ਮੈਨੂੰ ਚੋਣ ਬਿਗਲ ਵਜਾਉਣ ਦੀ ਲੋੜ ਨਹੀਂ: ਮੋਦੀ
* ਯੂਪੀ ’ਚ 19,100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
ਬੁਲੰਦਸ਼ਹਿਰ/ਰਿਵਾੜੀ, 25 ਜਨਵਰੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ਕਈ ਪ੍ਰਾਜੈਕਟਾਂ ਦਾ ਆਗਾਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਿਰਫ਼ ਵਿਕਾਸ ਦਾ ਬਿਗਲ ਵਜਾਉਂਦੇ ਹਨ ਜਦਕਿ ਬਾਕੀ ਕੰਮ ਲੋਕ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਮੁਕੰਮਲ ਹੋ ਗਈ ਹੈ ਅਤੇ ਹੁਣ ‘ਰਾਸ਼ਟਰ ਪ੍ਰਤਿਸ਼ਠਾ’ ਨਵੇਂ ਮੁਕਾਮ ’ਤੇ ਲਿਜਾਣ ਦਾ ਸਮਾਂ ਹੈ। ਬੁਲੰਦਸ਼ਹਿਰ ’ਚ 19,100 ਕਰੋੜ ਦੀ ਲਾਗਤ ਨਾਲ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਯੋਜਨਾਵਾਂ ਦੇ ਸਾਰੇ ਲਾਭਪਾਤਰੀਆਂ ਕੋਲ ਪਹੁੰਚਦੀ ਹੈ ਤਾਂ ਫਿਰ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ‘ਇਹ ਅਸਲ ਧਰਮਨਿਰਪੱਖਤਾ ਅਤੇ ਸਮਾਜਿਕ ਨਿਆਂ ਹੈ। ਮੋਦੀ ਪੂਰੀ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰ ਰਿਹਾ ਹੈ ਅਤੇ ਇਹੋ ਕਾਰਨ ਹੈ ਕਿ ਸਾਡੀ ਸਰਕਾਰ ਤਹਿਤ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ ਅਤੇ ਜਿਹੜੇ ਬਚ ਗਏ ਹਨ, ਉਨ੍ਹਾਂ ਨੂੰ ਵੀ ਆਸ ਹੈ ਕਿ ਉਹ ਵੀ ਇਕ ਦਿਨ ਗਰੀਬੀ ਤੋਂ ਬਾਹਰ ਆਉਣਗੇ। ਤੁਸੀਂ ਮੇਰਾ ਪਰਿਵਾਰ ਹੋ, ਤੁਹਾਡਾ ਸੁਪਨਾ ਪੂਰਾ ਕਰਨਾ ਮੇਰਾ ਸੰਕਲਪ ਹੈ ਅਤੇ ਇਸ ਕਰਕੇ ਤੁਹਾਡੇ ਵਰਗੇ ਆਮ ਪਰਿਵਾਰ ਜਦੋਂ ਮਜ਼ਬੂਤ ਹੋਣਗੇ ਤਾਂ ਇਹੋ ਮੇਰੀ ਸੰਪਤੀ ਹੋਵੇਗੀ।’ ਕਾਂਗਰਸ ’ਤੇ ਅਸਿੱਧੇ ਢੰਗ ਨਾਲ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਕਿਸੇ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਸੀ ਅਤੇ ਕਿਸੇ ਨੇ ਸਮਾਜਿਕ ਨਿਆਂ ਬਾਰੇ ਝੂਠ ਬੋਲਣਾ ਜਾਰੀ ਰੱਖਿਆ ਸੀ ਪਰ ਦੇਸ਼ ਦੇ ਗਰੀਬ ਲੋਕਾਂ ਨੂੰ ਪਤਾ ਹੈ ਕਿ ਸਿਰਫ਼ ਕੁਝ ਪਰਿਵਾਰ ਹੀ ਅਮੀਰ ਹੋਏ ਅਤੇ ਉਨ੍ਹਾਂ ਦੀ ਸਿਆਸਤ ਚਮਕੀ। ਮੋਦੀ ਨੇ ਕਿਹਾ ਕਿ ਆਜ਼ਾਦੀ ਮਗਰੋਂ ਕਈ ਦਹਾਕਿਆਂ ਤੱਕ ਕੁਝ ਖ਼ਿੱਤਿਆਂ ਦਾ ਹੀ ਵਿਕਾਸ ਹੋਇਆ ਸੀ ਅਤੇ ਉੱਤਰ ਪ੍ਰਦੇਸ਼ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਯੂਪੀ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕੀਤੀ। -ਪੀਟੀਆਈ
ਮੇਰੀ ਸਰਕਾਰ ਨੇ ਦੇਸ਼ ਨੂੰ ਹਨੇਰੇ ’ਚੋਂ ਕੱਢਣ ਦਾ ਕੰਮ ਕੀਤਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਨੂੰ ਹਨੇਰੇ ਵਿੱਚੋਂ ਬਾਹਰ ਲਿਆਉਣ ਦਾ ਕੰਮ ਕੀਤਾ ਹੈ, ਉਹ ਹਨੇਰਾ ਜਿਹੜਾ ਕਿ 10-12 ਸਾਲ ਪਹਿਲਾਂ ਨੌਜਵਾਨਾਂ ਦੇ ਭਵਿੱਖ ’ਤੇ ਮੰਡਰਾ ਰਿਹਾ ਸੀ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਵੋਟਾਂ ਹੀ ਭਾਰਤ ਦੇ ਭਵਿੱਖ ਤੇ ਪਹੁੰਚ ਦਾ ਫੈਸਲਾ ਕਰਨਗੀਆਂ। ਭਾਜਪਾ ਦੇ ਯੂਥ ਵਿੰਗ ਵੱਲੋਂ ਵੋਟਰ ਦਿਵਸ ਸਬੰਧੀ ਕਰਵਾਏ ਗਏ ਸਮਾਰੋਹ ਦੌਰਾਨ ਨੌਜਵਾਨ ਵੋਟਰਾਂ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਗਲੇ 25 ਸਾਲਾਂ ਵਿੱਚ ਦੇਸ਼ ਨੂੰ ਵਿਕਸਤ ਬਣਾਉਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੀ ਹੈ ਜਿਵੇਂ ਕਿ ਆਜ਼ਾਦੀ ਤੋਂ 25 ਸਾਲ ਪਹਿਲਾਂ ਨੌਜਵਾਨ ਪੀੜ੍ਹੀ ਨੇ ਆਜ਼ਾਦੀ ਹਾਸਲ ਕਰਨ ’ਚ ਨਿਭਾਈ ਸੀ। ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਦਿਆਂ ਮੋਦੀ ਨੇ ਕਿਹਾ ਕਿ ਨੌਜਵਾਨ, ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਇਕ ਪਰਿਵਾਰ ਵੱਲੋਂ ਚਲਾਈਆਂ ਜਾਂਦੀਆਂ ਪਾਰਟੀਆਂ ਵਿੱਚ ਕਦੇ ਵੀ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਪਾਰਟੀਆਂ ਦੇ ਆਗੂਆਂ ਦੀ ਮਾਨਸਿਕਤਾ ਨੌਜਵਾਨ ਵਿਰੋਧੀ ਹੈ। ਤੁਹਾਨੂੰ ਆਪਣੀ ਵੋਟ ਦੀ ਤਾਕਤ ਨਾਲ ਇਨ੍ਹਾਂ ਪਰਿਵਾਰਵਾਦ ਵਾਲੀਆਂ ਪਾਰਟੀਆਂ ਨੂੰ ਹਰਾਉਣਾ ਹੋਵੇਗਾ।’’ -ਪੀਟੀਆਈ