ਰਾਜ ਕਰਨ ਲਈ ਨਹੀਂ, ਮਿਹਨਤ ਲਈ ਜੰਮਿਆ ਹਾਂ: ਮੋਦੀ
ਜੈਪੁਰ, 2 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਗੱਠਜੋੜ ‘ਇੰਡੀਆ’ ਵਿਰੁੱਧ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਪਹਿਲੀਆਂ ਲੋਕ ਸਭਾ ਚੋਣਾਂ ਹਨ ਜਿਸ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਰੋਕਣ ਲਈ ਸਾਰੇ ਭ੍ਰਿਸ਼ਟਾਚਾਰੀ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਰੈਲੀਆਂ ਕਰ ਰਹੀਆਂ ਹਨ। ਮੋਦੀ ਕੋਟਪੁਤਲੀ ’ਚ ਭਾਰਤੀ ਜਨਤਾ ਪਾਰਟੀ ਦੀ ਚੋਣ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਅੱਜ ਉੱਤਰਾਖੰਡ ’ਚ ਵੀ ਰੈਲੀ ਨੂੰ ਸੰਬੋਧਨ ਕੀਤਾ। ਜੈਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਕਾਂਗਰਸ ਅਤੇ ਇੰਡੀ’ ਗੱਠਜੋੜ ਦੇਸ਼ ਲਈ ਨਹੀਂ ਸਗੋਂ ਆਪਣੇ ਸਵਾਰਥ ਲਈ ਚੋਣਾਂ ਲੜ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਂ ਕਹਿੰਦਾ ਹਾਂ, ਭ੍ਰਿਸ਼ਟਾਚਾਰ ਹਟਾਓ, ਉਹ ਕਹਿੰਦੇ ਹਨ ਭ੍ਰਿਸ਼ਟਾਚਾਰੀਆਂ ਨੂੰ ਬਚਾਓ।’’ ਉਨ੍ਹਾਂ ਕਿਹਾ, ‘‘ਉਹ ਮੈਨੂੰ ਗਾਲ੍ਹਾਂ ਕੱਢਦੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਮੋਦੀ ਮੌਜ ਕਰਨ ਲਈ ਨਹੀਂ ਸਗੋਂ ਮਿਹਨਤ ਕਰਨ ਲਈ ਜੰਮਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ’ਚ ਜੋ ਕੁਝ ਹੋਇਆ ਉਹ ਸਿਰਫ਼ ਟ੍ਰੇਲਰ ਸੀ ਅਜੇ ਅੱਗੇ ਬਹੁਤ ਕੁਝ ਕਰਨਾ ਬਾਕੀ ਹੈ। ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘‘ਦੇਸ਼ ’ਚ ਭਾਜਪਾ ਦਾ ਮਤਲਬ ਵਿਕਾਸ ਤੇ ਸਮੱਸਿਆਵਾਂ ਦਾ ਹੱਲ ਹੈ ਜਦੋਂ ਕਿ ਕਾਂਗਰਸ ਦਾ ਮਤਲਬ ਹਰ ਬਿਮਾਰੀ ਦੀ ਜੜ੍ਹ ਹੈ।’’ ਉਨ੍ਹਾਂ ਕਿਹਾ ਕਿ ਇਹ ਪਹਿਲੀਆਂ ਅਜਿਹੀਆਂ ਚੋਣਾਂ ਹਨ ਜਿਸ ’ਚ ਕਾਂਗਰਸ ਆਗੂ ਖੁਦ ਜਿੱਤਣਗੇ ਜਾਂ ਨਹੀਂ ਇਸ ਬਾਰੇ ਚੁੱਪ ਹਨ ਪਰ ਧਮਕੀ ਦੇ ਰਹੇ ਹਨ ਕਿ ਜੇ ਭਾਜਪਾ ਜਿੱਤੀ ਤਾਂ ਦੇਸ਼ ’ਚ ਅੱਗ ਲੱਗ ਜਾਵੇਗੀ। -ਪੀਟੀਆਈ
ਭ੍ਰਿਸ਼ਟਾਚਾਰ ’ਤੇ ਹਮਲਾ ਤੇਜ਼ ਕਰਨ ਦਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਰੁਦਰਪੁਰ ਵਿੱਚ ‘ਵਿਜੈ ਸੰਖਨਾਦ’ ਰੈਲੀ ਨੂੰ ਸੰਬੋਧਨ ਕੀਤਾ। ਇਥੇ ਉਨ੍ਹਾਂ ਰਾਹੁਲ ਗਾਂਧੀ ਦੇ ਦੇਸ਼ ’ਚ ਅੱਗ ਲੱਗਣ ਦੇ ਬਿਆਨ ’ਤੇ ਕਾਂਗਰਸ ਅਤੇ ਵਿਰੋਧੀ ਗੱਠਜੋੜ ਵਿਰੁੱਧ ਨਿਸ਼ਾਨੇ ਸਾਧੇ। ਵਿਰੋਧੀਆਂ ’ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਮੋਦੀ ਨੇ ਕਿਹਾ, ‘‘ਤੀਜੇ ਕਾਰਜਕਾਲ ’ਚ ਭ੍ਰਿਸ਼ਟਾਚਾਰ ’ਤੇ ਹਮਲਾ ਹੋਰ ਤੇਜ਼ ਹੋਵੇਗਾ। ਮੈਂ ਇਹ ਗਾਰੰਟੀ ਤੁਹਾਨੂੰ ਦੇਣ ਆਇਆ ਹਾਂ।’’