IAEA: ਪਾਕਿਸਤਾਨ ’ਚ ਕਿਸੇ ਵੀ ਪਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਨਹੀਂ ਹੋਇਆ
ਗਲੋਬਲ ਨਿਊਕਲੀਅਰ ਨਿਗਰਾਨ IAEA ਨੇ ਦਾਅਵਾ ਕੀਤਾ ਹੈ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਪ੍ਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਲੀਜ਼ ਨਹੀਂ ਹੋਈ।
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦਾ ਬਿਆਨ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵਿਆਂ ਦੌਰਾਨ ਆਇਆ ਹੈ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਪ੍ਰਮਾਣੂ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਸੀ।
IAEA ਦੇ ਤਰਜਮਾਨ ਨੇ ਦੱਸਿਆ, ‘‘IAEA ਕੋਲ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਵਿੱਚ ਕਿਸੇ ਵੀ ਪ੍ਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਲੀਜ਼ ਨਹੀਂ ਹੋਈ ਹੈ।’’
ਇਸ ਤੋਂ ਪਹਿਲਾਂ ਏਅਰ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ, ਏਅਰ ਮਾਰਸ਼ਲ ਏਕੇ ਭਾਰਤੀ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਭਾਰਤ ਨੇ ਪਾਕਿਸਤਾਨ ਦੇ ਪ੍ਰਮਾਣੂ ਟਿਕਾਣਿਆਂ ਦੇ ਗੜ੍ਹ ਕਿਰਾਨਾ ਹਿੱਲਜ਼ ਨੂੰ ਨਿਸ਼ਾਨਾ ਬਣਾਇਆ ਹੈ।
ਏਅਰ ਮਾਰਸ਼ਲ ਏਕੇ ਭਾਰਤੀ ਨੇ 12 ਮਈ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ ਜੋ ਕੁੱਝ ਵੀ ਹੈ, ਅਸੀਂ ਕਿਰਾਨਾ ਹਿੱਲਜ਼ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।’’
ਭਾਰਤ ਨੇ ਸਰਗੋਧਾ ਵਿੱਚ ਇੱਕ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਰਿਪੋਰਟਾਂ ਸਨ ਕਿ ਇਹ ਬੇਸ ਕਿਰਾਨਾ ਹਿੱਲਜ਼ ਵਿੱਚ ਇੱਕ ਭੂਮੀਗਤ ਪ੍ਰਮਾਣੂ ਸਟੋਰੇਜ਼ ਸਹੂਲਤ ਨਾਲ ਜੁੜਿਆ ਹੋਇਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਪ੍ਰਮਾਣੂ ਟਕਰਾਅ ਨੂੰ ਟਾਲਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਫ਼ੌਜੀ ਕਾਰਵਾਈ ਰਵਾਇਤੀ ਖੇਤਰ ਵਿੱਚ ਸੀ ਅਤੇ ਉਨ੍ਹਾਂ ਨੇ ਪ੍ਰਮਾਣੂ ਯੁੱਧ ਬਾਰੇ ਅਟਕਲਾਂ ਤੋਂ ਇਨਕਾਰ ਕੀਤਾ। -ਪੀਟੀਆਈ