ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਨੂੰ ਯਾਦ ਕਰਦਿਆਂ
ਰੁਪਿੰਦਰ ਸਿੰਘ
ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਡੀਐਫਸੀ, ਦਾ 16 ਸਤੰਬਰ, 2017 ਨੂੰ 98 ਵਰ੍ਹਿਆਂ ਦੀ ਉਮਰ ਭੋਗਣ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਹ ਇਕ ਅਜਿਹੇ ਅਧਿਕਾਰੀ ਅਤੇ ਭੱਦਰ ਪੁਰਸ਼ ਸਨ ਜੋ ਨਾ ਸਿਰਫ਼ ਹਵਾਈ ਸੈਨਾ ਦੇ ਯੋਧਿਆਂ ਲਈ ਇਕ ਮਿਸਾਲ ਸਨ, ਬਲਕਿ ਸੈਨਾ ਤੋਂ ਬਾਹਰ ਉਨ੍ਹਾਂ ਤੋਂ ਪ੍ਰੇਰਨਾ ਲੈਣ ਵਾਲੇ ਕਈ ਹੋਰਾਂ ਲਈ ਵੀ ਉਹ ਇਕ ਠੋਸ ਉਦਾਹਰਨ ਸਨ। ਉਹ ਇਕ ਸੈਨਿਕ, ਕੂਟਨੀਤਕ ਤੇ ਪ੍ਰਸ਼ਾਸਕ ਵੀ ਸਨ। ਉਨ੍ਹਾਂ ਨੇ ਹਰ ਭੂਮਿਕਾ ਉਤਸ਼ਾਹ ਨਾਲ ਨਿਭਾਈ।
ਲਾਇਲਪੁਰ (ਹੁਣ ਪਾਕਿਸਤਾਨ ਵਿਚ) ਦੇ ਜੰਮਪਲ ਅਰਜਨ ਸਿੰਘ ਸੰਨ 1939 ਵਿੱਚ ਇਕ ਪਾਇਲਟ ਅਧਿਕਾਰੀ ਵਜੋਂ ਇੰਡੀਅਨ ਏਅਰ ਫੋਰਸ ਦੀ ਨੰਬਰ-ਇਕ ਸਕੁਐਡਰਨ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ‘ਬਾਇਪਲੇਨ’ ਉਡਾਏ। ਉਨ੍ਹਾਂ ਦੇ ਗੰਨਰ ਅਤੇ ਉਨ੍ਹਾਂ ਨੂੰ ਜ਼ਮੀਨ ਤੋਂ ਗੋਲੀ ਨਾਲ ਨਿਸ਼ਾਨਾ ਬਣਾਇਆ ਗਿਆ ਤੇ ਕਰੈਸ਼ ਲੈਂਡ ਕਰਨਾ ਪਿਆ। ਉਹ ਕੁਝ ਹਫ਼ਤਿਆਂ ਵਿੱਚ ਹੀ ਪਾਇਲਟ ਦੀ ਸੀਟ ’ਤੇ ਪਰਤ ਆਏ, ਹਾਲਾਂਕਿ ਗੰਨਰ ਨੂੰ ਉਸ ਦੀਆਂ ਸੱਟਾਂ ਕਰ ਕੇ ਠੀਕ ਹੋਣ ਵਿੱਚ ਕੁਝ ਵੱਧ ਸਮਾਂ ਲੱਗਿਆ। ਲਾਰਡ ਮਾਊਂਟਬੈਟਨ ਨੇ 1944 ਵਿਚ ਇੰਫਾਲ ਦੀ ਮੁਹਿੰਮ ਦੌਰਾਨ ਖ਼ੁਦ ਉਨ੍ਹਾਂ ਦੇ ‘ਫਲਾਇੰਗ ਕਰਾਸ’ ਲਾਇਆ। ਅਰਜਨ ਸਿੰਘ ਨੂੰ ਮਾਣ ਸੀ ਕਿ ਉਨ੍ਹਾਂ ਦੀ ਸਕੁਐਡਰਨ ਨੂੰ ਜੰਗ ਵਿਚ ਅੱਠ ਡੀਐਫਸੀ ਮਿਲੇ ਸਨ, ਜੋ ਬਾਕੀ ਭਾਰਤੀ ਜਾਂ ਬ੍ਰਿਟਿਸ਼ ਸਕੁਐਡਰਨਾਂ ਨਾਲੋਂ ਵੱਧ ਸਨ।
ਗਰੁੱਪ ਕੈਪਟਨ ਅਰਜਨ ਸਿੰਘ ਨੇ 15 ਅਗਸਤ, 1947 ਨੂੰ ਲਾਲ ਕਿਲ੍ਹੇ ਉੱਪਰੋਂ ਪਹਿਲੇ ਫਲਾਈ-ਪਾਸਟ ਦੀ ਅਗਵਾਈ ਕੀਤੀ ਸੀ। ਵੱਖ-ਵੱਖ ਨਿਯੁਕਤੀਆਂ ਅਤੇ ਇੰਗਲੈਂਡ ਵਿੱਚ ਕੋਰਸਾਂ ਤੋਂ ਬਾਅਦ, ਉਨ੍ਹਾਂ ਅਗਸਤ 1964 ਵਿੱਚ ਏਅਰ ਮਾਰਸ਼ਲ ਦੇ ਰੈਂਕ ਵਿੱਚ ਭਾਰਤੀ ਹਵਾਈ ਸੈਨਾ ਦੀ ਅਗਵਾਈ ਕੀਤੀ, ਕੁਝ ਸਮੇਂ ਬਾਅਦ ਹੀ 1965 ਦੀ ਜੰਗ ਵਿਚ ਉਨ੍ਹਾਂ ਦੀ ਪਰਖ਼ ਹੋਈ, ਜਿੱਥੇ ਭਾਰਤੀ ਹਵਾਈ ਸੈਨਾ ਨੇ ਥਲ ਸੈਨਾ ਦੇ ਨਾਲ-ਨਾਲ ਚੰਗੀ ਕਾਰਗੁਜ਼ਾਰੀ ਦਿਖਾਈ। ਜੰਗ ਤੋਂ ਬਾਅਦ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ਤੇ ਉਹ ਇੰਡੀਅਨ ਏਅਰ ਫੋਰਸ ਦੇ ਪਹਿਲੇ ਏਅਰ ਚੀਫ ਮਾਰਸ਼ਲ ਬਣੇ, ਜਿਸ ਦੀ ਉਨ੍ਹਾਂ ਆਪਣੀ ਸੇਵਾਮੁਕਤੀ ਤੱਕ (1969) ਅਗਵਾਈ ਕੀਤੀ।
ਸਵਿਟਜ਼ਰਲੈਂਡ ’ਚ ਰਾਜਦੂਤ ਵਜੋਂ ਨਿਯੁਕਤੀ ਮਗਰੋਂ, ਅਰਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਤੇਜੀ, ਜਿਸ ਦੀ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਸੀ, ਬਹੁਤ ਘੁੰਮੇ ਜਿਵੇਂ ਕਿ ਉਹ (ਤੇਜੀ) ਯਾਦ ਕਰਦੇ ਸਨ: ‘‘ਲੋਕ ਅਕਸਰ ਕਹਿੰਦੇ ਸਨ ਕਿ ਕੋਈ ਵੀ ਰਾਜਦੂਤ ਸਾਡੇ ਮੁਲਕ ਵਿਚ ਐਨੀਆਂ ਥਾਵਾਂ ’ਤੇ ਨਹੀਂ ਗਿਆ। ਮੈਂ ਨਿਮਰ ਹੋ ਕੇ ਮੁਸਕਰਾਉਂਦੀ ਪਰ ਇਹ ਨਾ ਕਹਿੰਦੀ ਕਿ ਸਵਿਟਜ਼ਰਲੈਂਡ ਖੇਤਰਫਲ ਪੱਖੋਂ ਪੰਜਾਬ ਨਾਲੋਂ ਛੋਟਾ ਹੈ!’’ ਸੰਨ 1974 ਵਿੱਚ, ਉਨ੍ਹਾਂ ਨੂੰ ਤਿੰਨ ਸਾਲਾਂ ਲਈ ਕੀਨੀਆ ਵਿੱਚ ਹਾਈ ਕਮਿਸ਼ਨਰ ਲਾਇਆ ਗਿਆ, ਜਿਸ ਤੋਂ ਬਾਅਦ ਉਹ ਦਿੱਲੀ ਪਰਤ ਆਏ। ਬਾਅਦ ਦੇ ਸਾਲਾਂ ਵਿੱਚ, ਉਹ ਘੱਟਗਿਣਤੀਆਂ ਕਮਿਸ਼ਨ ਦੇ ਮੈਂਬਰ ਅਤੇ ਦਿੱਲੀ ਦੇ ਉਪ ਰਾਜਪਾਲ ਰਹੇ।
