੇਟ ਸੁੰਡੀ: ਪੱਤਾ ਲਪੇਟ ਸੁੰਡੀ ਦੇ ਪਤੰਗੇ ਦੇ ਅਗਲੇ ਖੰਭ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਉੱਤੇ ਤਿੰਨ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਮਾਦਾ ਪਤੰਗਾ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰ ਕੇ ਚੌੜੇ ਅਤੇ ਪਾਰਦਰਸ਼ੀ ਆਂਡੇ ਦਿੰਦੀ ਹੈ। ਇਹ ਸੁੰਡੀ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੇ ਦੌਰਾਨ ਕਰਦੀ ਹੈ। ਛੋਟੀਆਂ ਸੁੰਡੀਆਂ ਸ਼ੁਰੂ ਵਿੱਚ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆਂ ਹਨ, ਪਰ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ ਰੁਖ਼ ਲਪੇਟ ਲੈਂਦੀਆਂ ਹਨ, ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਅਤੇ ਪੱਤੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ ਅਤੇ ਪੱਤੇ ਜਾਲੀਦਾਰ ਲਗਦੇ ਹਨ। ਇਸ ਨਾਲ ਪੌਦੇ ਦੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਘਟ ਜਾਂਦੀ ਹੈ ਅਤੇ ਫ਼ਸਲ ਦੇ ਝਾੜ ’ਤੇ ਮਾੜਾ ਪ੍ਰਭਾਵ ਪੈਂਦਾ ਹੈ।
ਕਾਸ਼ਤਕਾਰੀ ਢੰਗ: ਪੱਤਾ ਲਪੇਟ ਸੁੰਡੀ ਦਾ ਹਮਲਾ ਅਤੇ ਨੁਕਸਾਨ ਦਰੱਖਤਾਂ ਦੀ ਛਾਂ ਹੇਠ ਵੱਧ ਹੁੰਦਾ ਹੈ। ਜੋ ਕੀੜੇ ਦੇ ਫੈਲਾਅ ਲਈ ‘ਮੁੱਖ ਜਗ੍ਹਾ’ ਬਣ ਜਾਂਦੀ ਹੈ। ਇਸ ਕਰ ਕੇ ਛਾਂਦਾਰ ਥਾਵਾਂ ’ਤੇ ਕੀੜੇ ਦੀ ਮੌਜੂਦਗੀ ਨੂੰ ਦੇਖਦੇ ਰਹਿਣਾ ਚਾਹੀਦਾ ਹੈ ਜੇ ਹੋ ਸਕੇ ਤਾ ਇਨ੍ਹਾਂ ਥਾਵਾਂ ’ਤੇ ਪਨਰੀ ਦੀ ਬਿਜਾਈ/ਲਵਾਈ ਨਾ ਕੀਤੀ ਜਾਵੇ। ਫ਼ਸਲਾਂ ਨੂੰ ਖਾਦਾਂ ਦੀ ਸਹੀ ਵਰਤੋਂ ਮਿੱਟੀ ਪਰਖ ਆਧਾਰ ਜਾਂ ਪੱਤਾ ਰੰਗ ਚਾਰਟ ਆਧਾਰ ’ਤੇ ਹੀ ਕਰੋ ਅਤੇ ਪਾਣੀ ਲੋੜ ਅਨੁਸਾਰ ਹੀ ਲਗਾਉ।
ਮਕੈਨੀਕਲ ਢੰਗ: ਜੇ ਕੀੜੇ ਦਾ ਹਮਲਾ ਫ਼ਸਲ ਨਿਸਰਨ ਤੋਂ ਪਹਿਲਾਂ ਹੋਵੇ ਤਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਫੇਰੋ। ਪਹਿਲਾਂ ਕਿਆਰੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਰੱਸੀ ਫੇਰੋ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਹ ਧਿਆਨ ਵਿੱਚ ਰੱਖੋ ਕਿ ਰੱਸੀ ਫੇਰਨ ਸਮੇਂ ਖੇਤ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਕੀਟਨਾਸ਼ਕ: ਜਦੋਂ ਖੇਤ ਵਿੱਚ ਫ਼ਸਲ ਦੇ ਇੱਕ ਤਿਹਾਈ (1/3) ਖਾਦੇ ਪੱਤਿਆਂ ਦੀ ਗਿਣਤੀ 10 ਫ਼ੀਸਦੀ (ਈਟੀਐਲ) ਜਾਂ ਵਧੇਰੇ ਹੋਵੇ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।
