ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਦਿਨ-ਰਾਤ ਇੱਕ ਕਰਾਂਗਾ: ਮੀਤ ਹੇਅਰ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਧੂਰੀ, 4 ਜੂਨ
ਸੰਗਰੂਰ ਸੰਸਦੀ ਹਲਕੇ ਦੀ ਚੋਣ ਜਿੱਤਣ ਮਗਰੋਂ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ,‘‘ਤੁਹਾਡੀ ਮਿਹਨਤ ਦਾ ਪੂਰੀ ਜ਼ਿੰਦਗੀ ਦੇਣ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਹੀ ਇਹ ਵੱਡੀ ਜਿੱਤ ਮਿਲੀ ਹੈ ਕਿਉਂਕਿ ਪਾਰਟੀ ਵਰਕਰਾਂ ਨੇ ਇਸ ਚੋਣ ਨੂੰ ਮੀਤ ਦੀ ਚੋਣ ਨਹੀਂ ਸਗੋਂ ਆਪਣੀ ਚੋਣ ਸਮਝ ਕੇ ਮਿਹਨਤ ਕੀਤੀ ਹੈ।’’
ਗਿਣਤੀ ਕੇਂਦਰ ਨਜ਼ਦੀਕ ਤਾਰਾ ਹਵੇਲੀ ’ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਮੀਤ ਨੇ ਚੋਣ ਵਿਚ ਨਾ ਸ਼ਰਾਬ ਵੰਡੀ ਅਤੇ ਨਾ ਹੀ ਪੈਸਾ ਵੰਡਿਆ ਸਗੋਂ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗੀਆਂ ਅਤੇ ਲੋਕਾਂ ਨੇ ਕੰਮਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਜੇਕਰ ਮੀਤ ਦੋ ਕਦਮ ਚੱਲਿਆ ਤਾਂ ਤੁਸੀਂ ਚਾਰ ਕਦਮ ਚੱਲੇ। ਤਪਦੀਆਂ ਧੁੱਪਾਂ ਤੇ ਅੱਤ ਦੀ ਗਰਮੀ ਵਿੱਚ ਆਪ ਦੇ ਆਗੂ ਵਰਕਰਾਂ ਵੱਲੋਂ ਕਾਰਾਂ, ਜੀਪਾਂ, ਮੋਟਰਸਾਈਕਲਾਂ, ਟਰੈਕਟਰਾਂ ਆਦਿ ਲੈ ਕੇ ਮੀਤ ਦੀ ਚੋਣ ਨੂੰ ਆਪਣੀ ਚੋਣ ਬਣਾਕੇ ਪ੍ਰਚਾਰ ਕਰਨ ਦਾ ਅਹਿਸਾਨ ਕਦੇ ਨਹੀਂ ਚੁਕਾ ਸਕਦਾ। ਉਨ੍ਹਾਂ ਕਿਹਾ,‘‘ਮੈਂ ਵਾਅਦਾ ਕਰਦਾ ਹਾਂ ਕਿ ਮੀਤ ਹੇਅਰ ਕਰ ਕੇ ਕਿਸੇ ਵੀ ਪਾਰਟੀ ਦੀ ਵਰਕਰ ਦੀ ਮੁੱਛ ਕਦੇ ਨੀਂਵੀਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਨੂੰ ਦੋ ਵਾਰ ਵਿਧਾਇਕ ਬਣਾਇਆ ਅਤੇ ਹੁਣ ਵੱਡੀ ਲੀਡ ਦਿਵਾ ਕੇ ਲੋਕ ਸਭਾ ਦੀਆਂ ਪੌੜੀਆਂ ਚਾੜ੍ਹਿਆ ਜਿਸ ਦੇ ਇਵਜ਼ ਵਿੱਚ ਇਮਾਨਦਾਰੀ ਦਾ ਪੱਲਾ ਫੜ੍ਹਕੇ ਤੁਰਦਾ ਹੋਇਆ ਕਦੇ ਵੀ ਲੋਕਾਂ ਦੀਆਂ ਆਸਾਂ ਉਮੀਦਾਂ ਨੂੰ ਠੇਸ ਨਹੀਂ ਲੱਗਣ ਦਿਆਂਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਦਿਨ-ਰਾਤ ਇੱਕ ਕਰ ਦਿਆਂਗਾ।’’ ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ, ਪ੍ਰੋ. ਓਂਕਾਰ ਸਿੰਘ ਓਐੱਸਡੀ ਮੁੱਖ ਮੰਤਰੀ ਪੰਜਾਬ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਲਾਭ ਸਿੰਘ ਉਗੋਕੇ, ਚੇਅਰਮੈਨ ਮਹਿੰਦਰ ਸਿੰਘ ਸਿੱਧੂ ਆਦਿ ਮੌਜੂਦ ਸਨ।