ਨਾ ਸਿਰਫ਼ ਉਨ੍ਹਾਂ ਦੀਆਂ ਨਿਯੁਕਤੀਆਂ ਨੇ, ਬਲਕਿ ਉਨ੍ਹਾਂ ਦੀ ਰਹਿਨੁਮਾਈ ਤੇ ਵਿਹਾਰ ਨੇ ਵੱਡੀ ਗਿਣਤੀ ਲੋਕਾਂ ਨੂੰ ਉਨ੍ਹਾਂ ਦਾ ਸ਼ੁੱਭਚਿੰਤਕ ਬਣਾਇਆ। ਇਹ ਸਭ 2002 ਵਿਚ ਰਾਸ਼ਟਰਪਤੀ ਭਵਨ ’ਚ ਦੇਖਣ ਨੂੰ ਮਿਲਿਆ ਜਦੋਂ ਰਾਸ਼ਟਰਪਤੀ ਕੇਆਰ ਨਾਰਾਇਨਣ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਤੇ ਹੋਰ ਹਸਤੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿਚ ਮਾਰਸ਼ਲ ਦੇ ਰੈਂਕ ਤੇ ਮਾਰਸ਼ਲ ਬੈਟਨ ਨਾਲ ਨਿਵਾਜਿਆ। ਇਨ੍ਹਾਂ ਵਿੱਚੋਂ ਕਈ ਉਨ੍ਹਾਂ ਨੂੰ ਨਿੱਘੀ ਵਧਾਈ ਦੇਣ ਲਈ ਇਕ-ਦੂਜੇ ਤੋਂ ਕਾਹਲੇ ਪੈਂਦੇ ਦਿਖੇ! ਇਸ ਰੈਂਕ ਨਾਲ, ਐਮਆਈਏਐਫ ਅਰਜਨ ਸਿੰਘ ਉਮਰ ਭਰ ਲਈ ਉਸ ਸੁਰੱਖਿਆ ਬਲ ਦੇ ਆਨਰੇਰੀ ਮੁਖੀ ਬਣ ਗਏ ਜਿਸ ਦੀ ਉਨ੍ਹਾਂ ਅਗਵਾਈ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਸੇਵਾਮੁਕਤ ਏਅਰ ਫੋਰਸ ਕਰਮੀਆਂ ਦੀ ਮਦਦ ਕਰਨ ਲਈ ਆਪਣਾ ਇਕ ਫਾਰਮ ਹੀ ਵੇਚ ਦਿੱਤਾ।
ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਕੌਟਿਲਿਆ ਮਾਰਗ ਸਥਿਤ ਰਿਹਾਇਸ਼ ਉੱਤੇ ਗਏ। ਨਵੀਂ ਦਿੱਲੀ ਵਿਚ ਅੰਤਿਮ ਰਸਮਾਂ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤਤਕਾਲੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਤੇ ਚੋਟੀ ਦੀਆਂ ਸ਼ਖ਼ਸੀਅਤਾਂ ਮੌਜੂਦ ਸਨ। ਸਤਾਰਾਂ ਤੋਪਾਂ ਦੀ ਸਲਾਮੀ ਦਿੱਤੀ ਗਈ, ਏਅਰ ਫੋਰਸ ਦੇ ਸੁਖੋਈ ਜਹਾਜ਼ਾਂ ਨੇ ਆਖ਼ਰੀ ‘ਫਲਾਈ-ਪਾਸਟ’ ਲਈ ‘ਮਿਸਿੰਗ ਮੈਨ’ ਦੀ ਫਾਰਮੇਸ਼ਨ ਬਣਾਈ ਅਤੇ ਇਸ ਤਰ੍ਹਾਂ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਨੂੰ ਇਕ ਆਖ਼ਰੀ ਵਾਰ ਸਲੂਟ ਕੀਤਾ ਗਿਆ।