ਬੂਟਿਆਂ ਦੇ ਟਿੱਡੇ: ਫ਼ਸਲ ਦਾ ਰਸ ਚੂਸ ਕੇ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਵਿੱਚੋਂ ਬੂਟਿਆਂ ਦੇ ਟਿੱਡੇ- ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਮੁੱਖ ਹਨ। ਭੂਰ ਟਿੱਡੇ ਦੇ ਬਾਲਗ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੁੰਦਾ ਹੈ। ਚਿੱਟੀ ਪਿੱਠ ਵਾਲੇ ਟਿੱਡੇ ਦੇ ਬਾਲਗ ਤੇ ਇੱਕ ਪਤਲੀ (ਬਾਰੀਕ) ਚਿੱਟੀ ਪੱਟੀ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ। ਇੱਕ ਕਾਲਾ ਧੱਬਾ ਅਗਲੇ ਖੰਬਾਂ ਦੇ ਪਿੱਛਲੇ ਪਾਸੇ ਦੇ ਵਿਚਕਾਰ ਦਿਖਾਈ ਦਿੰਦਾ ਹੈ, ਇਹ ਮਿਲਦੇ ਹਨ ਜਦੋਂ ਅਗਲੇ ਖੰਭ ਇਕੱਠੇ ਹੁੰਦੇ ਹਨ। ਇਹ ਟਿੱਡੇ ਲੀਫ਼ ਸ਼ੀਥ (ਤਣੇ ਦੇ ਦੁਆਲੇ ਪੱਤੇ ਦੇ ਖੋਲ) ਵਿੱਚ ਆਂਡੇ ਦਿੰਦੇ ਹਨ। ਇਨ੍ਹਾਂ ਟਿੱਡਿਆਂ ਦੇ ਬੱਚੇ ਅਤੇ ਬਾਲਗ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਫਿਰ ਨੇੜੇ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ। ਕੁੱਝ ਹੀ ਦਿਨਾਂ ਵਿੱਚ ਹਮਲੇ ਵਾਲੇ ਥਾਵਾਂ ਵਿੱਚ ਵਾਧਾ ਹੋ ਜਾਂਦਾ ਹੈ। ਟਿੱਡਿਆਂ ਦੇ ਸਰੀਰ ਵਿੱਚੋਂ ਨਿਕਲਿਆ ਮਲ-ਮੂਤਰ ਪੱਤਿਆਂ ’ਤੇ ਜੰਮਣ ਕਾਰਨ ਪੱਤਿਆਂ ’ਤੇ ਕਾਲੀ ਉੱਲੀ ਵੀ ਲੱਗ ਜਾਂਦੀ ਹੈ। ਬੂਟਾ ਸੁੱਕਣ ਤੋਂ ਬਾਅਦ ਟਿੱਡੇ ਨਾਲ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ ਜਿਸ ਕਾਰਨ ਫ਼ਸਲ ਧੌੜੀਆਂ ਵਿੱਚ ਸੁੱਕ ਜਾਂਦੀ ਹੈ ਅਤੇ ਇਸ ਨੂੰ ‘ਟਿੱਡੇ ਦਾ ਸਾੜ ਜਾਂ ਹਾਪਰ ਬਰਨ’ ਵੀ ਕਹਿੰਦੇ ਹਨ ਅਤੇ ਇਹ ਧੌੜੀਆਂ ਘੇਰੇ ਵਿੱਚ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂ ਰੋਗ ਹੈ, ਜਿਸ ਦੀ ਪਛਾਣ ਸਦਰਨ ਰਾਈਸ ਬਲੈਕ ਸਟਰੀਕਡ ਵਾਇਰਸ ਵਜੋਂ ਕੀਤੀ ਗਈ ਹੈ। ਜੋ ਭਾਰਤ ਵਿੱਚ ਪਹਿਲੀ ਵਾਰ ਸੰਨ 2022 ਵਿੱਚ ਦੇਖਿਆ ਗਿਆ, ਚਿੱਟੀ ਪਿੱਠ ਵਾਲੇ ਟਿੱਡੇ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ ਹਨ।
ਪਾਣੀ ਦੀ ਸੁਚੱਜੀ ਵਰਤੋਂ: ਝੋਨੇ/ ਬਾਸਮਤੀ ਫ਼ਸਲ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ, ਪਰ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ ਜ਼ਰੂਰੀ ਨਹੀਂ। ਬੂਟਿਆਂ ਦੇ ਟਿੱਡਿਆਂ ਦੇ ਹਮਲੇ ਦੇ ਸਮੇਂ ਖੇਤ ਵਿੱਚੋਂ 3-4 ਦਿਨਾਂ ਲਈ ਪਾਣੀ ਕੱਢ ਦਿਉ। ਇਸ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਘਟ ਜਾਂਦਾ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ।
ਕੀਟਨਾਸ਼ਕ: ਫ਼ਸਲ ਵਿੱਚ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਝੋਨੇ/ ਬਾਸਮਤੀ ਦੀ ਪਨੀਰੀ ਪੁੱਟ ਕੇ ਲਾਉਣ ਤੋਂ ਇੱਕ ਮਹੀਨੇ ਬਾਅਦ ਖੇਤ ਵਿੱਚ ਕੁਝ ਬੂਟਿਆਂ ਨੂੰ ਹਰ ਹਫ਼ਤੇ ਥੋੜ੍ਹਾ ਜਿਹਾ ਟੇਢੇ ਕਰ ਕੇ ਹੇਠਾਂ ਨੂੰ 2-3 ਵਾਰੀ ਝਾੜੋ। ਜੇ ਪ੍ਰਤੀ ਬੂਟਾ 5 ਟਿੱਡੇ (ਈਟੀਐਲ) ਜਾਂ ਵੱਧ ਟਿੱਡੇ ਪਾਣੀ ਉੱਤੇ ਤੈਰਦੇ ਦਿਖਾਈ ਦੇਣ ਤਾਂ ਕੀਟਨਾਸ਼ਕ ਦੀ ਵਰਤੋਂ ਕਰੋ। ਚੰਗੇ ਨਤੀਜਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰ ਕੇ ਕਰੋ। ਇਹ ਟਿੱਡੇ ਮਾਰਨ ਲਈ ਹਮਲੇ ਵਾਲੀਆਂ ਧੌੜੀਆਂ/ਥਾਵਾਂ ਦੇ 3-4 ਮੀਟਰ ਆਲੇ-ਦੁਆਲੇ ਵੀ ਛਿੜਕਾਅ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ’ਤੇ ਹੀ ਹੁੰਦੀ ਹੈ।
ਘਾਹ ਦਾ ਟਿੱਡਾ: ਕੀੜੇ ਦੇ ਬੱਚੇ ਅਤੇ ਬਾਲਗ ਛੋਟੇ ਪੌਦਿਆਂ ਦੇ ਪੱਤਿਆਂ ਨੂੰ ਖਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਪੌਦੇ ਪੱਤਿਆਂ ਤੋਂ ਰਹਿਤ ਹੋ ਜਾਂਦੇ ਹਨ। ਕੀੜੇ ਦੇ ਹਮਲੇ ਤੋਂ ਬਚਾਅ ਲਈ ਫ਼ਸਲਾਂ ਦਾ ਆਲਾ-ਦੁਆਲਾ ਸਾਫ਼ ਰੱਖੋ ਅਤੇ ਲੋੜ ਪੈਣ ’ਤੇ ਰੋਕਥਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਵਰਤੀਆਂ ਜਾ ਸਕਦੀਆਂ ਹਨ।
ਝੋਨੇ ਦਾ ਹਿਸਪਾ (ਕੰਡਿਆਲੀ-ਭੂੰਡੀ): ਭੂੰਡੀ ਦਾ ਜਵਾਨ ਕੀੜਾ ਚਮਕਦਾਰ ਅਤੇ ਨੀਲੇ-ਕਾਲੇ ਰੰਗ ਦਾ ਹੁੰਦਾ ਹੈ। ਇਸ ਦੇ ਸਰੀਰ ਉੱਪਰ ਛੋਟੇ-ਛੋਟੇ ਕੰਡੇ ਹੋਣ ਕਰ ਕੇ ਇਸ ਨੂੰ ‘ਕੰਡਿਆਲੀ ਭੂੰਡੀ’ ਵੀ ਕਹਿੰਦੇ ਹਨ। ਕੀੜੇ ਦਾ ਗਰੱਬ (ਬੱਚਾ) ਅਤੇ ਜਵਾਨ ਕੀੜਾ ਦੋਵੇਂ ਹੀ ਫ਼ਸਲ ਨੂੰ ਨੁਕਸਾਨ ਕਰਦੇ ਹਨ। ਗਰੱਬ ਪੱਤਿਆਂ ਵਿੱਚ ਸੁਰੰਗਾਂ ਬਣਾ ਕੇ ਅੰਦਰੋਂ ਹਰਾ ਮਾਦਾ ਖਾਂਦੀਆਂ ਹਨ ਜਦੋਂਕਿ ਜਵਾਨ ਭੂੰਡੀਆਂ ਪੱਤੇ ਦੇ ਬਾਹਰਲੇ ਪਾਸੇ ਤੋਂ ਖੁਰਚ ਕੇ ਹਰਾ ਮਾਦਾ ਖਾਂਦੀਆਂ ਹਨ। ਇਸ ਤਰ੍ਹਾਂ ਪੱਤਿਆਂ ਉੱਪਰ ਚਿੱਟੇ ਰੰਗ ਦੀਆਂ ਇੱਕ ਸਾਰ ਧਾਰੀਆਂ ਪੈ ਜਾਂਦੀਆਂ ਹਨ ਅਤੇ ਖੇਤ ਦੂਰੋਂ ਹੀ ਚਿੱਟਾ-ਜਿਹਾ ਜਾਪਦਾ ਹੈ।
ਰੋਕਥਾਮ: ਪਨੀਰੀ ’ਚ ਹਮਲਾ ਹੋਣ ’ਤੇ ਖੇਤ ਵਿੱਚੋਂ ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਦੇ ਪੱਤੇ ਕੱਟ ਕੇ ਨਸ਼ਟ ਕਰ ਦਿਉ। ਕੀੜੇ ਦੇ ਹਮਲੇ ਤੋਂ ਬਚਾਅ ਲਈ ਖੇਤ ’ਚ ਪਾਣੀ ਲੰਬਾ ਸਮਾਂ ਖੜ੍ਹਾ ਨਹੀਂ ਰੱਖਣਾ ਚਾਹੀਦਾ। ਲੋੜ ਅਨੁਸਾਰ ਕੀਟਨਾਸ਼ਕ ਵਰਤੋ।

ਕੀੜਿਆਂ ਦੀ ਸਰਵਪੱਖੀ ਰੋਕਥਾਮ ਦੇ ਉਪਾਅ

• ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂ ਰੋਗ ਹੈ। ਇਸ ਦੀ ਪਛਾਣ ਸਾਲ 2022 ਵਿਚ ‘ਸਦਰਨ ਰਾਈਸ ਬਲੈਕ ਸਟਰੀਕਡ ਵਾਇਰਸ’ ਵਜੋਂ ਕੀਤੀ ਗਈ। ਪਨੀਰੀ ਦੀ ਬਿਜਾਈ ਤੋਂ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਫ਼ਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਚਿੱਟੀ ਪਿੱਠ ਵਾਲੇ ਟਿੱਡੇ ਬੱਲਬ ਦੀ ਰੌਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਇਸ ਲਈ ਇਨ੍ਹਾਂ ਦੀ ਆਮਦ ਨੂੰ ਦੇਖਣ ਲਈ ਖੇਤਾਂ ਨੇੜੇ ਬੱਲਬ (ਲਾਈਟ ਟਰੈਪ) ਲਗਾਉ।
• ਮਧਰੇ ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਮਿੱਟੀ ਵਿੱਚ ਡੂੰਘਾ ਦਬਾ ਦਿਉ।
• ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਡੂੰਘਾ ਵਾਹੋ ਅਤੇ ਖੇਤ ਦੇ ਵੱਟਾਂ ਅਤੇ ਪਾਣੀ ਵਾਲੇ ਖਾਲਿਆਂ ਨੂੰ ਘਾਹ/ਨਦੀਨ ਤੋਂ ਮੁਕਤ ਰੱਖੋ। ਜੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।
• ਝੋਨੇ ਨੂੰ ਸਿਫ਼ਾਰਸ਼ ਕੀਤੀਆਂ ਹੋਈਆਂ ਖਾਦਾਂ ਹੀ ਪਾਉ। ਖਾਦਾਂ ਦੀ ਸਹੀ ਵਰਤੋਂ ਮਿੱਟੀ ਪਰਖ ਆਧਾਰ ਜਾਂ ਪੱਤਾ ਰੰਗ ਚਾਰਟ ਆਧਾਰ ’ਤੇ ਹੀ ਕਰੋ। ਪੱਤਾ ਰੰਗ ਚਾਰਟ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ, ਰਿਜ਼ਨਲ ਖੋਜ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਲਿਆ ਜਾ ਸਕਦਾ ਹੈ।
