ICC-Champions-Trophy: ਆਈਸੀਸੀ ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਹੋਣ ਬਾਰੇ ਫੈਸਲਾ 29 ਨਵੰਬਰ ਨੂੰ
ਨਵੀਂ ਦਿੱਲੀ, 26 ਨਵੰਬਰ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) 2025 ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਬਾਰੇ ਫੈਸਲਾ 29 ਨਵੰਬਰ ਨੂੰ ਹੋਣ ਦੀ ਸੰਭਾਵਨਾ ਹੈ। ਇਸ ਮੀਟਿਗ ਵਿੱਚ ਸਪਸ਼ਟ ਹੋ ਜਾਵੇਗਾ ਕਿ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਹੋਵੇਗੀ ਕਿ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤੇ ਇਸ ਦੇ ਬਦਲ ਵਜੋਂ ਪਾਕਿਸਤਾਨ ਵਲੋਂ ਇਹ ਟਰਾਫੀ ਹਾਈਬ੍ਰਿਡ ਮਾਡਲ ਰਾਹੀਂ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।ਈਐਸਪੀਐਨ ਕ੍ਰਿਕ ਇੰਫੋ ਅਨੁਸਾਰ ਆਈਸੀਸੀ ਬੋਰਡ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਮੀਟਿੰਗ ਦੌਰਾਨ ਸਹਿਮਤੀ ਬਣਾਏਗਾ। ਇਹ ਟੂਰਨਾਮੈਂਟ 19 ਫਰਵਰੀ ਤੋਂ ਮਾਰਚ ਦਰਮਿਆਨ ਹੋਣਾ ਹੈ ਪਰ ਆਈਸੀਸੀ ਨੇ ਹਾਲੇ ਤੱਕ ਕੋਈ ਅਧਿਕਾਰਤ ਸਮਾਂ-ਸਾਰਣੀ ਜਾਰੀ ਨਹੀਂ ਕੀਤੀ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਇਸ ਗੱਲ ’ਤੇ ਕੇਂਦਰਿਤ ਹੋਵੇਗੀ ਕਿ ਕੀ ਟੂਰਨਾਮੈਂਟ ਦੀ ਮੇਜ਼ਬਾਨੀ ਪੂਰੀ ਤਰ੍ਹਾਂ ਪਾਕਿਸਤਾਨ ਵਿਚ ਕੀਤੀ ਜਾਵੇਗੀ ਜਾਂ ਹਾਈਬ੍ਰਿਡ ਮਾਡਲ ਤਹਿਤ ਹੋਵੇਗੀ।
ਇਹ ਮੀਟਿੰਗ ਆਈਸੀਸੀ ਵੱਲੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਲਿਖੇ ਪੱਤਰ ਤੋਂ ਬਾਅਦ ਸੱਦੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਲੋਂ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ 2008 ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ।