ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ...
ਲਖਵਿੰਦਰ ਸਿੰਘ ਰਈਆ
ਗਲੈਨਵੁੱਡ (ਸਿਡਨੀ):
ਇੱਥੇ ਪੰਜਾਬੀ ਸਾਹਿਤ ਪ੍ਰੇਮੀਆਂ ਵੱਲੋਂ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ। ਲੇਖਕ ਗਿਆਨੀ ਸੰਤੋਖ ਸਿੰਘ ਨੇ ਪੰਜਾਬੀ ਸਾਹਿਤ ਦਰਬਾਰ ਦੀ ਆਰੰਭਤਾ ਕੀਤੀ। ਅਵਤਾਰ ਸਿੰਘ ਸੰਘਾ ਨੇ ਉੱਘੇ ਵਿਗਿਆਨਕ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਸਿਰੜੀ ਤੇ ਸੰਘਰਸ਼ਮਈ ਜੀਵਨ ਬਾਰੇ ਚਾਨਣ ਪਾਉਂਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਇਤਿਹਾਸ ਦੀ ਪੁਖ਼ਤਾ ਜਾਣਕਾਰੀ ਲਈ ਦੂਰ ਦੁਰੇਡੇ ਤੱਕ ਉਨ੍ਹਾਂ ਬਜ਼ੁਰਗਾਂ ਕੋਲ ਪਹੁੰਚ ਕੀਤੀ ਜੋ ਬੀਤੇ ਸਮਿਆਂ ਦੇ ਗਵਾਹ ਸਨ।
ਕਵੀ ਦਰਬਾਰ ਵਿੱਚ ਦਵਿੰਦਰ ਕੌਰ ਸਰਕਾਰੀਆ ਨੇ ‘ਬੰਦਾ ਹੀ ਬੰਦੇ ਨੂੰ ਖਾ ਰਿਹਾ...’ ਰਾਹੀਂ ਮਨੁੱਖੀ ਲਾਲਚ ਨੂੰ ਦਰਸਾਇਆ। ਅਵਤਾਰ ਸਿੰਘ ਖਹਿਰਾ ਨੇ ‘ਫੁੱਲਾਂ ਦੇ ਝੋਲੇ ਵਿੱਚ ਜਦੋਂ ਸੰਧਾਰਾ ਆਉਂਦਾ, ਭਰਿਆ ਹੁੰਦਾ ਬਾਪੂ ਦਾ ਪਿਆਰ ਜੀ...’ ਨਾਲ ਧੀਆਂ ਨੂੰ ਸੰਧਾਰਾ ਭੇਜਣ ਦੀ ਬਾਤ ਪਾਈ। ਦਰਸ਼ਨ ਸਿੰਘ ਪੰਧੇਰ ਨੇ ‘ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ...’ ਗਾਇਆ।
ਕੁਲਦੀਪ ਸਿੰਘ ਜੌਹਲ ਨੇ ਪੁਰਾਤਨ ਸੱਭਿਆਚਾਰ ਦੀ ਝਲਕ ‘ਚੰਨਣ ਨੇ ਬਾਤ ਛੇੜ ਲਈ ਤੀ, ਪੁੱਠੀ ਘੜੀ ਗੇੜ ਲਈ ਤੀ’ ਰਾਹੀਂ ਪੁਆਧੀ ਬੋਲੀ ਦੀ ਕਾਵਿ ਸ਼ੈਲੀ ਨਾਲ ਸਾਂਝ ਪਵਾਈ। ਜੀਵਨ ਸਿੰਘ ਦੁਸਾਂਝ ਨੇ ਸਮੇਂ ਦੀ ਚਾਲ ਨਾਲ ਹੁੰਦੀ ਉਥਲ ਪੁਥਲ ਵੱਲ ਚਾਨਣਾ ਪਾਇਆ:
