ਬਲਵੰਤ ਸਿੰਘ ਕਪੂਰ ਹਾਕੀ: ਲਖਨਊ ਤੇ ਜਮਸ਼ੇਦਪੁਰ ਵੱਲੋਂ ਜਿੱਤਾਂ ਦਰਜ
ਹਤਿੰਦਰ ਮਹਿਤਾ
ਜਲੰਧਰ, 18 ਨਵੰਬਰ
ਸਪੋਰਟਸ ਹਾਸਟਲ ਲਖਨਊ ਨੇ ਏਕਨੂਰ ਅਕੈਡਮੀ ਤੇਹਿੰਗ ਨੂੰ 8-2 ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਨੂੰ 2-1 ਦੇ ਫਰਕ ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਲੜਕੇ) ਦੇ ਲੀਗ ਗੇੜ ’ਚ ਤਿੰਨ-ਤਿੰਨ ਅੰਕ ਹਾਸਲ ਕੀਤੇ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਲੀਗ ਗੇੜ ਦੇ ਤਿੰਨ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਸਪੋਰਟਸ ਹਾਸਟਲ ਲਖਨਊ ਵੱਲੋਂ ਸ਼ਾਹਰੁਖ ਖਾਨ ਅਤੇ ਕੇਤਨ ਖੁਸ਼ਵਾਹਾ ਨੇ ਤਿੰਨ-ਤਿੰਨ ਅਤੇ ਮੁਹੰਮਦ ਆਤਿਫ ਨੇ ਜਦਕਿ ਏਕਨੂਰ ਅਕੈਡਮੀ ਲਈ ਹਿਮਾਂਸ਼ੂ ਬਾਂਸਲ ਅਤੇ ਅਖਿਲ ਮਹਿਮੀ ਨੇ ਇੱਕ-ਇੱਕ ਗੋਲ ਕੀਤਾ। ਕੇਤਨ ਖੁਸ਼ਵਾਹਾ ਨੂੰ ਮੈਚ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ।
ਉੜੀਸਾ ਨੇਵਲ ਟਾਟਾ ਹਾਈ ਪ੍ਰਫਾਰਮੈਂਸ ਸੈਂਟਰ ਭੁਬਨੇਸ਼ਵਰ ਅਤੇ ਐੱਸਜੀਪੀਸੀ ਅਕੈਡਮੀ ਅੰਮ੍ਰਿਤਸਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਦੂਜਾ ਮੈਚ 2-2 ਨਾਲ ਡਰਾਅ ਰਿਹਾ। ਭੁਬਨੇਸ਼ਵਰ ਲਈ ਦੋਵੇਂ ਗੋਲ ਬਿਲਕਲ ਓਰਨ ਨੇ ਕੀਤੇ। ਦੂਜੇ ਪਾਸੇ ਐੱਸਜੀਪੀਸੀ ਅਕੈਡਮੀ ਲਈ ਸ਼ੁਹਵੀਰ ਸਿੰਘ ਅਤੇ ਜਗਜੀਤ ਸਿੰਘ ਨੇ ਗੋਲ ਕੀਤਾ। ਤੀਜਾ ਮੈਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਅਤੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਵਿਚਾਲੇ ਖੇਡਿਆ ਗਿਆ। ਇਸ ਦੌਰਾਨ ਜਮਸ਼ੇਦਪੁਰ ਲਈ ਪ੍ਰਲਾਦ ਰਾਜਭਰ ਅਤੇ ਜੋਲਨ ਟੋਪਨੋ ਨੇ ਜਦਕਿ ਸੇਫਈ ਲਈ ਹਿਮਾਂਸ਼ੂ ਯਾਦਵ ਨੇ ਗੋਲ ਕੀਤੇ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਭਾਰਤ ਦੇ ਸਾਬਕਾ ਕਪਤਾਨ ਓਲੰਪੀਅਨ ਮਨਪ੍ਰੀਤ ਸਿੰਘ, ਓਲੰਪੀਅਨ ਬਲਬੀਰ ਸਿੰਘ ਅਤੇ ਓਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਦੌਰਾਨ ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਓਲੰਪੀਅਨ ਸੰਜੀਵ ਕੁਮਾਰ, ਤੀਰਥ ਸਿੰਘ ਕਪੂਰ ਤੇ ਹੋਰ ਹਾਜ਼ਰ ਸਨ।