For the best experience, open
https://m.punjabitribuneonline.com
on your mobile browser.
Advertisement

ਮੈਂ ਖ਼ੁਦ ਨੂੰ ਸੁਣਾਉਣ ਲਈ ਕਹਾਣੀ ਲਿਖਦਾ ਹਾਂ

06:34 AM Nov 05, 2023 IST
ਮੈਂ ਖ਼ੁਦ ਨੂੰ ਸੁਣਾਉਣ ਲਈ ਕਹਾਣੀ ਲਿਖਦਾ ਹਾਂ
Advertisement

ਜਸਵੀਰ ਰਾਣਾ

ਮੈਂ ਬਚਪਨ ਤੋਂ ਹੀ ਚੁੱਪ ਬਿਰਤੀ ਦਾ ਬੰਦਾ ਹਾਂ। ਮੈਨੂੰ ਉਜਾੜ, ਵੀਰਾਨ ਤੇ ਸੁੰਨ-ਸਾਨ ਥਾਵਾਂ ਚੰਗੀਆਂ ਲੱਗਦੀਆਂ ਹਨ। ਇਸ ਦਾ ਕਾਰਨ ਹੈ ਕਿ ਮੇਰਾ ਬਾਜੀ (ਪਤਿਾ) ਫ਼ੌਜ ਵਿੱਚ ਸੀ। ਉਹ 23 ਸਾਲ ਬਾਅਦ ਸੂਬੇਦਾਰ ਦੀ ਪੈਨਸ਼ਨ ਆਇਆ। ਉਸ ਦੇ ਆਉਣ ਤੱਕ ਮਾਂ ਘਰ ਵਿੱਚ ਇਕੱਲੀ ਰਹੀ। ਉਹ ਕੰਮ-ਧੰਦਾ ਮੁਕਾ ਕੇ ਪੈ ਜਾਂਦੀ। ਮੈਂ ਇਕੱਲਾ ਹੀ ਬੈਠਾ ਖੇਡਦਾ ਰਹਿੰਦਾ। ਮੇਰੀ ਭੈਣ ਗੁਰਮੀਤ ਕੌਰ ਮੈਥੋਂ ਗਿਆਰਾਂ ਸਾਲ ਛੋਟੀ ਹੈ। ਉਸ ਦੇ ਜਨਮ ਤੋਂ ਪਹਿਲਾਂ ਮਿੱਟੀ ਦੀਆਂ ਡਲ਼ੀਆਂ, ਇੱਟਾਂ ਦੀਆਂ ਰੋੜੀਆਂ ਮੇਰੀਆਂ ਦੋਸਤ ਹੁੰਦੀਆਂ। ਉਨ੍ਹਾਂ ਨਾਲ ਕੀਤੀਆਂ ਗੱਲਾਂ ਮੈਨੂੰ ਖ਼ੁਦ ਨੂੰ ਹੀ ਸੁਣਾਈ ਦਿੰਦੀਆਂ। ਉਹ ਗੱਲਾਂ ਕਹਾਣੀਆਂ ਸਨ। ਲਿਖਣ ਲੱਗਿਆ ਤਾਂ ਉਨ੍ਹਾਂ ਦਾ ਸੁਭਾਅ ਵੀ ਮੇਰੇ ਵਰਗਾ ਹੋ ਗਿਆ। ਮੇਰੀ ਕਹਾਣੀ ਦੀ ਮਨੋਵਿਗਿਆਨਕ ਬਿਰਤੀ ਦਾ ਇੱਕ ਕਾਰਨ ਇਹ ਵੀ ਹੈ। ਮੇਰੀ ਕਹਾਣੀ ਬੰਦੇ ਅੰਦਰ ਘਾਤ ਲਾ ਕੇ ਬੈਠੇ ਬੰਦਿਆਂ ਨਾਲ ਗੱਲਾਂ ਕਰਦੀ ਹੈ। ਮੈਂ ਉਸ ਨੂੰ ਪੁਨੀਤ ਭਾਵ ਨਾਲ ਸੁਣਦਾ ਹਾਂ।
ਸੁਣਨ ਤੋਂ ਇਲਾਵਾ ਪੜ੍ਹਨ ਦੀ ਗੱਲ ਵੀ ਹੈ। ਮੈਂ ਪੰਜਵੀਂ-ਛੇਵੀਂ ਜਮਾਤ ਵਿੱਚ ਕਾਮਿਕਸ ਪੜ੍ਹਨ ਲੱਗ ਪਿਆ ਸੀ। ਉਹ ਕਲਪਨਾ ਦੀ ਰਹੱਸਮਈ ਦੁਨੀਆਂ ਸੀ। ਉਸ ਵਿੱਚ ਚਾਚਾ ਚੌਧਰੀ, ਸਾਬੂ, ਰਾਮ-ਰਹੀਮ ਤੇ ਮੋਟੂ-ਪਤਲੂ ਵਰਗੇ ਜਾਂਬਾਜ਼ ਪਾਤਰਾਂ ਦਾ ਰਾਜ ਚੱਲਦਾ। ਨੌਵੀਂ ਜਮਾਤ ਤੱਕ ਪਹੁੰਚਦਿਆਂ ਮੇਰੀ ਰੁਚੀ ਨਾਵਲ ਪੜ੍ਹਨ ਵੱਲ ਹੋ ਗਈ। ਉਸ ਯਾਤਰਾ ਦਾ ਆਖ਼ਰੀ ਬੂਹਾ ਪੰਜਾਬੀ ਸਾਹਤਿ ਤੋਂ ਲੈ ਕੇ ਹਰ ਦੇਸ਼ੀ-ਵਿਦੇਸ਼ੀ ਭਾਸ਼ਾ ਦਾ ਸਾਹਤਿ ਪੜ੍ਹਨ ਤੱਕ ਜਾ ਖੁੱਲ੍ਹਿਆ ਜੋ ਅੱਜ ਵੀ ਖੁੱਲ੍ਹਾ ਹੈ। ਉਸ ਵਿਚਦੀ ਲੰਘ ਕੇ ਹੀ ਮੇਰੀ ਕਥਾ ਸ਼ੈਲੀ ਵਿੱਚ ਕਲਪਨਾ, ਰਹੱਸ, ਡਰਾਵਣੇ ਤੱਤ ਤੇ ਜਾਦੂਈ ਯਥਾਰਥ ਦਾ ਰੰਗ ਸ਼ਾਮਿਲ ਹੋਇਆ ਹੈ।
