ਰਾਜਿੰਦਰਾ ਹਸਪਤਾਲ ’ਚੋਂ ਮਲਟੀਟਾਸਕ ਵਰਕਰਾਂ ਨੂੰ ਫਾਰਗ ਕਰਨ ਖ਼ਿਲਾਫ਼ ਰੈਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 22 ਨਵੰਬਰ
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿੱਚ ਪੈਸਕੋ ਕੰਪਨੀ ਰਾਹੀਂ ਪੰਜ ਸਾਲਾਂ ਤੋਂ ਕੰਮ ਕਰ ਰਹੇ ਮਲਟੀਟਾਸਕ ਵਰਕਰਾਂ ਨੂੰ ਫਾਰਗ ਕਰ ਦਿਤਾ ਗਿਆ ਹੈ, ਜਿਨ੍ਹਾਂ ਦੀ ਥਾਂ ਕੰਪਨੀ ਵੱਲੋਂ ਨਵੀਂ ਭਰਤੀ ਕੀਤੀ ਜਾ ਰਹੀ ਹੈ। ਅਜਿਹੀ ਕਾਰਵਾਈ ਖ਼ਿਲਾਫ਼ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠਾਂ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ। ਆਗੂ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਨ੍ਹਾਂ ਵਰਕਰਾਂ ਨੂੰ ਕੋਵਿਡ ਕਾਲ ਦੌਰਾਨ ਸਫਾਈ ਸੇਵਕ, ਮਾਲੀ, ਵਾਰਡ ਅਟੈਂਡੈਂਟ, ਕਲਰਕ ਅਤੇ ਚੌਂਕੀਦਾਰ ਆਦਿ ਅਸਾਮੀਆਂ ’ਤੇ ਰੱਖਿਆ ਗਿਆ ਸੀ ਪਰ ਹੁਣ ਅਚਾਨਕ ਹੀ ਇਨ੍ਹਾਂ ਨੂੰ ਪੰਜ ਸਾਲਾਂ ਮਗਰੋਂ ਫਾਰਗ ਕਰਕੇ ਘਰਾਂ ਨੂੰ ਤੋਰ ਦਿਤਾ ਹੈ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕਿਸ਼ਨ, ਰਾਜੇਸ਼ ਕੁਮਾਰ ਗੋਲੂ, ਰਾਮ ਲਾਲ ਰਾਮਾ, ਇੰਦਰ ਪਾਲ, ਲਖਵੀਰ ਸਿੰਘ, ਅਰੁਣ ਕੁਮਾਰ, ਸਤਿਆ ਨਰਾਇਣ ਗੋਨੀ ਤੇ ਰਾਮ ਜ਼ੋਧਾ ਮੌਜੂਦ ਸਨ। ਆਗੂਆਂ ਨੇ 27, 28 ਅਤੇ 29 ਨਵੰਬਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇਥੇ ਪਾਸੀ ਰੋਡ ਵਿਖੇ ਸਥਿਤ ਰਿਹਾਇਸ਼ ਮੂਹਰੇ ਧਰਨਾ ਦੇਣ ਦਾ ਫੈਸਲਾ ਵੀ ਲਿਆ।