ਆਈਸੀਸੀ ਟੈਸਟ ਰੈਂਕਿੰਗਜ਼: ਬੁਮਰਾਹ ਨੂੰ ਪਿੱਛੇ ਛੱਡ ਅਸ਼ਿਵਨ ਬਣਿਆ ਚੋਟੀ ਦਾ ਗੇਂਦਬਾਜ਼
ਦੁਬਈ, 13 ਮਾਰਚ
ਆਪਣੇ 100ਵੇਂ ਟੈਸਟ ਮੈਚ ਵਿੱਚ ਨੌਂ ਵਿਕਟਾਂ ਲੈਣ ਵਾਲੇ ਤਜਰਬੇਕਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਦੀ ਅੱਜ ਜਾਰੀ ਹੋਈ ਨਵੀਂ ਟੈਸਟ ਰੈਂਕਿੰਗਜ਼ ਵਿੱਚ ਗੇਂਦਬਾਜ਼ਾਂ ਦੀ ਸੂਚੀ ’ਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ਾਂ ਦੀ ਰੈਂਕਿੰਗ ਦੀ ਸਿਖਰਲੇ 10 ਵਿੱਚ ਵਾਪਸੀ ਹੋਈ ਹੈ। ਉਹ ਬੱਲੇਬਾਜ਼ਾਂ ਦੀ ਤਾਜ਼ਾ ਸੂਚੀ ਵਿੱਚ ਛੇਵੇਂ ਸਥਾਨ ’ਤੇ ਕਾਬਜ਼ ਹੈ। ਅਸ਼ਿਵਨ ਨੇ ਧਰਮਸ਼ਾਲਾ ਵਿੱਚ ਲੜੀ ਦੇ ਪੰਜਵੇਂ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਚਾਰ ਅਤੇ ਦੂਜੀ ਪਾਰੀ ’ਚ ਪੰਜ ਵਿਕਟਾਂ ਲਈਆਂ ਸਨ। ਉਸ ਨੇ ਆਪਣੇ ਕਰੀਅਰ ਵਿੱਚ 36ਵੀਂ ਵਾਰ ਪੰਜ ਵਿਕਟਾਂ ਲਈਆਂ। ਭਾਰਤੀ ਟੀਮ ਨੇ ਇਹ ਮੈਚ ਜਿੱਤ ਕੇ ਲੜੀ 4-1 ਨਾਲ ਆਪਣੇ ਨਾਮ ਕਰ ਲਈ ਸੀ। ਇਸ ਟੈਸਟ ਮੈਚ ਵਿੱਚ ਸੈਂਕੜਾ ਪਾਰੀ ਖੇਡਣ ਵਾਲk ਰੋਹਿਤ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪੰਜ ਸਥਾਨ ਦਾ ਸੁਧਾਰ ਕਰ ਕੇ ਛੇਵੇਂ ਸਥਾਨ ’ਤੇ ਕਾਬਜ਼ ਹੋਇਆ ਹੈ। ਉਹ ਸੂਚੀ ਵਿੱਚ ਸਿਖਰ ’ਤੇ ਕਾਬਜ਼ ਕੇਨ ਵਿਲੀਅਮਸਨ ਤੋਂ 108 ਅੰਕ ਪਿੱਛੇ ਹੈ।
ਯਸ਼ਸਵੀ ਜੈਸਵਾਲ (ਦੋ ਸਥਾਨ ਦੇ ਸੁਧਾਰ ਨਾਲ ਅੱਠਵੇਂ) ਅਤੇ ਸ਼ੁਭਮਨ ਗਿੱਲ (11 ਸਥਾਨ ਦੇ ਸੁਧਾਰ ਨਾਲ 20ਵੇਂ) ਵੀ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹਾਸਲ ਕਰਨ ਵਿੱਚ ਸਫ਼ਲ ਰਹੇ। ਬੁਮਰਾਹ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਉਹ ਇਸ ਸਥਾਨ ਨੂੰ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨਾਲ ਸਾਂਝਾ ਕਰ ਰਿਹਾ ਹੈ। ਹੇਜ਼ਲਵੁੱਡ ਨੇ ਨਿਊਜ਼ੀਲੈਂਡ ਖ਼ਿਲਾਫ਼ ਕ੍ਰਾਈਸਟਚਰਚ ਵਿੱਚ ਖੇਡੇ ਗਏ ਦੂਜੇ ਟੈਸਟ ਵਿੱਚ ਛੇ ਵਿਕਟਾਂ ਲਈਆਂ ਸਨ। ਖੱਬੇ ਹੱਥ ਦਾ ਸਪਿੰਨਰ ਕੁਲਦੀਪ ਯਾਦਵ 15 ਸਥਾਨ ਦੇ ਸੁਧਾਰ ਨਾਲ ਕਰੀਅਰ ਦੀ ਸਭ ਤੋਂ ਵਧੀਆ 16ਵੀਂ ਰੈਂਕਿੰਗ ਹਾਸਲ ਕਰਨ ਵਿੱਚ ਸਫ਼ਲ ਰਿਹਾ ਹੈ। ਨਿਊਜ਼ੀਲੈਂਡ ਦਾ ਮੈਟ ਹੈਨਰੀ (ਛੇ ਸਥਾਨ ਉੱਪਰ 12ਵੇਂ ਸਥਾਨ ’ਤੇ) ਵੀ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹਾਸਲ ਕਰਨ ਵਿੱਚ ਸਫ਼ਲ ਰਿਹਾ।
ਰਵਿੰਦਰ ਜਡੇਜਾ ਆਲਰਾਊਂਡਰ ਖਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਜਦਕਿ ਅਸ਼ਿਵਨ ਦੂਜੇ ਸਥਾਨ ’ਤੇ ਕਾਇਮ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ (ਦੋ ਸਥਾਨ ਉੱਪਰ ਅੱਠਵੇਂ ਸਥਾਨ) ਅਤੇ ਹੈਨਰੀ (ਛੇ ਸਥਾਨ ਦੇ ਸੁਧਾਰ ਨਾਲ 11ਵੇਂ) ਵੀ ਆਪਣੀ ਰੈਂਕਿੰਗ ਵਿੱਚ ਵੱਡਾ ਸੁਧਾਰ ਕਰਨ ’ਚ ਸਫ਼ਲ ਰਿਹਾ ਹੈ। -ਪੀਟੀਆਈ