ਮੈਂ ਬੌਲੀਵੁਡ ’ਚ ਅਨੂ ਮਲਿਕ ਸਦਕਾ ਕਾਮਯਾਬ ਹੋਇਆ: ਆਦਿੱਤਿਆ ਨਾਰਾਇਣ
ਨਵੀਂ ਦਿੱਲੀ: ਗਾਇਕ ਆਦਿੱਤਿਆ ਨਾਰਾਇਣ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਨੂੰ ਬੌਲੀਵੁਡ ਵਿਚ ਸਭ ਤੋਂ ਪਹਿਲਾਂ ਅਨੂ ਮਲਿਕ ਨੇ ਮੌਕਾ ਦਿੱਤਾ ਸੀ ਤੇ ਉਨ੍ਹਾਂ ਦੀ ਬਦੌਲਤ ਹੀ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਿਆ। ਸਿੰਗਿੰਗ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ’ ਦੇ ਨਵੇਂ ਸੀਜ਼ਨ ਵਿੱਚ ਹਿਮੇਸ਼ ਰੇਸ਼ਮੀਆ, ਨੀਤੀ ਮੋਹਨ ਤੇ ਅਨੂ ਮਲਿਕ ਜੱਜ ਹਨ ਜਦਕਿ ਇਸ ਸ਼ੋਅ ਦੀ ਮੇਜ਼ਬਾਨੀ ਆਦਿੱਤਿਆ ਨਾਰਾਇਣ ਕਰ ਰਿਹਾ ਹੈ। ਇੱਥੋਂ ਹੀ ਜੱਜਾਂ ਨੇ ਕੁਝ ਭਾਗੀਦਾਰਾਂ ਨੂੰ ਬੌਲੀਵੁੱਡ ਵਿਚ ਵੱਡਾ ਬਰੇਕ ਦਿੱਤਾ ਹੈ ਤੇ ਦਹਾਕੇ ਪਹਿਲਾਂ ਅਨੂ ਮਲਿਕ ਨੇ ਆਦਿੱਤਿਆ ਦਾ ਬੌਲੀਵੁੱਡ ਵਿੱਚ ਦਾਖਲਾ ਪੱਕਾ ਕੀਤਾ ਸੀ। ਆਦਿੱਤਿਆ ਨੇ ਅਨੂ ਮਲਿਕ ਨਾਲ ਮੁੜ ਸਕਰੀਨ ਸਾਂਝਾ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਅਨੂ ਨੇ ਹਿੱਟ ਫਿਲਮ ‘ਅਕੇਲੇ ਹਮ ਅਕੇਲੇ ਤੁਮ’ ਦਾ ਟਾਈਟਲ ਟਰੈਕ ਗਾਉਣ ਦਾ ਮੌਕਾ ਆਦਿੱਤਿਆ ਨੂੰ ਦਿੱਤਾ ਸੀ। ਇਹ ਰੋਮਾਂਟਿਕ ਫਿਲਮ 1995 ਵਿਚ ਰਿਲੀਜ਼ ਹੋਈ ਸੀ ਜਿਸ ਵਿਚ ਆਮਿਰ ਖਾਨ ਅਤੇ ਮਨੀਸ਼ਾ ਕੋਇਰਾਲਾ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਫਿਲਮ ਦਾ ਸੰਗੀਤ ਅਨੂ ਮਲਿਕ ਨੇ ਦਿੱਤਾ ਸੀ ਤੇ ਟਾਈਟਲ ਟਰੈਕ ਪਿਤਾ-ਪੁੱਤਰ ਦੀ ਜੋੜੀ ਉਦਿਤ ਨਾਰਾਇਣ ਅਤੇ ਆਦਿੱਤਿਆ ਨੇ ਗਾਇਆ ਸੀ। ਆਦਿੱਤਿਆ ਨੇ ਕਿਹਾ,‘ ਨੌਜਵਾਨ ‘ਸਾ ਰੇ ਗਾ ਮਾ ਪਾ 2023’ ਤੋਂ ਅਤੇ ਸਾਥੀ ਜੱਜਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਅਨੂ ਸਰ ਭਾਰਤੀ ਸੰਗੀਤ ਜਗਤ ਦੇ ਦਿੱਗਜ਼ਾਂ ਵਿੱਚੋਂ ਇੱਕ ਹਨ ਅਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਅਸੀਂ ਇਸ ਸ਼ੋਅ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਇਕੱਠੇ ਹੋਏ ਹਾਂ। ਉਹ ਬਿਨਾਂ ਸ਼ੱਕ ਸਭ ਤੋਂ ਬੇਮਿਸਾਲ ਸੰਗੀਤਕਾਰਾਂ ਵਿੱਚੋਂ ਇੱਕ ਹਨ ਅਤੇ ਮੈਂ ਉਨ੍ਹਾਂ ਦੀ ਪ੍ਰਸ਼ੰਸਾ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਅੱਜ ਮੈਂ ਜਿੱਥੇ ਹਾਂ ਉਹ ਅਨੂ ਮਲਿਕ ਦੀ ਬਦੌਲਤ ਹਾਂ। -ਆਈਏਐੱਨਐੱਸ