‘ਇੱਕ ਚੰਗੀ ਕਹਾਣੀ ਜ਼ਿੰਦਗੀ ਦੇ ਗਰਭ ਵਿੱਚੋਂ ਪੈਦਾ ਹੁੰਦੀ ਹੈ!’ ਇਸ ਕਥਾ-ਸੂਤਰ ਨੇ ਸ਼ੁਰੂ ਤੋਂ ਹੀ ਮੇਰੇ ਅੰਗ-ਸੰਗ ਰਹਿੰਦਿਆਂ ਮੈਨੂੰ ਅਚੇਤ-ਸੁਚੇਤ ਪੱਧਰ ’ਤੇ ਵਿਸ਼ਾ ਤੇ ਪਾਤਰ ਚੋਣ ਦੀ ਸੋਝੀ ਬਖ਼ਸ਼ੀ ਹੈ। ਮੈਂ ਸਭ ਤੋਂ ਪਹਿਲਾਂ ਕਵਤਿਾ ਲਿਖਣੀ ਸ਼ੁਰੂ ਕੀਤੀ। ਉਨ੍ਹੀਂ ਦਿਨੀਂ ਫ਼ੌਜ ਤੋਂ ਪੈਨਸ਼ਨ ਆਇਆ ਬਾਜੀ ਖੇਤੀ ਕਰਦਾ ਸੀ। ਮੇਰੀਆਂ ਸੋਚਾਂ ਵਿੱਚ ਰਿਪੁਦਮਨ ਕਾਲਜ ਨਾਭਾ ਦੇ ਮੈਗਜ਼ੀਨ ‘ਲਿੱਲੀ’ ਵਿੱਚ ਛਪੀ ਪਹਿਲੀ ਕਵਤਿਾ ‘ਕਾਲੀਆਂ ਰਾਹਵਾਂ’ ਘੁੰਮਦੀ ਰਹਿੰਦੀ। ਉਸ ਵੱਲ ਵੇਖ ਮੇਰੇ ਅੰਦਰ ‘ਜੱਟ ਫਿਰਦਾ ਖੁਸ਼ੀ ਦੇ ਵਿੱਚ ਝੂਮਦਾ’ ਕਵਤਿਾ ਦਾ ਜਨਮ ਹੋਇਆ ਸੀ। ਜੱਟ ਪਰਿਵਾਰ ਤੇ ਖੇਤੀ ਸੱਭਿਆਚਾਰ ਨਾਲ ਜੁੜਿਆ ਹੋਣ ਕਾਰਨ ਸਭ ਤੋਂ ਪਹਿਲਾਂ ਖੇਤ, ਕਿਸਾਨ, ਮਜ਼ਦੂਰ ਦੀ ਆਰਥਿਕ ਸੰਕਟਾਂ ਮਾਰੀ ਜ਼ਿੰਦਗੀ ਮੇਰੀ ਰਚਨਾਕਾਰੀ ਦਾ ਕੇਂਦਰੀ ਧੁਰਾ ਬਣੀ। ਫਿਰ ਮੈਂ ਮਿੰਨੀ ਕਹਾਣੀ ਵੱਲ ਮੋੜ ਕੱਟਿਆ। ਸੌ ਕੁ ਕਵਤਿਾ ਤੋਂ ਬਾਅਦ ਲਿਖੀ ਸੌ ਤੋਂ ਵੱਧ ਮਿੰਨੀ ਕਹਾਣੀ ਵੀ ਇੱਕ ਦਿਨ ਮੇਰੀ ਬਾਤ ਪਾਉਣ ਤੋਂ ਪਾਸਾ ਵੱਟ ਗਈ। ਸਾਲ 1998 ਵਿੱਚ ਮੈਂ ਆਪਣੀ ਮੂਲ ਵਿਧਾ ਕਹਾਣੀ ਨਾਲ ਜੁੜਿਆ। ਮੇਰੀ ਪਹਿਲੀ ਕਹਾਣੀ ਦਾ ਨਾਂ ‘ਤਫਤੀਸ਼’ ਹੈ। ‘ਨਾਗਮਣੀ’ ਰਸਾਲੇ ਦੇ ਸਤੰਬਰ 1999 ਅੰਕ ਵਿੱਚ ਅੰਮ੍ਰਤਿਾ ਪ੍ਰੀਤਮ ਨੇ ਵਿਸ਼ੇਸ਼ ਟਿੱਪਣੀ ਦੇ ਕੇ ਇਹ ਕਹਾਣੀ ਛਾਪੀ। ਇਸ ਸਮੇਤ ਇਸ ਮਗਰੋਂ ਲਿਖੀਆਂ 12 ਕਹਾਣੀਆਂ ਪੰਜਾਬੀ ਦੇ ਪ੍ਰਸਿੱਧ ਰਸਾਲਿਆਂ ਵਿੱਚ ਤਾਂ ਛਪੀਆਂ, ਪਰ ਮੇਰੀ ਕਿਸੇ ਕਥਾ-ਪੁਸਤਕ ਵਿੱਚ ਨਹੀਂ। ਇੱਕ ਵਾਰ ਡਾ. ਰਘਬੀਰ ਸਿੰਘ ਸਿਰਜਣਾ ਨੇ ਮੈਨੂੰ ਕਿਹਾ ਸੀ, ‘‘ਕਹਾਣੀ ਛਪਵਾਉਣ ਤੋਂ ਪਹਿਲਾਂ ਆਪਣੇ ਆਲੋਚਕ ਆਪ ਬਣੋ!’’ ਮੈਨੂੰ ਆਪਣੀਆਂ ਹੀ ਕਹਾਣੀਆਂ ਵਿੱਚ ਵਿਸ਼ਾ ਵਸਤੂ, ਪਾਤਰ ਚੋਣ, ਭਾਸ਼ਾ ਤੇ ਕਥਾ-ਜੁਗਤਾਂ ਦੇ ਪੱਖ ਤੋਂ ਘਾਟ ਨਜ਼ਰ ਆਉਣ ਲੱਗੀ। ਮੇਰੀ ਨਜ਼ਰ ਵਿੱਚ ਠੀਕ ਲਿਖੀਆਂ ਗਈਆਂ 8 ਕਹਾਣੀਆਂ ਦੀ ਪਹਿਲੀ ਕਤਿਾਬ ‘ਸਿਖਰ ਦੁਪਹਿਰਾ’ 2003 ਵਿੱਚ ਛਪੀ।
