ਆਈਸੀਸੀ ਨੇ ਪਾਕਿ ਖ਼ਿਲਾਫ਼ ਮੈਚ ਦੌਰਾਨ ਆਸਟਰੇਲਿਆਈ ਕ੍ਰਿਕਟਰ ਉਸਮਾਨ ਖਵਾਜਾ ਨੂੰ ਇਸਰਾਈਲ ਜੰਗ ਬਾਰੇ ਸੰਦੇਸ਼ ਦੇ ਰਹੇ ਜੁੱਤੇ ਪਾਉਣ ਤੋਂ ਰੋਕਿਆ
ਪਰਥ (ਆਸਟਰੇਲੀਆ), 14 ਦਸੰਬਰ
ਪਾਕਿਸਤਾਨ ਖ਼ਿਲਾਫ਼ ਸੀਰੀਜ਼ ਦੇ ਸ਼ੁਰੂਆਤੀ ਕ੍ਰਿਕਟ ਟੈਸਟ ਤੋਂ ਪਹਿਲਾਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੂੰ ਉਨ੍ਹਾਂ ਜੁੱਤਿਆਂ ਨੂੰ ਪਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ, ਜਿਨ੍ਹਾਂ ’ਤੇ ‘ਸਾਰੇ ਜੀਵਨ ਬਰਾਬਰ ਹਨ’ ਦਾ ਸੰਦੇਸ਼ ਸੀ। ਇਸ ਕਾਰਨ ਉਹ ਮੈਚ ਦੇ ਪਹਿਲੇ ਦਿਨ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ’ਚ ਉਤਰਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਖਵਾਜਾ ਨੂੰ ਉਹ ਜੁੱਤੇ ਪਹਿਨਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ’ਤੇ ਗਾਜ਼ਾ ਦੇ ਸੰਦਰਭ 'ਚ ਕੁਝ ਸੰਦੇਸ਼ ਲਿਖੇ ਹੋਏ ਸਨ। ਪਾਕਿਸਤਾਨੀ ਮੂਲ ਦੇ ਇਸ ਕ੍ਰਿਕਟਰ ਨੇ ਅਭਿਆਸ ਸੈਸ਼ਨ ਦੌਰਾਨ ਜੋ ਜੁੱਤੇ ਪਾਏ ਸਨ, ਉਨ੍ਹਾਂ 'ਤੇ ਸਾਰੇ ਜੀਵਨ ਬਰਾਬਰ ਹਨ’ ਅਤੇ ਆਜ਼ਾਦੀ ਮਨੁੱਖੀ ਅਧਿਕਾਰ ਹੈ ਵਰਗੇ ਸੰਦੇਸ਼ ਲਿਖੇ ਹੋਏ ਸਨ। ਆਈਸੀਸੀ ਦੇ ਨਿਯਮ ਟੀਮ ਦੇ ਲਬਿਾਸ ਜਾਂ ਸਾਜ਼ੋ-ਸਾਮਾਨ 'ਤੇ ਸਿਆਸੀ ਜਾਂ ਧਾਰਮਿਕ ਬਿਆਨ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਖਵਾਜਾ ਨੇ ਬਾਅਦ ਵਿੱਚ ਕਿਹਾ ਕਿ ਉਹ ਵਿਅਕਤੀਗਤ ਜਾਂ ਟੀਮ ਦੇ ਪਾਬੰਦੀਆਂ ਤੋਂ ਬਚਣ ਲਈ ਨਿਯਮ ਦੀ ਪਾਲਣਾ ਕਰੇਗਾ ਪਰ ਉਹ ਆਈਸੀਸੀ ਦੇ ਫੈਸਲੇ ਨੂੰ ਚੁਣੌਤੀ ਦੇਵੇਗਾ।