ਜਗ ਮੇਲਾ ਯਾਰੋ ਥੋੜ੍ਹੀ ਦੇਰ ਦਾ
ਹੱਸਦਿਆਂ ਰਾਤ ਲੰਘੀ ਪਤਾ ਨਹੀਂ ਸਵੇਰ ਦਾ।
ਜੋਗਿੰਦਰ ਸਿੰਘ ਸੋਹੀ ਨੇ ਮਨੁੱਖ ਵੱਲੋਂ ਦੂਸ਼ਿਤ ਕੀਤੇ ਜਾ ਰਹੇ ਵਾਤਾਵਰਨ ਦੇ ਗੰਭੀਰ ਮਸਲੇ ’ਤੇ ਆਵਾਜ਼ ਉਠਾਈ। ਇਸ ਤੋਂ ਇਲਾਵਾ ਛੁੱਟੀ ਕੱਟਣ ਆਏ ਫ਼ੌਜੀ ਨੂੰ ਅਚਾਨਕ ਪਲਟਣ (ਫ਼ੌਜ) ਪਰਤਣ ਦੀ ਆਉਂਦੀ ਤਾਰ ਨਾਲ ਪੈਂਦੇ ਵਿਛੋੜੇ ਦੀ ਵੇਦਨਾ, ਇੱਕ ਦੂਜੇ ਦੀ ਪਸੰਦ ਨੂੰ ਅਪਣਾਉਣ ਨਾਲ ਵਧਦੇ ਪਿਆਰ, ਤੰਦਰੁਸਤੀ ਲਈ ਜੀਵਨ ਜਾਚ, ਨੀਂਦ ਸਮੇਂ ਘੁਰਾੜਿਆਂ ’ਤੇ ਵਿਅੰਗ ਅਤੇ ਕੁੜੀ ਜੰਮਣ ਨੂੰ ਅਸ਼ੁੱਭ ਸਮਝਣ ਦੀ ਤ੍ਰਾਸਦੀ ਆਦਿ ਵਿਸ਼ਿਆਂ ਨੂੰ ਨਰਿੰਦਰਪਾਲ ਸਿੰਘ, ਸਤਨਾਮ ਸਿੰਘ ਗਿੱਲ, ਗੁਰਦਿਆਲ ਸਿੰਘ, ਭਵਨਜੀਤ ਸਿੰਘ, ਮਨਮੋਹਨ ਸਿੰਘ ਵਾਲੀਆ, ਸੁਖਰਾਜ ਸਿੰਘ ਵੇਰਕਾ, ਜਸਵੰਤ ਸਿੰਘ ਪੰਨੂ ਦਿੱਲੀ, ਭਜਨ ਸਿੰਘ, ਕੈਪਟਨ ਦਲਜੀਤ ਸਿੰਘ ਅਤੇ ਕਮਲਜੀਤ ਸਿੰਘ ਸਰਕਾਰੀਆ ਆਦਿ ਨੇ ਕਾਵਿ ਰਚਨਾਵਾਂ ਤੇ ਭਾਵਪੂਰਤ ਵਿਚਾਰਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਜਸਪਾਲ ਸਿੰਘ, ਸੁਰਜੀਤ ਸਿੰਘ, ਦਲਬੀਰ ਸਿੰਘ ਪੱਡਾ, ਅਮਰਜੀਤ ਸਿੰਘ ਨਾਗੀ, ਪ੍ਰਵੀਨ ਕੌਰ, ਹਰਮਿੰਦਰ ਕੌਰ, ਸੁਰਿੰਦਰ ਪਾਲ ਕੌਰ ਦੁਸਾਂਝ, ਛਿੰਦਰਪਾਲ ਕੌਰ ਆਦਿ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਚਾਰ ਚੰਨ ਲਾਏ। ਮੰਚ ਸੰਚਾਲਨ ਦੀ ਸੇਵਾ ਜੋਗਿੰਦਰ ਸਿੰਘ ਸੋਹੀ ਨੇ ਬਾਖੂਬੀ ਨਾਲ ਨਿਭਾਈ।
ਸੰਪਰਕ: 61430204832