ਕਤਿਾਬ ‘ਸਿਖਰ ਦੁਪਹਿਰਾ’ ਦੀਆਂ ਕਹਾਣੀਆਂ ਦੇ ਕੇਂਦਰ ਵਿੱਚ ਮਜ਼ਦੂਰ, ਕਿਸਾਨ, ਬੇਰੁਜ਼ਗਾਰੀ, ਸੀਰੀ, ਲੁੰਪਨ ਸ਼੍ਰੇਣੀ ਤੇ ਔਰਤ-ਮਰਦ ਸਬੰਧਾਂ ਦੀ ਬਹੁਪਰਤੀ ਦਾਸਤਾਨ ਹੈ। ਇਹ ਕਹਾਣੀਆਂ ਲਿਖਣ ਸਮੇਂ ਮੈਂ ਐਮ.ਏ, ਬੀ.ਐੱਡ. ਬੇਰੁਜ਼ਗਾਰ ਸੀ। ਬਾਜੀ ਨਾਲ ਖੇਤੀ ਕਰਦਾ ਸੀ। ਖੇਤੀ ਨਾਲ ਜੁੜੇ ਅਨੁਭਵਾਂ ਵਿੱਚੋਂ ਮੇਰੇ ਕੋਲ ਪੈੜਚਾਲ ਕਹਾਣੀ ਦਾ ਪਾਤਰ ਸੰਤੋਖ, ਸਿਖਰ ਦੁਪਹਿਰਾ ਦੇ ਪਾਤਰ ਦੇਬੀ, ਰਛਪਾਲ, ਰਾਜਬੀਰ ਤੇ ਪ੍ਰਵਾਸੀ ਮਜ਼ਦੂਰ ਪਾਤਰ ਦੇਸ ਰਾਜ ਅਤੇ ਬੱਗਾ ਬਦਮਾਸ਼ ਕਹਾਣੀ ਦਾ ਬੇਜ਼ਮੀਨਾ ਜੱਟ ਪਾਤਰ ਬੱਗਾ ਆਉਂਦੇ ਹਨ। ਬੇਰੁਜ਼ਗਾਰੀ ਦੇ ਤਲਖ਼ ਅਨੁਭਵ ਵਿੱਚੋਂ ‘ਮੈਂ ਧਰਮ ਸੰਕਟ ਵਿੱਚ ਹਾਂ’ ਕਹਾਣੀ ਦਾ ਪਾਤਰ ਸਰਵਣ ਤੇ ‘ਨਸਲਘਾਤ’ ਕਹਾਣੀ ਦਾ ਪਾਤਰ ਬਲਕਾਰੀ ਹੋਂਦ ਗ੍ਰਹਿਣ ਵਿੱਚ ਆਏ।
ਪਾਤਰਾਂ ਤੇ ਵਿਸ਼ਿਆਂ ਦਾ ਇਹ ਕਾਫ਼ਲਾ ਦੂਜੀ ਕਥਾ-ਪੁਸਤਕ ‘ਖਿੱਤੀਆਂ ਘੁੰਮ ਰਹੀਆਂ ਨੇ’ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮੇਰੀ ਕਹਾਣੀ ਪਾਤਰ ਚੋਣ, ਵਿਸ਼ਾ ਵਸਤੂ ਤੇ ਬਿਰਤਾਂਤਕਾਰੀ ਦਾ ਨਵਾਂ ਬੂਹਾ ਖੋਲ੍ਹਦੀ ਹੈ। ਪਹਿਲੀ ਕਤਿਾਬ ਦੀ ਕਹਾਣੀ ‘ਬੱਗਾ ਬਦਮਾਸ਼’ ਲਿਖਣ ਵਕਤ ਲੱਗਾ ਸੀ ਕਿ ਬੱਗੇ ਦਾ ਮੂਲ ਸੰਕਟ ਔਰਤ ਤੇ ਆਰਥਿਕਤਾ ਹੈ। ਦੂਜੀ ਕਤਿਾਬ ਦੀ ਕਹਾਣੀ ‘ਚੂੜੇ ਵਾਲੀ ਬਾਂਹ’ ਲਿਖਣ ਵਕਤ ਮੈਨੂੰ ਅਹਿਸਾਸ ਹੋਇਆ ਕਿ ਨਹੀਂ, ਉਸ ਦਾ ਸੰਕਟ ਤਾਂ ਔਰਤ, ਘਰ, ਪਰਿਵਾਰ, ਪਿਆਰ, ਆਤਮ ਸ਼ਨਾਖ਼ਤ ਤੇ ਚੂੜੇ ਵਾਲੀ ਬਾਂਹ ਤੋਂ ਲੈ ਕੇ ਮੁਕਤੀ ਦੇ ਸੰਕਲਪ ਤੱਕ ਫੈਲਿਆ ਹੋਇਆ ਸੀ। ਉਸ ਦਾ ਸੰਕਟ ਦੇਹੀ ਨਾਦ ਤੋਂ ਪਾਰ ਅਵਚੇਤਨ ਦੀ ਲੀਲਾ ਨਾਲ ਜੁੜਿਆ ਹੋਇਆ ਸੀ ਕਿਉਂਕਿ ਬੱਗਾ ਮੇਰਾ ਸਕਾ ਮਾਮਾ ਸੀ। ਮੈਂ ਬਚਪਨ ਤੋਂ ਵੱਡਾ ਹੋਣ ਤੱਕ ਉਸ ਨੂੰ ਤਿਲ-ਤਿਲ ਜਿਊਂਦੇ-ਮਰਦੇ ਵੇਖਿਆ ਹੈ। ਉਹ ਬਹੁਤ ਮੂੰਹਜ਼ੋਰ ਪਾਤਰ ਸੀ। ਮੈਂ ਜਦੋਂ ਵੀ ਕਿਸਾਨੀ ਦੀ ਕਹਾਣੀ ਲਿਖਦਾ ਹਾਂ। ਉਸ ਦਾ ਕੋਈ ਨਾ ਕੋਈ ਰੰਗ-ਰੂਪ ਮੁੱਖ ਪਾਤਰ ਵਿੱਚ ਆ ਵੜਦਾ ਹੈ। ‘ਖਿੱਤੀਆਂ ਘੁੰਮ ਰਹੀਆਂ ਨੇ’ ਕਹਾਣੀ ਦੀ ਔਰਤ ਪਾਤਰ ਜਸ਼ਨ ਚੇਤਨ-ਸੰਘਰਸ਼ੀ ਨਾਰੀ ਵਿੱਚ ਤਬਦੀਲ ਹੋ ਜਾਂਦੀ ਹੈ। ‘ਦੋ ਸਾਹਾਂ ਵਿਚਲਾ ਠਹਿਰਾਅ’ ਕਹਾਣੀ ਹਿੰਦੂ ਮਿਥਿਹਾਸ ਦੇ ਪਾਤਰਾਂ ਰਾਹੀਂ ਮਨੋਵਿਗਿਆਨ ਤੇ ਫਲਸਫ਼ੇ ਦਾ ਬਿਰਤਾਂਤ ਸਿਰਜਦਿਆਂ ਪੜ੍ਹਤਕਾਰ ਨੂੰ ਅਵਚੇਤਨ ਦੀ ਵੱਖਰੀ ਦੁਨੀਆਂ ਵਿੱਚ ਲੈ ਜਾਂਦੀ ਹੈ। ਇਸ ਦੇ ਸਮਾਨਾਂਤਰ ਸੁਰਜੀਤ ਕਤਲ ਕਾਂਡ ਤੇ ਡਾਰਕ ਜ਼ੋਨ ਵਰਗੀਆਂ ਕਹਾਣੀਆਂ ਸੰਤਾਲੀ ਦੀ ਵੰਡ, ਚੁਰਾਸੀ ਦਾ ਕਾਲਾ ਦੌਰ ਤੇ ਕਾਰਪੋਰੇਟੀ ਫਾਸ਼ੀਵਾਦ ਤੋਂ ਲੈ ਕੇ ਹਵਾ, ਪਾਣੀ, ਰੁੱਖ ਤੇ ਧਰਤੀ ਨਾਲ ਜੁੜੇ ਵਾਤਾਵਰਨ ਸੰਕਟ ਨਾਲ ਸੰਵਾਦ ਰਚਾਉਂਦੀਆਂ ਹਨ। ਇਸ ਕਤਿਾਬ ਦੀ ਕਥਾਕਾਰੀ ਭਾਸ਼ਾ ਤੇ ਕਥਾ-ਜੁਗਤਾਂ ਪੱਖੋਂ ਵੀ ਪਹਿਲੀ ਕਤਿਾਬ ਤੋਂ ਇੱਕ ਵਿੱਥ ਉਪਰ ਜਾ ਖੜ੍ਹੀ ਹੁੰਦੀ ਹੈ।
ਮੇਰੀ ਤੀਜੀ ਅਤੇ ਚੌਥੀ ਕਥਾ-ਪੁਸਤਕ ਦਾ ਨਾਂ ਕ੍ਰਮਵਾਰ ‘ਬਿੱਲੀਆਂ ਅੱਖਾਂ ਦਾ ਜਾਦੂ’ ਤੇ ‘ਉਰਫ਼ ਰੋਸ਼ੀ ਜੱਲਾਦ’ ਹੈ। ਇਨ੍ਹਾਂ ਦੋ ਕਤਿਾਬਾਂ ਤੱਕ ਪਹੁੰਚਦੀ ਕਥਾ-ਯਾਤਰਾ ਨਵੇਂ ਪ੍ਰਵੇਸ਼ ਦੁਆਰ ਵਿੱਚ ਦਾਖ਼ਲ ਹੋ ਜਾਂਦੀ ਹੈ। ਇਸ ਦਾ ਕਾਰਨ ਮੇਰੀ ਵੱਖਰੀ ਖੋਜ ਦ੍ਰਿਸ਼ਟੀ ਤੇ ਵੱਖਰੀ ਕਿਸਮ ਦਾ ਸਾਹਤਿ ਪੜ੍ਹਨ ਦੀ ਰੁਚੀ ਹੈ। ਜ਼ਿੰਦਗੀ ਨੂੰ ਵੇਖਣ ਦਾ ਮੇਰਾ ਆਪਣਾ ਇੱਕ ਤਰੀਕਾ ਹੈ। ਇਹ ਤਰੀਕਾ ਮੇਰੀਆਂ ਕਹਾਣੀਆਂ ਉਪਰ ਵੀ ਲਾਗੂ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ, ਵਸਤੂਆਂ ਤੇ ਵਰਤਾਰਿਆਂ ਨੂੰ ਮੈਂ ਹੱਡੀਂ ਹੰਢਾਉਣ ਵਾਂਗ ਮਹਿਸੂਸ ਕੀਤਾ ਹੈ। ਉਹ ਮੇਰੇ ਪਾਤਰ ਬਣੇ ਹਨ। ਮੈਂ ਜਦੋਂ ਵੀ ਕੋਈ ਪਾਤਰ ਚੁਣਦਾ ਹਾਂ, ਪਹਿਲੇ ਨੰਬਰ ’ਤੇ ਉਸਦਾ ਦਰਦ ਹੁੰਦਾ ਹੈ। ਇਸੇ ਕਾਰਨ ਤੀਜੀ-ਚੌਥੀ ਕਤਿਾਬ ਤੱਕ ਪਹੁੰਚਦੀ ਕਹਾਣੀ ਬਹੁਤ ਚੋਣਵੀਂ ਹੋ ਗਈ ਹੈ। ਮੇਰੀ ਚੋਣ ਕਾਰਪੋਰੇਟੀ ਸੱਤਾ ਤੇ ਸਿਆਸਤ ਦੀਆਂ ਨੀਤੀਆਂ ਨੂੰ ਸਮਝਣ ਦੇ ਰਾਹ ਤੁਰ ਪੈਂਦੀ ਹੈ। ਉਨ੍ਹਾਂ ਦੀਆਂ ਬਦਨੀਤੀਆਂ ਵਿੱਚ ਫਸ ਕੇ ਕਿਸ ਤਰ੍ਹਾਂ ਸਮਾਜ ਦਾ ਵੱਡਾ ਹਿੱਸਾ ਹਾਸ਼ੀਏ ਤੋਂ ਵੀ ਪਾਰ ਚਲਾ ਜਾਂਦਾ ਹੈ! ਹਲ਼ ਵਾਹੁਣ ਵਾਲੇ ਕਿਸਾਨ ਦਾ ਹੱਥ ਫਾਂਸੀ ਲਾਉਣ ਵਾਲੇ ਰੱਸੇ ਤੱਕ ਜਾ ਪਹੁੰਚਦਾ ਹੈ! ਕਿਸ ਤਰ੍ਹਾਂ ਇੱਕ ਦੂਜੇ ਦਾ ਗਲਾ ਵੱਢਣ ਤੋਂ ਬਾਅਦ ਵੀ ਰੋਟੀ ਨਹੀਂ ਮਿਲਦੀ! ਸਾਡੀਆਂ ਅਮੀਰ ਕਦਰਾਂ-ਕੀਮਤਾਂ, ਰਸਮਾਂ-ਰਿਵਾਜਾਂ ਤੇ ਰਵਾਇਤਾਂ ਨੂੰ ‘ਔਨਲਾਈਨ ਸੰਸਾਰ’ ਨੇ ਕਿਸ ਤਰ੍ਹਾਂ ਡਿਲੀਟ ਕਰ ਦਿੱਤਾ ਹੈ! ਕਿਸ ਤਰ੍ਹਾਂ ਦਿੱਲੀ ਦੰਗਿਆਂ ਦਾ ਖ਼ੌਫ਼ ਦਹਾਕਿਆਂ ਬਾਅਦ ਵੀ ਅਵਚੇਤਨ ਵਿੱਚ ਘਾਤ ਲਾ ਕੇ ਬੈਠਾ ਹੈ। ਖ਼ੌਫ਼ 84, ਖ਼ਤ ਲਈ ਸ਼ੁਕਰੀਆ, ਉਰਫ਼ ਰੋਸ਼ੀ ਜੱਲਾਦ, ਬਿੱਲੀਆਂ ਅੱਖਾਂ ਦਾ ਜਾਦੂ, ਮਜ਼ਾਕ ਦੀ ਹੱਦ ਨਹੀਂ ਹੁੰਦੀ ਅਤੇ ਕੁਝ ਸ਼ੀਸ਼ੇ ਝੂਠ ਬੋਲਦੇ ਨੇ ਵਰਗੀਆਂ ਕਹਾਣੀਆਂ ਦੀ ਸਿਰਜਣਾ ਕਰਨ ਵਕਤ ਮੇਰੀ ਸੋਚ ਵਿੱਚ ਅਜਿਹੀਆਂ ਵੱਖਰੀਆਂ ਅੰਤਰ-ਦ੍ਰਿਸ਼ਟੀਆਂ ਚੱਲ ਰਹੀਆਂ ਸਨ। ਪੱਟ ’ਤੇ ਵਾਹੀ ਮੋਰਨੀ, ਇੱਕ ਛੋਟੀ ਜਿਹੀ ਬੇਵਫ਼ਾਈ ਅਤੇ ਤਾਂ ਫਿਰ ਮੈਂ ਕਿੱਥੇ ਹਾਂ ਮੇਰੀਆਂ ਉਹ ਸੂਖ਼ਮ ਕਹਾਣੀਆਂ ਹਨ ਜਿਨ੍ਹਾਂ ਵਿਚਲੇ ਮੁਹੱਬਤੀ ਰਿਸ਼ਤਿਆਂ ਨੂੰ ਸਮਝਣ ਲਈ ਅਵਚੇਤਨ ਦੇ ਆਰ-ਪਾਰ ਫੈਲੇ ਧਰਾਤਲਾਂ ਉਪਰ ਖੜ੍ਹਨਾ ਪੈਂਦਾ ਹੈ।
ਮੈਨੂੰ ਥਾਵਾਂ ਤੇ ਵਸਤੂਆਂ ਨਾਲ ਵੀ ਰਿਸ਼ਤੇ ਜੁੜੇ ਨਜ਼ਰ ਆਉਂਦੇ ਹਨ। ਮੇਰਾ ਨਾਨਕਾ ਪਿੰਡ ਨਸਰਾਲੀ ਹੈ। ਪਤਿਾ ਪੁਰਖੀ ਪਿੰਡ ਅਮਰਗੜ੍ਹ ਹੈ। ਮੈਂ 21 ਸਾਲ ਮੋਹਨ ਭੰਡਾਰੀ ਦੇ ਪਿੰਡ ਬਨਭੌਰਾ ਵਿੱਚ ਪੜ੍ਹਾਇਆ ਹੈ। ਮੇਰੀਆਂ ਬਹੁਤੀਆਂ ਕਹਾਣੀਆਂ ਦੇ ਬਹੁਤੇ ਪਾਤਰ ਇਨ੍ਹਾਂ ਤਿੰਨ ਪਿੰਡਾਂ ਦੀਆਂ ਬੀਹੀਆਂ ਵਿੱਚ ਤੁਰੇ ਫਿਰਦੇ ਹਨ। ਉਹ ਦਰਵਾਜ਼ੇ ਵਾਲੀਆਂ ਚੌਂਕੜੀਆਂ ’ਤੇ ਬੈਠਦੇ ਹਨ। ਖੇਤਾਂ ਵਿੱਚ ਕੰਮ ਕਰਦੇ ਹਨ। ਟੋਭੇ ਕਿਨਾਰੇ ਖੜ੍ਹਦੇ ਹਨ। ਨਹਿਰ ਦੀ ਪਟੜੀ ’ਤੇ ਤੁਰਦੇ ਹਨ। ਉਹ ਮਾਹੋਰਾਣੇ ਦੇ ਪੇਲ ਤੋਂ ਕੁਟੀਆ ਤੇ ਸ਼ਮਸ਼ਾਨਘਾਟ ਤੱਕ ਫੈਲੇ ਹੋਏ ਹਨ। ਜਿਨ੍ਹਾਂ ਕਹਾਣੀਆਂ ਦਾ ਘਟਨਾ-ਸਥਲ ਦੂਰ ਹੈ, ਮੈਂ ਉੱਥੇ ਕਲਪਨਾ ਰਾਹੀਂ ਪਹੁੰਚਦਾ ਹਾਂ। ਜਿਸ ਤਰ੍ਹਾਂ ‘ਖ਼ੌਫ਼ 84’ ਕਹਾਣੀ ਦਿੱਲੀ ਦੀਆਂ ਵੱਖ-ਵੱਖ ਥਾਵਾਂ ’ਤੇ ਵਾਪਰਦੀ ਹੈ। ‘ਉਰਫ਼ ਰੋਸ਼ੀ ਜੱਲਾਦ’ ਕਹਾਣੀ ਦਾ ਅੱਧਾ ਹਿੱਸਾ ਦਿੱਲੀ ਵਿੱਚ ਵਾਪਰਦਾ ਹੈ। ਕਹਾਣੀ ਦੇ ਵਾਪਰਨ ਦੀਆਂ ਥਾਵਾਂ ਚਤਿਰਨ ਵਕਤ ਮੇਰੇ ਦਿਮਾਗ਼ ਵਿੱਚ ਉਹ ਪਿੰਡ, ਸ਼ਹਿਰ ਤੇ ਇਲਾਕਾ ਘੁੰਮਦਾ ਹੈ। ਜਿਸ ਵਕਤ ਘਟਨਾ-ਸਥਲ ਮੇਰਾ ਇਲਾਕਾ ਹੁੰਦਾ ਹੈ, ਉਹ ਵਕਤ ਪਾਤਰ ਆਪਣੇ ਲਹਜਿੇ ਵਿੱਚ ਬੋਲਦੇ ਹਨ। ਮੈਨੂੰ ਆਪਣੀ ਜਨਮ-ਭੂਮੀ ਦਾ ਰੰਗ ਚਤਿਰਨਾ ਚੰਗਾ ਲੱਗਦਾ ਹੈ। ਕਈ ਵਾਰ ਸਿਧਾਂਤਕ ਤੌਰ ’ਤੇ ਉਹ ਕਥਾ-ਰੰਗ ਗਲਤ ਹੁੰਦਾ ਹੈ, ਪਰ ਲੋਕ-ਬੋਲੀ ਵਿੱਚ ਢਲ ਕੇ ਠੀਕ ਹੋ ਜਾਂਦਾ ਹੈ। ਮੇਰੀ ਇੱਕ ਕਹਾਣੀ ਹੈ ‘ਪੱਟ ’ਤੇ ਵਾਹੀ ਮੋਰਨੀ’। ਕਈ ਪਾਰਖੂਆਂ ਦੀ ਤਕਨੀਕੀ ਦਲੀਲ ਸੀ, ‘‘ਮੋਰਨੀ ਵਾਹੀ ਨੀ ਜਾਂਦੀ। ...ਵਾਹੀ ਤਾਂ ਕਾਗ਼ਜ਼ ’ਤੇ ਜਾਂਦੀ ਐ। ਪੱਟ ’ਤੇ ਤਾਂ ਖੁਣੀ ਜਾਂ ਖੁਣਵਾਈ ਜਾਂਦੀ ਐ...!’’ ਉਹ ਆਪਣੀ ਥਾਂ ਸਹੀ ਸਨ। ਮੈਂ ਆਪਣੀ ਥਾਂ ਠੀਕ ਸੀ ਕਿ ਮਾਲਵੇ ਵਿੱਚ ‘ਵਾਹੁਣਾ’ ਸ਼ਬਦ ਕਈ ਵਰਤਾਰਿਆਂ ਲਈ ਕਈ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਮੇਰਾ ਅਰਥ ਹਲ਼ ਵਾਹੁਣ ਵਰਗਾ ਸੀ। ਜਿਸ ਤਰ੍ਹਾਂ ਧਰਤੀ ਵਿੱਚ ਡੂੰਘਾ ਹਲ਼ ਵਾਹਿਆ ਜਾਂਦਾ, ਉਸੇ ਤਰ੍ਹਾਂ ਕਈ ਬੰਦਿਆਂ ਅੰਦਰ ਇਸ਼ਕ ਦਾ ਡੂੰਘਾ ਹਲ਼ ਵਾਹਿਆ ਜਾਂਦਾ ਹੈ। ਉਹ ਹਲ਼ ਉਨ੍ਹਾਂ ਦੇ ਪੱਟ ’ਤੇ ਮੋਰਨੀ ਬਣ ਕੇ ਵਹਿੰਦਾ ਹੈ। ਮੈਂ ਜਦੋਂ ਰਾਮ ਸਰੂਪ ਅਣਖੀ ਨਾਲ ਇਹ ਗੱਲ ਸਾਂਝੀ ਕੀਤੀ। ਉਹ ਕਹਿੰਦਾ, ‘‘ਤੂੰ ਇਹੀ ਨਾਂ ਰੱਖ! ਆਪਣੇ ਇਲਾਕੇ ’ਚ ਤਾਂ ਸਭ ਕੁਝ ਵਾਹਿਆ ਈ ਜਾਂਦੈ...!’’
