ਕਿਸਾਨਾਂ ਨੇ ਰਾਹ ਰੋਕਿਆ ਤਾਂ ਕਾਨੂੰਨੀ ਕਾਰਵਾਈ ਕਰਾਵਾਂਗਾ: ਗੇਜਾ ਰਾਮ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਮਈ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵੱਲੋਂ ਮਾਛੀਵਾੜਾ ਬਲਾਕ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ਗਿਆ। ਮੰਡਲ ਪ੍ਰਧਾਨ ਸੁਖਵਿੰਦਰ ਸ਼ਰਮਾ ਦੀ ਅਗਵਾਈ ਹੇਠ ਪਿੰਡ ਜੋਧਵਾਲ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਹਮੇਸ਼ਾ ਗਰੀਬਾਂ, ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤਾਂ ਲਈ ਕੰਮ ਕੀਤਾ, ਇਸ ਲਈ ਇਹ ਸਾਰੇ ਵਰਗ ਅੱਜ ਭਾਜਪਾ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਮਜ਼ਦੂਰ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਦਕਿ ਦੂਜੇ ਪਾਸੇ ਸਿਆਸੀ ਪਾਰਟੀ ਦੇ ਅਮੀਰ ਉਮੀਦਵਾਰ ਹਨ, ਇਸ ਲਈ ਅੱਜ ਲੜਾਈ ਗਰੀਬ ਤੇ ਅਮੀਰ ਵਿਚਕਾਰ ਹੈ। ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਕੇ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਉਹ ਸਿੱਧੇ ਤੌਰ ’ਤੇ ਸੰਵਿਧਾਨ ਦੀ ਉਲੰਘਣਾ ਹੋਵੇਗੀ ਅਤੇ ਅਜਿਹੇ ਵਿਅਕਤੀਆਂ ਖਿਲਾਫ਼ ਉਹ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਕਿਸਾਨ ਵੀ ਆਪਣੇ ਧਰਨੇ ਚੁੱਕ ਲੈਣ ਅਤੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਅਤੇ ਭਾਜਪਾ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਲਈ ਫੈਸਲੇ ਲੈ ਰਹੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਬਲਰਾਜ ਸ਼ਰਮਾ, ਜਤਿੰਦਰ ਸ਼ਰਮਾ, ਰਾਜੇਸ਼ ਆਨੰਦ, ਸੰਜੀਵ ਭਾਰਤੀ, ਮਨੋਜ ਤਿਵਾੜੀ, ਅਸ਼ਵਨੀ ਸਿੰਗਲਾ, ਨੇਤਰਪਾਲ, ਸੰਜੀਵ ਲੀਹਲ, ਮਨੋਜ ਬਾਂਸਲ, ਰਾਜ ਕੁਮਾਰ ਰਾਣਾ, ਵਿਕਾਸ ਮਿੱਤਲ, ਕੈਪਟਨ ਰਘਵੀਰ ਸਿੰਘ, ਮਨਕੂਲ ਸਿੰਘ, ਨਰਿੰਦਰਪਾਲ ਸ਼ਰਮਾ, ਟੇਕ ਚੰਦ, ਊਸ਼ਾ ਰਾਣੀ ਵੀ ਮੌਜੂਦ ਸਨ।