ਭਾਜਪਾ ਦੇ ਸਫ਼ਾਏ ਲਈ ‘ਝਾੜੂ’ ਨੂੰ ਵੋਟ ਪਾ ਕੇ ਆਈ ਹਾਂ: ਅਲਕਾ ਲਾਂਬਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਮਈ
ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਸਵੇਰੇ ਪੰਜਾਬ ਵਿੱਚ ਕਾਂਗਰਸ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਲੋਕ ਸਭਾ ਚੋਣਾਂ ਵਿੱਚ ‘ਝਾੜੂ’ ਦੇ ਚੋਣ ਨਿਸ਼ਾਨ ’ਤੇ ਵੋਟ ਪਾਈ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਲਗਪਗ ਪੰਜ ਸਾਲ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। ਅਲਕਾ ਲਾਂਬਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਸਲ ਵਿੱਚ ਵੋਟ ਇੰਡੀਆ ਗੱਠਜੋੜ ਨੂੰ ਵੋਟ ਪਾਈ ਹੈ ਜੋ ਭਾਜਪਾ ਨੂੰ ਜੜ੍ਹੋਂ ਪੁੱਟਣ ਲਈ ਲੜ ਰਿਹਾ ਹੈ। ਇਸ ਲਈ ਜੇਕਰ ਉਨ੍ਹਾਂ ਨੇ ‘ਆਪ’ ਨੂੰ ਵੋਟ ਪਾਈ ਤਾਂ ਕੀ ਹੋਇਆ?
ਗੱਠਜੋੜ ਦਾ ਹਿੱਸਾ ਹੋਣ ਦੇ ਬਾਵਜੂਦ ਪੰਜਾਬ ਵਿੱਚ ਕਾਂਗਰਸ ਤੇ ‘ਆਪ’ ਦੇ ਇੱਕ ਦੂਜੇ ਦੇ ਵਿਰੁੱਧ ਚੋਣਾਂ ਲੜਨ ਦੇ ਸਵਾਲ ’ਤੇ ਅਲਕਾ ਲਾਂਬਾ ਨੇ ਆਖਿਆ, ‘‘ਇਸ ਬਾਰੇ ਉਨ੍ਹਾਂ ਨੂੰ ਕੋਈ ਭੰਬਲਭੂਸਾ ਜਾਂ ਵਿਚਾਰਾਂ ਦਾ ਭੇਤ ਨਹੀਂ ਹੈ। ਉਹ ਪੰਜਾਬ ਵਿੱਚ ‘ਆਪ’ ਦੇ ਖਿਲਾਫ ਜ਼ਰੂਰ ਬੋਲਣਗੇ, ਕਿਉਂਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਆਪ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ। ਨਸ਼ਿਆਂ ’ਤੇ ਕਾਬੂ ਪਾਉਣ ਵਿੱਚ ਤਾਂ ਇਸ ਨੇ ਫੇਲ੍ਹ ਹੋਣ ਦੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ‘ਆਪ’ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਨੂੰ ਮੁੱਖ ਮੁੱਦਾ ਬਣਾਇਆ ਸੀ।’’ ਇਸ ਦੌਰਾਨ ਸਵਾਤੀ ਮਾਲੀਵਾਲ ਮਾਮਲੇ ਬਾਰੇ ਸਵਾਲ ’ਤੇ ਅਲਕਾ ਲਾਂਬਾ ਨੇ, ‘‘ਉਹ (ਸਵਾਤੀ) ਪੂਰੀ ਤਰ੍ਹਾਂ ਮਜ਼ਬੂਤ ਔਰਤ ਹੈ, ਜੋ ਆਪਣੇ ਅਧਿਕਾਰਾਂ ਬਾਰੇ ਜਾਣਦੀ ਹੈ ਅਤੇ ਉਸ ਨੂੰ ਪਤਾ ਹੈ ਕਿ ਹੱਕਾਂ ਲਈ ਕਿਵੇਂ ਲੜਨਾ ਹੈ?।’’ ਅਲਕਾ ਲਾਂਬਾ ਨੇ ਕਿਹਾ ਕਿ ਸਵਾਤੀ ਮਾਲੀਵਾਲ ਸਾਰੀਆਂ ਔਰਤਾਂ ਲਈ ਵੀ ਇਨਸਾਫ ਦੀ ਮੰਗ ਕਰਦੀ ਹੈ ਜਿਨ੍ਹਾਂ ਦਾ ਪ੍ਰਜਵਲ ਰੇਵੰਨਾ ਨੇ ਕਥਿਤ ਸ਼ੋਸ਼ਣ ਕੀਤਾ ਹੈ।