ਮੈਂ ਕਹਾਣੀ ਲਿਖਣ ਵਾਂਗ ਉਸ ਦਾ ਨਾਂ ਵੀ ਲਿਖਦਾ ਹਾਂ। ਮੇਰੀ ਲਿਖਣ ਯਾਤਰਾ ਦਾ ਕਥਾ-ਕ੍ਰਮ ਕਈ ਵਾਰੀ ਰੂਪ ਬਦਲ ਲੈਂਦਾ ਹੈ। ਇਹ ਉਸ ਵਕਤ ਹੁੰਦਾ ਹੈ ਜਦੋਂ ਪ੍ਰਾਪਤ ਅਨੁਭਵ ਦਾ ਰੂਪ ਕਹਾਣੀ ਤੋਂ ਵੱਡਾ-ਛੋਟਾ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਸਰਕਾਰੀ ਨੌਕਰੀ ਤੋਂ ਪਹਿਲਾਂ ਮੈਂ ਆਪਣੀ ਅਕੈਡਮੀ ਚਲਾਉਂਦਾ ਸੀ। ਉਸ ਦਾ ਨਾਂ ‘ਡਬਲ-ਆਰ ਸਟੱਡੀ ਸੈਂਟਰ’ ਸੀ। ਉਸ ਵਿੱਚ ਗਿਆਰਵੀਂ ਤੋਂ ਐਮ.ਏ. ਤੱਕ ਵਿਦਿਆਰਥੀ ਅੰਗਰੇਜ਼ੀ ਪੜ੍ਹਨ ਆਉਂਦੇ ਸਨ। ਬੀ.ਏ. ਦੀ ਅੰਗਰੇਜ਼ੀ ਵਿੱਚ ‘ਵਾਤਾਵਰਨ’ ਦਾ ਵਿਸ਼ਾ ਸੀ। ਉਹ ਲਗਾਇਆ ਤਾਂ ਵਾਤਾਵਰਨ-ਚੇਤਨਾ ਪੈਦਾ ਕਰਨ ਲਈ ਸੀ, ਪਰ ਔਖੀ ਤਕਨੀਕੀ ਭਾਸ਼ਾ ਤੇ ਨੀਰਸ ਸ਼ੈਲੀ ਕਾਰਨ ਵਿਦਿਆਰਥੀ ਉਸ ਤੋਂ ਕੰਨੀ ਕਤਰਾਉਂਦੇ ਸਨ। ਉਨ੍ਹਾਂ ਅੰਦਰ ਭਾਸ਼ਾ ਤੇ ਵਾਤਾਵਰਨ ਪ੍ਰਤੀ ਇੱਕ ਖ਼ਾਮੋਸ਼ ਮੋਹ-ਭੰਗ ਪੈਦਾ ਹੋ ਰਿਹਾ ਸੀ। ਬਤੌਰ ਅਧਿਆਪਕ ਮੈਨੂੰ ਇਹ ਗੱਲ ਤੰਗ ਕਰਦੀ। ਮੇਰੀਆਂ ਅੱਖਾਂ ਅੱਗੇ ਪ੍ਰਾਇਮਰੀ ਸਕੂਲ ਵਿੱਚ ਪੜ੍ਹੀ ਜੋਗਾ ਸਿੰਘ ਦੀ ਕਹਾਣੀ ‘ਛਾਂ ਦਾ ਮੁੱਲ’ ਘੁੰਮਣ ਲੱਗਦੀ। ਇਸ ਗੱਲ ਨੇ ਮੇਰੇ ਅੰਦਰ ਹਵਾ, ਪਾਣੀ, ਰੁੱਖ, ਧਰਤੀ, ਭਾਸ਼ਾ ਤੇ ਸੱਭਿਆਚਾਰ ਨੂੰ ਸੌਖੀ ਭਾਸ਼ਾ ਤੇ ਕਹਾਣੀ-ਰਸ ਵਿੱਚ ਢਾਲ ਕੇ ਲਿਖਣ ਦੀ ਸੋਚ ਬੀਜੀ। ਇਸ ਸੋਚ ਕਾਰਨ ਹੀ ਮੈਂ ਆਪਣਾ ਪਹਿਲਾ ਨਾਵਲ ‘ਇੱਥੋਂ ਰੇਗਿਸਤਾਨ ਦਿੱਸਦਾ ਹੈ’ ਲਿਖਿਆ। ਇਹ ਨਾਵਲ ਲਿਖ ਮੈਂ ਮਾਂ-ਬੋਲੀ ਪੰਜਾਬੀ, ਸੱਭਿਆਚਾਰ ਤੇ ਹਵਾ, ਪਾਣੀ, ਰੁੱਖ, ਧਰਤੀ ਦਾ ਰਿਣ ਉਤਾਰਿਆ ਹੈ। ਜਦੋਂ ਇਹ ਨਾਵਲ ਛਪ ਗਿਆ। ਮੇਰੇ ਅੱਗੇ ਇੱਕ ਸਮੱਸਿਆ ਖੜ੍ਹੀ ਹੋ ਗਈ। ਇਸ ਨੂੰ ਆਪਣੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਿੰਝ ਪੜ੍ਹਾਵਾਂ-ਸਮਝਾਵਾਂ! ਮੁੱਖ ਵਿਸ਼ੇ ਨਾਲ ਸਬੰਧਤਿ ਗੱਲਾਂ ਨੂੰ ਉਨ੍ਹਾਂ ਦੇ ਹਾਣ ਦਾ ਕਰਨ ਲਈ ਮੈਂ ‘ਮੇਰੀਆਂ ਬਾਲ ਕਹਾਣੀਆਂ’ ਨਾਂ ਦੀ ਬਾਲ-ਕਥਾ ਪੁਸਤਕ ਲਿਖੀ। ਇਹ ਕਤਿਾਬ ਲਿਖ ਸੁਖੋਮਲਿੰਸਕੀ ਦੀ ਕਤਿਾਬ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ ਪੜ੍ਹ ਲੈਣ ਵਰਗਾ ਅਹਿਸਾਸ ਹੋਇਆ ਸੀ।
ਮੇਰੇ ਅਹਿਸਾਸਾਂ ਦੀ ਧਰਤੀ ਲੋਕ-ਜੀਵਨ ਨਾਲ ਜੁੜੀ ਹੈ। ਮੈਂ ਉਸ ਧਰਤੀ ਉੱਪਰ ਦੀ ਲੰਘ ਕੇ ਗਏ ਲੋਕਾਂ ਦੇ ਸ਼ਬਦ-ਚਿੱਤਰਾਂ ਦੀ ਕਤਿਾਬ ‘ਮੈਂ ਤੇ ਮੇਰੀ ਖਾਮੋਸ਼ੀ’ ਵੀ ਲਿਖੀ ਹੈ। ਇਹ ਕਤਿਾਬ ਜਿਊਂਦੇ-ਮੋਇਆਂ ਦੀ ਮੁਹੱਬਤ ਨੂੰ ਸਲਾਮ ਹੈ। ਇਸ ਵਿੱਚ ਮੋਹਨ ਭੰਡਾਰੀ, ਰਾਮ ਸਰੂਪ ਅਣਖੀ ਤੇ ਪ੍ਰੇਮ ਪ੍ਰਕਾਸ਼ ਦੇ ਸ਼ਬਦ-ਚਿੱਤਰ ਹਨ। ਇਸ ਤੋਂ ਬਾਅਦ ਮੈਂ ਜਿਨ੍ਹਾਂ ਹਸਤੀਆਂ ਬਾਰੇ ਸ਼ਬਦ-ਚਿੱਤਰ ਲਿਖਣ ਦੀ ਵਿਉਂਤਬੰਦੀ ਕੀਤੀ ਸੀ। ਉਨ੍ਹਾਂ ਵਿੱਚ ਇੱਕ ਮੇਰਾ ਸਕੂਲ ਅਧਿਆਪਕ ਮੈਂਗਲ ਸਿੰਘ ਸੀ। ਉਸ ਦੀ ਜੀਵਨ-ਕਥਾ ਨੂੰ ਕਾਲਗਤ ਕਰਨ ਲਈ ‘ਦਿ ਸਟੋਰੀ ਆਫ ਮੈਂਗਲ ਸਿੰਘ’ ਨਾਂ ਦੀ ਜੀਵਨੀ ਲਿਖ ਮੈਂ ਆਪਣਾ ਵਿਦਿਆਰਥੀ ਧਰਮ ਪਾਲਿਆ ਹੈ। ਮੇਰਾ ਲਿਖਣ-ਧਰਮ ਅਣਲਿਖੀਆਂ ਗੱਲਾਂ ਲਿਖਣ ਦੀ ਸੋਝੀ ਬਖ਼ਸ਼ਦਾ ਹੈ। ਇਸ ਸੋਝੀ ਨਾਲ ਹੀ ਮੈਂ ਹਾਸ਼ੀਏ ਤੋਂ ਪਾਰ ਵਿਚਰਦੀ ਕਿੰਨਰਾਂ ਦੀ ਦੁਨੀਆਂ ਬਾਰੇ ਨਸਲਘਾਤ, ਘੁੰਗਰੂ-ਕਥਾ ਅਤੇ ਕੁਝ ਸ਼ੀਸ਼ੇ ਝੂਠ ਬੋਲਦੇ ਨੇ ਤਿੰਨ ਕਹਾਣੀਆਂ ਲਿਖੀਆਂ ਹਨ। ਕਿੰਨਰਾਂ ਦੀ ਜ਼ਿੰਦਗੀ ਦੀਆਂ ਸੂਖ਼ਮ ਪਰਤਾਂ ਨਾਲ ਸੰਵਾਦ ਰਚਾਉਂਦੀ ਕਥਾ-ਪੁਸਤਕ ‘ਕਿੰਨਰਾਂ ਦਾ ਵੀ ਦਿਲ ਹੁੰਦਾ ਹੈ’ ਸੰਪਾਦਤਿ ਕੀਤੀ ਹੈ। ਇਹ ਸਿਰਜਣੀ ਕਾਰਜ ਕਰਦਿਆਂ ਮੈਂ ਸਾਲ 2023 ਪੂਰਾ ਹੋਣ ਤੋਂ ਪਹਿਲਾਂ ਆਪਣਾ ਦੂਜਾ ਨਾਵਲ ‘70% ਪ੍ਰੇਮ-ਕਥਾ’ ਵੀ ਪੂਰਾ ਕਰ ਲਿਆ ਹੈ। ਇਹ ਨਾਵਲ ਮੇਰੀ ਸਵੈ-ਜੀਵਨੀ ਦੇ ਸਿਰਫ਼ ਦੋ ਪੰਨਿਆਂ ’ਤੇ ਲਿਖੀ ਕਹਾਣੀ ਹੈ। ਇਸ ਦਾ ਪਹਿਲਾ ਪੰਨਾ ਮੇਰੀ ਮਾਂ ਦੂਜਾ ਪੰਨਾ ਮੇਰਾ ਬਾਜੀ ਹੈ। ਮੈਂ ਦੋਵਾਂ ਦੇ ਵਿਚਕਾਰ ਹਾਂ। ਇਹ ਨਾਵਲ ਇੱਕ ਪੁੱਤ ਦੀ ਮਾਂ-ਬਾਪ ਪ੍ਰਤੀ ਮੁਹੱਬਤ ਦਾ ਗਲਪੀ ਅਨੁਵਾਦ ਹੈ। ਦੁਨੀਆਂ ਦੇ ਸ਼ੋਰ ਤੇ ਤੇਜ਼ ਰਫ਼ਤਾਰ ਵਿੱਚ ਜਦੋਂ ਕੋਈ ਮੇਰੀ ਗੱਲ ਨਹੀਂ ਸੁਣਦਾ, ਮੈਂ ਖ਼ੁਦ ਨੂੰ ਸੁਣਾਉਣ ਲਈ ਕਹਾਣੀ ਲਿਖਦਾ ਹਾਂ।
ਸੰਪਰਕ: 98156-59220

Advertisement

Advertisement
Author Image

joginder kumar

View all posts

Advertisement
Advertisement
×