• ਕਈ ਤਰ੍ਹਾਂ ਦੇ ਮਿੱਤਰ ਕੀੜੇ/ਮੱਕੜੀਆਂ ਹੁੰਦੇ ਹਨ ਜੋ ਝੋਨੇ ਦੇ ਹਾਨੀਕਾਰਕ ਕੀੜਿਆਂ ਦਾ ਸ਼ਿਕਾਰ ਕਰਦੇ ਹਨ। ਇਸ ਲਈ ਮਿੱਤਰ ਕੀੜਿਆਂ/ਮੱਕੜੀਆਂ ਨੂੰ ਵਧਣ-ਫੁੱਲਣ ਵਿੱਚ ਮਦਦ ਕਰਨੀ ਚਾਹੀਦੀ ਹੈ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਮਿੱਤਰ ਕੀੜੇ ਖ਼ਤਮ ਨਾ ਹੋਣ।

ਸਾਵਧਾਨੀਆਂ

• ਫ਼ਸਲਾਂ ਦੇ ਸ਼ੁਰੂਆਤੀ ਸਮੇਂ ’ਤੇ ਕਦੇ ਵੀ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ ਖ਼ਾਸ ਕਰ ਕੇ ਸਿੰਥੈਟਿਕ ਪਰਿਥਰਾਇਡ ਦੀ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਕੀੜੇ-ਮਕੌੜੇ ਖ਼ਾਸ ਕਰ ਕੇ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਦੀ ਹੈ ਅਤੇ ਮਿੱਤਰ ਕੀੜੇ ਮਰਨ ਦੀ ਸੰਭਾਵਨਾ ਵਧ ਜਾਂਦੀ ਹੈ।
• ਕਿਸਾਨ ਮਨੁੱਖੀ ਸਿਹਤ ਨੂੰ ਧਿਆਨ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਜਿਵੇਂ ਐਸੀਫੇਟ, ਥਿਆਮਿਥੌਕਸਮ, ਪ੍ਰੋਫੀਨੋਫੋਸ, ਕਲੋਰੋਪਾਇਰੀਫਾਸ, ਬੁਪਰੋਫੇਜਿਨ, ਮੀਥਾਮੀਡੋਫੋਸ ਦੀ ਵਰਤੋਂ ਨਾ ਕਰਨ।
• ਕੀਟਨਾਸ਼ਕ ਦਵਾਈਆਂ ਦੀ ਵਰਤੋਂ ਅਦਲ-ਬਦਲ ਅਤੇ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰੋ।
• ਜੇ ਕੀੜਿਆਂ ਦਾ ਹਮਲਾ ਥੋੜ੍ਹੀ ਜਗ੍ਹਾ ਜਾਂ ਵੱਟਾਂ/ ਦੱਰਖਤਾਂ/ ਇਮਾਰਤਾਂ ਦੀ ਛਾਂ ਥੱਲੇ ਹੋਵੇ ਤਾਂ ਰੋਕਥਾਮ ਹਮਲੇ ਵਾਲੀ ਥਾਂ ਦੇ ਨਾਲ ਨਾਲ 3-4 ਮੀਟਰ ਆਲੇ-ਦੁਆਲੇ ਦਵਾਈਆਂ ਦਾ ਛਿੜਕਾਅ ਕਰ ਕੇ ਕੀਤੀ ਜਾ ਸਕਦੀ ਹੈ।
• ਸਿਫ਼ਾਰਸ਼ ਕੀਟਨਾਸ਼ਕਾਂ ਦੀ ਵਰਤੋਂ 100 ਲਿਟਰ ਪਾਣੀ ਪ੍ਰਤੀ ਏਕੜ ਅਨੁਸਾਰ ਹੀ ਕਰੋ। ਕੀਟਨਾਸ਼ਕਾਂ ਦੇ ਛਿੜਕਾਅ ਲਈ ਟ੍ਰਿਪਲ ਐਕਸ਼ਨ ਨੋਜ਼ਲ ਵਾਲੇ ਨੈਪਸੇਕ ਪੰਪ ਨੂੰ ਵਰਤਿਆ ਜਾ ਸਕਦਾ ਹੈ। ਬਾਸਮਤੀ ਵਿੱਚ ਦਾਣੇਦਾਰ ਕੀਟਨਾਸ਼ਕਾਂ ਨੂੰ ਹੱਥਾਂ ਉੱਪਰ ਦਸਤਾਨੇ ਚਾੜ੍ਹ ਕੇ ਖੜ੍ਹੇ ਪਾਣੀ ਵਿੱਚ ਹੀ ਪਾਉ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
**ਪੀਏਯੂ ਖੇਤਰੀ ਖੋਜ ਕੇਂਦਰ, ਗੁਰਦਾਸਪੁਰ।
ਸੰਪਰਕ: 98720-06248

Advertisement
Author Image

joginder kumar

View all posts

Advertisement
Advertisement
×