ਪੰਜਾਬੀ ਯੂਨੀਵਰਸਿਟੀ ਦੀ ਮੰਦਹਾਲੀ ਦਾ ਮੁੱਦਾ ਸੰਸਦ ’ਚ ਚੁੱਕਾਂਗਾ: ਭਗਵੰਤ ਮਾਨ
ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਅਧਿਆਪਕਾਂ ਤੇ ਕਰਮਚਾਰੀਆਂ ਦੇ ਚੱਲ ਰਹੇ ਵੱਖ-ਵੱਖ ਰੋਸ ਧਰਨਿਆਂ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਪਹਿਲਾਂ ਪੂਟਾ ਵੱਲੋਂ ਵਾਈਸ ਚਾਂਸਲਰ ਦੇ ਯੂਨੀਵਰਸਿਟੀ ਸਥਿਤ ਰਿਹਾਇਮ-ਕਮ-ਕੈਂਪ ਆਫ਼ਿਸ ਅੱਗੇ ਦਿੱਤੇ ਜਾ ਰਹੇ ਧਰਨੇ ਚ ਹਿੱਸਾ ਲਿਆ ਤੇ ਉਪਰੰਤ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵਾਈਸ ਚਾਂਸਲਰ ਦੇ ਦਫ਼ਤਰ ਸਾਹਮਣੇ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਗਰਮਜੋਸ਼ੀ ਨਾਲ ਸ਼ਮੂਲੀਅਤ ਕੀਤੀ। ਦੋਹਾਂ ਧਰਨਿਆਂ ਵਿੱਚ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਯੂਨੀਵਰਸਿਟੀ ਦੀ ਮੰਦਹਾਲੀ ਦਾ ਮੁੱਦਾ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਜ਼ੋਰ-ਸ਼ੋਰ ਨਾਲ ਉਠਾਉਣਗੇ।
ਸ੍ਰੀ ਮਾਨ ਨੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬੀ ਯੂਨੀਵਰਸਿਟੀ ਨੂੰ ਆਰਥਿਕ ਤੰਗੀ ਵਿੱਚੋਂ ਬਾਹਰ ਕੱਢਣ ਲਈ ਹਰ ਪਲੇਟਫਾਰਮ ’ਤੇ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਸਮੱਸਿਆ ਨੂੰ ਲੈ ਕੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਉਹ ਆਵਾਜ਼ ਬੁਲੰਦ ਕਰਨਗੇ ਜਦੋਂ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ‘ਆਪ’ ਆਗੂ ਹਰਪਾਲ ਚੀਮਾ ਇਹ ਮਾਮਲਾ ਉਠਾਉਣਗੇ। ਉਨ੍ਹਾਂ ਆਖਿਆ ਕਿ ਸਰਕਾਰਾਂ ਇਸ ਯੂਨੀਵਰਸਿਟੀ ਨੂੰ ਕੰਗਾਲ ਕਰਨ ਵੱਲ ਤੁਰੀਆਂ ਹੋਈਆਂ ਹਨ ਤਾਂ ਜੋ ਬਾਅਦ ਵਿੱਚ ਇਸ ਨੂੰ ਨਿੱਜੀ ਹੱਥਾਂ ’ਚ ਸੌਂਪਣਾ ਜਾਂ ਵੇਚਣਾ ਸੌਖਾ ਹੋ ਸਕੇ। ਅਜਿਹੀ ਸਾਜਿਸ਼ ਨੂੰ ਨਾਕਾਮ ਕਰਨ ਦੀ ਵੱਡੀ ਲੋੜ ਹੈ।
ਉਨ੍ਹਾਂ ਆਖਿਆ ਕਿ ਵਿੱਦਿਅਕ ਲਿਹਾਜ਼ ਤੋਂ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਧ੍ਰੋਹਰ ਨਹੀਂ ਬਲਕਿ ਮਾਲਵੇ ਇਲਾਕੇ ਦੀ ਜਾਨ ਹੈ। ਇਸ ਨੇ ਹੁਣ ਤੱਕ ਮਾਲਵੇ ਵਿੱਚੋਂ ਕਈ ਵਿਦਵਾਨ ਪੈਦਾ ਕਰ ਕੇ ਪੰਜਾਬ ਦੀ ਧਰਤੀ ਨੂੰ ਹੋਰ ਖੁਸ਼ਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨਾਲ ਪ੍ਰਣਾਈ ਧ੍ਰੋਹਰ ਦਾ ਮਾੜਾ ਹਾਲ ਹੈ ਤੇ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬੀਆਂ ਦੀ ਇਸ ਵਿੱਦਿਅਕ ਧ੍ਰੋਹਰ ਨੂੰ ਬਚਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਦੇਸ਼ ਤੇ ਪੰਜਾਬ ਦੀਆਂ ਹੁਕਰਮਰਾਨ ਧਿਰਾਂ ਨੂੰ ਇਹ ਸੰਜੀਦਾ ਮਾਮਲਾ ਵਿਚਾਰਨ ਲਈ ਮਜਬੂਰ ਕਰ ਦੇਣਗੇ।
ਉਨ੍ਹਾਂ ਅਧਿਆਪਕ ਤੇ ਮੁਲਾਜ਼ਮਾਂ ਦੇ ਮਸਲਿਆਂ ਦੀ ਹਮਾਇਤ ਕਰਦਿਆਂ ਆਖਿਆ ਕਿ ਜਦੋਂ ਤੱਕ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਸਾਰੇ ਮਸਲਿਆਂ ਨੂੰ ਹੱਲ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਸੰਘਰਸ਼ੀ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਨਾਲ ਹਰ ਫ਼ਰੰਟ ’ਤੇ ਖੜਨਗੇ। ਦੋਹਾਂ ਰੋਸ ਧਰਨਿਆਂ ਵਿੱਚ ਜਿੱਥੇ ‘ਆਪ’ ਦੀ ਸਥਾਨਕ ਲੀਡਰਸ਼ਿਪ ਨੇ ਹਾਜ਼ਰੀ ਲਗਵਾਈ ਉੱਥੇ ਹੀ ਪੂਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਤੇ ਸਕੱਤਰ ਗੁਰਨਾਮ ਸਿੰਘ ਵਿਰਕ, ਡਾ ਕੇਸਰ ਸਿੰਘ, ਪ੍ਰੋ. ਮੁਹੰਮਦ ਇਦਰੀਸ਼ ਤੇ ਡਾ. ਭੀਮਇੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।
ਜਲ ਸਰੋਤ ਵਿਭਾਗ ਦੀਆਂ ਅਸਾਮੀਆਂ ਕੱਟਣ ਖ਼ਿਲਾਫ਼ ਮੰਗ ਪੱਤਰ ਸੌਂਪਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ ਤੇ ਜ਼ੋਨ ਪ੍ਰਧਾਨ ਜਸਵੀਰ ਖੋਖਰ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਸ੍ਰੀ ਬੇਲੂਮਾਜਰਾ ਨੇ ਦੱਸਿਆ ਕਿ ‘ਆਪ’ ਆਗੂ ਨੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੇ ਅਦਾਰੇ ਨੂੰ ਬਚਾਉਣ ਲਈ ਦੋਹਾਂ ਸਦਨਾਂ ਵਿੱਚ ਆਵਾਜ਼ ਉਠਾਉਣਗੇ। ਸੰਸਦ ਵਿੱਚ ਸਰਕਾਰ ਦੇ ਮਨਸੂਬਿਆਂ ਦੀ ਗੱਲ ਉਹ ਖੁਦ ਰੱਖਣਗੇ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਮਾਮਲਾ ਉਠਾਉਣਗੇ।